`
New Page 1

ਸੰਪਾਦਕ ਦੇ ਨਾਂਅ


ਵੱਡਾ ਘਾਟਾ

ਪੰਜਾਬੀ ਦੇ ਕਹਾਣੀਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਕਰਤਾਰ ਸਿੰਘ ਦੁੱਗਲ ਦੇ ਦਿਹਾਂਤ ਨਾਲ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ, ਨਾਟਕਾਂ ਅਤੇ ਲੇਖਾਂ ਦੀ ਭਾਸ਼ਾ ਸਰਲ ਅਤੇ ਆਮ ਆਦਮੀ ਦੇ ਪੜ੍ਹਨ ਦੇ ਕਾਬਲ ਹੁੰਦੀ ਹੈ। ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਉਹੀ ਲੋਕ ਹਨ, ਜੋ ਸਾਡੇ ਸਮਾਜ ਵਿਚ ਵਿਚਰਦੇ ਹਨ। 'ਪਟਨਾ ਮਿਊਜ਼ੀਅਮ ਦਾ ਇਕ ਪੀਸ' ਉਨ੍ਹਾਂ ਦੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਹੈ। ਕਹਾਣੀ ਦੇ ਪਾਤਰ ਨੂੰ ਉਸ ਦੇ ਹਿੱਸੇ 'ਚ ਕੰਮ ਨਾ ਹੋਣ ਦੇ ਬਾਵਜੂਦ ਵੀ ਉਹੀਓ ਕੰਮ ਕਰਨਾ ਪੈਂਦਾ ਹੈ। ਨੌਕਰੀ ਖੁੱਸ ਜਾਣ ਦੇ ਡਰੋਂ ਉਹ ਪਾਤਰ ਉਸ ਕੰਮ ਨੂੰ ਕਰਦਾ ਹੈ। ਗੱਲ ਕਹਿਣ ਦਾ ਢੰਗ ਹੁੰਦਾ ਹੈ ਇਹ ਢੰਗ ਦੁੱਗਲ ਜੀ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਾਤਰਾਂ ਦੇ ਮੂੰਹੋਂ ਅਖਵਾਉਂਦੇ ਹਨ। ਉਨ੍ਹਾਂ ਦੀਆਂ ਹੋਰ ਲਿਖਤਾਂ ਵੀ ਕਾਬਲੇ-ਤਾਰੀਫ਼ ਹੁੰਦੀਆਂ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਦੁੱਗਲ ਜੀ ਦੇ ਵਿਛੋੜੇ ਨੇ ਸਾਹਿਤ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਸਰੀਰਕ ਪੱਖੋਂ ਸਾਥੋਂ ਦੂਰ ਚਲੇ ਗਏ ਹਨ ਪਰ ਆਪਣੀ ਕਲਮ ਦੇ ਜ਼ਰੀਏ ਉਹ ਹਮੇਸ਼ਾ ਅਮਰ ਹਨ। ਉਨ੍ਹਾਂ ਦੀ ਕਲਮ ਨਵੇਂ ਲੇਖਕਾਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ।

-ਅਸ਼ੋਕ ਸਰਾਹਣੂ
ਪਿੰਡ ਦੇ ਡਾਕ: ਰਸੂਲਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਸਿਆਸਤਦਾਨ ਤੇ ਲੋਕ

ਸੁਤੰਤਰ ਭਾਰਤ ਦੇ ਸੰਵਿਧਾਨ ਤਹਿਤ 1952 ਵਿਚ ਪਹਿਲੀਆਂ ਲੋਕ ਸਭਾ ਚੋਣਾਂ ਬਾਅਦ ਲੋਕਾਂ ਨੂੰ ਆਪਣੀ ਸਰਕਾਰ ਤੋਂ ਬਹੁਤ ਵੱਡੀਆਂ ਉਮੀਦਾਂ ਸਨ। ਸੱਠ ਸਾਲਾਂ ਦੇ ਅਰਸੇ ਤੋਂ ਲੋਕਾਂ ਨੂੰ ਥੋਥੇ ਵਾਅਦਿਆਂ ਅਤੇ ਲਾਰਿਆਂ ਤੋਂ ਵੱਧ ਕੁਝ ਨਹੀਂ ਦਿੱਤਾ। ਆਮ ਨਾਗਰਿਕ ਦੀ ਹੈਸੀਅਤ ਕੇਵਲ ਇਕ ਵੋਟਰ ਤੱਕ ਹੀ ਸੀਮਤ ਹੈ। ਸਿਆਸਤਦਾਨ ਅਨਾੜੀ ਪੁੱਤਰ-ਧੀਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿਆਸੀ ਅਹੁਦੇ ਦੇ ਕੇ ਲੋਕਾਂ ਦੇ ਸਿਰ 'ਤੇ ਬਿਠਾ ਦਿੰਦੇ ਹਨ। ਰਾਜਨੀਤੀ ਸੇਵਾ ਨਹੀਂ ਸਗੋਂ ਰਾਜਨੀਤੀਵਾਨਾਂ ਲਈ 'ਵਪਾਰ' ਬਣ ਚੁੱਕੀ ਹੈ। ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕਰਨ ਵਾਲੇ ਬਜ਼ੁਰਗ ਲੋਕ ਅੰਗਰੇਜ਼ੀ ਰਾਜ ਨੂੰ ਬਿਹਤਰ ਰਾਜ ਕਹਿਣ ਲਈ ਮਜਬੂਰ ਹਨ। ਚੋਣਾਂ ਕਰਕੇ ਹਰ ਲੀਡਰ ਆਪਣੇ-ਆਪ ਹਰਮਨ-ਪਿਆਰਾ ਨੇਤਾ ਦੱਸ ਕੇ ਲੋਕ ਹਿਤੂ ਬਣਦਾ ਹੈ ਪਰ ਸੋਨਾ ਕਦੇ ਹੋਕਾ ਦੇ ਕੇ ਨਹੀਂ ਵੇਚਿਆ ਜਾਂਦਾ। ਹੁਣ ਜ਼ਿਆਦਾ ਵੋਟਰ ਏਨੇ ਸੂਝਵਾਨ ਹੋ ਚੁੱਕੇ ਹਨ ਕਿ ਉਹ ਨੇਤਾਵਾਂ ਦਾ ਜਾਦੂਗਰ ਤਮਾਸ਼ਾ ਸਮਝ ਚੁੱਕੇ ਹਨ। ਹੁਣ ਸਿਆਸਤਦਾਨਾਂ ਨੂੰ ਸਦਾਚਾਰੀ ਸ਼ਾਸਨ ਦੇਣਾ, ਸਰਕਾਰੀ ਖਰਚਾ ਘਟਾਉਣਾ, ਨੌਜਵਾਨਾਂ ਨੂੰ ਰੁਜ਼ਗਾਰ, ਪ੍ਰਦੂਸ਼ਣ ਰੋਕੂ ਪ੍ਰਬੰਧ, ਕੈਂਸਰ ਹਸਪਤਾਲ, ਵਿੱਦਿਆ ਸਾਰਿਆਂ ਲਈ ਮੁਫ਼ਤ ਆਦਿ ਦੇ ਮੁੱਦਿਆਂ ਨੂੰ ਤਰਜੀਹ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਪਵੇਗਾ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਸਵੈ-ਨਿਰਭਰਤਾ

ਸਾਨੂੰ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਕਈ ਵਾਰ ਅਸੀਂ ਆਪਣੇ ਛੋਟੇ-ਛੋਟੇ ਕੰਮਾਂ ਦੇ ਲਈ ਦੂਜਿਆਂ 'ਤੇ ਨਿਰਭਰ ਰਹਿੰਦੇ ਹਾਂ। ਇਹ ਕੋਈ ਚੰਗੀ ਗੱਲ ਨਹੀਂ। ਮੰਨ ਲਓ ਜੇ ਜ਼ਰੂਰਤ ਵੇਲੇ ਸਾਨੂੰ ਸਾਡੀ ਮਦਦ ਕਰਨ ਵਾਲਾ ਆਦਮੀ ਨਾ ਮਿਲੇ ਤਾਂ ਅਸੀਂ ਕੀ ਕਰਾਂਗੇ। ਤੇ ਫਿਰ ਖਾਲੀ ਹੱਥ ਬੈਠ ਜਾਵਾਂਗੇ। ਸਾਰਾ ਕੰਮ ਰੁਕ ਜਾਵੇਗਾ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਆਪਣੇ ਹੱਥੀਂ ਕੰਮ ਕਰਦੇ ਸਨ। ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਉਹ ਆਪਣਾ ਕੰਮ ਆਪ ਕਰਦੇ ਸਨ। ਅਮਰੀਕਾ ਦੇ ਰਾਸ਼ਟਰਪਤੀ ਲਿੰਕਨ ਆਪਣੇ ਜੁੱਤੇ ਤੱਕ ਆਪ ਪਾਲਿਸ਼ ਕਰਦੇ ਸਨ, ਇਸ ਲਈ ਭਲਾ ਆਮ ਲੋਕਾਂ ਨੂੰ ਆਪਣੇ ਹੱਥੀਂ ਕੰਮ ਕਰਨ ਦੀ ਸ਼ਰਮ ਕਿਉਂ? ਨੌਕਰਾਂ-ਚਾਕਰਾਂ 'ਤੇ ਨਿਰਭਰ ਨਾ ਰਹੋ। ਘਰ ਦੇ ਭੇਦ ਵੀ ਖੁੱਲ੍ਹਦੇ ਹਨ। ਇਸ ਲਈ ਸਮੇਂ ਦੀ ਲੋੜ ਹੈ ਆਤਮ-ਨਿਰਭਰ ਬਣਨ ਦੀ, ਆਪਣਾ ਕੰਮ ਆਪਣੇ ਹੱਥੀਂ ਕਰਨ ਦੀ ਆਦਤ ਪਾਉਣ ਦੀ। ਦੋਸਤੋ, ਆਤਮ-ਨਿਰਭਰਤਾ ਵੀ ਜ਼ਿੰਦਗੀ ਦੀ ਸਫਲਤਾ ਦੀ ਅਸਲੀ ਕੁੰਜੀ ਹੈ।

-ਵਰਿੰਦਰ ਸ਼ਰਮਾ
ਲੈਕਚਰਾਰ ਸ. ਸ. ਸ. ਸ. ਕੈਲਾ।

ਅਸ਼ਲੀਲ ਗਾਇਕੀ

ਦੁਨੀਆ ਦੇ ਸੱਭਿਆਚਾਰਾਂ ਵਿਚੋਂ ਪੰਜਾਬੀ ਸੱਭਿਅਚਾਰ ਬਹੁਤ ਅਮੀਰ ਸੱਭਿਆਚਾਰ ਹੈ। ਹੀਰ ਰਾਂਝਾ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ, ਲੈਲਾ ਮਜਨੂੰ, ਸਰਵਣ ਭਗਤ, ਜਿਊਣਾ ਮੋੜ, ਸੁੱਚਾ ਸੂਰਮਾ ਆਦਿ ਦੇ ਕਿੱਸੇ ਆਮ ਲੋਕ ਬੜੇ ਚਾਵਾਂ ਨਾਲ ਸੁਣਿਆ ਕਰਦੇ ਸਨ। ਪਰ ਅੱਜ ਗੀਤ ਸੁਣੇ ਨਹੀਂ ਵੇਖੇ ਜਾਂਦੇ ਹਨ। ਟੀ. ਵੀ. ਚੈਨਲਾਂ ਵਾਲੇ ਮੋਟੀ ਕਮਾਈ ਕਰਨ ਲਈ ਅਸ਼ਲੀਲ ਗੀਤਾਂ ਦੀਆਂ ਵੀਡੀਓਜ਼ ਵਿਖਾ ਰਹੇ ਹਨ। ਰਹਿੰਦੀ ਕਸਰ ਵਿਦੇਸ਼ਾਂ ਤੋਂ ਨੋਟਾਂ ਦੇ ਥੈਲੇ ਲੈ ਕੇ ਪਰਤੇ ਬੇਸੁਰੇ ਗਾਇਕਾਂ ਨੇ ਪੂਰੀ ਕਰ ਦਿੱਤੀ ਹੈ। ਜਿਥੇ ਇਨ੍ਹਾਂ ਨੇ ਨੰਗੇਜ਼ਵਾਦ ਪਰੋਸਿਆ ਹੈ, ਉਥੇ ਨਾਲ ਹੀ ਪੰਜਾਬੀ ਗੀਤਾਂ ਵਿਚ ਬੇਲੋੜਾ ਅੰਗਰੇਜ਼ੀ ਬਕਵਾਸ ਭਰ ਕੇ ਪੰਜਾਬੀ ਸੱਭਿਆਚਾਰ ਦਾ ਪੋਸਟ ਮਾਰਟਮ ਕਰ ਦਿੱਤਾ ਹੈ। ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚੋਂ ਖ਼ਬਰਾਂ ਅਤੇ ਦੋ-ਤਿੰਨ ਲੇਖ ਪੜ੍ਹ ਕੇ ਕੁਝ ਤਸੱਲੀ ਹੋਈ ਕਿ ਕੁਝ ਗਾਇਕਾਂ ਦੇ ਵਿਰੋਧ ਵਿਚ ਸਾਡੀਆਂ ਬੀਬੀਆਂ ਮੈਦਾਨ ਵਿਚ ਨਿੱਤਰੀਆਂ ਹਨ। ਸੋ, ਸਾਰੇ ਸਮਾਜ ਨੂੰ ਇਕਮੁੱਠ ਹੋ ਕੇ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਹਰ ਪੱਖੋਂ ਸਹਾਇਤਾ ਕਰਕੇ ਇਨ੍ਹਾਂ ਅਖੌਤੀ ਗਾਇਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਜੇ ਖੁੰਝ ਗਏ ਤਾਂ ਸੇਕ ਸਭ ਨੂੰ ਲੱਗੇਗਾ।

-ਜਸਪਿੰਦਰ ਸਿੰਘ ਗਿੱਲ
ਐਮ. ਬੀ. ਐੱਡ.
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।


 
 

© 2011-12 Ajit, Nehru Garden Road, Jalandhar (Pb.)  INDIA