|
ਔਰਤ ਦਾ ਸਨਮਾਨ
ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਅੱਤਵਾਦ ਤੋਂ ਕੋਈ ਖ਼ਤਰਾ ਨਹੀਂ
ਹੈ। ਖ਼ਤਰਾ ਹੈ ਤਾਂ ਦੇਸ਼ ਵਿਚ ਹੋਣ ਵਾਲੇ ਔਰਤਾਂ ਪ੍ਰਤੀ ਧੱਕੇ ਤੋਂ ਹੈ। ਔਰਤਾਂ
ਪ੍ਰਤੀ ਮੌਜੂਦਾ ਸਥਿਤੀ ਇਹ ਹੈ ਕਿ ਔਰਤ ਨੂੰ ਬੁਰੀਆਂ ਨਜ਼ਰਾਂ ਵੱਲੋਂ ਦਬੋਚ ਕੇ ਆਪਣੀ
ਹਵਸ ਦਾ ਸ਼ਿਕਾਰ ਬਣਾ ਕੇ ਚਲੇ ਹੋਏ ਪਟਾਖੇ ਦੇ ਖੋਲ੍ਹ ਵਾਂਗ ਸੁੱਟ ਦਿੱਤਾ ਜਾਂਦਾ ਹੈ।
ਅਜਿਹਾ ਕਿਉਂ? ਔਰਤ ਨੂੰ ਬਣਦਾ ਸਤਿਕਾਰ ਕਿਉਂ ਨਹੀਂ ਮਿਲ ਰਿਹਾ? ਜੇਕਰ ਮਰਦਾਂ ਨੂੰ
ਰੱਬ ਨੇ ਮਰਦ ਦੀ ਜੂਨੀ ਪਾ ਕੇ ਸੰਸਾਰ 'ਤੇ ਭੇਜ ਦਿੱਤਾ ਤਾਂ ਕੀ ਮਰਦ ਰੱਬ ਬਣ ਗਿਆ?
ਔਰਤ ਦਾ ਬਣਦਾ ਸਤਿਕਾਰ ਕਿੱਥੇ ਗਿਆ? ਮਰਦ ਇਹ ਕਿਉਂ ਭੁੱਲ ਗਿਆ ਹੈ ਕਿ ਉਸ ਨੂੰ ਔਰਤ
ਦੇ ਪੇਟੋਂ ਹੀ ਜਨਮ ਮਿਲਦਾ ਹੈ। ਅੱਜ ਔਰਤ ਨੂੰ ਸਨਮਾਨ ਦੀ ਥਾਂ ਅਪਮਾਨਿਤ ਕੀਤਾ ਜਾ
ਰਿਹਾ ਹੈ। ਦਿੱਲੀ ਵਰਗੀਆਂ ਘਟਨਾਵਾਂ ਵਾਪਰਨ ਨਾਲ ਜਾਪਦਾ ਹੈ ਜਿਵੇਂ ਦੇਸ਼ ਦੀ ਔਰਤ
ਸੁਰੱਖਿਅਤ ਨਹੀਂ ਹੈ, ਦੇਸ਼ ਵਿਚ ਪੁਲਿਸ ਦਾ ਕੰਟਰੋਲ ਖੁਸ ਗਿਆ ਜਾਪਦਾ ਹੈ। ਹਰ ਘਟਨਾ
'ਤੇ ਬਾਜ਼ ਵਾਲੀ ਨਜ਼ਰ ਰੱਖਣ ਵਾਲੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। 'ਔਰਤ ਦਾ
ਸਨਮਾਨ, ਅਸਲ ਮਰਦ ਦੀ ਪਛਾਣ' ਸੋ ਸਾਨੂੰ ਦੇਸ਼ ਦੀ ਹਰ ਔਰਤ ਦਾ ਆਦਰ ਸਤਿਕਾਰ ਕਰਨਾ
ਚਾਹੀਦਾ ਹੈ।
-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।
ਅੰਨਦਾਤੇ ਦੀ ਹਾਲਤ
ਮੇਰੇ ਦੇਸ਼ ਦੇ ਕਿਸਾਨ ਦੀ ਆਰਥਿਕ ਸਥਿਤੀ ਡਰਗਮਾਉਂਦੀ ਨਜ਼ਰ ਆ ਰਹੀ ਹੈ। ਆਪਣੀ ਸਖ਼ਤ
ਮਿਹਨਤ ਦੇ ਜ਼ਰੀਏ ਦੂਜਿਆਂ ਦੇ ਪੇਟ ਭਰਨ ਵਾਲਾ ਇਹ ਅੰਨਦਾਤਾ ਅੱਜ ਖ਼ੁਦ ਭੁੱਖਾ ਸੌਣ ਲਈ
ਅਤੇ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੈ। ਇਸ ਦਾ ਮੁੱਖ ਕਾਰਨ ਖਾਦਾਂ ਅਤੇ ਡੀਜ਼ਲ
ਦੀਆਂ ਕੀਮਤਾਂ ਵਿਚ ਪਿਛਲੇ ਸਮੇਂ ਤੋਂ ਹੋ ਰਿਹਾ ਭਾਰੀ ਵਾਧਾ ਹੈ, ਜਿਸ ਦੇ ਸਿੱਟੇ
ਵਜੋਂ ਖੇਤੀ ਲਾਗਤਾਂ ਵਧੀਆਂ ਹਨ ਅਤੇ ਖੇਤੀ ਉਤਪਾਦਨ ਵਿਚ ਕਮੀ ਆਈ ਹੈ। ਇਸ ਤੋਂ
ਇਲਾਵਾ ਲਾਗਤਾਂ ਦੇ ਅਨੁਪਾਤ ਅਨੁਸਾਰ ਫਸਲਾਂ ਦੀ ਕੀਮਤ ਵਿਚ ਵਾਧਾ ਨਹੀਂ ਹੋ ਰਿਹਾ।
ਪਿਛਲੇ ਦਿਨੀਂ ਕੇਂਦਰ ਸਰਕਾਰ ਦੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਕਣਕ
ਦੇ ਖਰੀਦ ਮੁੱਲ 'ਚ 65 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਐਲਾਨ ਨਾਲ ਸਮੁੱਚੇ
ਕਿਸਾਨ ਵਰਗ ਵਿਚ ਨਿਰਾਸ਼ਾ ਪੈਦਾ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ
ਫਸਲ ਵਿਭਿੰਨਤਾ ਲਿਆਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਤੀ ਲਾਗਤਾਂ ਦੇ ਅਨੁਸਾਰ
ਫਸਲ ਦੀਆਂ ਕੀਮਤਾਂ ਦੇਵੇ। ਕਿਸਾਨ ਵਰਗ ਦੀ ਬਰਬਾਦੀ ਮੇਰੇ ਦੇਸ਼ ਲਈ ਖ਼ਤਰੇ ਦੀ ਘੰਟੀ
ਹੈ।
-ਜਗਤਾਰ 'ਗੰਡੇਵਾਲ'
ਪਿੰਡ ਗੰਡੇਵਾਲ, ਤਹਿ: ਧੂਰੀ, ਸੰਗਰੂਰ।
ਸਿਹਤ ਸਹੂਲਤਾਂ ਦੀ ਘਾਟ
ਦਿੱਲੀ ਵਿਚ ਵਾਪਰੇ ਸਮੂਹਿਕ ਦੁਰਾਚਾਰ ਦੇ ਘਟਨਾਕ੍ਰਮ ਵਿਚ ਪੀੜਤ ਲੜਕੀ ਦੀ
ਸਿੰਗਾਪੁਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। ਇਸ ਘਟਨਾ ਨੇ ਸਾਰੇ ਭਾਰਤੀ ਲੋਕਾਂ
ਦੇ ਦਿਲ ਦਹਿਲਾ ਦਿੱਤੇ ਹਨ। ਸ਼ਰੇਆਮ ਗੁੰਡਾਗਰਦੀ ਦਾ ਨਾਚ ਨੱਚਿਆ ਗਿਆ ਹੈ। ਲੜਕੀ ਦੀ
ਮੌਤ ਨਾਲ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਭਾਰਤ ਵਿਚ ਸਿਹਤ ਸਹੂਲਤਾਂ ਦੀ
ਵੱਡੀ ਘਾਟ ਹੈ। ਜੇਕਰ ਪੀੜਤ ਲੜਕੀ ਦਾ ਇਲਾਜ ਇਥੇ ਹੀ ਕੀਤਾ ਜਾਂਦਾ ਤਾਂ ਸ਼ਾਇਦ ਉਸ ਦੀ
ਜ਼ਿੰਦਗੀ ਬਚ ਸਕਦੀ। ਅੱਜ ਸਾਡੇ ਮੰਤਰੀ ਸਾਹਿਬਾਨ, ਅਮੀਰ, ਵਪਾਰੀ, ਉਦਯੋਗਪਤੀ ਅਤੇ
ਕ੍ਰਿਕਟਰ ਆਪਣੇ ਇਲਾਜ ਲਈ ਵਿਦੇਸ਼ ਜਾਂਦੇ ਹਨ। ਇਹ ਪ੍ਰਸ਼ਨ ਉੱਠਦਾ ਹੈ ਕਿ ਭਾਰਤ ਇਕ
ਮਜ਼ਬੂਤ ਲੋਕਤੰਤਰੀ ਦੇਸ਼ ਹੋਣ 'ਤੇ ਵੀ ਸਿਹਤ ਸਹੂਲਤਾਂ ਲਈ ਕਿਉਂ ਅਮਰੀਕਾ, ਬਰਤਾਨੀਆ
ਅਤੇ ਸਿੰਗਾਪੁਰ ਆਦਿ ਦੇਸ਼ਾਂ 'ਤੇ ਨਿਰਭਰ ਕਰਦਾ ਹੈ। ਅਜਿਹੀ ਸਥਿਤੀ ਵਿਚ ਗਰੀਬ ਲੋਕਾਂ
ਦੀ ਸਿਹਤ ਦਾ ਕੀ ਹਾਲ ਹੋਵੇਗਾ। ਇਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਅੱਜ
ਲੋੜ ਹੈ ਵੱਡੇ ਘੁਟਾਲਿਆਂ ਤੋਂ ਵਿਹਲੇ ਹੋ ਕੇ ਵੱਡੇ ਹਸਪਤਾਲ, ਜਿਨ੍ਹਾਂ ਵਿਚ ਆਧੁਨਿਕ
ਸਹੂਲਤਾਂ ਦੇ ਨਾਲ-ਨਾਲ ਵੱਡੇ ਡਾਕਟਰ ਵੀ ਹੋਣ, ਉਸਾਰੇ ਜਾਣ, ਤਾਂ ਜੋ ਭਾਰਤੀਆਂ ਨੂੰ
ਸਿਹਤ ਸਹੂਲਤਾਂ ਲਈ ਵਿਦੇਸ਼ਾਂ 'ਤੇ ਨਿਰਭਰ ਨਾ ਰਹਿਣਾ ਪਵੇ।
-ਨਵਤੇਜ ਸਿੰਘ ਮੱਲ੍ਹੀ
ਫੋਨ : 88721-58240. |