òÅêà Öìð» ç¶ Ãë¶ Óå¶

ਹਰਫ਼ਾਂ ਦੀ ਡੋਰ
ਲੇਖਿਕਾ : ਨੀਲਮ ਸੈਣੀ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.

ਹਰਫ਼ਾਂ ਦੀ ਡੋਰ ਦੀ ਲੇਖਿਕਾ ਨੀਲਮ ਸੈਣੀ ਦਸੂਹਾ ਦਰਬਾਰ ਦੇ ਸ਼ਾਇਰ ਮੁਸ਼ਕਿਲ ਮੂਣਕ (ਬ੍ਰਹਮਾਨੰਦ) ਦੇ ਪਿੰਡ ਮੂਣਕਾਂ ਦੀ ਜੰਮਪਲ ਹੈ। ਉਂਜ ਵੀ ਹੁਸ਼ਿਆਰਪੁਰ ਦੀ ਮਿੱਟੀ ਸ਼ਾਇਰਖੇਜ਼ ਗਿਣੀ ਗਈ ਹੈ। ਸ਼ਾਇਦ ਇਸ ਧਰਤੀ ਦੇ ਅਸਰ ਕਾਰਨ ਹੀ ਲੇਖਿਕਾ ਨੀਲਮ ਸੈਣੀ ਦੀਆਂ ਕਵਿਤਾਵਾਂ ਵਿਚ 'ਸੱਤਿਅਮ ਸ਼ਿਵਮ ਸੁੰਦਰਮ' ਕਾਵਿ ਵਿਧਾਨ ਦੇ ਸਾਰੇ ਸੁਹਜ ਸੁਆਦ ਮੌਜੂਦ ਹਨ। ਸੱਚੇ ਅਨੁਭਵ, ਸੰਗੀਤਕ ਮਿਠਾਸ, ਸਰਲਤਾ, ਸਪਸ਼ਟਤਾ, ਕਾਵਿਕਤਾ, ਰੂਪ-ਰੰਗ, ਰਸ, ਤਖੱਈਅਲ ਦੀ ਉਡਾਨ, ਆਪਣੇ ਪਿੰਡ ਦੀ ਮਿੱਟੀ ਦਾ ਮੋਹ, ਪੇਂਡੂ ਸਰਲ ਭਾਸ਼ਾ, ਵੇਲ ਬੂਟੇ, ਅੰਬ, ਦਰੇਕਾਂ, ਕਾਂ ਚਿੜੀ ਅਤੇ ਤੋਤੇ, ਪੋਲੀਆਂ, ਬੋੜ੍ਹਾਂ, ਪਿੱਪਲ, ਗੁੱਡੀਆਂ-ਪਟੋਲੇ ਅਤੇ ਬਚਪਨ ਤੋਂ ਜਵਾਨੀ ਤੱਕ ਦੇ ਸਾਰੇ ਨਕਸ਼ ਸ਼ਾਮਿਲ ਹਨ। ਆਪਣੀ ਮਿੱਟੀ ਤੋਂ ਟੁੱਟ ਕੇ ਰਿਸ਼ਤਿਆਂ ਦੇ ਬਦਲਦੇ ਰੁਖ਼ ਦਾ ਦਰਦ ਦਾ ਅਹਿਸਾਸ ਵੀ ਉਸ ਦੀਆਂ ਕਵਿਤਾਵਾਂ ਵਿਚ ਝਲਕਦਾ ਹੈ।

ਆਪਣੀ ਆਬੋ-ਹਵਾ ਤੋਂ ਦੂਰ ਪਰਵਾਸ ਦੀ ਕਸਕ ਵੀ ਸੀਨੇ ਵਿਚ ਰੜਕਦੀ ਉਸ ਦੀਆਂ ਕਵਿਤਾਵਾਂ ਮਹਿਸੂਸ ਕਰਦੀਆਂ ਹਨ। ਬੇਗਾਨੀ ਧਰਤੀ ਤੋਂ ਬਿਖਰਿਆ ਆਪਣਾ ਵਜੂਦ, ਸਿਆਸਤੀ ਤਿਕੜਮ, ਜ਼ਿੰਦਗੀ ਦੀਆਂ ਤਲਖੀਆਂ ਦਾ ਗਿਲਾ ਵੀ ਹੈ। ਮਾਂ-ਧੀ ਦਾ ਵਿਛੋੜਾ, ਰਿਸ਼ਤਿਆਂ ਦੇ ਕੱਚੇ ਤੰਦਾਂ ਦੀ ਟੁੱਟ-ਭੱਜ ਦਾ ਦਰਦ ਨੀਲਮ ਸੈਣੀ ਆਪਣੀਆਂ ਰਚਨਾਵਾਂ ਵਿਚ ਸਮੋ ਕੇ ਆਪਣੇ ਮਨ ਦਾ ਉਬਾਲ ਕੱਢਦੀ ਹੈ। ਨੀਲਮ ਵਿਚ ਵਧੀਆ, ਸੁਆਦਲੀ ਕਵਿਤਾ ਨਿਖਾਰ ਕੇ ਆਪਣੇ ਪਾਠਕਾਂ ਨੂੰ ਦੇਣ ਵਾਲੇ ਸਾਰੇ ਗੁਣ ਮੌਜੂਦ ਹਨ। ਨੀਲਮ ਸੈਣੀ ਇਸ ਨਾਲੋਂ ਵੀ ਪੁਖਤਾ ਰਚਨਾਵਾਂ ਦੀ ਪੁਸਤਕ ਅਗਲੀ ਵਾਰੀ ਪਾਠਕਾਂ ਨੂੰ ਪੜ੍ਹਨ ਲਈ ਦੇਵੇਗੀ ਇਹ ਸਾਡਾ ਯਕੀਨ ਹੈ। ਇਸ ਦਾ ਪ੍ਰਮਾਣ ਮੁਹਤਰਿਮ ਉਸਤਾਦ ਜਨਾਬ ਆਜ਼ਾਦ ਜਲੰਧਰੀ ਸਾਹਿਬ ਦਾ ਇਹ ਸ਼ਿਅਰ ਹੈ : 'ਸੱਚੇ ਰੱਬ ਅੱਗੇ ਨੇ ਦੁਆਵਾਂ ਸਾਡੀਆਂ; ਟੁੱਟੇ ਨਾ 'ਆਜ਼ਾਦ' ਕਦੀ ਹਰਫ਼ਾਂ ਦੀ ਡੋਰ' ਸਾਡੀ ਵੀ ਦੁਆ ਹੈ : 'ਅੱਲਾਹ ਕਰੇ ਜ਼ੋਰਿ-ਕਲਮ ਔਰ ਜ਼ਿਆਦਾ।' ਨੀਲਮ ਸੈਣੀ ਨੂੰ ਇਸ ਕਿਰਤ ਲਈ ਵਧਾਈ। ਪਾਠਕਾਂ ਨੂੰ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਹੈ।

-ਡੀ. ਆਰ. ਧਵਨ
ਮੋ: 98152-99419.

ਮੈਂ ਵਿਰਸੇ ਦਾ ਵਾਰਿਸ
ਸ਼ਾਇਰ : ਪਰਵਾਜ਼
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 130 ਰੁਪਏ, ਸਫ਼ੇ : 87.

'ਮੈਂ ਵਿਰਸੇ ਦਾ ਵਾਰਿਸ' ਪਰਵਾਜ਼ ਰਚਿਤ ਗੀਤ ਸੰਗ੍ਰਹਿ ਹੈ। ਇਸ ਪੁਸਤਕ ਰਾਹੀਂ ਸ਼ਾਇਰ ਨੇ ਜਿਥੇ ਅਜੋਕੇ ਮਨੁੱਖੀ ਜੀਵਨ ਦੀ ਯਥਾਰਥਕ ਅਭਿਵਿਅਕਤੀ ਕੀਤੀ ਹੈ, ਉਥੇ ਆਪਣੇ ਵਿਰਸੇ ਅਤੇ ਸੱਭਿਆਚਾਰ ਪ੍ਰਤੀ ਅਟੁੱਟ ਮੋਹ ਦੀ ਪੇਸ਼ਕਾਰੀ ਵੀ ਕੀਤੀ ਹੈ। ਯਥਾਰਥਵਾਦੀ ਬਿਰਤੀ ਅਧੀਨ ਜਿਊਂਦਾ ਅਜੋਕਾ ਮਨੁੱਖ ਖਪਤਕਾਰ ਬਣ ਕੇ ਰਹਿ ਗਿਆ ਹੈ। ਹੋਂਦ ਵਿਹੂਣੀ ਜ਼ਿੰਦਗੀ ਅਤੇ ਸਮਝੌਤਾਵਾਦੀ ਰੁਚੀਆਂ ਦੇ ਮਨੁੱਖ ਦੇ ਮਨੁੱਖ ਹੋਣ 'ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਅਜਿਹੀਆਂ ਸਥਿਤੀਆਂ ਨੂੰ ਹੀ ਕਾਵਿ ਰੂਪਾਂਤਰਿਤ ਕਰਦਾ ਹੋਇਆ ਉਹ ਲਿਖਦਾ ਹੈ :

ਬੜਾ ਫ਼ਰਕ ਪੈ ਗਿਐ, ਬੜਾ ਫ਼ਰਕ ਪੈ ਗਿਐ

ਸੱਚ ਤਾਂ ਅੱਜ-ਕਲ੍ਹ ਜਾ ਕੇ, ਝੂਠ ਦੀ ਬੁੱਕਲ ਬਹਿ ਗਿਐ ਜੀ

ਬਦਲਦੀਆਂ ਪ੍ਰਸਥਿਤੀਆਂ ਨੇ ਮਨੁੱਖੀ ਜੀਵਨ ਜਾਚ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਹੈ। ਸ਼ਾਇਰ ਪਰੰਪਰਾਗਤ ਜੀਵਨ ਦੀਆਂ ਕਦਰਾਂ-ਕੀਮਤਾਂ, ਸ਼ਬਦਾਵਲੀ ਅਤੇ ਵਿਹਾਰ ਦੀ ਵਡਿਆਈ ਕਰਦਿਆਂ ਉਸ ਦੀ ਪੁਨਰ-ਸੁਰਜੀਤੀ ਦੀ ਆਸ ਵਿਚ ਲਿਖਦਾ ਹੈ :

ਮੈਂ ਵਿਰਸੇ ਦਾ ਵਾਰਿਸ ਵਿਰਸਾ ਮੋੜ ਲਿਆਵਾਂਗਾ

ਟੱਪੇ ਮਾਹੀਏ-ਢੋਲੇ-ਜਿੰਦੂਏ-ਜੁਗਨੀ-ਗਾਵਾਂਗਾ।

ਪਰਵਾਜ਼ ਰਚਿਤ ਗੀਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਅਜੋਕੇ ਮੰਡੀ ਕਲਚਰ ਦੇ ਪ੍ਰਭਾਵ ਤੋਂ ਮੁਕਤ ਹਨ। ਸ਼ਾਇਰੀ ਦਾ ਸੂਫੀਆਨਾ ਅੰਦਾਜ਼ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੇਗਾ, ਅਜਿਹੀ ਆਸ ਇਸ ਗੀਤ ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਜ਼ਰੂਰ ਕੀਤੀ ਜਾ ਸਕਦੀ ਹੈ।

-ਡਾ: ਜਸਵੀਰ ਸਿੰਘ
ਮੋ: 94170-12430.

ਗਾਵਹੁ ਗੀਤ ਨ ਬਿਰਹੜਾ
ਲੇਖਿਕਾ : ਗੁਰਪ੍ਰੀਤ ਸੈਣੀ 'ਪ੍ਰੀਤ'
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 120 ਰੁਪਏ, ਸਫ਼ੇ : 96.

ਵੱਖ-ਵੱਖ ਰਸਾਲਿਆਂ, ਪੱਤਰਕਾਵਾਂ ਵਿਚ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਉਪਰੰਤ ਲੇਖਿਕਾ ਗੁਰਪ੍ਰੀਤ ਸੈਣੀ 'ਪ੍ਰੀਤ' ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਵਾ ਕੇ ਆਪਣੇ ਪਹਿਲੇ ਕਾਵਿ ਸੰਗ੍ਰਹਿ 'ਗਾਵਹੁ ਗੀਤ ਬਿਰਹੜਾ' ਨਾਲ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕਰ ਰਹੀ ਹੈ। ਅੱਲੜ੍ਹ ਉਮਰ ਵਿਚ ਹਰ ਜ਼ਿੰਦਾ ਇਨਸਾਨ ਦੇ ਦਿਲ ਵਿਚ ਪਿਆਰ ਦੀਆਂ ਕੌਂਪਲਾਂ ਜਨਮ ਲੈਂਦੀਆਂ ਹਨ ਅਤੇ ਘੱਟ ਹੀ ਅਜਿਹੇ ਵਿਅਕਤੀ ਹੁੰਦੇ ਹਨ, ਜਿਨ੍ਹਾਂ ਦਾ ਪਿਆਰ ਸਿਰੇ ਚੜ੍ਹਦਾ ਹੈ ਅਤੇ ਅੰਤ 'ਚ ਵਿਛੋੜੇ ਦਾ ਦਰਦ ਸਹਿਣਾ ਪੈਂਦਾ ਹੈ। ਇਸੇ ਤਰ੍ਹਾਂ ਦੇ ਦੌਰ ਦੀ ਤਰਜਮਾਨੀ ਕਰਦੀ ਗੁਰਪ੍ਰੀਤ ਦੀ ਕਵਿਤਾ ਔਰਤ ਦੀਆਂ ਦਿਲ ਦੀਆਂ ਗਹਿਰਾਈਆਂ ਵਿਚੋਂ ਉਪਜਦੀ ਹੋਈ, ਸਦੀਆਂ ਤੋਂ ਦਰਦ ਸਹਿੰਦੀ ਔਰਤ ਦੀ ਪੁਕਾਰ ਨੂੰ ਵਿਸ਼ਾ ਬਣਾਉਂਦੀ ਹੈ। ਉਹ ਔਰਤ ਦੇ ਮੁਢਲੇ ਪਿਆਰ, ਵਿਛੋੜੇ ਦੀ ਭਾਲ ਕਰਦੀ ਹੈ। ਉਹ ਆਪਣੀ ਕਵਿਤਾ ਵਿਚ ਔਰਤ ਨੂੰ ਦੱਬੀ-ਕੁਚਲੀ, ਨਿਮਾਣੀ ਨਾ ਰਹਿ ਕੇ ਮਰਦ ਪ੍ਰਧਾਨ ਦੀ ਜਕੜ ਵਿਚੋਂ ਨਿਕਲ ਕੇ ਕਿਰਨ ਬੇਦੀ, ਕਲਪਨਾ ਚਾਵਲਾ, ਪੀ. ਟੀ. ਊਸ਼ਾ, ਇੰਦਰਾ ਗਾਂਧੀ ਤੇ ਫੂਲਾਂ ਦੇਵੀ ਬਣਨ ਲਈ ਉਕਸਾਉਂਦੀ ਹੋਈ ਲਿਖਦੀ ਹੈ:

'ਮਰਦੋ। ਸਾਵਧਾਨ' .... ਮੈਂ ਤਾਂ ਬੁਲੰਦ ਆਵਾਜ਼ ਹਾਂ,....

ਸਦੀਆਂ ਪਹਿਲਾਂ ਇਹ ਆਵਾਜ਼ ਰਾਣੀ ਝਾਂਸੀ ਬਣ ਕੇ ਗੂੰਜੀ ਸੀ....

ਅੱਜ ਵੀ ਗੂੰਜ ਰਹੀ ਹੈ ਸੋਨੀਆ ਗਾਂਧੀ ਬਣ ਕੇ, ਇੰਦਰਾ ਗਾਂਧੀ ਬਣ ਕੇ

.... ਤੇ ਗੂੰਜਦੀ ਰਹੇਗੀ.... ਸ਼ਾਇਦ ਇਕ 'ਪ੍ਰੀਤ' ਬਣ ਕੇ।

ਹਰ ਦਾਨਸ਼ਮੰਦ ਕਵੀ ਵਾਂਗ 'ਪ੍ਰੀਤ' ਗਰੀਬਾਂ, ਮਜ਼ਦੂਰਾਂ ਤੇ ਕਿਰਤੀ ਕਾਮਿਆਂ ਦੀ ਗੱਲ ਕਰਦੀ ਹੋਈ ਦੇਸ਼-ਭਗਤਾਂ ਤੇ ਦੇਸ਼ ਦੇ ਸ਼ਹੀਦਾਂ ਪ੍ਰਤੀ ਆਪਣੇ ਸਨੇਹ ਦੀ ਗੱਲ ਕਰਦੀ ਹੋਈ ਕਹਿੰਦੀ ਹੈ:

'ਜਾਨ ਵਾਰ ਗਏ ਜੋ ਵਤਨ ਦੀ ਸ਼ਾਨ ਦੀ ਖਾਤਰ।

ਕਰੋ ਉਨ੍ਹਾਂ ਸੂਰਬੀਰਾਂ ਸਰਦਾਰਾਂ ਦੀ ਗੱਲ।'

ਉਹ ਰਾਜਸੀ ਤੇ ਧਾਰਮਿਕ ਨੇਤਾਵਾਂ ਨੂੰ ਆਪਣੀ ਖਾਹਸ਼ ਲਈ ਅਤੇ ਕੋਝੀਆਂ ਚਾਲਾਂ ਤੋਂ ਬਚਣ ਲਈ ਉਨ੍ਹਾਂ ਨੂੰ ਪੁਕਾਰ ਪੁਕਾਰ ਕੇ ਕਹਿੰਦੀ ਹੈ:

'ਇਨਸਾਨ ਨੂੰ ਇਨਸਾਨ ਨਾਲ ਲੜਾਉਣਾ ਛੱਡ ਦੇ,

ਬਸ ਕਰ ਖੂਨ ਦੇ ਦਰਿਆ ਹੁਣ ਬਹਾਉਣਾ ਛੱਡ ਦੇ।'

ਇਸ ਪੁਸਤਕ ਵਿਚ ਉਸ ਨੇ ਕੁਝ ਟੱਪੇ ਤੇ ਰੁਬਾਈਆਂ ਨੂੰ ਵੀ ਆਪਣੀ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਉਸ ਕੋਲ ਸ਼ਬਦਾਵਲੀ ਦਾ ਭੰਡਾਰ ਹੈ ਅਤੇ ਆਪਣੇ ਚੁਗਿਰਦੇ ਵਾਪਰ ਰਹੀਆਂ ਘਟਨਾਵਾਂ ਨੂੰ ਕਾਵਿ-ਸ਼ੈਲੀ ਵਿਚ ਚਿਤਰਨ ਦੀ ਉਸ ਵਿਚ ਸਮਰੱਥਾ ਵੀ ਹੈ। 'ਗ਼ਜ਼ਲ' ਵਿਚ ਉਸ ਨੂੰ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ ਅਤੇ ਕਵਿਤਾ ਵਿਚ ਵੀ ਕਿਤੇ-ਕਿਤੇ ਲੈਅ ਅਤੇ ਰਵਾਨਗੀ ਦੀ ਥੁੜ ਹੈ ਪਰ ਫਿਰ ਵੀ ਉਸ ਦੀ ਇਹ ਪਹਿਲੀ ਪੁਸਤਕ ਸੁਲਾਹੁਣ ਦੇ ਯੋਗ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143.

ਕੀ ਮਾੜਾ ਕੀਤਾ ਸਾਹਿਬਾਂ?
ਲੇਖਕ : ਵੈਦ ਡਿਪਟੀ ਚੰਦ ਮਿੱਤਲ
ਪ੍ਰਕਾਸ਼ਕ : ਪਲਕ ਪਬਲਿਸ਼ਰਜ਼, ਖੰਨਾ
ਮੁੱਲ : 70 ਰੁਪਏ, ਸਫ਼ੇ : 80.

ਵੈਦ ਡਿਪਟੀ ਚੰਦ ਮਿੱਤਲ ਜਿਹੜਾ ਪੰਜਾਬੀ ਫ਼ਿਲਮਾਂ ਬਾਬੁਲ ਦਾ ਵੇਹੜਾ, ਸੂਰਮਾ ਭਗਤ, ਜਿਊਣਾ ਮੌੜ ਫ਼ਿਲਮਾਂ ਦਾ ਨਿਰਦੇਸ਼ਕ ਤੇ ਨਿਰਮਾਤਾ ਹੈ। ਬੱਚਿਆਂ ਲਈ ਬਾਲ ਫ਼ਿਲਮ ਚਾਨਣ ਮੁਨਾਰੇ ਵੀ ਰਿਲੀਜ਼ ਕਰ ਚੁੱਕਾ ਹੈ। ਉਹਦੇ ਲਿਖੇ ਗੀਤਾਂ ਨੂੰ ਪ੍ਰਸਿੱਧ ਫ਼ਿਲਮ ਗਾਇਕਾਂ ਤੋਂ ਲੈ ਕੇ ਢੇਰ ਸਾਰੇ ਪੰਜਾਬੀ ਗਾਇਕਾਂ ਨੇ ਵੀ ਗਾਇਆ ਹੈ। ਮਾਲਵੇ ਦੇ ਇਲਾਕੇ ਦਾ ਜੰਮਪਲ ਹੋਣ ਦੇ ਨਾਤੇ ਬੋਲੀ ਦੀ ਮੁਹਾਰਤ ਨੂੰ ਭਲੀ-ਭਾਂਤ ਜਾਣਦਾ ਹੈ। 'ਕੀ ਮਾੜਾ ਕੀਤਾ ਸਾਹਿਬਾਂ?' ਵਿਚ ਉਸ ਨੇ ਲੋਕ ਕਥਾਵਾਂ ਵਿਚੋਂ ਪ੍ਰਸਿੱਧ ਲੋਕ ਕਥਾ ਮਿਰਜ਼ਾ ਸਾਹਿਬਾਂ ਨੂੰ ਬਿਆਨ ਕੀਤਾ ਹੈ। ਅੱਜ ਤੱਕ ਜਿੰਨੇ ਵੀ ਇਸ ਕਥਾ ਵਿਚ ਲੋਕ ਕਿੱਸੇ ਲਿਖੇ ਗਏ ਹਨ, ਸਾਰੇ ਸਾਹਿਬਾਂ ਨੂੰ ਮਾੜਾ ਕਹਿੰਦੇ ਹਨ। ਕਿਉਂਕਿ ਉਸ ਨੇ ਆਪਣੇ ਯਾਰ ਦੇ ਤੀਰ ਜੰਡ 'ਤੇ ਟੰਗ ਆਪਣੇ ਭਰਾਵਾਂ ਹੱਥੋਂ ਮਿਰਜ਼ੇ ਨੂੰ ਮਰਵਾ ਦਿੱਤਾ ਸੀ ਪਰ ਲੇਖਕ ਪਾਠਕਾਂ ਨੂੰ ਸਾਹਿਬਾਂ ਦੇ ਬਰਾਬਰ ਖੜ੍ਹਨ ਨੂੰ ਕਹਿੰਦਾ ਹੈ। ਲੇਖਕ ਦੀ ਰਚਨਾ ਸਾਹਿਬਾਂ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਉਂਦੀ ਹੈ ਤੇ ਪਾਠਕਾਂ 'ਤੇ ਸੁਆਲ ਕਰਦੀ ਹੈ ਕਿ ਸਾਹਿਬਾਂ 'ਤੇ ਲੱਗੇ ਬੇਵਫ਼ਾਈ ਦੇ ਇਲਜ਼ਾਮ 'ਤੇ ਉਹ ਸੋਚ ਵਿਚਾਰ ਕਰਨ। ਮਰਦ ਪ੍ਰਧਾਨ ਸਮਾਜ ਹਮੇਸ਼ਾ ਆਪਣੀ ਵਕਾਲਤ ਕਰਦਾ ਆ ਰਿਹਾ ਹੈ, ਉਸ ਨੂੰ ਔਰਤ ਦੇ ਜਜ਼ਬਾਤਾਂ ਦੀ ਕੋਈ ਪ੍ਰਵਾਹ ਨਹੀਂ। ਲੇਖਕ ਨੇ ਜਿਥੇ ਮਰਦ ਦੇ ਇਸ ਵਹਿਮ ਨੂੰ ਤੋੜਿਆ ਹੈ, ਉਥੇ ਇਸ ਲੋਕ ਕਥਾ ਦੀ ਕਹਾਣੀ ਨੂੰ ਨਵੀਂ ਸੇਧ ਦੇ ਕੇ ਪਾਠਕਾਂ ਦਾ ਹੁੰਗਾਰਾ ਮੰਗਿਆ ਹੈ। ਕਿਤਾਬ ਦੀ ਸਾਰੀ ਰਚਨਾ ਪਾਠਕਾਂ ਦੀ ਖਿੱਚ ਬਣਾਈ ਰੱਖਦੀ ਹੈ 'ਨੀ ਸਾਹਿਬਾਂ ਮੇਰੀ ਰਾਹ ਉਡੀਕੇ ਲੈਣੇ ਹੋਣੀ ਨਾਲ ਫੇਰੇ' ਤੇ ਫਿਰ ਅੱਗੇ ਲਿਖਦਾ ਹੈ 'ਇਕ ਦਿਨ ਤਾਂ ਹੈ ਸਭ ਨੇ ਮਰਨਾ-ਫੇਰ ਕੀ ਝਗੜੇ ਝੇੜੇ'। ਆਪਣੀ ਲੇਖਣੀ ਵਿਚ ਸਾਰੇ ਰੰਗ ਦੇ ਕੇ ਵੈਦ ਡਿਪਟੀ ਚੰਦ ਮਿੱਤਲ ਇਕ ਸਫਲ ਕਿੱਸਾਕਾਰ ਹੋ ਨਿਬੜਿਆ ਹੈ। ਉਹਦੀ ਰਚਨਾ ਵਿਚੋਂ ਸੂਫ਼ੀ ਰੰਗ ਵੀ ਝਲਕਦਾ ਹੈ ਜਿਹੜਾ ਪਾਠਕਾਂ ਨੂੰ ਹੋਰ ਵੀ ਰਚਨਾ ਦੇ ਨੇੜੇ ਲੈ ਜਾਂਦਾ ਹੈ। ਸਭ ਤੋਂ ਚੰਗਾ ਲੱਗਿਆ 'ਕੀ ਮਾੜਾ ਕੀਤਾ ਸਾਹਿਬਾਂ?' ਦਾ ਟਾਈਟਲ ਕੰਵਰ ਮਿਰਜ਼ਾ ਸਾਹਿਬ ਤੇ ਬੱਘੀ ਦੀ ਖੂਬਸੂਰਤ ਤਸਵੀਰ ਕਿਤਾਬ ਨੂੰ ਚਾਰ ਚੰਨ ਲਾਉਂਦੀ ਹੈ।.

ਸੂਖ਼ਮ ਪਰਤਾਂ
ਲੇਖਕ : ਪ੍ਰਸ਼ੋਤਮ ਪੱਤੋ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ (ਬਰਨਾਲਾ)
ਮੁੱਲ : 50 ਰੁਪਏ, ਸਫ਼ੇ : 96.

ਪ੍ਰਸ਼ੋਤਮ ਪੱਤੋ ਸਾਹਿਤ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। ਉਹ ਹੁਣ ਤੱਕ 7 ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ ਕਿਤਾਬ ਅਜੋਕੀ ਕਵਿਤਾ ਦੇ ਖੇਤਰ ਵਿਚ ਇਕ ਵਿਲੱਖਣ ਛੋਹਾਂ ਦਾ ਪ੍ਰਤੀਕ ਹੈ। ਉਹਦੀ ਸਮੁੱਚੀ ਕਵਿਤਾ ਸਾਡੇ ਦੁਆਲੇ ਪਸਰੇ ਮਸਲੇ ਪੀੜਾਂ-ਦਰਦਾਂ ਤੇ ਸਮਾਜਿਕ ਪੀੜਾਂ ਨੂੰ ਬਿਆਨਦੀ ਉਹਨੂੰ ਉੱਭਰ ਰਹੇ ਕਵੀਆਂ ਦੀ ਕਤਾਰ ਵਿਚ ਸ਼ਾਮਿਲ ਕਰਦੀ ਹੈ। 'ਸੂਖਮ ਪਰਤਾਂ' ਵਿਚ ਕੁੱਲ 84 ਕਵਿਤਾਵਾਂ ਹਨ। ਧੀਆਂ-ਭੈਣਾਂ ਦੀ ਦੁੱਖਾਂ ਦੀ ਕਹਾਣੀ ਉਸ ਨੇ ਆਪਣੀ ਕਿਤਾਬ ਵਿਚ ਸਭ ਤੋਂ ਪਹਿਲਾਂ ਪਾਈ ਹੈ 'ਧੀਆਂ ਮੇਰੀਆਂ ਸਿਰਜਣਗੀਆਂ ਨਵਾਂ ਯੁੱਗ-ਨਵਾਂ ਇਤਿਹਾਸ'। ਪ੍ਰਸ਼ੋਤਮ ਪੱਤੋ ਦੀ ਕਵਿਤਾ ਫਾਈਵ ਸਟਾਰ ਹੋਟਲਾਂ ਤੇ ਮਹਾਂਨਗਰਾਂ ਦੀ ਦੁਨੀਆ ਵਿਚ ਨਹੀਂ ਘੁੰਮਦੀ, ਉਹ ਬਾਤ ਪਾਉਂਦੀ ਹੈ ਉਸ ਜ਼ਿੰਦਗੀ ਦੀ ਜਿਹੜੀ ਪਿੰਡਾਂ ਦੀਆਂ ਗਲੀਆਂ ਵਿਚ ਧੜਕਦੀ ਹੈ। 'ਬਾਪੂ ਦੇ ਸਿਰ 'ਤੇ ਦੁਪੱਟਾ-ਪੈਰੀ ਠਿੱਬੀ ਜੁੱਤੀ-ਬੇਬੇ ਦੇ ਸਿਰ ਗੋਹੇ ਦਾ ਬੱਠਲ-ਪੈਰਾਂ 'ਚ ਬਿਹਾਈਆਂ-ਤੁੜੀ 'ਚ ਲਿਬੜੀ ਗੁੱਤ' ਸਾਡੇ ਇਸ ਸੱਭਿਆਚਾਰ ਨੂੰ ਉਹ ਲਿਖਦਾ ਇਸ ਤੋਂ ਅਗਲੇ ਸੱਭਿਆਚਾਰ ਦੀ ਗੱਲ ਕਰਦਾ ਇਕ ਚੰਗੇ ਇਖਲਾਕ ਤੇ ਮਾਂ-ਬੋਲੀ ਨਾਲ ਪਿਆਰ ਦੀ ਸੱਭਿਅਤਾ ਵਿਚੋਂ ਸੱਭਿਆਚਾਰ ਭਾਲਦਾ ਹੈ। ਲੇਖਕ ਦੀ ਕਵਿਤਾ ਵਿਚ ਮਜ਼ਬੂਤੀ ਹੈ। ਉਹ ਆਪਣੀ ਹਰ ਰਚਨਾ ਵਿਚ ਲੋਕ-ਪੱਖੀ ਗੱਲ ਕਰਦਾ ਹੈ। ਪੱਤੋ ਦੀਆਂ ਕਵਿਤਾਵਾਂ ਆਪਣੇ-ਆਪ ਅੰਦਰ ਜਾਗਰੂਕਤਾ ਸਮੋਈ ਬੈਠੀਆਂ ਹਨ। ਛੋਟੇ-ਛੋਟੇ ਵਿਸ਼ਿਆਂ ਨੂੰ ਲੈ ਕੇ ਉਹ ਇਕ ਵੱਡਾ ਸੁਨੇਹਾ ਦਿੰਦਾ ਉਹ ਉਸ ਸ਼ਾਇਰੀ ਦੀ ਬਾਤ ਪਾਉਂਦਾ ਹੈ, ਜਿਹੜੀ ਉਹ ਮਨੁੱਖ ਦੇ ਅੰਦਰ ਦੀ ਟੁੱਟ-ਭੱਜ ਤੋਂ ਵੀ ਭਲੀ-ਭਾਂਤ ਜਾਣੂ ਹੈ। 'ਇਸ ਵਾਰ ਦਿਲ ਟੁੱਟਿਆ ਹੀ ਨਹੀਂ, ਸਗੋਂ ਟੁੱਟ ਕੇ ਹੋ ਗਿਆ ਹੈ ਖਿੰਡ ਹਰ ਟੁਕੜਾ-ਇੰਨੀ ਬੇਰਹਿਮੀ ਨਾਲ ਟੁੱਟਿਆ-ਕਿ ਦੂਰ-ਦੂਰ ਤੱਕ-ਆਪਣੇਪਣ ਦਾ ਹਰ ਬੰਦਨ ਗਿਆ ਹੈ ਟੁੱਟ....' ਸਮੁੱਚੇ ਰੂਪ ਵਿਚ ਪ੍ਰਸ਼ੋਤਮ ਪੱਤੋ ਇਕ ਵਧੀਆ ਕਵੀ ਹੈ। 'ਸੂਖ਼ਮ ਪਰਤਾਂ' ਇਸ ਕਥਨ ਦੀ ਗਵਾਹ ਹੈ।

-ਬੀਬਾ ਕੁਲਵੰਤ
ਮੋ: 98761-23151..

ਦੀਵਿਆਂ ਦੇ ਦੇਸ਼ ਵਿਚ
ਮੂਲ ਲੇਖਕ : ਅਦੋਲੇਨ ਸਮੇਕਲ
ਅਨੁਵਾਦ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 144.

ਅੋਦੋਲੇਨ ਸਮੇਕਲ (ਜਨਮ 1928) ਚੈਕ-ਗਣਰਾਜ ਦਾ ਵਾਸੀ ਹੈ ਅਤੇ ਉਹ ਪਿਛਲੀ ਅੱਧੀ ਸਦੀ ਤੋਂ ਹਿੰਦੀ ਵਿਚ ਕਵਿਤਾਵਾਂ ਲਿਖ ਰਿਹਾ ਹੈ। ਹਿੰਦੀ ਭਾਸ਼ਾ ਵਿਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਤੇਰੇ ਦਾਨ ਕੀਏ ਗੀਤ' 1982 ਈ: ਵਿਚ ਪ੍ਰਕਾਸ਼ਿਤ ਹੋਇਆ ਸੀ। ਹੁਣ ਤੱਕ ਉਸ ਦੇ 10 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। 'ਦੀਵਿਆਂ ਦੇ ਦੇਸ਼ ਵਿਚ' (ਮੂਲ ਹਿੰਦੀ) ਪਹਿਲੀ ਵਾਰ 1996 ਈ: ਵਿਚ ਪ੍ਰਕਾਸ਼ਿਤ ਹੋਇਆ ਸੰਗ੍ਰਹਿ ਹੈ। ਇਸ ਵਿਚ ਉਸ ਦੀਆਂ 125 ਕਵਿਤਾਵਾਂ ਸੰਗ੍ਰਹਿਤ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਉਹ ਲਿਖਦਾ ਹੈ ਕਿ ਅਭਾਰਤੀ ਹੋ ਕੇ ਵੀ ਉਹ ਪਿਛਲੀ ਅੱਧੀ ਸਦੀ ਤੋਂ ਦਿਨ-ਰਾਤ ਭਾਰਤੀ ਸਾਂਸਕ੍ਰਿਤਕ ਮਾਹੌਲ ਵਿਚ ਰਮਦਾ ਆਇਆ ਹੈ। ਦਿਨ-ਪ੍ਰਤੀਦਿਨ ਕਾਵਿ-ਰਚਨਾ ਕਰਨ ਲਈ ਉਸ ਨੂੰ ਭਾਰਤ ਵਿਚੋਂ ਨਵੇਂ ਸੰਸਕਾਰ ਅਤੇ ਨਵੇਂ ਪ੍ਰਸੰਗ ਮਿਲਦੇ ਰਹੇ ਹਨ। ਕਾਵਿ-ਸਿਰਜਣਾ ਦੁਆਰਾ ਉਹ ਭਾਰਤੀ ਸੱਭਿਆਚਾਰ ਨਾਲ ਇਕਮਿਕ ਹੋ ਗਿਆ ਹੈ। ਉਸ ਨੇ ਭਾਰਤ ਦੇ ਬਹੁਤ ਸਾਰੇ ਦਰਸ਼ਨੀ-ਸਥਲਾਂ ਬਾਰੇ ਕਵਿਤਾਵਾਂ ਲਿਖੀਆਂ ਹਨ, ਜਿਵੇਂ : ਹੇ ਗੰਗਾ ਦੀ ਧਾਰ, ਰਾਧੇ ਸ਼ਾਮ ਸੀਤਾ ਰਾਮ, ਨਚਦਾ-ਗਾਉਂਦਾ ਬੰਗਾਲ, ਸਾਡੀ ਮਿਥਿਲਾ, ਪਿੰਡ ਦੀ ਝਾਕੀ, ਰਾਜਪੂਤਾਂ ਦੇ ਦੁਆਰ, ਦਿਲਵਾੜਾ ਮੰਦਿਰ ਦੀਆਂ ਅਪਸਰਾਵਾਂ ਅਤੇ ਸ਼ਿਵਪੁਰੀ....ਆਦਿ। ਕਵੀ ਨੇ ਭਾਰਤ ਦੇ ਵੱਖ-ਵੱਖ ਖਿੱਤਿਆਂ ਅਤੇ ਆਂਚਲਾਂ ਦੀ ਖੂਬਸੂਰਤੀ ਦਾ ਏਨਾ ਸਹਿਜ ਅਤੇ ਸਟੀਕ ਚਿਤ੍ਰਣ ਕੀਤਾ ਹੈ ਕਿ ਹੈਰਾਨੀ ਹੁੰਦੀ ਹੈ। ਦੇਖੋ :

ਘਰ ਮੇਰਾ ਹੁਣ ਏਥੇ

ਤਿੰਨ ਮਹਾਸਾਗਰਾਂ ਦੇ ਸਾਹਿਲ ਤੇ

ਦੀਵਿਆਂ ਅਗਰਬੱਤੀਆਂ ਦੇ ਦੇਸ਼ ਵਿਚ

ਕੋਲਤਾਰ ਦੀਆਂ ਸੜਕਾਂ ਤੇ

ਗਊਆਂ ਦੀ ਧੱਕ-ਧਕੇਲ ਵਿਚ

ਧੂੜ ਭਰੀਆਂ ਨੇਰੀਆਂ ਵਿਚ

ਲਾਲਟੈਣੀ ਸ਼ਮਾਂ ਦੇ ਦੇਸ਼ ਵਿਚ। (ਪੰਨਾ 11)

ਸਾਡੇ ਕਿਸੇ ਵੀ ਆਧੁਨਿਕ ਕਵੀ ਨੇ ਨਾ ਤਾਂ ਭਾਰਤ ਦੀ ਖੂਬਸੂਰਤੀ ਬਾਰੇ ਅਤੇ ਨਾ ਕਿਸੇ ਵਿਦੇਸ਼ ਦੀ ਖੂਬਸੂਰਤੀ ਬਾਰੇ ਕੋਈ ਚੱਜ ਦੀ ਕਵਿਤਾ ਲਿਖੀ ਹੈ। ਸਾਨੂੰ ਕਿਸੇ ਸਥਾਨ ਜਾਂ ਦ੍ਰਿਸ਼ ਦੀ ਖੂਬਸੂਰਤੀ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਰਿਹਾ। ਅਸੀਂ ਸੋਚਦੇ ਹਾਂ ਕਿ ਇਹ ਵੀ ਕੋਈ ਲਿਖਣ ਦਾ ਵਿਸ਼ਾ ਹੋ ਸਕਦਾ ਹੈ। ਸਾਨੂੰ ਚਾਰੇ ਤਰਫ਼ ਸਮੱਸਿਆਵਾਂ ਹੀ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ ਅਤੇ ਅਸੀਂ ਉਨ੍ਹਾਂ ਬਾਰੇ ਡਟ ਕੇ ਲਿਖਦੇ ਹਾਂ। ਅਗਾਂਹਵਧੂ ਵਿਅਕਤੀ ਜੋ ਹੋਏ! ਇਹ ਕਵਿਤਾਵਾਂ ਪੜ੍ਹ ਕੇ ਮੈਨੂੰ ਮਾਲੂਮ ਹੋਇਆ ਹੈ ਕਿ ਕਿਸੇ ਦੇਸ਼ ਜਾਂ ਸੱਭਿਆਚਾਰ ਦੇ ਸੌਂਦਰਯ ਬਾਰੇ ਲਿਖੀ ਕਵਿਤਾ ਵਿਚ ਉਥੋਂ ਦੀਆਂ ਸਮੱਸਿਆਵਾਂ (ਗ਼ਰੀਬੀ ਆਦਿ) ਆਪਣੇ-ਆਪ ਆ ਜਾਂਦੀਆਂ ਹਨ। ਸਾਡੇ ਅਨੁਵਾਦਕ ਮਿੱਤਰ ਬਲਦੇਵ ਬੱਦਨ ਨੇ ਇਨ੍ਹਾਂ ਹਿੰਦੀ ਕਵਿਤਾਵਾਂ ਦਾ ਪੰਜਾਬੀ ਵਿਚ ਬੜਾ ਸੁਚੱਜਾ ਅਨੁਵਾਦ ਕੀਤਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136.

ਦਿਲਹੁ ਮੁਹਬਤਿ ਜਿੰਨੁ...
ਲੇਖਕ : ਅਵਤਾਰ ਐਸ. ਸੰਘਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 216.

ਹੁਣ ਪੰਜਾਬੀ ਭਾਸ਼ਾ ਵਿਚ ਚੰਗੀ ਤਕੜੀ ਸੰਖਿਆ ਵਿਚ ਕਿਸੇ ਨਾ ਕਿਸੇ ਭਾਵ-ਬੋਧ ਦੀ ਪੂਰਤੀ ਹਿਤ ਨਾਵਲ ਲਿਖੇ ਜਾ ਰਹੇ ਹਨ। ਅਵਤਾਰ ਐਸ. ਸੰਘਾ ਦੇ ਨਾਵਲ ਦਿਲਹੁ ਮੁਹਬਤਿ ਜਿੰਨੁ... ਦੀ ਰਚਨਾ ਦਾ ਆਪਣਾ ਇਕ ਉਚੇਚਾ ਪ੍ਰਯੋਜਨ ਹੈ। ਸੰਘਾ ਨੇ ਆਪਣੇ ਇਸ ਨਾਵਲ ਵਿਚ ਦਿਲ ਅਤੇ ਦਿਲਦਾਰਾਂ ਦੇ ਕਥਨ ਨੂੰ ਬੜੀ ਸੰਜੀਦਗੀ ਅਤੇ ਭਾਵ-ਪੂਰਤ ਸ਼ੈਲੀ ਦੁਆਰਾ ਪ੍ਰਸਤੁਤ ਕੀਤਾ ਹੈ।

ਇਸ ਨਾਵਲ ਦਾ ਕਥਾਨਕ ਸਮੱਸਿਆਵਾਂ ਦੀ ਗੰਭੀਰਤਾ ਲਈ ਬੌਧਿਕ-ਵਿਵਸਥਾ ਦੇ ਪ੍ਰਯੋਗ ਨੂੰ ਸੁੰਦਰ ਸਲੀਕੇ ਨਾਲ ਵਰਤੋਂ ਵਿਚ ਲਿਆ ਰਿਹਾ ਹੈ। ਪੰਜਾਬੀ-ਗਲਪ ਸੰਸਾਰ ਵਿਚ ਇਸ ਪ੍ਰਕਾਰ ਦੀ ਵਿਲੱਖਣ ਵਿਧੀ ਨੂੰ ਅਜੇ ਤੱਕ ਵਰਤਿਆ ਨਹੀਂ ਗਿਆ। ਨਾਵਲਕਾਰ ਅਵਤਾਰ ਐਸ. ਸੰਘਾ ਵਿਦਵਾਨ ਪੁਰਸ਼ ਹੈ ਤੇ ਇਸ ਕਰਕੇ ਉਸ ਨੇ ਵਿਵੇਕਸ਼ੀਲ ਨਾਵਲ ਦੀ ਰਚਨਾ ਕੀਤੀ ਹੈ।

ਸਿਆਸੀ ਧਾਂਦਲੀਆਂ ਅਤੇ ਸਿਆਸੀ ਚਰਿੱਤਰ ਵੱਲ ਇਸ ਨਾਵਲ ਦੇ ਕਥਾਨਕ ਨੇ ਕਾਫੀ ਧਿਆਨ ਦਿੱਤਾ ਹੋਇਆ ਹੈ। ਇਸ ਨਾਵਲ ਦੇ ਕੁਝ ਪਾਤਰ ਦੁਚਿੱਤੀ ਦੀ ਮਾਰ ਨਾਲ ਮੰਦੀ ਤੇ ਮਾੜੀ ਜ਼ਿੰਦਗੀ ਗੁਜ਼ਾਰਦੇ ਹਨ। ਬਾਹਰਲੇ ਮੁਲਕਾਂ ਦੀ ਅਪ-ਸੰਸਕ੍ਰਿਤੀ ਦਾ ਭਲੀ ਪ੍ਰਕਾਰ ਖੁਲਾਸਾ ਕੀਤਾ ਗਿਆ ਹੈ। ਰਾਜਸੀ ਪੈਂਤਰਿਆਂ ਦੀ ਪੋਲ ਨੂੰ ਨਾਵਲਕਾਰ ਨੇ ਬੜੀ ਸ਼ਿੱਦਤ ਨਾਲ ਚਿਤਰਿਆ ਹੈ।

ਇਸ ਗੱਲ ਨੂੰ ਨਾਵਲਕਾਰ ਦੀ ਰਚਨਾਮਿਕਤਾ ਦੀ ਸਿਫ਼ਤ ਹੀ ਕਿਹਾ ਜਾ ਸਕਦਾ ਹੈ ਕਿ ਇਸ ਨੇ ਭਿਆਨਕ ਕਥਾ-ਕਹਾਣੀਆਂ ਵਿਚੋਂ ਵੀ ਵਿਸ਼ੇਸ਼ ਕਿਸਮ ਦੀ ਭਾਵਨਾਤਮਿਕਤਾ ਨੂੰ ਉਜਾਗਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ। ਇਕ ਪਾਤਰ ਕੀਰਤੀ ਸਿੰਘ ਦੀ ਚਿੰਤਨ-ਧਾਰਾ ਦਾ ਕੇਂਦਰੀ ਤੱਤ ਸਿਦਕ ਅਤੇ ਸਦਾਚਾਰ ਹੈ।

ਅਵਤਾਰ ਸੰਘਾ ਨੇ ਵਿਚਾਰਧਾਰਾ ਅਤੇ ਵਿਸ਼ਲੇਸ਼ਣ ਨੂੰ ਵਿਆਖਿਆ ਬਣਾ ਕੇ ਅਦੁੱਤੀ ਕਿਸਮ ਦਾ ਅਨੰਦ ਪੈਦਾ ਕਰਨ ਦਾ ਵਿਧਾਇਕ-ਉਪਰਾਲਾ ਕੀਤਾ ਹੈ। ਇੰਜ ਅਵਤਾਰ ਐਸ. ਸੰਘਾ ਹੋਰਾਂ ਦੀ ਇਸ ਕਿਸਮ ਦੀ ਗਲਪ ਪੱਧਤੀ ਨੂੰ ਵਿਲੱਖਣ ਹੋਣ ਦਾ ਰੁਤਬਾ ਹਾਸਲ ਹੋ ਰਿਹਾ ਹੈ।

-ਓਮ ਪ੍ਰਕਾਸ਼ ਗਾਸੋ
ਮੋ: 94635-61123.

ਸਹਿਜ
ਸ਼ਇਰ : ਡਾ: ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 120 ਰੁਪਏ, ਸਫ਼ੇ : 96
.

ਡਾ: ਜਸਬੀਰ ਸਿੰਘ ਸਰਨਾ ਪੰਜਾਬੀ ਕਾਵਿ-ਖੇਤਰ ਦਾ ਨਾਮਵਰ ਹਸਤਾਖ਼ਰ ਹੈ ਤੇ ਉਹ ਲੋਕ-ਫ਼ਿਕਰਾਂ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਹੁਣ ਤੱਕ ਉਸ ਦੀਆਂ ਡੇਢ ਦਰਜਨ ਦੇ ਕਰੀਬ ਪੰਜਾਬੀ ਅਤੇ ਅੱਧੀ ਦਰਜਨ ਦੇ ਕਰੀਬ ਅੰਗਰੇਜ਼ੀ ਜ਼ਬਾਨ ਵਿਚ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਕੁਝ ਧਾਰਮਿਕ ਹਨ ਤੇ ਕੁਝ ਨਿਰੋਲ ਸਾਹਿਤਕ ਪ੍ਰਕਾਸ਼ਨਾਵਾਂ ਹਨ। ਉਹ ਪੰਜਾਬੋਂ ਬਾਹਰ ਕਸ਼ਮੀਰ ਵਿਖੇ ਰਹਿ ਕੇ ਵੀ ਪੰਜਾਬੀ ਵਿਚ ਨਿਰੰਤਰ ਸਾਹਿਤ ਰਚਨਾ ਕਰ ਰਿਹਾ ਹੈ ਅਤੇ ਇਸੇ ਕਾਰਨ ਹੀ ਇਸ ਪੁਸਤਕ ਵਿਚ ਸ਼ਾਮਿਲ ਉਸ ਦੀਆਂ ਬਹੁਤੀਆਂ ਨਜ਼ਮਾਂ ਕਸ਼ਮੀਰ ਵਿਚ ਵਸਦੇ ਲੋਕਾਂ ਦੀ ਹੋਣੀ ਨਾਲ ਸਬੰਧਤ ਹਨ। 'ਸਹਿਜ' ਪੁਸਤਕ ਦੀ 'ਅੰਤਰ' ਨਜ਼ਮ ਵਿਚ ਉਹ ਜਿਥੇ ਧਰਮ ਦੇ ਨਾਂਅ 'ਤੇ ਹੋ ਰਹੇ ਅਧਰਮ ਦੀ ਪੋਲ ਖੋਲ੍ਹਦਾ ਹੈ ਓਥੇ 'ਕਾਤਲ' ਵਰਗੀ ਨਜ਼ਮ ਵਿਚ ਧਰਮ ਨੂੰ ਹਥਿਆਰ ਬਣਾ ਕੇ ਅਵਾਮ ਦਾ ਖ਼ੂਨ ਵਹਾਉਣ ਵਾਲੇ ਲੋਕਾਂ 'ਤੇ ਗੰਭੀਰ ਵਿਅੰਗ ਵੀ ਕੱਸਦਾ ਹੈ। ਉਸ ਨੂੰ ਬ੍ਰਹਿਮੰਡੀ ਕਿਤਾਬ 'ਚੋਂ ਸੱਚ ਦੀ ਇਬਾਰਤ ਦੀਆਂ ਕਰੂੰਬਲਾਂ ਫੁੱਟਣ ਦੀ ਆਸ ਹੈ ਅਤੇ ਇਸੇ ਸੱਚ ਨੂੰ ਉਹ ਕਾਵਿਕ ਲਿਬਾਸ ਨਾਲ ਹਰ ਨਜ਼ਮ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਡਾ: ਜਸਬੀਰ ਸਿੰਘ ਸਰਨਾ ਕੁਦਰਤੀ ਨਜ਼ਾਰਿਆਂ ਦਾ ਆਸ਼ਿਕ ਹੈ ਤੇ ਆਪਣੇ ਆਸੇ-ਪਾਸੇ ਦੇ ਸੁੰਦਰ ਨਜ਼ਾਰਿਆਂ 'ਚੋਂ ਉਹ ਜ਼ਿੰਦਗੀ ਦੇ ਭਿੰਨ-ਭਿੰਨ ਰਹੱਸਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। 'ਸ਼ਾਲੀਮਾਰ ਬਾਗ਼', 'ਨਿਸ਼ਾਤ ਬਾਗ਼' ਤੇ 'ਤੇਰੀ ਕੁਦਰਤ' ਉਸ ਦੀਆਂ ਇਸੇ ਦ੍ਰਿਸ਼ਟੀ 'ਤੇ ਅਧਾਰਤ ਨਜ਼ਮਾਂ ਹਨ ਜੋ ਪਾਠਕ ਨੂੰ ਕਾਇਨਾਤ ਨਾਲ ਜੋੜਦੀਆਂ ਹਨ। ਡਾ: ਜਸਬੀਰ ਸਿੰਘ ਸਰਨਾ ਦੀ ਸ਼ਾਇਰੀ ਭ੍ਰਿਸ਼ਟ ਰਾਜਨੀਤੀ 'ਤੇ ਵੀ ਵਾਰ ਕਰਦੀ ਹੈ ਅਤੇ ਇਹ ਪੀੜਤ ਲੋਕਾਂ ਦੀ ਜ਼ਬਾਨ ਬਣ ਕੇ ਦਿਸ਼ਾ-ਸੂਚਕ ਵੀ ਬਣਦੀ ਹੈ। ਕੁੱਲ ਮਿਲਾ ਸਰਨਾ ਦੀ ਪੁਸਤਕ 'ਸਹਿਜ' ਲੋਕ-ਮਨਾਂ ਅੰਦਰਲੀ ਤਪਸ਼ ਦਾ ਪਰਤੌ ਹੈ ਤੇ ਇਹ ਸਮਾਜਿਕ ਤਬਦੀਲੀ ਲਈ ਇਕ ਇਮਾਨਦਾਰਾਨਾ ਕੋਸ਼ਿਸ਼ ਵੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਿਥੋਂ ਆਉਂਦੀ ਕਵਿਤਾ
ਕਵਿੱਤਰੀ : ਅਰਤਿੰਦਰ ਸੰਧੂ
ਪ੍ਰਕਾਸ਼ਕ : ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 130 ਰੁਪਏ, ਸਫ਼ੇ : 128.

ਪੁਸਤਕ 'ਕਿੱਥੋਂ ਆਉਂਦੀ ਕਵਿਤਾ' ਆਧੁਨਿਕ ਪੰਜਾਬੀ ਕਾਵਿ-ਸਿਰਜਣ ਪ੍ਰਕਿਰਿਆ ਅਤੇ ਕਾਵਿ-ਪੈਰਾਡਾਈਮ ਦੇ ਸਿਧਾਂਤ ਅਤੇ ਵਿਹਾਰ ਨੂੰ ਇਕੋ ਥਾਵੇਂ ਪ੍ਰਸਤੁਤ ਕਰਨ ਦਾ ਪ੍ਰਤੱਖ ਪ੍ਰਮਾਣ ਸਥਾਪਤ ਕਰਦੀ ਹੈ। ਕਵਿੱਤਰੀ ਅਰਤਿੰਦਰ ਸੰਧੂ ਨੇ ਆਪਣੇ ਪ੍ਰੋੜ੍ਹ ਕਾਵਿ-ਅਨੁਭਵ, ਕਾਵਿ-ਵਰਤਾਰੇ ਅਤੇ ਕਾਵਿ-ਅਭਿਵਿਅਕਤੀ ਦੇ ਮਾਨਦੰਡਾਂ ਨੂੰ ਬਾਖੂਬੀ 66 ਕਵਿਤਾਵਾਂ ਦੇ ਜ਼ਰੀਏ ਇਥੇ ਪ੍ਰਸਤੁਤ ਕੀਤਾ ਹੈ। ਕਵਿੱਤਰੀ ਨੇ ਮਨ ਦੀਆਂ ਕੁੰਦਰਾਂ ਵਿਚਲੀ ਤੜਪ, ਬੇਬਸ, ਬੇ-ਮੁਹਾਰੇ ਹੌਕਿਆਂ, ਜਵਾਨੀ ਦੇ ਹਸਾਸ, ਵਲਵਲਿਆਂ, ਜ਼ਿੰਦਗੀ ਦੀਆਂ ਅਨੰਤ ਮੁਸ਼ਕਿਲਾਂ, ਸੋਕਿਆਂ, ਧੁੱਪਾਂ, ਹੜ੍ਹਾਂ ਆਦਿ ਨੂੰ ਚੰਗੀ ਤਰ੍ਹਾਂ ਅਨੁਭਵ ਕੀਤਾ ਹੈ। ਉਹ ਜੀਵਨ ਵਿਚ ਆ ਰਿਹਾ ਆਸ਼ਾਵਾਦੀ ਹਵਾ ਦਾ ਬੁੱਲਾ, ਉਚੇਚੇ ਤੇ ਵਿਲੱਖਣ ਭਾਵਾਂ ਅਤੇ ਵਿਚਾਰਾਂ ਨੂੰ ਜਦੋਂ ਸ਼ਾਬਦਿਕ ਰੂਪ ਦਿੰਦੀ ਹੈ ਤਾਂ ਸ੍ਰੇਸ਼ਟ ਕਾਵਿ-ਬੋਧ ਦਾ ਪ੍ਰਗਟਾਵਾ ਕਰ ਰਹੀ ਹੁੰਦੀ ਹੈ। ਪ੍ਰੰਤੂ ਜਦੋਂ ਹਾਵ-ਭਾਵ, ਵਿਚਾਰ ਅਤੇ ਕਲਪਨਾ ਕਦੇ-ਕਦਾਈਂ ਕਿਤੇ ਸਾਥ ਛੱਡ ਵੀ ਜਾਂਦੇ ਨੇ ਤਾਂ ਕਾਵਿ-ਸੰਚਾਰ ਰੁਕ ਗਿਆ ਪ੍ਰਤੀਤ ਹੋਣ ਲਗਦਾ ਹੈ। ਅਜਿਹੇ ਭਾਵਾਂ, ਵਿਚਾਰਾਂ, ਕਲਪਨਾਵਾਂ ਅਤੇ ਉਦਗਾਰਾਂ ਨੂੰ ਪਹਿਲੀਆਂ ਚਾਰ ਕਵਿਤਾਵਾਂ 'ਕਿੱਥੋਂ ਆਉਂਦੀ ਕਵਿਤਾ', 'ਜਦੋਂ ਆਉਂਦੀ ਕਵਿਤਾ', 'ਜਦੋਂ ਆ ਜਾਂਦੀ ਕਵਿਤਾ' ਅਤੇ 'ਜਦੋਂ ਨਹੀਂ ਆਉਂਦੀ ਕਵਿਤਾ' ਵਿਚ ਪੇਸ਼ ਕੀਤਾ ਹੈ। 'ਅਲਵਿਦਾ ਤੋਂ ਪਹਿਲਾਂ' ਸਿਰਲੇਖ ਦੇ ਅੰਤਰਗਤ ਪੰਜ ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ 'ਚ 'ਬਿਰਖ' ਦਾ ਮੈਟਾਫ਼ਰ, ਕਾਵਿ-ਅਰਥ-ਸੰਚਾਰ ਦਾ ਵਿਸ਼ਾਲ ਚਿੱਤਰਪਟ ਪੇਸ਼ ਕਰਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਪੱਤੇ-ਪੱਤੀਆਂ, ਹਰਿਆਵਲ, ਪੱਤਝੜ, ਬਹਾਰ, ਡਾਲੀਆਂ, ਰੰਗ ਆਦਿ ਜਿਹੇ ਪ੍ਰਤੀਕਾਤਮਕ ਸ਼ਬਦ ਕਵਿਤਾ ਮਾਣਨ ਤੋਂ ਬਾਅਦ ਵੀ ਮਨੁੱਖੀ (ਪਾਠਕ) ਮਨ ਵਿਚ ਵਿਸ਼ਾਲ ਅਰਥਾਂ ਦੀ ਚਿਣਗ ਜਗਾਈ ਰੱਖਦੇ ਹਨ। ਭਾਵ ਜੀਵਨ ਨੂੰ ਭੋਗਣ ਦਾ ਨਹੀਂ, ਜਿਊਣ ਦਾ ਢੰਗ ਦੱਸਦੇ ਹਨ।

ਇਸੇ ਤਰ੍ਹਾਂ ਪੁਸਤਕ ਵਿਚ ਅੰਕਿਤ 'ਘਰ ਤੇ ਉਦਾਸੀ' ਸਿਰਲੇਖ ਹੇਠ 9 ਕਵਿਤਾਵਾਂ ਅੰਕਿਤ ਕੀਤੀਆਂ ਗਈਆਂ ਹਨ, ਜੋ ਸਮਾਜਿਕ ਜੀਵਨ ਤੋਰ ਦੀਆਂ ਵਿਭਿੰਨ ਪਰਤਾਂ ਦੇ ਆਲੋਚਨਾਤਮਕ ਯਥਾਰਥ ਦੀ ਤਸਵੀਰ ਪੇਸ਼ ਕਰਦੀਆਂ ਹਨ। ਇਥੇ ਅਰਤਿੰਦਰ ਸੰਧੂ ਦੀ ਕਾਵਿ-ਪ੍ਰਾਪਤੀ ਇਹ ਬਣਦੀ ਹੈ ਕਿ ਉਸ ਨੇ ਕਾਵਿ-ਅਨੁਭਵ ਨੂੰ ਸੰਕੇਤਾਵਲੀ ਅਤੇ ਸਮਰੱਥ ਕਾਵਿ-ਭਾਸ਼ਾ 'ਚ ਬਿਆਨਿਆ ਹੈ। ਵਿਚਾਰਾਂ ਦਾ ਉਸਾਰ ਅਤੇ ਪਾਸਾਰ ਰਸ-ਭਰਪੂਰ ਸ਼ਬਦਾਵਲੀ 'ਚ ਹੋਇਆ ਵੇਖਿਆ ਜਾ ਸਕਦਾ ਹੈ। ਇਥੇ ਸਹਿਜ-ਠਰ੍ਹੰਮਾ ਅਤੇ ਸੰਤੋਖ ਜਿਹੇ ਉਦਗਾਰਾਂ ਨੂੰ ਉਭਾਰਿਆ ਗਿਆ ਹੈ। 'ਅਣਬੋਲੇ ਸ਼ਬਦ' ਸਿਰਲੇਖ ਤਹਿਤ ਸੱਤ ਕਵਿਤਾਵਾਂ ਇਕ ਲੜੀ 'ਚ ਅਜੋਕੇ ਮਨੁੱਖ ਦੀ ਮਾਨਸਿਕਤਾ, ਧੀ, ਭੈਣ ਜਾਂ ਔਰਤ ਜਾਤੀ ਪ੍ਰਤੀ ਸਥਾਪਤ ਦ੍ਰਿਸ਼ਟੀਕੋਣ ਅਤੇ ਜੋ ਅਸਲ 'ਚ ਹੋਣਾ ਚਾਹੀਦਾ ਹੈ, ਨੂੰ ਹੀ ਭਾਵਪੂਰਤ ਤਰੀਕੇ ਨਾਲ ਵਿਅਕਤ ਕੀਤਾ ਗਿਆ ਹੈ।

ਕਵਿੱਤਰੀ ਅਰਤਿੰਦਰ ਸੰਧੂ ਨੇ 'ਉਤਸਵ', 'ਕਿਆਸੀ ਅਣਕਿਆਸੀ', 'ਜ਼ਿੰਦਗੀ', 'ਵਜ੍ਹਾ', 'ਸੋਚਦੀ ਤਾਂ ਹੋਵੇਗੀ ਗੰਗਾ', 'ਉਨੀਂਦਰਾ', 'ਕਦੇ ਕਦੇ', 'ਭਵਜਲ', 'ਹਿੱਸੇ ਦਾ ਟੋਟਾ', 'ਮਾਂ', 'ਸਹੇਲੀ', 'ਕਸਤੂਰੀ ਹਿਰਨ', 'ਸੰਤਾਪ ਕਿ ਵਰਤਮਾਨ', 'ਹੁੰਗਾਰਾ', 'ਆਵੇਸ਼, ਯਾਦਾਂ ਦੀ ਜੂਨ ਬਿੰਬ', 'ਹੋਂਦ ਦਾ ਚਾਨਣ' ਆਦਿ ਕਵਿਤਾਵਾਂ ਵਿਚ ਅਜਿਹੇ ਕਾਵਿ-ਪ੍ਰਤੀਮਾਨਾਂ ਨੂੰ ਸਥਾਪਤ ਕੀਤਾ ਹੈ ਕਿ ਸਹਿਜੇ ਹੀ ਆਖਿਆ ਜਾ ਸਕਦਾ ਹੈ ਕਿ ਅਰਤਿੰਦਰ ਸੰਧੂ ਕੋਲ ਵਿਸ਼ਾਲ ਵਿਚਾਰਧਾਰਾਮਈ ਧਰਾਤਲ ਹੈ। ਉਹ ਪ੍ਰਕਿਰਤੀ ਅਤੇ ਮਨੁੱਖਾ ਹੋਂਦ ਅਤੇ ਇਸ ਦੀਆਂ ਰਮਜ਼ਾਂ ਨੂੰ ਪਛਾਣਦੀ ਹੈ। ਇਸੇ ਕਰਕੇ ਉਸ ਨੇ ਇਸ ਹਥਲੀ ਪੁਸਤਕ ਵਿਚ ਉਚੇਰੇ ਪ੍ਰਕਿਰਤਕ ਬਿੰਬ ਸਿਰਜੇ ਹਨ। ਜਜ਼ਬਿਆਂ ਅਤੇ ਮਾਨਵੀ ਅਹਿਸਾਸਾਂ ਦਾ ਬਾਖੂਬੀ ਨਿਰੋਲ ਅਤੇ ਸਹਿਜ ਕਾਵਿ ਭਾਸ਼ਾ ਦੇ ਮਾਧਿਅਮ ਰਾਹੀਂ ਨਿਰੂਪਣ ਕੀਤਾ ਹੈ। ਉਹ ਆਪ ਨਾਰੀ ਕਵਿੱਤਰੀਆਂ ਵਾਂਗ ਉਲਾਰ ਕਾਵਿ-ਬੋਧ ਲੈ ਕੇ ਹਾਜ਼ਰ ਨਹੀਂ ਹੈ ਸਗੋਂ ਪੰਜਾਬੀ ਕਾਵਿ ਖੇਤਰ 'ਚ ਨਵੇਂ ਦ੍ਰਿਸ਼ਟੀਕੋਣ ਤੋਂ ਕਵਿਤਾ ਦੀ ਸਿਰਜਕ ਹੈ। ਨਿਰਸੰਦੇਹ, ਇਹ ਕਾਵਿ-ਸੰਗ੍ਰਹਿ ਮਿਆਰੀ ਕਵਿਤਾ ਦਾ ਸੰਗ੍ਰਹਿ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਪੰਜਾਬੀ ਨਾਵਲ ਦੇ ਬਦਲਦੇ ਸਰੋਕਾਰ ਤੇ ਸੰਦਰਭ
ਸੰਪਾਦਕ : ਡਾ: ਅਨੁਰਾਧਾ ਸ਼ਰਮਾ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 204.

ਅਨੁਰਾਧਾ ਸ਼ਰਮਾ ਦੁਆਰਾ ਸੰਪਾਦਿਤ ਇਹ ਪੁਸਤਕ ਪੰਜਾਬੀ ਨਾਵਲ ਦੀ ਮੁੱਖ ਧਾਰਾ ਜਾਂ ਸਮੁੱਚੇ ਪੰਜਾਬੀ ਨਾਵਲ ਬਾਰੇ ਗੱਲ ਕਰਨ ਦੀ ਥਾਂ ਜੰਮੂ-ਕਸ਼ਮੀਰ ਰਾਜ ਦੇ ਪੰਜਾਬੀ ਨਾਵਲ ਦੇ ਸਰੋਕਾਰਾਂ ਅਤੇ ਸੰਦਰਭਾਂ ਬਾਰੇ ਗੱਲ ਕਰਦੀ ਹੈ। ਮੁੱਖ ਧਾਰਾ ਤੋਂ ਟੁੱਟਿਆ ਇਹ ਨਾਵਲ ਜਗਤ ਇਸ ਪੁਸਤਕ ਰਾਹੀਂ ਪੰਜਾਬੀ ਪਾਠਕਾਂ ਤੇ ਆਲੋਚਕਾਂ ਦੇ ਵਿਚਾਰ ਵਿਸ਼ਲੇਸ਼ਣ ਲਈ ਪੇਸ਼ ਹੋਇਆ ਹੈ। ਆਪਣੇ-ਆਪ ਵਿਚ ਇਹ ਚੰਗਾ ਕਦਮ ਹੈ।

ਸ਼ਿਕਾਰਗਾਹ (ਸੁਰਿੰਦਰ ਨੀਰ), ਸਲੀਬ ਆਪਣੀ-ਆਪਣੀ ਤੇ ਸਲਾਖਾਂ ਬੋਲ ਉੱਠੀਆਂ (ਸੁਸ਼ੀਲ), ਨੰਗਾ ਰੁਖ਼, ਬਿਨ ਪੈਰਾਂ ਦੇ ਧਰਤੀ ਅਤੇ ਰਣ ਖੇਤਰ (ਓਮ ਪ੍ਰਕਾਸ਼ ਸ਼ਰਮਾ), ਪੀਡੀਆਂ ਨਾੜਾਂ, ਹਿਸਟੀਰੀਆ (ਰਛਪਾਲ ਸਿੰਘ ਬਾਲੀ), ਛਤ ਵਿਹੂਣੇ (ਆਰ. ਐਸ. ਰਾਜਨ), ਰਾਤ ਦੀ ਰਾਣੀ ਅਤੇ ਗੁਲਮੋਹਰ (ਭੁਪਿੰਦਰ ਸੂਦਨ) ਇਸ ਪੁਸਤਕ ਵਿਚ ਚਰਚਿਤ ਪ੍ਰਮੁੱਖ ਨਾਵਲ ਹਨ। ਇਨ੍ਹਾਂ ਬਾਰੇ ਡਾ: ਸੁਸ਼ੀਲ, ਡਾ: ਸੁਰਜੀਤ, ਡਾ: ਸੁਰਿੰਦਰ ਦਵੇਸ਼ਵਰ, ਡਾ: ਗੁਰਜੀਤ ਸਿੰਘ ਸੰਧੂ, ਡਾ: ਸੁਖਜਿੰਦਰ ਸਿੰਘ, ਜੋਤੀ ਮਹਾਜਨ, ਡਾ: ਹਰਜੀਤ ਕੌਰ, ਡਾ: ਭੁਪਿੰਦਰ ਸਿੰਘ ਸੂਦਨ, ਡਾ: ਮਹਿੰਦਰ ਪਾਲ ਸਿੰਘ ਤੇ ਅਨੁਰਾਧਾ ਸ਼ਰਮਾ ਨੇ ਗੱਲ ਕੀਤੀ ਹੈ।

ਵਿਭਿੰਨ ਨਾਵਲਕਾਰਾਂ ਅਤੇ ਉਨ੍ਹਾਂ ਦੇ ਨਾਵਲਾਂ ਦੇ ਕਥ ਅਤੇ ਵਥ ਬਾਰੇ ਵੱਖ-ਵੱਖ ਆਲੋਚਕਾਂ ਨੇ ਵਿਸਤਾਰ ਨਾਲ ਅਧਿਐਨ ਪੇਸ਼ ਕੀਤੇ ਹਨ। ਇਨ੍ਹਾਂ ਵਿਹਾਰਕ ਅਧਿਐਨਾਂ ਤੋਂ ਪਹਿਲਾਂ ਨਾਵਲ ਦੇ ਰੂਪਾਕਾਰ ਅਤੇ ਜੰਮੂ-ਕਸ਼ਮੀਰ ਰਾਜ ਦੇ ਪੰਜਾਬੀ ਨਾਵਲ ਬਾਰੇ ਸਿਧਾਂਤਕ ਅਤੇ ਵਿਆਪਕ ਪਰਿਪੇਖ ਉਜਾਗਰ ਕਰਨ ਲਈ ਡਾ: ਜੋਗਿੰਦਰ ਸਿੰਘ ਰਾਹੀ, ਰਜਨੀਸ਼ ਬਹਾਦਰ ਸਿੰਘ ਤੇ ਡਾ: ਸੁਸ਼ੀਲ ਦੇ ਵਿਸਤ੍ਰਿਤ ਨਿਬੰਧ ਵੀ ਇਸ ਪੁਸਤਕ ਦਾ ਹਿੱਸਾ ਹਨ।

ਜੰਮੂ-ਕਸ਼ਮੀਰ ਵਿਚ ਲਿਖੇ ਗਏ ਪੰਜਾਬੀ ਨਾਵਲ ਦੇ ਸੰਦਰਭਾਂ, ਸਰੋਕਾਰਾਂ, ਪ੍ਰਾਪਤੀਆਂ ਤੇ ਸੀਮਾਵਾਂ ਬਾਰੇ ਜਾਣਨ-ਸਮਝਣ ਲਈ ਇਹ ਪੁਸਤਕ ਠੋਸ ਆਧਾਰ ਪੇਸ਼ ਕਰਦੀ ਹੈ।

ਜੀਵਨ ਵਿਚਾਰਧਾਰਾ
ਲੇਖਕ : ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 386.

ਅਜੋਕੇ ਯੁੱਗ ਵਿਚ ਵਿਗਿਆਨ ਅਤੇ ਤਕਨਾਲੋਜੀ ਨੇ ਮਨੁੱਖੀ ਜੀਵਨ ਬੜਾ ਸੁਖਾਲਾ ਅਤੇ ਖੁਸ਼ਹਾਲ ਬਣਾ ਦਿੱਤਾ ਹੈ। ਪਦਾਰਥਕ ਖੁਸ਼ਹਾਲੀ ਅਤੇ ਸੁਵਿਧਾਵਾਂ ਦੇ ਬਾਵਜੂਦ ਮਨੁੱਖ ਪ੍ਰੇਸ਼ਾਨ ਹੈ। ਨਿੱਜੀ, ਪਰਿਵਾਰਕ ਤੇ ਸਮਾਜਿਕ ਜੀਵਨ ਤਣਾਅ ਨਾਲ ਭਰਪੂਰ ਹੈ। ਸਵਾਰਥ, ਵਹਿਮ-ਭਰਮ, ਸੰਕੀਰਨ ਸੋਚ, ਨਿਰਾਸ਼ਾਵਾਦੀ ਪਹੁੰਚ, ਲਾਲਸਾਵਾਂ ਦੀ ਚੂਹਾ ਦੌੜ ਸਾਨੂੰ ਕੁਦਰਤ ਤੇ ਸਮਾਜ ਵੱਲੋਂ ਦਿੱਤੀਆਂ ਨੇਅਮਤਾਂ ਨੂੰ ਮਾਣਨ ਨਹੀਂ ਦਿੰਦੇ। ਪ੍ਰੋ: ਢਿੱਲੋਂ ਦੀ ਇਹ ਪੁਸਤਕ ਸਾਨੂੰ ਸੰਤੁਲਿਤ ਅਤੇ ਸਫਲ ਜੀਵਨ-ਸ਼ੈਲੀ ਸਿਖਾਉਣ ਵਾਲੀ ਕਿਤਾਬ ਹੈ।

ਸਦੀਆਂ ਦਾ ਗਿਆਨ, ਦੇਸ਼ ਵਿਦੇਸ਼ ਦੇ ਚਿੰਤਕਾਂ, ਵਿਦਵਾਨਾਂ ਦਾ ਅਨੁਭਵ ਅਤੇ ਚਿੰਤਨ, ਦੰਤ ਕਥਾਵਾਂ, ਪ੍ਰੇਰਕ ਪ੍ਰਸੰਗ, ਕਥਾ ਬਿਰਤਾਂਤ, ਨੀਤੀ ਕਥਾਵਾਂ, ਮਹਾਂਪੁਰਸ਼ਾਂ ਦੇ ਜੀਵਨ ਦੀਆਂ ਘਟਨਾਵਾਂ, ਬਚਨ, ਵਿਸ਼ਵ ਸਾਹਿਤ ਦੀਆਂ ਉੱਤਮ ਟੂਕਾ-ਕਈ ਕੁਝ ਹੈ ਇਸ ਚਾਰ ਕੁ ਸੌ ਪੰਨੇ ਦੀ ਪੁਸਤਕ ਵਿਚ। ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਇੱਛਾ ਹੈ ਲੇਖਕ ਦੀ। ਲੇਖਕ ਨੇ ਬਹੁਤ ਕੁਝ ਪੜ੍ਹਿਆ, ਵਿਚਾਰਿਆ, ਵੇਖਿਆ, ਸੁਣਿਆ ਅਤੇ ਹੱਡੀਂ ਹੰਢਾਇਆ ਹੈ। ਉਸੇ ਵਿਚੋਂ ਨਿੱਤਰੀ ਸਿਆਣਪ ਦੀ ਖੁਸ਼ਬੋਈ ਇਹ ਪਾਠਕਾਂ ਨੂੰ ਵੰਡਣੀ ਲੋੜਦਾ ਹੈ।

ਨਿੱਕੀਆਂ-ਨਿੱਕੀਆਂ ਘਟਨਾਵਾਂ ਵਾਲੇ ਪ੍ਰੇਰਕ ਪ੍ਰਸੰਗ, ਨਿੱਜੀ ਅਨੁਭਵ, ਵੱਡੇ ਬੰਦਿਆਂ ਦੀ ਜੀਵਨ ਦੀ ਗਵਾਹੀ, ਲੋਕ ਸਿਆਣਪ, ਸਾਹਿਤਕ/ਦਾਰਸ਼ਨਿਕ/ਰਾਜਨੀਤਕ/ਧਾਰਮਿਕ ਚਿੰਤਕਾਂ ਦੇ ਦੇਸ਼ ਕਾਲ ਨੂੰ ਉਲੰਘ ਕੇ ਜੀਣ ਵਾਲੇ ਕਥਨ ਬੜੀ ਸਰਲ ਭਾਸ਼ਾ ਵਿਚ ਪ੍ਰੋ: ਢਿੱਲੋਂ ਨੇ ਅੰਕਿਤ ਕੀਤੇ ਹਨ। ਲੰਮੇ ਅਧਿਐਨ ਦਾ ਨਿਚੋੜ ਉਸ ਨੇ ਥੋੜ੍ਹੇ ਜਿਹੇ ਪੰਨਿਆਂ ਵਿਚ ਭਰ ਦਿੱਤਾ ਹੈ। ਜੋ ਕੁਝ ਉਸ ਨੇ ਪੌਣੇ ਚਾਰ ਸੌ ਪੰਨੇ ਵਿਚ ਪੇਸ਼ ਕੀਤਾ ਹੈ, ਉਹ ਹਜ਼ਾਰਿਆਂ ਪੰਨਿਆਂ ਤੇ ਪੋਥੀਆਂ ਵਿਚ ਪਸਰ ਸਕਦਾ ਹੈ।

ਕਿਤਾਬ ਨਾਲ ਨਾਤਾ ਜੋੜਨ ਦੀ ਇੱਛਾ ਹੋਵੇ, ਕੁਝ ਸਿੱਖਣ, ਸਿਖਾਉਣ ਦਾ ਮਨ ਹੋਵੇ ਤਾਂ ਇਹ ਕਿਤਾਬਾਂ ਆਪ ਪੜ੍ਹਨ ਲਈ ਵੀ ਹੈ ਅਤੇ ਤੋਹਫ਼ੇ ਵਜੋਂ ਦੇਣ ਲਈ ਵੀ।

ਪੰਜਾਬ ਦਾ ਵਿਰਸਾ
ਪੰਜਾਬ ਅਤੇ ਪੰਜਾਬੀ ਭਾਸ਼ਾ ਦਾ ਇਤਿਹਾਸ
ਲੇਖਕ : ਗੁਰਬਚਨ ਸਿੰਘ ਸਿੱਧੂ (ਯੂ. ਕੇ.)
ਅਨੁਵਾਦਕ : ਗੁਰੂਮੇਲ ਸਿੰਘ ਸਿੱਧੂ (ਯੂ. ਕੇ.)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 174.

ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀ ਵਿਰਸੇ ਦਾ ਅਹਿਸਾਸ ਪ੍ਰਦੇਸ਼ ਜਾ ਕੇ ਵਧੇਰੇ ਸ਼ਿੱਦਤ ਨਾਲ ਹੁੰਦਾ ਹੈ। ਉਹ ਆਪਣੇ ਵਿਰਸੇ ਨੂੰ ਜਾਣਨ, ਸਮਝਣ, ਸੰਭਾਲਣ ਅਤੇ ਪ੍ਰਸਾਰਨ ਲਈ ਇਸੇ ਕਾਰਨ ਮੂਲ ਰੂਪ ਵਿਚ ਪੰਜਾਬ ਵਸਦੇ ਦੋਸਤਾਂ ਨਾਲੋਂ ਵਧੇਰੇ ਗੰਭੀਰਤਾ ਨਾਲ ਯਤਨਸ਼ੀਲ ਹੁੰਦੇ ਹਨ। ਪੰਜਾਬ ਦਾ ਵਿਰਸਾ ਪੁਸਤਕ ਨੂੰ ਅੰਗਰੇਜ਼ੀ ਵਿਚ ਮੂਲ ਰੂਪ ਵਿਚ ਲਿਖਣ ਵਾਲਾ ਯੂ. ਕੇ. ਦਾ ਵਾਸੀ ਹੈ ਅਤੇ ਅਨੁਵਾਦਕ ਅਮਰੀਕਾ ਦਾ। ਦੋਵੇਂ ਮੂਲ ਰੂਪ ਵਿਚ ਪੰਜਾਬੀ ਪ੍ਰਵਾਸੀ ਹਨ। ਦੋਵਾਂ ਦਾ ਪੰਜਾਬ ਦੇ ਵਿਰਸੇ ਬਾਰੇ ਫ਼ਿਕਰ ਸਵਾਗਤਯੋਗ ਹੈ।

ਪੰਜਾਬ ਦਾ ਵਿਰਸਾ ਮੂਲ ਰੂਪ ਵਿਚ ਪੰਜਾਬ ਐਂਡ ਪੰਜਾਬੀਅਤ ਨਾਂਅ ਹੇਠ ਇੰਗਲੈਂਡ ਵਿਚ ਅੰਗਰੇਜ਼ੀ ਵਿਚ ਛਪੀ ਤੇ ਪੰਜਾਬੀ ਕਵੀ ਗੁਰੂਮੇਲ ਨੇ ਮਿਹਨਤ ਨਾਲ ਅਨੁਵਾਦਿਤ ਕੀਤੀ ਹੈ। ਸਿੰਧ ਵਾਦੀ ਦੀ ਸੱਭਿਅਤਾ, ਵੇਦ, ਰਾਮਾਇਣ, ਮਹਾਂਭਾਰਤ, ਬੁੱਧ ਅਤੇ ਜੈਨ ਮਤ, ਸਿਕੰਦਰ ਦੇ ਹੱਲੇ, ਮੁਹੰਮਦ ਬਿਨ ਕਾਸਮ, ਗਜਨੀ, ਗੌਰੀ, ਭਾਂਤ-ਭਾਂਤ ਦੇ ਵੰਸ਼ਾਂ ਦਾ ਰਾਜ, ਮੁਗਲ ਰਾਜ, ਸਿੱਖ ਸੰਘਰਸ਼, ਅੰਗਰੇਜ਼ ਰਾਜ ਅਤੇ ਫਿਰ ਅਜੋਕਾ ਯੁੱਗ-ਇਸ ਲੰਮੇ ਕਾਲ ਖੰਡ ਵਿਚ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਅਤੇ ਸਾਹਿਤ ਦੇ ਬਦਲਦੇ ਰੰਗ ਰੂਪ ਬਾਰੇ ਗੰਭੀਰ ਚਰਚਾ ਕਰਦੀ ਹੈ ਇਹ ਪੁਸਤਕ।

ਪੰਜਾਬੀ ਵਿਰਸੇ ਬਾਰੇ ਇਸ ਪੁਸਤਕ ਦਾ ਵੱਡਾ ਅਤੇ ਧਿਆਨ ਦੇਣ ਯੋਗ ਗੁਣ ਇਸ ਦੇ ਲੇਖਕ ਦੀ ਮਿਹਨਤ ਨਾਲ ਕੀਤੀ ਮੂਲ ਸਰੋਤਾਂ ਦੀ ਪੁਣ-ਛਾਣ ਹੈ। ਇਹ ਸਰੋਤ ਵੱਡੀ ਗਿਣਤੀ ਵਿਚ ਹਨ ਅਤੇ ਕੱਢੇ ਗਏ ਸਿੱਟੇ ਭਰੋਸੇ ਯੋਗ। ਇਕ ਸਫਲ ਅਨੁਵਾਦਕ ਵਜੋਂ ਗੁਰੂਮੇਲ ਨੇ ਸ਼ੁੱਧ ਵਿਗਿਆਨਕ ਪਹੁੰਚ ਅਤੇ ਸੁਹਿਰਦਤਾ ਤੋਂ ਕੰਮ ਲਿਆ ਹੈ।

ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਵੇਦਾਂ ਦੇ ਸਮੇਂ ਦੇ ਪੰਜਾਬ, ਗੁਰੂ ਨਾਨਕ ਤੋਂ ਪੂਰਵਲੀ ਪੰਜਾਬੀ ਤੇ ਗੁਰਮੁਖੀ ਦੇ ਸਰੂਪ ਬਾਰੇ ਇਹ ਪੁਸਤਕ ਗੰਭੀਰ ਇਤਿਹਾਸਤਕ ਦਸਤਾਵੇਜ਼ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਜ਼ਿੰਦਗੀ ਦੇ ਪੰਨੇ
ਲੇਖਕ : ਦਰਬਾਰਾ ਸਿੰਘ ਢੀਂਡਸਾ ਐਡਵੋਕੇਟ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 110.

ਦਰਬਾਰਾ ਸਿੰਘ ਢੀਂਡਸਾ ਐਡਵੋਕੇਟ ਮੂਲ ਰੂਪ ਵਿਚ ਕਵੀ ਹੈ ਪਰ ਨਿਬੰਧਕਾਰੀ ਨਾਲ ਵੀ ਉਸ ਨੂੰ ਅੰਤਾਂ ਦਾ ਲਗਾਉ ਹੈ। ਪੇਂਡੂ ਰਹਿਤਲ ਵਿਚ ਵਿਚਰਨ ਕਰਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਵੀ ਉਸ ਨੂੰ ਪ੍ਰੇਮ ਹੈ।

'ਜ਼ਿੰਦਗੀ ਦੇ ਪੰਨੇ' ਉਸ ਦੇ ਨਿਬੰਧਾਂ ਦਾ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ 41 ਛੋਟੇ-ਵੱਡੇ ਨਿਬੰਧ ਸ਼ਾਮਿਲ ਕੀਤੇ ਹਨ। ਲੇਖਕ ਆਪਣੇ ਆਲੇ-ਦੁਆਲੇ ਤੇ ਸਮਾਜ 'ਚ ਫੈਲੇ ਕੂੜ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੈ। ਸਮਾਜਿਕ, ਆਰਥਿਕ ਤੇ ਰਾਜਨੀਤਕ ਬੁਰਾਈਆਂ ਲਈ ਉਸ ਦੀ ਫ਼ਿਕਰਮੰਦੀ ਇਕ ਜ਼ਿੰਮੇਵਾਰ ਸਾਹਿਤਕਾਰ ਵਾਲੀ ਹੈ।

ਉਹ ਸਮਾਜ 'ਚ ਫੈਲੇ ਨਸ਼ਿਆਂ, ਭਰੂਣ-ਹੱਤਿਆ, ਕਿਰਸਾਨੀ ਕਰਜ਼, ਲੋਕਤੰਤਰ ਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸਥਿਤੀ, ਵਿੱਦਿਆ ਤੇ ਸਿਹਤ ਸੇਵਾਵਾਂ ਦੀ ਨਿੱਘਰ ਰਹੀ ਹਾਲਤ, ਪ੍ਰਦੂਸ਼ਣ, ਮਨੁੱਖ ਦੀ ਚੂਹਾ-ਦੌੜ ਪ੍ਰਵਿਰਤੀ, ਪੈਸੇ ਲਈ ਪ੍ਰਵਾਸ ਦੀ ਅੰਨ੍ਹੀ ਦੌੜ, ਟੁੱਟ ਤੇ ਡਿਗ ਰਹੀਆਂ ਕਦਰਾਂ-ਕੀਮਤਾਂ, ਪੇਤਲੇ ਪੈ ਰਹੇ ਇਨਸਾਨੀ ਰਿਸ਼ਤੇ, ਰੁੱਖਾਂ ਦੀ ਅੰਨ੍ਹੀ ਕਟਾਈ, ਏਡਜ਼, ਰਾਜਨੀਤੀ ਅਤੇ ਅਫਸਰਸ਼ਾਹੀ ਦੀ ਗ਼ੈਰ-ਜ਼ਿੰਮੇਵਾਰੀ, ਕਚਹਿਰੀਆਂ ਵਿਚ ਨਿਆਂ ਲਈ ਤਰਸਦੀ ਲੋਕਾਈ ਪ੍ਰਤੀ ਚਿੰਤਤ ਹੈ। ਉਹ ਬੋਦੀਆਂ ਹੋ ਰਹੀਆਂ ਕਦਰਾਂ-ਕੀਮਤਾਂ ਪ੍ਰਤੀ ਫ਼ਿਕਰਮੰਦ ਹੈ। ਉਹ ਇਨ੍ਹਾਂ ਸਮਾਜਿਕ ਬੁਰਾਈਆਂ 'ਤੇ ਉਂਗਲ ਹੀ ਨਹੀਂ ਧਰਦਾ ਸਗੋਂ ਇਸ ਦੇ ਇਲਾਜ ਤੇ ਉਪਚਾਰ ਦੇ ਢੰਗ-ਤਰੀਕੇ ਵੀ ਦੱਸਦਾ ਹੈ।

ਕੁਝ ਲੇਖ ਜਿਵੇਂ 'ਵਿਸ਼ਵਾਸ ਦੀ ਅਹਿਮੀਅਤ', ਮਨੁੱਖੀ ਮੰਜ਼ਿਲ ਦੇ ਜ਼ਰੀਏ, ਜ਼ਿੰਦਗੀ ਦੇ ਪੰਨੇ, ਸਾਹਿਤ ਦਾ ਮਨੋਰਥ, ਸੰਗਤ ਦੀ ਰੰਗਤ, ਤੀਆਂ ਵਾਲਾ ਬਰੋਟਾ, ਗ਼ਲਤੀ ਦਾ ਅਹਿਸਾਸ, ਜੀਵਨ ਕਰਮ ਹੈ ਮਨੁੱਖ ਦੀਆਂ ਉਦਾਤ ਭਾਵਨਾਵਾਂ ਨੂੰ ਪ੍ਰਦਰਸ਼ਿਤ ਕਰਦੇ ਪ੍ਰਤੀ ਹੁੰਦੇ ਹਨ। 'ਅੰਮ੍ਰਿਤਾ ਪ੍ਰੀਤਮ', ਸਰਦਾਰ ਭਗਤ ਸਿੰਘ, ਗੁਰੂ ਰਵਿਦਾਸ ਜੀ, ਲੇਖ ਜੀਵਨ-ਮੂਲਕ ਲੇਖ ਹਨ।

ਡਾ: ਤੇਜਵੰਤ ਮਾਨ ਦਾ ਕਹਿਣਾ ਵਾਜਬ ਹੀ ਹੈ ਕਿ ਢੀਂਡਸਾ ਦੇ ਨਿਬੰਧਾਂ ਦੀ ਭਾਸ਼ਾ ਤੇ ਵਾਕ-ਸ਼ੈਲੀ ਟਕਸਾਲੀ ਵਾਰਤਕ ਦੀ ਮਾਨਣ ਯੋਗ ਸ਼ੈਲੀ ਹੈ। ਛੋਟੇ-ਛੋਟੇ ਵਾਕ ਤੇ ਸਰਲ ਭਾਸ਼ਾ ਉਸ ਦੇ ਨਿਬੰਧਾਂ ਦੀ ਗ੍ਰਹਿਣਸ਼ੀਲਤਾ 'ਚ ਵਾਧਾ ਕਰਦੇ ਹਨ। ਆਮ ਲੋਕ ਸ਼ੈਲੀ 'ਚ ਰਚੇ ਇਹ ਨਿਬੰਧ ਆਮ ਔਸਤ ਪਾਠਕ ਦੀ ਸਮਝ ਨੂੰ ਟੁੰਬਦੇ ਵੀ ਹਨ ਤੇ ਉਸ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਵੀ ਕਰਦੇ ਹਨ।

ਭਾਰਤੀ ਸ਼ਹੀਦਾਂ ਦੀਆਂ
ਲਹੂ-ਭਿੰਨੀਆਂ ਯਾਦਾਂ
ਤੇ ਸਵੈ-ਜੀਵਨੀ
ਬਾਬਾ ਹਰਭਜਨ ਸਿੰਘ ਚਮਿੰਡਾ
ਸੰਪਾਦਕ : ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ ਸੀਤਾ ਰਾਮ ਬਾਂਸਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 124.

ਪ੍ਰੋ: ਮਲਵਿੰਦਰ ਜੀਤ ਸਿੰਘ ਵੜੈਚ ਦੇਸ਼-ਭਗਤੀ ਸਾਹਿਤ ਪ੍ਰਤੀ ਸਮਰਪਿਤ ਨਾਂਅ ਹੈ। ਉਸ ਨੇ ਦੇਸ਼-ਭਗਤਾਂ ਦੀਆਂ ਜੀਵਨੀਆਂ, ਉਨ੍ਹਾਂ ਦੇ ਕਾਰਜਾਂ ਤੇ ਦੇਸ਼-ਭਗਤੀ ਨੂੰ ਉਜਾਗਰ ਕਰਨ ਹਿਤ ਅਨੇਕਾਂ ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਹਥਲੀ ਪੁਸਤਕ ਵੀ ਇਸ ਕਾਰਜ ਦੀ ਹੀ ਇਕ ਲੋਕ ਹਿਤੈਸ਼ੀ ਸਿਰਜਣਾ ਹੈ।

ਇਹ ਪੁਸਤਕ ਉਨ੍ਹਾਂ ਦੀਆਂ ਬਾਕੀ ਪੁਸਤਕਾਂ ਤੋਂ ਵੱਖਰੇ ਸੁਭਾਉ ਵਾਲੀ ਹੈ। ਇਸ ਪੁਸਤਕ ਵਿਚ ਉਨ੍ਹਾਂ ਅਨੇਕਾਂ ਆਜ਼ਾਦੀ ਪਰਵਾਨਿਆਂ ਦੀਆਂ ਜੀਵਨੀਆਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਆਪਣੀ ਜਿੰਦ ਤੇ ਲਹੂ ਦੀ ਇਕ-ਇਕ ਬੂੰਦ ਦੇਸ਼ ਦੀ ਆਜ਼ਾਦੀ ਹਿਤ ਕੁਰਬਾਨ ਕਰ ਦਿੱਤੀ। ਹਰੇਕ ਸ਼ਹੀਦ ਬਾਰੇ ਪਹਿਲਾਂ ਇਹ ਕਾਵਿ-ਟੋਟਾ ਦਿੱਤਾ ਗਿਆ ਹੈ ਜਿਸ ਵਿਚ ਸ਼ਹੀਦ ਦੀ ਕੁਰਬਾਨੀ ਅਤੇ ਕਾਰਜਾਂ ਦਾ ਵੇਰਵਾ ਸ਼ਾਮਿਲ ਹੈ। ਫਿਰ ਸ਼ਹੀਦ ਦੇ ਜੀਵਨ ਦੇ ਪ੍ਰਮੁੱਖ ਕਾਰਨਾਮੇ ਤੇ ਉਸ ਦੀ ਸ਼ਹਾਦਤ ਦੇ ਵੇਰਵੇ ਵਾਰਤਕ ਵਿਚ ਲਿਖੇ ਗਏ ਹਨ। ਛੋਟੇ-ਛੋਟੇ ਕਾਵਿ-ਟੋਟਿਆਂ ਤੇ ਵਾਰਤਕ ਟ੍ਰੈਕਟ ਰਾਹੀਂ ਸ਼ਹੀਦ ਹੋਏ ਦੇਸ਼-ਭਗਤਾਂ ਬਾਰੇ ਕਾਫੀ ਜਾਣਕਾਰੀ ਪਾਤਰਾਂ ਤੱਕ ਪਹੁੰਚਦੀ ਹੈ। ਇਸ ਕਾਰਜ ਲਈ ਲੇਖਕ ਨੂੰ ਕਾਫੀ ਖੋਜ ਕਰਨੀ ਪਈ ਹੈ। ਉਨ੍ਹਾਂ ਦੀ ਖੋਜ ਤਰਕ ਵਾਲੀ ਹੈ।

ਪੁਸਤਕ ਦੇ ਆਖਰੀ ਹਿੱਸੇ ਵਿਚ ਦੇਸ਼-ਭਗਤ ਬਾਬਾ ਹਰਭਜਨ ਸਿੰਘ ਚਮਿੰਡਾ ਦੀ ਸਵੈ-ਜੀਵਨੀ ਵੀ ਸ਼ਾਮਿਲ ਕੀਤੀ ਗਈ ਹੈ। ਇਕ ਆਮ ਪੇਂਡੂ ਪਰਿਵਾਰ ਵਿਚ ਪੈਦਾ ਹੋ ਕੇ, ਸਿੱਖੀ ਦੀ ਪਹੁਲ ਪੀ ਕੇ ਬਾਬਾ ਜੀ ਕਿਵੇਂ ਦੇਸ਼-ਭਗਤੀ ਦੇ ਕਾਰਜ ਵਿਚ ਜੁਟੇ, ਇਸ ਦੇ ਛੋਟੇ-ਛੋਟੇ ਵੇਰਵੇ ਤੇ ਦ੍ਰਿਸ਼ਟਾਂਤ ਇਸ ਸਵੈ-ਜੀਵਨੀ ਵਿਚ ਦਰਜ ਹਨ। ਜਿਵੇਂ ਇਕ ਪਾਸੇ ਪਿੰਡਾਂ ਦੇ ਲੋਕ ਦੇਸ਼ ਦੀ ਆਜ਼ਾਦੀ ਲਈ ਦਿਨ-ਰਾਤ ਮੁਸ਼ੱਕਤ ਕਰ ਰਹੇ ਸਨ ਤੇ ਦੂਸਰੇ ਪਾਸੇ ਮੁਖਬਰ ਕਿਵੇਂ ਉਨ੍ਹਾਂ ਨੂੰ ਫੜਾ ਕੇ ਮੁਰੱਬੇ ਤੇ ਇਨਾਮ ਹਾਸਲ ਕਰ ਰਹੇ ਹਨ, ਇਸ ਦੇ ਵੇਰਵੇ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਬਾਬਾ ਜੀ ਨੇ ਸਿੱਖੀ ਦੀ ਰੰਗਤ ਵਿਚ ਰੰਗੇ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ ਤੇ ਤਸੀਹੇ ਝੱਲੇ। ਕਰਤਾਰ ਸਿੰਘ ਸਰਾਭੇ ਦੀ ਸੰਗਤ 'ਚ ਫਿਰੋਜ਼ਪੁਰ ਜੇਲ੍ਹ 'ਤੇ ਹਮਲਾ ਕਰਨ ਵੀ ਗਏ। ਇਹੋ ਜਿਹੀਆਂ ਜੀਵਨੀਆਂ ਸਾਡੀ ਕੁਰਾਹੇ ਪੈ ਰਹੀ ਨਵੀਂ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਬਣ ਸਕਦੀਆਂ ਹਨ। ਇਹੋ ਜਿਹੀਆਂ ਪੁਸਤਕਾਂ ਸਾਡੇ ਸਕੂਲੀ ਸਿਲੇਬਸਾਂ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ।

-ਕੇ. ਐਲ. ਗਰਗ
ਮੋ: 94635-37050

ਜੂਹਾਂ
ਲੇਖਕ : ਕੁਲਵਿੰਦਰ ਵਿਰਕ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 50 ਰੁਪਏ, ਸਫ਼ੇ : 96.

ਲੇਖਕ ਕੁਲਵਿੰਦਰ ਵਿਰਕ ਦੀ ਪਹਿਲੀ ਪੁਸਤਕ ਜੂਹਾਂ ਪਾਠਕਾਂ ਦੇ ਰੁਬਰੂ ਹੈ। ਜਦੋਂ ਕਿਸੇ ਮਨੁੱਖੀ ਵਜੂਦ ਵਿਚ ਟੁੱਟ-ਭੱਜ-ਤਿੜਕਣ, ਸੁਲਗਣ ਪੈਦਾ ਹੁੰਦੀ ਹੈ ਤਾਂ ਉਸ ਦੀ ਤੀਸਰੀ ਅੱਖ ਖੁੱਲ੍ਹ ਜਾਂਦੀ ਹੈ ਤੇ ਸ਼ਬਦਾਂ ਦਾ ਸੈਲਾਬ ਝਰਨੇ ਵਾਂਗ ਉਸ ਦੇ ਅੰਦਰੋਂ ਫੁੱਟ ਪੈਂਦਾ ਹੈ। ਇਹੋ ਸਥਿਤੀ ਕੁਲਵਿੰਦਰ ਵਿਰਕ ਦੀ ਹੈ। ਮੁੱਖਬੰਦ 'ਚ ਹਰਬਿੰਦਰ ਰਾਣਾ ਨੇ ਵਿਰਕ ਬਾਰੇ ਲਿਖਿਆ ਹੈ ਕਿ ਉਸ ਦੀਆਂ ਕਿਰਤਾਂ ਵਿਚ ਵਿਹੜਿਆਂ 'ਚੋਂ ਜਲਾਵਤਨ ਹੋਏ ਬਾਸ਼ਿੰਦਿਆਂ ਦੇ ਚਿਹਰੇ ਦੀ ਉਦਾਸੀ ਦਾ ਘਸਮੈਲਾ ਰੰਗ ਵੀ ਹੈ, ਕਿਰਮਚੀ ਧਾਗਿਆਂ ਸੰਗ ਬੁਣੇ ਸੁਪਨਿਆਂ ਦੀ ਲਾਲਿਮਾ ਵੀ ਹੈ। ਜ਼ਿੰਦਗੀ ਦੇ ਖੇਤਾਂ ਵਿਚ ਕੌੜ ਤੁੰਮਿਆਂ ਵਾਗ ਰੁਲਦੇ, ਗਰੀਬ ਤੇ ਬੇਰੁਜ਼ਗਾਰਾਂ ਦਾ ਦਰਦ ਹੈ। ਅਜ਼ੀਜ਼ ਰਿਸ਼ਤਿਆਂ ਤੋਂ ਮਿਲੀ ਬੇਗਾਨਗੀ ਦੀ ਹੂਕ ਵੀ ਹੈ।

ਪੰਨਾ 37 ਦੀ ਫਲਸਫ਼ਾ ਕਵਿਤਾ 'ਚ ਖੂਬਸੂਰਤ ਨਿਵੇਕਲੀ ਸੁਰ ਹੈ। ਵਿਰਕ ਦੀ ਕਵਿਤਾ ਸਤਹੀ ਪਰਤਾਂ 'ਤੇ ਘੁੰਮਦੀ ਹੈ। ਨਿੱਜਵਾਦ ਦਾ ਜ਼ਿਆਦਾ ਬਖਾਨ ਕਰਦੀ ਹੈ। ਚਲੰਤ ਨਜ਼ਮਾਂ ਤੇ ਕੁਝ ਗੀਤ ਅਤੇ ਗ਼ਜ਼ਲਾਂ ਪੁਸਤਕ ਵਿਚ ਸ਼ਾਮਿਲ ਕੀਤੀਆਂ ਹਨ। ਕਈ ਥਾਈਂ ਲੇਖਕ ਦੂਸਰੇ ਲੇਖਕਾਂ ਦੇ ਪ੍ਰਭਾਵ ਅਧੀਨ ਵੀ ਵਿਚਰਦਾ ਹੈ। ਲੇਖਕ ਕੁਲਵਿੰਦਰ ਵਿਰਕ ਲਿਖਦਾ ਹੈ ਕਿ 'ਬੰਦਸ਼ਾਂ ਅੰਦਰ ਰਹਿ ਜੇ ਜਜ਼ਬਾਤ ਤੋੜਨੇ, ਨਾ ਫਿਰ ਸ਼ਾਇਰ ਕਹੀਂ ਤੂੰ ਸਾਹਿਤਕਾਰਾ ਸਾਨੂੰ।' ਇਕ ਹੋਰ ਸ਼ਿਅਰ 'ਚ ਉਹ ਕਹਿੰਦਾ ਹੈ: 'ਬੰਬ, ਬੰਦੂਕਾਂ, ਕਿਧਰੇ ਤੋਪਾਂ ਜਾਂ ਤਲਵਾਰਾਂ, ਚਹੁੰ ਕੁ ਚੀਜ਼ਾਂ ਨੇ ਸੱਜਣਾ ਵੰਡ ਲਿਆ ਸੰਸਾਰ। ਪੁਸਤਕ ਵਿਚ ਛੋਟੀਆਂ ਵੱਡੀਆਂ ਗ਼ਜ਼ਲਾਂ, ਗੀਤ ਤੇ ਨਜ਼ਮਾਂ ਸ਼ਾਮਿਲ ਹਨ ਜੋ ਕਿ ਰਸਹੀਣ, ਬੇਮੁਹਾਰ ਤੇ ਅਧੂਰੇਪਣ ਦੀਆਂ ਗ੍ਰਸੀਆਂ ਹੋਈਆਂ ਹਨ।

ਨਵੇਂ ਲੇਖਕ ਲਈ ਜ਼ਰੂਰੀ ਹੈ ਕਿ ਸਿਆਣੇ ਲੇਖਕਾਂ ਨਾਲ ਲਿਖਤਾਂ ਬਾਰੇ ਕੁਝ ਮਸ਼ਵਰਾ ਕਰ ਲਿਆ ਜਾਵੇ ਤਾਂ ਕੋਈ ਹੇਠੀ ਵਾਲੀ ਗੱਲ ਨਹੀਂ। ਲੇਖਕ ਦੀ ਇਹ ਜ਼ਰੂਰਤ ਵੀ ਹੈ। ਵਿਰਕ ਸਿਉਂ ਕਰ ਲੈਂਦਾ ਤਾਂ ਉਸ ਦੀ ਕਵਿਤਾ ਦਾ ਆਲਮ ਹੋਰ ਹੋਣਾ ਸੀ। ਖੈਰ! ਅਸੀਂ ਕੁਲਵਿੰਦਰ ਵਿਰਕ ਨੂੰ ਉਸ ਦੀ ਪਹਿਲੀ ਕਿਰਤ ਲਈ ਵਧਾਈ ਦਿੰਦੇ ਹੋਏ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਉਸ ਨੂੰ ਹੋਰ ਲਿਖਣ ਦੀ ਤੌਫ਼ੀਕ ਦੇਵੇ।

-ਡੀ. ਆਰ. ਧਵਨ
ਮੋ: 98152-99419.

ਯਾਦਾਂ ਤੇਰੀਆਂ
ਲੇਖਕ : ਅਰੁਣ ਆਸਟ੍ਰੇਲੀਆ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 60 ਰੁਪਏ, ਸਫ਼ੇ : 64.

'ਯਾਦਾਂ ਤੇਰੀਆਂ' ਨੌਜਵਾਨ ਲੇਖਕ ਅਰੁਣ ਆਸਟ੍ਰੇਲੀਆ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਅਰੁਣ ਪਿਛਲੇ ਤੇਰਾਂ ਸਾਲ ਤੋਂ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ। ਉਸ ਅਨੁਸਾਰ ਉਸ ਨੂੰ ਪੰਜਾਬ ਛੱਡ ਕੇ ਸਿਡਨੀ ਆਉਣਾ ਪਿਆ ਪਰ ਉਸ ਦੇ ਦਿਲ ਵਿਚ ਅਜੇ ਵੀ ਪੰਜਾਬ ਦੇ ਦਿਨਾਂ ਦੀ ਯਾਦ ਬਾਕੀ ਹੈ। ਉਹ ਆਖਦਾ ਹੈ ਕਿ ਮੈਨੂੰ ਚੜ੍ਹਦੀ ਜਵਾਨੀ ਦੇ ਸੁਪਨਈ ਪਲ ਯਾਦ ਹਨ ਤੇ ਮੈਂ ਉਨ੍ਹਾਂ ਦਿਨਾਂ ਦੀ ਯਾਦ ਨੂੰ ਸ਼ਬਦਾਂ ਵਿਚ ਪਰੋਇਆ ਹੈ। ਅਰੁਣ ਦੀਆਂ ਕਵਿਤਾਵਾਂ ਪੜ੍ਹਦਿਆਂ ਉਸ ਦੇ ਆਪਣੀ ਕਵਿਤਾ ਬਾਰੇ ਕਹੇ ਕਥਨ ਸੱਚ ਮਾਲੂਮ ਹੁੰਦੇ ਹਨ।

ਅਰੁਣ ਦੀ ਕਾਵਿ-ਪੁਸਤਕ ਵਿਚ ਸ਼ਾਮਿਲ ਉਸ ਦੀਆਂ ਕਵਿਤਾਵਾਂ ਇਕ ਬਿਰਹੋਂ ਮਾਰੇ ਨੌਜਵਾਨ ਮਨ ਦੀ ਵੇਦਨਾ ਦਾ ਪ੍ਰਗਟਾਵਾ ਕਰਦੀਆਂ ਹਨ। ਉਸ ਨੇ ਸੰਯੋਗ ਵਿਯੋਗ ਦੇ ਮੁਹੱਬਤੀ ਪਲਾਂ ਨੂੰ ਆਪਣੀ ਕਵਿਤਾ ਦੀ ਮੂਲ ਸੁਰ ਬਣਾਇਆ ਹੈ। ਇਨ੍ਹਾਂ ਵਿਚ ਪਿਆਰ-ਛਿਣਾਂ ਦਾ ਸੁਹਜ ਸਵਾਦ ਹੈ ਤੇ ਵਿਯੋਗ ਦੀ ਪੀੜ ਝਲਕਦੀ ਪ੍ਰਤੀਤ ਹੁੰਦੀ ਹੈ:

ਜਦ ਦੇ ਆਪਾਂ ਵੱਖਰੇ ਵੱਖਰੇ ਹੋ ਗਏ ਆਂ

ਇੰਜ ਲੱਗਦੈ ਕਿ ਸੱਖਣੇ ਸੱਖਣੇ ਹੋ ਗਏ ਆਂ...

ਇਸੇ ਤਰ੍ਹਾਂ 'ਤੋੜ ਕੇ ਦਿਲ' ਕਵਿਤਾ ਵੇਖੀ ਜਾ ਸਕਦੀ ਹੈ:

ਪਿਆਰ ਨੂੰ ਖੇਲ ਸਮਝਿਆ

ਦਿਲ ਨੂੰ ਖਿਲੌਣਾ ਤੂੰ

ਤੋੜ ਕੇ ਦਿਲ ਦੇ ਗਈ

ਉਮਰਾਂ ਦਾ ਰੋਣਾ ਤੂੰ....।

ਇਸ ਤਰ੍ਹਾਂ ਅਰੁਣ ਦੀਆਂ ਬਹੁਤੀਆਂ ਕਵਿਤਾਵਾਂ ਇਸੇ ਵਸਤੂ ਨਾਲ ਸੰਬੰਧਿਤ ਹਨ। ਅਰੁਣ ਨੇ ਅਜੇ ਕਵਿਤਾ ਦੇ ਆਂਗਨ ਵਿਚ ਪੈਰ ਧਰਿਆ ਹੈ। ਆਸ ਹੈ ਭਵਿੱਖ ਵਿਚ ਉਹ ਇਸ ਤੋਂ ਵਧੇਰੇ ਪੁਖ਼ਤਾ ਸ਼ਾਇਰੀ ਦੀ ਸਿਰਜਣਾ ਕਰਕੇ ਸਾਹਿਤ ਵਿਚ ਆਪਣਾ ਨਾਂਅ ਬਣਾਏਗਾ।

-ਡਾ: ਅਮਰਜੀਤ ਕੌਂਕੇ
ਮੋ: 98142-31698

ਕਰਮਯੋਗੀ ਸੰਤ
ਬਲਬੀਰ ਸਿੰਘ ਜੀ ਸੀਚੇਵਾਲ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 216.

'ਕਰਮਯੋਗੀ ਸੰਤ ਬਲਬੀਰ ਸਿੰਘ ਸੀਚੇਵਾਲ' ਪੰਜਾਬੀ ਦੀ ਚਰਚਿਤ ਨਾਵਲਕਾਰ ਡਾ: ਕੁਲਵਿੰਦਰ ਕੌਰ ਮਿਨਹਾਸ ਦੀ ਸੱਜਰੀ ਵਾਰਤਕ ਰਚਨਾ ਹੈ, ਜਿਸ ਦੀ ਸਿਰਜਣਾ ਉਸ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਦੇ ਆਧਾਰ 'ਤੇ ਕੀਤੀ ਹੈ। ਕੁਲਵਿੰਦਰ ਕੌਰ ਇਸ ਪੁਸਤਕ ਦੀ ਰਚਨਾ ਅਧਿਆਤਮਕ ਦ੍ਰਿਸ਼ਟੀ ਤੋਂ ਕਰਦੀ ਹੈ। ਉਸ ਦੇ ਸਾਹਮਣੇ ਇਕ ਆਦਰਸ਼ ਹੈ-ਸੰਤ ਬਲਬੀਰ ਸਿੰਘ ਸੀਚੇਵਾਲ ਦਾ ਆਦਰਸ਼ਕ ਜੀਵਨ ਜੋ ਸਰਬੱਤ ਦੇ ਭਲੇ ਲਈ ਕਰਮਸ਼ੀਲ ਹੈ।

ਇਕੱਲੇ ਪੰਜਾਬੀ ਜਗਤ ਵਿਚ ਹੀ ਨਹੀਂ, ਬਲਕਿ ਸਾਰੇ ਸੰਸਾਰ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਂਅ ਉਦੋਂ ਉੱਭਰ ਕੇ ਸਾਹਮਣੇ ਆਉਂਦਾ ਹੈ, ਜਦੋਂ ਉਹ ਕਲਮਕੱਲੇ ਅਰਦਾਸਾ ਸੋਧ ਕੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਵਾਲੀ ਪ੍ਰਦੂਸ਼ਿਤ ਹੋ ਚੁੱਕੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਸ਼ੁਰੂ ਕਰਦੇ ਹਨ ਤੇ ਹਜ਼ਾਰਾਂ ਸੰਗਤਾਂ ਨੂੰ ਨਾਲ ਲੈ ਕੇ ਅਨੇਕਾਂ ਔਕੜਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਕਈ ਵਰ੍ਹਿਆਂ ਦੀ ਘਾਲਣਾ ਬਾਅਦ ਗੰਦਗੀ ਨਾਲ ਪ੍ਰਦੂਸ਼ਿਤ ਹੋ ਚੁੱਕੀ ਕਾਲੀ ਵੇਈਂ ਨੂੰ ਸਾਫ਼ ਤੇ ਸਵੱਛ ਕਰਵਾ ਕੇ ਇਸ ਨੂੰ ਮੁੜ ਪਵਿੱਤਰ ਪ੍ਰਦੂਸ਼ਨ ਰਹਿਤ ਪਵਿੱਤਰ ਵੇਈਂ ਦਾ ਰੂਪ ਧਾਰਨ ਕਰਵਾਉਂਦੇ ਹਨ। ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਗਿਆ ਇਹ ਇਕ ਅਤਿ-ਮਹੱਤਵਪੂਰਨ ਅਤੇ ਗੌਰਵਸ਼ਾਲੀ ਕਾਰਜ ਸੀ, ਜਿਸ ਦੀ ਸੰਸਾਰ ਭਰ ਦੇ ਮੀਡੀਆ ਅਤੇ ਅਖ਼ਬਾਰਾਂ ਰਾਹੀਂ ਸਾਰੀ ਦੁਨੀਆ ਵਿਚ ਭਰਪੂਰ ਚਰਚਾ ਹੋਈ। ਇਸ ਘਾਲਣਾ ਪਿੱਛੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਜੀਵਨ ਦ੍ਰਿਸ਼ਟੀ ਕਾਰਜਸ਼ੀਲ ਸੀ ਜਿਹੜੀ ਉਨ੍ਹਾਂ ਨੂੰ ਆਪਣੇ ਪਿਛੋਕੜ, ਵੱਡੇ ਵਡੇਰਿਆਂ ਅਤੇ ਸੰਤ ਲਾਲ ਸਿੰਘ ਤੇ ਸੰਤ ਅਵਤਾਰ ਸਿੰਘ ਹੋਰਾਂ ਦੀ ਛੁਹ ਤੋਂ ਪ੍ਰਾਪਤ ਹੋਈ। ਸੇਵਾ, ਸਿਮਰਨ, ਤਿਆਗ ਅਤੇ ਸਰਬੱਤ ਦੇ ਭਲੇ ਦੀ ਲੋਚਾ ਉਨ੍ਹਾਂ ਦਾ ਜੀਵਨ ਆਦਰਸ਼ ਬਣ ਗਿਆ।

ਜਿੱਥੇ ਕਿੱਕਰਾਂ ਨੂੰ ਅੰਬ ਲਗਦੇ
ਸੰਪਾਦਕ : ਲਖਵੀਰ ਸਿੰਘ ਨਾਮਧਾਰੀ
ਪ੍ਰਕਾਸ਼ਕ : ਪੰਜਨਦ ਪ੍ਰਕਾਸ਼ਨ, ਲਾਂਬੜਾ-ਜਲੰਧਰ
ਮੁੱਲ : 120 ਰੁਪਏ, ਸਫ਼ੇ : 280.

ਸੂਝਵਾਨ ਸੰਪਾਦਕ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ 'ਇਤਿਹਾਸ ਦਰਪਣ' ਵਿਚ ਡਾ: ਨਿਰਮਲ ਸਿੰਘ ਦਾ ਲੇਖ 'ਮਾਲਵੇ ਦਾ ਅੱਜ' ਸ਼ਾਮਿਲ ਕੀਤਾ ਗਿਆ ਹੈ ਜਿਸ ਰਾਹੀਂ ਸਯੋਗ ਲੇਖਕ ਨੇ ਮਾਲਵੇ ਦੇ ਪਿਛੋਕੜ ਨੂੰ ਬਾਰੀਕੀ ਨਾਲ ਬਿਆਨ ਕਰਦਿਆਂ ਅਜੋਕੇ ਸਮੇਂ ਦੇ ਮਾਲਵਾ ਖੇਤਰ ਦੀ ਦਿਲਹੂਣਵੀਂ ਸਥਿਤੀ ਨੂੰ ਮਾਰਮਿਕ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ। ਦੂਸਰੇ ਭਾਗ 'ਭਾਸ਼ਾ ਤੇ ਸ਼ਬਦਾਵਲੀ' ਵਿਚ ਮਲਵਈ ਉਪ-ਭਾਸ਼ਾ ਬਾਰੇ ਡਾ: ਬੂਟਾ ਸਿੰਘ ਬਰਾੜ ਦਾ ਖੋਜ ਭਰਪੂਰ ਅਤੇ ਜਾਣਕਾਰੀ ਭਰਪੂਰ ਲੇਖ ਹੈ ਜੋ ਮਲਵਈ ਭਾਸ਼ਾ ਦੀ ਵੰਨ-ਸੁਵੰਨਤਾ, ਖੂਬਸੂਰਤੀ ਅਤੇ ਪਸਾਰਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦਾ ਹੈ। 'ਮਾਲਵੇ ਦੀ ਕਿਸਾਨੀ ਸ਼ਬਦਾਵਲੀ' ਇਸੇ ਭਾਗ ਦਾ ਇਕ ਹੋਰ ਲੇਖ ਹੈ ਜਿਸ ਵਿਚ ਡਾ: ਨਛੱਤਰ ਸਿੰਘ ਨੇ ਕਿਸਾਨੀ ਲੋਕ ਜੀਵਨ ਵਿਚ ਵਰਤੀ ਜਾਂਦੀ ਸ਼ਬਦਾਵਲੀ ਨੂੰ ਸਾਂਭਣ ਦਾ ਯਤਨ ਕੀਤਾ ਹੈ।

'ਸਮਾਜ ਅਤੇ ਸੱਭਿਆਚਾਰ' ਮਾਲਵਾ ਖੇਤਰ ਦੇ ਸਾਂਸਕ੍ਰਿਤਕ ਜੀਵਨ ਨੂੰ ਰੂਪਮਾਨ ਕਰਨ ਵਾਲਾ ਮਹੱਤਵਪੂਰਨ ਭਾਗ ਹੈ ਜਿਸ ਵਿਚ ਮਲਵਈ ਲੋਕਾਂ ਦੇ ਰਹਿਣ-ਸਹਿਣ, ਚਜ-ਆਚਾਰ, ਰਹੁ-ਰੀਤਾਂ, ਰਸਮੋ-ਰਿਵਾਜ, ਵਿਆਹ ਦੀਆਂ ਰਸਮਾਂ, ਮੇਲੇ-ਤਿਉਹਾਰ, ਮਾਲਵੇ ਦੀ ਕਵੀਸ਼ਰੀ, ਲੋਕ ਸੰਗੀਤ, ਪੰਜਾਬੀ ਗਾਇਕੀ, ਰੰਗਮੰਚ ਅਤੇ ਮਲਵਈ ਸੱਥਾਂ ਆਦਿ ਵਿਸ਼ਿਆਂ 'ਤੇ ਕ੍ਰਮਵਾਰ ਪ੍ਰੋ: ਗੁਰਬਚਨ ਸਿੰਘ ਨਰੂਆਣਾ, ਡਾ: ਰਾਜਵੰਤ ਕੌਰ ਪੰਜਾਬੀ, ਕਰਮਜੀਤ ਭੁੱਲਰ, ਦਲਬਾਰ ਸਿੰਘ, ਡਾ: ਜੀਤ ਸਿੰਘ ਜੋਸ਼ੀ, ਬੱਲਮ ਲੀਂਬਾ, ਗੁਰਤੇਜ ਬੱਬੀ, ਹਰਦਿਆਲ ਥੂਹੀ, ਡਾ: ਜਸਵਿੰਦਰ ਸ਼ਰਮਾ, ਸੁਖਨਦੀਪ ਕੌਰ ਅਤੇ ਓਮ ਪ੍ਰਕਾਸ਼ ਗਾਸੋ ਹੋਰਾਂ ਦੀਆਂ ਗਿਆਨ-ਵਰਧਕ ਰਚਨਾਵਾਂ ਦਾ ਸੰਕਲਨ ਕੀਤਾ ਗਿਆ ਹੈ ਜੋ ਮਾਲਵੇ ਦੀ ਨੱਚਦੀ-ਗਾਉਂਦੀ ਸੰਸਕ੍ਰਿਤੀ ਦੇ ਦਰਸ਼ਨ-ਦੀਦਾਰੇ ਕਰਵਾਉਂਦੀਆਂ ਹਨ।

ਪੁਸਤਕ ਦੇ ਅਗਲੇ ਭਾਗ ਵਿਚ ਡਾ: ਸਤਪਾਲ ਸ਼ਰਮਾ ਨੇ ਮਾਲਵੇ ਦੇ ਰੁੱਖਾਂ ਬਾਰੇ ਅਤੇ ਜੋਗਿੰਦਰ ਕੌਰ ਸੰਧੂ ਨੇ ਮਾਰੂਥਲ ਦਾ ਜਹਾਜ਼ ਊਠ ਬਾਰੇ ਆਪਣੇ ਲੇਖਾਂ ਰਾਹੀਂ ਬੜੀ ਦਿਲਚਸਪ ਜਾਣਕਾਰੀ ਪ੍ਰਦਾਨ ਕੀਤੀ ਹੈ। 'ਖੇਡ ਤੇ ਖਿਡਾਰੀ' ਵਾਲੇ ਭਾਗ ਵਿਚ ਪ੍ਰੋ: ਕਰਮ ਸਿੰਘ ਦਾ ਲੇਖ 'ਮਾਲਵੇ ਦੀ ਪਹਿਲਵਾਨੀ', ਲਾਭ ਸਿੰਘ ਸੰਧੂ ਦਾ 'ਮਲਵਈ ਲੋਕ ਖੇਡਾਂ', ਰਾਜਵੰਤ ਕੌਰ ਦਾ 'ਬੱਚਿਆਂ ਦੀਆਂ ਘਰੇਲੂ ਖੇਡਾਂ' ਅਤੇ 'ਬੁੱਝਣ ਵਾਲੀਆਂ ਬਾਤਾਂ' ਬਾਰੇ ਡਾ: ਲਖਬੀਰ ਸਿੰਘ ਨਾਮਧਾਰੀ ਦਾ ਲੇਖ ਸ਼ਾਮਿਲ ਹਨ। ਪੁਸਤਕ ਦੇ ਆਖਰੀ ਭਾਗ ਵਿਚ ਗਿਆਨੀ ਬਲਵੰਤ ਸਿੰਘ ਕੋਨਾਗੁਰੂ ਦਾ ਲੇਖ 'ਮਾਲਵੇ ਵਿਚ ਵਿੱਦਿਆ ਦਾ ਅਰੰਭ, ਪ੍ਰਚਾਰ ਅਤੇ ਵਿਕਾਸ' ਸ਼ਾਮਿਲ ਕੀਤਾ ਗਿਆ ਹੈ ਜੋ ਮਲਵਈ ਖੇਤਰ ਵਿਚ ਵਿੱਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੱਲੋਂ ਪਾਏ ਇਤਿਹਾਸਕ ਯੋਗਦਾਨ ਦੀ ਭਰਪੂਰ ਚਰਚਾ ਕਰਦਾ ਹੈ।

ਇਸ ਪੁਸਤਕ ਦੀ ਸੰਪਾਦਨਾ ਕਰਕੇ ਸੂਝਵਾਨ ਸੰਪਾਦਕ ਨੇ ਪੰਜਾਬ ਦੀ ਰੂਹ ਨੂੰ ਪਕੜਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਸੱਚਮੁੱਚ ਹੀ ਅੱਜ ਦਾ ਮਾਲਵਾ ਪੰਜਾਬ ਦੀ ਰੂਹ ਹੈ ਜਿਸ ਵਿਚ ਸਮੁੱਚੇ ਪੰਜਾਬੀੱਾਂ ਦਾ ਦਿਲ ਧੜਕਦਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਕੀ ਮਾੜਾ ਕੀਤਾ ਸਾਹਿਬਾਂ?
ਲੇਖਕ : ਵੈਦ ਡਿਪਟੀ ਚੰਦ ਮਿੱਤਲ
ਪ੍ਰਕਾਸ਼ਕ : ਪਲਕ ਪਬਲਿਸ਼ਰਜ਼, ਖੰਨਾ
ਮੁੱਲ : 70 ਰੁਪਏ, ਸਫ਼ੇ : 80.

ਵੈਦ ਡਿਪਟੀ ਚੰਦ ਮਿੱਤਲ ਜਿਹੜਾ ਪੰਜਾਬੀ ਫ਼ਿਲਮਾਂ ਬਾਬੁਲ ਦਾ ਵੇਹੜਾ, ਸੂਰਮਾ ਭਗਤ, ਜਿਊਣਾ ਮੌੜ ਫ਼ਿਲਮਾਂ ਦਾ ਨਿਰਦੇਸ਼ਕ ਤੇ ਨਿਰਮਾਤਾ ਹੈ। ਬੱਚਿਆਂ ਲਈ ਬਾਲ ਫ਼ਿਲਮ ਚਾਨਣ ਮੁਨਾਰੇ ਵੀ ਰਿਲੀਜ਼ ਕਰ ਚੁੱਕਾ ਹੈ। ਉਹਦੇ ਲਿਖੇ ਗੀਤਾਂ ਨੂੰ ਪ੍ਰਸਿੱਧ ਫ਼ਿਲਮ ਗਾਇਕਾਂ ਤੋਂ ਲੈ ਕੇ ਢੇਰ ਸਾਰੇ ਪੰਜਾਬੀ ਗਾਇਕਾਂ ਨੇ ਵੀ ਗਾਇਆ ਹੈ। ਮਾਲਵੇ ਦੇ ਇਲਾਕੇ ਦਾ ਜੰਮਪਲ ਹੋਣ ਦੇ ਨਾਤੇ ਬੋਲੀ ਦੀ ਮੁਹਾਰਤ ਨੂੰ ਭਲੀ-ਭਾਂਤ ਜਾਣਦਾ ਹੈ। 'ਕੀ ਮਾੜਾ ਕੀਤਾ ਸਾਹਿਬਾਂ?' ਵਿਚ ਉਸ ਨੇ ਲੋਕ ਕਥਾਵਾਂ ਵਿਚੋਂ ਪ੍ਰਸਿੱਧ ਲੋਕ ਕਥਾ ਮਿਰਜ਼ਾ ਸਾਹਿਬਾਂ ਨੂੰ ਬਿਆਨ ਕੀਤਾ ਹੈ। ਅੱਜ ਤੱਕ ਜਿੰਨੇ ਵੀ ਇਸ ਕਥਾ ਵਿਚ ਲੋਕ ਕਿੱਸੇ ਲਿਖੇ ਗਏ ਹਨ, ਸਾਰੇ ਸਾਹਿਬਾਂ ਨੂੰ ਮਾੜਾ ਕਹਿੰਦੇ ਹਨ। ਕਿਉਂਕਿ ਉਸ ਨੇ ਆਪਣੇ ਯਾਰ ਦੇ ਤੀਰ ਜੰਡ 'ਤੇ ਟੰਗ ਆਪਣੇ ਭਰਾਵਾਂ ਹੱਥੋਂ ਮਿਰਜ਼ੇ ਨੂੰ ਮਰਵਾ ਦਿੱਤਾ ਸੀ ਪਰ ਲੇਖਕ ਪਾਠਕਾਂ ਨੂੰ ਸਾਹਿਬਾਂ ਦੇ ਬਰਾਬਰ ਖੜ੍ਹਨ ਨੂੰ ਕਹਿੰਦਾ ਹੈ। ਲੇਖਕ ਦੀ ਰਚਨਾ ਸਾਹਿਬਾਂ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਉਂਦੀ ਹੈ ਤੇ ਪਾਠਕਾਂ 'ਤੇ ਸੁਆਲ ਕਰਦੀ ਹੈ ਕਿ ਸਾਹਿਬਾਂ 'ਤੇ ਲੱਗੇ ਬੇਵਫ਼ਾਈ ਦੇ ਇਲਜ਼ਾਮ 'ਤੇ ਉਹ ਸੋਚ ਵਿਚਾਰ ਕਰਨ। ਮਰਦ ਪ੍ਰਧਾਨ ਸਮਾਜ ਹਮੇਸ਼ਾ ਆਪਣੀ ਵਕਾਲਤ ਕਰਦਾ ਆ ਰਿਹਾ ਹੈ, ਉਸ ਨੂੰ ਔਰਤ ਦੇ ਜਜ਼ਬਾਤਾਂ ਦੀ ਕੋਈ ਪ੍ਰਵਾਹ ਨਹੀਂ। ਲੇਖਕ ਨੇ ਜਿਥੇ ਮਰਦ ਦੇ ਇਸ ਵਹਿਮ ਨੂੰ ਤੋੜਿਆ ਹੈ, ਉਥੇ ਇਸ ਲੋਕ ਕਥਾ ਦੀ ਕਹਾਣੀ ਨੂੰ ਨਵੀਂ ਸੇਧ ਦੇ ਕੇ ਪਾਠਕਾਂ ਦਾ ਹੁੰਗਾਰਾ ਮੰਗਿਆ ਹੈ। ਕਿਤਾਬ ਦੀ ਸਾਰੀ ਰਚਨਾ ਪਾਠਕਾਂ ਦੀ ਖਿੱਚ ਬਣਾਈ ਰੱਖਦੀ ਹੈ 'ਨੀ ਸਾਹਿਬਾਂ ਮੇਰੀ ਰਾਹ ਉਡੀਕੇ ਲੈਣੇ ਹੋਣੀ ਨਾਲ ਫੇਰੇ' ਤੇ ਫਿਰ ਅੱਗੇ ਲਿਖਦਾ ਹੈ 'ਇਕ ਦਿਨ ਤਾਂ ਹੈ ਸਭ ਨੇ ਮਰਨਾ-ਫੇਰ ਕੀ ਝਗੜੇ ਝੇੜੇ'। ਆਪਣੀ ਲੇਖਣੀ ਵਿਚ ਸਾਰੇ ਰੰਗ ਦੇ ਕੇ ਵੈਦ ਡਿਪਟੀ ਚੰਦ ਮਿੱਤਲ ਇਕ ਸਫਲ ਕਿੱਸਾਕਾਰ ਹੋ ਨਿਬੜਿਆ ਹੈ। ਉਹਦੀ ਰਚਨਾ ਵਿਚੋਂ ਸੂਫ਼ੀ ਰੰਗ ਵੀ ਝਲਕਦਾ ਹੈ ਜਿਹੜਾ ਪਾਠਕਾਂ ਨੂੰ ਹੋਰ ਵੀ ਰਚਨਾ ਦੇ ਨੇੜੇ ਲੈ ਜਾਂਦਾ ਹੈ। ਸਭ ਤੋਂ ਚੰਗਾ ਲੱਗਿਆ 'ਕੀ ਮਾੜਾ ਕੀਤਾ ਸਾਹਿਬਾਂ?' ਦਾ ਟਾਈਟਲ ਕੰਵਰ ਮਿਰਜ਼ਾ ਸਾਹਿਬ ਤੇ ਬੱਘੀ ਦੀ ਖੂਬਸੂਰਤ ਤਸਵੀਰ ਕਿਤਾਬ ਨੂੰ ਚਾਰ ਚੰਨ ਲਾਉਂਦੀ ਹੈ।

-ਬੀਬਾ ਕੁਲਵੰਤ
ਮੋ: 98761-23151.

ਤੂਫ਼ਾਨਾਂ ਦੇ ਨਾਲ ਨਾਲ
ਸ਼ਇਰ : ਮਦਨ ਸਿੰਘ ਬੰਗਾ
ਪ੍ਰਕਾਸ਼ਕ-ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 86.

ਮਦਨ ਸਿੰਘ ਬੰਗਾ ਪ੍ਰਵਾਸ ਹੰਢਾਅ ਰਿਹਾ ਨੌਜਵਾਨ ਸ਼ਾਇਰ ਹੈ ਤੇ 'ਤੂਫ਼ਾਨਾਂ ਦੇ ਨਾਲ ਨਾਲ' ਉਸ ਦਾ ਪਹਿਲਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਕੁਝ ਖੁੱਲ੍ਹੀਆਂ ਅਤੇ ਕੁਝ ਛੰਦ ਬੰਦ ਕਾਵਿ ਰਚਨਾਵਾਂ ਸ਼ਾਮਿਲ ਹਨ। ਪੁਸਤਕ 'ਤੇ ਚਰਚਾ ਕਰਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਲੇਖਕ ਇਸ ਲਈ ਵਧਾਈ ਦੇ ਪਾਤਰ ਹਨ ਕਿ ਉਹ ਅੱਤ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਸਮਾਂ ਆਪਣੀ ਮਾਂ-ਬੋਲੀ ਦੇ ਲੇਖੇ ਲਾਉਂਦੇ ਹਨ, ਇਹ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢਣ ਵਾਂਗ ਹੈ। ਇਸ ਕਿਤਾਬ ਵਿਚਲੀਆਂ ਰਚਨਾਵਾਂ ਵਿਚ ਸ਼ਾਇਰ ਜ਼ਿੰਦਗੀ ਦੀਆਂ ਬਰੀਕ ਪਰਤਾਂ ਮੂਰਤੀਮਾਨ ਕਰਦਾ ਹੈ ਤੇ ਮਨੁੱਖੀ ਮਨ ਦੀਆਂ ਤੈਹਾਂ 'ਚ ਛੁਪਿਆ ਸੱਚ ਜਲਵਾਗਰ ਕਰਦਾ ਹੈ। ਅਜਿਹੇ ਸੱਚ ਉਸ ਦੀਆਂ ਖੁੱਲ੍ਹੀਆਂ ਕਵਿਤਾਵਾਂ 'ਹਿਟਲਰ' ਤੇ 'ਚੰਨ 'ਤੇ' ਵਿਚ ਦੇਖੇ ਜਾ ਸਕਦੇ ਹਨ। ਮਦਨ ਮਨੁੱਖੀ ਜੀਵਨ ਨੂੰ ਆਪਣੀ ਵੱਖਰੀ ਦ੍ਰਿਸ਼ਟੀ ਤੋਂ ਦੇਖਦਾ ਹੈ ਤੇ ਉਸ ਦੀ ਇਸ ਸਬੰਧੀ ਪਹੁੰਚ ਹੋਰਨਾਂ ਤੋਂ ਅਲੱਗ ਹੈ। ਉਸ ਨੂੰ ਹਰ ਮਨੁੱਖ ਵਿਚ ਲਾਲਚ ਦਾ ਵੱਡਾ ਜੰਜਾਲ ਮਹਿਸੂਸ ਹੁੰਦਾ ਹੈ ਤੇ ਉਸ ਨੂੰ ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿਚ ਸਵਾਰਥੀ ਜਾਪਦਾ ਹੈ। ਸ਼ਾਇਰ ਨੂੰ ਆਪਣੇ ਪਿਆਰੇ ਦੇ ਸਾਥ ਵਿਚ ਦੁਨੀਆ ਖ਼ੂਬਸੂਰਤ ਜਾਪਦੀ ਹੈ ਤੇ ਉਸ ਬਿਨਾਂ ਉਸ ਨੂੰ ਹਰ ਥਾਂ ਹਨੇਰ ਪਸਰਿਆ ਮਹਿਸੂਸ ਹੁੰਦਾ ਹੈ। ਬੰਗਾ ਦੀਆਂ ਰਚਨਾਵਾਂ ਵਿਚ ਪ੍ਰਦੇਸ਼ ਦਾ ਦਰਦ ਵੀ ਉੱਘੜਦਾ ਹੈ ਅਤੇ ਉਸ ਨੂੰ ਆਪਣੀ ਮਿੱਟੀ ਦਾ ਮੋਹ ਇਕ ਅਸੀਮ ਦਰਦ ਦਿੰਦਾ ਹੈ। ਮਦਨ ਖੁੱਲ੍ਹੀਆਂ ਕਵਿਤਾਵਾਂ ਵਿਚ ਆਪਣੀ ਗੱਲ ਖੁੱਲ੍ਹ ਕੇ ਕਰ ਸਕਿਆ ਹੈ ਪਰ ਛੰਦ ਬੰਦ ਗ਼ਜ਼ਲ ਰੂਪੀ ਰਚਨਾਵਾਂ ਵਿਚ ਉਸ ਦੀਆਂ ਭਾਵਨਾਵਾਂ ਦਾ ਇਜ਼ਹਾਰ ਸੀਮਤ ਹੋ ਕੇ ਰਹਿ ਗਿਆ ਹੈ ਜਿਸ ਦਾ ਕਾਰਨ ਛੰਦ ਬੰਦਤਾ ਸਬੰਧੀ ਉਸ ਦੀ ਸੀਮਤ ਜਾਣਕਾਰੀ ਹੈ। ਆਸ ਹੈ ਆਉਣ ਵਾਲੇ ਸਮੇਂ ਵਿਚ ਉਹ ਇਸ ਬਾਰੇ ਤਕਨੀਕੀ ਜਾਣਕਾਰੀ ਹਾਸਲ ਕਰ ਲਵੇਗਾ ਤੇ ਆਪਣੇ ਸਾਹਿਤਕ ਸਫ਼ਰ ਨੂੰ ਹੋਰ ਉੱਚੀ ਪਰਵਾਜ਼ ਦੇਣ ਵਿਚ ਸਫ਼ਲ ਹੋਵੇਗਾ। ਇਸ ਪਹਿਲੀ ਪੁਸਤਕ ਦੀ ਪ੍ਰਕਾਸ਼ਨਾ 'ਤੇ ਸ਼ਾਇਰ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਚੇਤਾ ਚੋਗ ਚੁਗੇ
ਲੇਖਕ : ਜਗਜੀਤ ਸਿੰਘ ਆਨੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 172.

ਕਾਮਰੇਡ ਜਗਜੀਤ ਸਿੰਘ ਆਨੰਦ ਪੰਜਾਬ ਦੇ ਬੌਧਿਕ ਅਤੇ ਰਾਜਨੀਤਕ ਹਲਕਿਆਂ ਵਿਚ ਇਕ ਪ੍ਰਮੁੱਖ ਸ਼ਖ਼ਸੀਅਤ ਹੈ। ਐਫ. ਸੀ. ਕਾਲਜ ਲਾਹੌਰ ਵਿਚ ਪੜ੍ਹਦਿਆਂ ਹੋਇਆਂ ਉਹ ਭਾਰਤੀ ਕਮਿਊਨਿਸਟ ਕਮੇਟੀ ਦਾ ਮੈਂਬਰ ਬਣ ਗਿਆ ਸੀ। ਹੋਰ ਕਮਿਊਨਿਸਟ ਨੇਤਾਵਾਂ ਅਤੇ ਵਰਕਰਾਂ ਵਾਂਗ ਉਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਕਦੇ ਵੀ ਡੋਲਿਆ ਜਾਂ ਥਿੜਕਿਆਂ ਨਹੀਂ ਅਤੇ ਪਿਛਲੇ 70 ਵਰ੍ਹਿਆਂ ਤੋਂ ਆਪਣੀ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਜੂਝਦਾ ਰਿਹਾ ਹੈ।

ਜਗਜੀਤ ਸਿੰਘ ਆਨੰਦ ਭਾਰਤੀ ਕਮਿਊਨਿਸਟ ਪਾਰਟੀ ਦਾ ਇਕ 'ਥਿੰਕ ਟੈਂਕ' ਰਿਹਾ ਹੈ। ਮਾਰਕਸਵਾਦ ਅਤੇ ਲੈਨਿਨਵਾਦ ਬਾਰੇ ਸਿਧਾਂਤਕ ਜਾਣਕਾਰੀ ਦੇਣ ਵਾਲੀਆਂ ਉਸ ਨੇ ਲਗਭਗ ਦੋ ਦਰਜਨ ਪੁਸਤਕਾਂ ਖ਼ੁਦ ਲਿਖੀਆਂ ਜਾਂ ਮਿਆਰੀ ਪੁਸਤਕਾਂ ਦੇ ਅਨੁਵਾਦ ਕੀਤੇ। ਇਸੇ ਤਰ੍ਹਾਂ ਉਸ ਨੇ ਸੋਵੀਅਤ ਦੇਸ਼ ਅਤੇ ਹੋਰ ਸਮਾਜਵਾਦੀ ਦੇਸ਼ਾਂ ਵਿਚ ਰਚੇ ਗਏ ਉੱਤਮ ਪ੍ਰਗਤੀਵਾਦੀ ਸਾਹਿਤ ਨੂੰ ਪੰਜਾਬੀ ਵਿਚ ਅਨੁਵਾਦਿਤ ਵੀ ਕੀਤਾ। ਕਾਮਰੇਡ ਆਨੰਦ ਦੇ ਪਿਤਾ ਹੈੱਡਮਾਸਟਰ ਮਹਿਤਾਬ ਸਿੰਘ ਦੀ ਪੰਥਕ ਹਲਕਿਆਂ ਵਿਚ ਬਹੁਤ ਪੁੱਛ-ਪ੍ਰਤੀਤ ਸੀ। ਆਪ ਦਾ ਵੱਡਾ ਭਰਾ ਸ: ਪ੍ਰੀਤਮ ਸਿੰਘ ਸਿੰਘ ਸਫ਼ੀਰ ਜਿਥੇ ਸੁਪਰੀਮ ਕੋਰਟ ਦੇ ਜਸਟਿਸ ਦੀ ਪਦਵੀ ਤੱਕ ਜਾ ਪਹੁੰਚਿਆ, ਉਥੇ ਉਹ ਪੰਜਾਬੀ ਦਾ ਇਕ ਸ਼੍ਰੋਮਣੀ ਕਵੀ ਵੀ ਸੀ। 'ਤਰਨ ਤਾਰਨ ਦੇ ਖੇਤਾਂ ਵਿਚ' ਵਰਗੀ ਕਵਿਤਾ ਕੋਈ ਮਹਾਂਕਵੀ ਹੀ ਲਿਖ-ਰਚ ਸਕਦਾ ਹੈ। ਜਗਜੀਤ ਸਿੰਘ ਆਨੰਦ ਦੀ ਪਤਨੀ ਸ੍ਰੀਮਤੀ ਉਰਮਿਲਾ, ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਚਾਰ ਬੇਟੀਆਂ ਵਿਚੋਂ ਦੂਜੇ ਸਥਾਨ 'ਤੇ ਹੈ। ਆਨੰਦ ਅਤੇ ਉਰਮਿਲਾ ਦੀ ਸ਼ਾਦੀ ਪਾਰਟੀ ਅਤੇ ਸੱਭਿਆਚਾਰ ਦੇ ਖੇਤਰ ਵਿਚ ਇਕੱਠਿਆਂ ਕੰਮ ਕਰਦਿਆਂ ਹੋਈ ਅਤੇ ਪ੍ਰਵਾਨ ਚੜ੍ਹੀ। ਇਸ ਦੰਪਤੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਸੁਕੀਰਤ ਇਸ ਜੋੜੀ ਦੀ ਸਾਹਿਤਕ-ਸੱਭਿਆਚਾਰਕ ਵਿਰਾਸਤ ਨੂੰ ਹੋਰ ਅੱਗੇ ਤੋਰ ਰਿਹਾ ਹੈ। ਹਥਲੀ ਪੁਸਤਕ ਵਿਚ ਸ: ਆਨੰਦ ਨੇ ਬਾਬਾ ਸੋਹਨ ਸਿੰਘ ਭਕਨਾ, ਸੋਹਣ ਸਿੰਘ ਜੋਸ਼, ਅਰਜਨ ਸਿੰਘ ਗੜਗੱਜ, ਪੀ. ਸੀ. ਜੋਸ਼ੀ, ਕਾਮਰੇਡ ਧਨਵੰਤਰੀ ਅਤੇ ਹਰੀ ਸਿੰਘ (ਧੂਤ) ਵਰਗੇ ਪੰਜਾਬ ਦੇ ਪ੍ਰਸਿੱਧ ਕਮਿਊਨਿਸਟ ਲੀਡਰਾਂ ਬਾਰੇ ਆਪਣੇ ਸੰਸਮਰਣ ਬਿਆਨ ਕੀਤੇ ਹਨ। ਇਨ੍ਹਾਂ ਮਹੱਤਵਪੂਰਨ ਵਿਅਕਤੀਆਂ ਬਾਰੇ ਹੋਰ ਵੀ ਕਈ ਲੇਖਕਾਂ ਨੇ ਲਿਖਿਆ ਹੋਵੇਗਾ ਪਰ ਸ: ਆਨੰਦ ਦੇ ਸੰਸਮਰਣ ਇਨ੍ਹਾਂ ਲੀਡਰਾਂ ਦੀ ਸ਼ਖ਼ਸੀਅਤ ਅਤੇ ਜੀਵਨ-ਸ਼ੈਲੀ ਦੇ ਬੜੇ ਜੀਵੰਤ ਵੇਰਵੇ ਪੇਸ਼ ਕਰਦੇ ਹਨ। ਸ: ਆਨੰਦ ਦੀ ਇਸ ਪੁਸਤਕ ਵਿਚ ਤਰੱਕੀਪਸੰਦ ਲਹਿਰ ਦੇ ਮੁੱਢ ਅਤੇ ਵਿਕਾਸ ਬਾਰੇ ਵੀ ਬੜੀਆਂ ਮਹੱਤਵਪੂਰਨ ਸੂਚਨਾਵਾਂ ਮਿਲਦੀਆਂ ਹਨ। ਲੇਖਕ ਨੇ ਪ੍ਰੋ: ਮੋਹਨ ਸਿੰਘ, ਅਵਤਾਰ ਸਿੰਘ ਆਜ਼ਾਦ, ਪ੍ਰੋ: ਸੰਤ ਸਿੰਘ ਸੇਖੋਂ ਅਤੇ ਨਵਤੇਜ ਸਿੰਘ ਬਾਰੇ ਵੀ ਆਪਣੀਆਂ ਕਈ ਯਾਦਾਂ ਨੂੰ ਕਲਮਬੰਦ ਕੀਤਾ ਹੈ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲ ਮੁਲਾਕਾਤਾਂ ਅਤੇ ਉਰਮਿਲਾ ਨਾਲ ਪ੍ਰੇਮ-ਸਬੰਧਾਂ ਦੇ ਅੰਤਰੰਗ ਵੇਰਵੇ ਇਸ ਪੁਸਤਕ ਦੀ ਸ਼ੋਭਾ ਨੂੰ ਹੋਰ ਵੀ ਵਧਾਉਂਦੇ ਹਨ। ਮੈਂ ਕਮਿਊਨਿਸਟ ਲੋਕਾਂ ਦੀ ਕਦਰ ਤਾਂ ਭਾਵੇਂ ਪਹਿਲਾਂ ਵੀ ਕਰਦਾ ਸਾਂ ਪਰ ਇਹ ਪੁਸਤਕ ਪੜ੍ਹ ਕੇ ਮੇਰੀ ਇਨ੍ਹਾਂ ਲੋਕਾਂ ਵਿਚ ਸ਼ਰਧਾ ਬਣ ਗਈ ਹੈ। ਕਾਸ਼! ਅਸੀਂ ਸਾਰੇ ਲੋਕ ਕਮਿਊਨਿਸਟਾਂ ਵਰਗੇ ਪਾਰਦਰਸ਼ੀ ਅਤੇ ਵਿਵੇਕਸ਼ੀਲ ਬਣ ਸਕਦੇ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਕੱਲਿਆਂ ਦਾ ਕਾਫਲਾ
ਲੇਖਕ : ਨਰਿੰਦਰ ਸਿੰਘ ਕਪੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 352.

ਕਿਤਾਬਾਂ ਦਾ ਸਾਥ ਹੋਵੇ ਤਾਂ ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਨਾਲ ਲੇਖਕਾਂ, ਚਿੰਤਕਾਂ ਤੇ ਉਨ੍ਹਾਂ ਦੇ ਵਿਚਾਰਾਂ ਦਾ ਕਾਫਲਾ ਹੁੰਦਾ ਹੈ। ਨਰਿੰਦਰ ਸਿੰਘ ਕਪੂਰ ਨਾਲ ਚਿੰਤਨ ਦੇ ਪਲਾਂ ਵਿਚ ਰਹੇ ਇਸ ਕਾਫਲੇ ਦਾ ਸੰਗ ਸਾਥ ਜੇ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਤਾਂ ਇਸ ਪੁਸਤਕ ਦੇ ਜ਼ਰੀਏ ਮਾਣ ਸਕਦੇ ਹੋ। ਇਹ ਉਸ ਦੇ ਲੰਮੇ, ਬਹੁਰੰਗੀ ਤੇ ਅਮੀਰ ਜੀਵਨ ਅਨੁਭਵ ਤੇ ਸੰਘਰਸ਼ ਵਿਚੋਂ ਨਿਤਰੇ ਵਿਚਾਰਾਂ ਦਾ ਸੰਗ੍ਰਹਿ ਹੈ। ਟਿੱਪਣੀਆਂ, ਵਿਚਾਰ, ਡਿੱਠੇ/ਸੁਣੇ ਦਾ ਸਾਰ, ਸਿੱਟੇ। ਕੇਵਲ ਸਿਧਾਂਤਕ/ਆਦਰਸ਼ਕ/ਨੈਤਿਕ ਸਿਆਣਪ ਨਹੀਂ, ਵਿਹਾਰਕ ਤੱਤ ਸਾਰ ਵੀ।

ਕੱਲਿਆਂ ਦਾ ਕਾਫਲਾ ਕੋਈ ਅਧਿਆਇ ਵੰਡ ਜਾਂ ਵਿਸ਼ਾ ਅਧਾਰਤ ਵਰਗ ਵੰਡ ਕਰਕੇ ਲਿਖੀ ਪੁਸਤਕ ਨਹੀਂ। ਜੀਵਨ ਇੰਜ ਹੁੰਦਾ ਵੀ ਨਹੀਂ। ਇਹ ਕਦਮ-ਕਦਮ ਉਤੇ ਨਵੀਆਂ ਵੰਗਾਰਾਂ ਨਾਲ ਸਾਹਮਣੇ ਹੁੰਦਾ ਹੈ। ਇਸ ਦੇ ਉੱਚੇ-ਨੀਵੇਂ, ਹਨੇਰੇ-ਚਾਨਣੇ ਰਾਹ, ਦੁੱਖ-ਸੁਖ, ਚਿੰਤਾਵਾਂ-ਉਦਾਸੀਆਂ ਤੇ ਸੰਕਟ ਦੱਸ ਕੇ ਨਹੀਂ ਆਉਂਦੇ। ਇਹੋ ਜਿਹੇ ਕਿਸੇ ਵੀ ਪਲ ਢੇਰੀ ਢਾਹ ਕੇ ਲੰਮੀ ਤੇ ਬੇਬਸ ਉਦਾਸੀ ਦੇ ਗਲ ਲੱਗਣ ਦੀ ਥਾਂ ਕੱਲਿਆਂ ਦਾ ਕਾਫਲਾ ਨੂੰ ਲੈ ਕੇ ਬਹਿ ਜਾਓ ਤਾਂ ਜ਼ਿੰਦਗੀ ਦਾ ਸਫਰ ਮੁੜ ਤਾਜ਼ਾ ਦਮ ਹੋ ਕੇ ਸ਼ੁਰੂ ਕਰ ਸਕੋਗੇ। ਨਰਿੰਦਰ ਸਿੰਘ ਕਪੂਰ ਗੱਲ ਕਹਿੰਦਾ ਵੀ ਹੈ ਅਤੇ ਮਟਕਾਉਂਦਾ ਵੀ ਹੈ। ਉਸ ਦੀ ਬਾਤ-ਬਾਤ ਵਿਚ ਬਾਤ ਹੈ। ਸਵੈ ਤੋਂ ਪਰ, ਪਰ ਤੋਂ ਸਵੈ, ਵਿਆਪਕ ਤੋਂ ਵਿਸ਼ੇਸ਼ ਅਤੇ ਵਿਸ਼ੇਸ਼ ਤੋਂ ਵਿਆਪਕ ਤੱਕ ਉਹ ਅਡੋਲ ਹੀ ਛਾਲ ਮਾਰਦਾ ਹੈ। ਇਹ ਯੋਗਤਾ ਮਿਹਨਤ ਨਾਲ ਕੀਤੇ ਅਧਿਐਨ ਤੇ ਦਿਆਨਦਾਰ ਸੰਘਰਸ਼ ਨਾਲ ਹਾਸਲ ਅਨੁਭਵ ਦੀ ਪ੍ਰਾਪਤੀ ਹੈ। ਸਾਹਿਤ, ਮਨੋਵਿਗਿਆਨ, ਫਲਸਫਾ, ਪੱਤਰਕਾਰੀ-ਵਿਭਿੰਨ ਖੇਤਰਾਂ ਦੀ ਛਾਪ ਹੈ, ਇਨ੍ਹਾਂ ਵਿਚਾਰਾਂ, ਟਿੱਪਣੀਆਂ ਅਤੇ ਅਵਲੋਕਣਾਂ (ਆਬਜ਼ਰਵੇਸ਼ਨ) ਉਤੇ। ਮਾਲਾ ਮਣਕੇ ਨਰਿੰਦਰ ਸਿੰਘ ਕਪੂਰ ਦੀ ਇਸ ਲੜੀ ਦੀ ਪਹਿਲੀ ਪੁਸਤਕ ਸੀ। ਕੱਲਿਆਂ ਦਾ ਕਾਫਲਾ ਇਸੇ ਲੜੀ ਦਾ ਅਗਲਾ ਮਣਕਾ ਹੈ। ਖੁਸ਼ਖਬਰੀ ਇਹ ਵੀ ਹੈ ਕਿ ਇਸ ਲੜੀ ਵਿਚ ਲੇਖਕ ਇਕ ਹੋਰ ਪੁਸਤਕ ਵੀ ਲਿਖੇਗਾ।

ਸਟੇਅ ਹੰਗਰੀ ਸਟੇਅ ਫੁਲਿਸ਼
ਮੂਲ ਲੇਖਕ : ਰਸ਼ਮੀ ਬਾਂਸਲ
ਅਨੁਵਾਦ : ਰਵਿੰਦਰ ਕੌਰ ਚੌਧਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜਵ੍
ਮੁੱਲ : 150 ਰੁਪਏ, ਸਫ਼ੇ : 360.

ਇਕ ਵਧੀਆ ਕਿਤਾਬ ਦਾ ਮਾੜਾ ਅਨੁਵਾਦ ਹੈ ਇਹ ਪੁਸਤਕ। ਅੰਗਰੇਜ਼ੀ ਪੁਸਤਕ ਦੀ ਸ਼ੈਲੀ ਸਹਿਜ ਪ੍ਰਭਾਵਸ਼ਾਲੀ ਅਤੇ ਪਾਠਕ ਨੂੰ ਨਾਲ ਤੋਰਨ ਵਾਲੀ ਹੈ। ਸ਼ਕਤੀਸ਼ਾਲੀ ਪ੍ਰੇਰਨਾ ਨਾਲ ਭਰਪੂਰ। ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ, ਕੋਈ ਕੰਪਨੀ ਚਲਾਉਣ, ਕੁਝ ਬਣਾਉਣ/ਵੇਚਣ ਦਾ ਨਵਾਂ ਰਾਹ ਚੁਣਨ ਵਿਚ ਆਈਆਂ ਮੁਸ਼ਕਿਲਾਂ, ਖਤਰੇ ਅਤੇ ਖਤਰਿਆਂ ਨਾਲ ਖੇਡਦੇ ਹੋਏ ਸਫਲਤਾ ਦੀਆਂ ਬੁਲੰਦੀਆਂ ਛੋਹਣਾ ਕਿਸੇ ਵੀ ਨੌਜਵਾਨ ਲਈ ਮਾੜਾ ਸੁਪਨਾ ਨਹੀਂ। ਇਸ ਲਈ ਮਿਹਨਤ, ਵਿਸ਼ਵਾਸ, ਦੂਰਦਰਸ਼ੀ ਸੋਚ, ਦ੍ਰਿੜ੍ਹ ਇਰਾਦਾ, ਲੀਡਰਸ਼ਿਪ ਦੇ ਗੁਣ, ਸਾਥੀਆਂ ਦਾ ਸਹਿਯੋਗ ਹਾਸਲ ਕਰਨ ਦੀ ਯੋਗਤਾ, ਮਾਰਕੀਟ ਦੀ ਸਮਝ, ਪ੍ਰਬੰਧਕੀ ਯੋਗਤਾ ਜਿਹੇ ਕਿੰਨੇ ਹੀ ਗੁਣ ਚਾਹੀਦੇ ਹਨ। ਇਨ੍ਹਾਂ ਗੁਣਾਂ ਦੀ ਵਿਹਾਰਕ ਵਿਆਖਿਆ ਕਰਦੀ ਹੈ ਇਹ ਪੁਸਤਕ।

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇਸ਼ ਦੀ ਬੜੀ ਸ਼ਾਨ ਵਾਲੀ ਸੰਸਥਾ ਹੈ। ਇਥੇ ਡਿਗਰੀ ਲੈਣ ਵਾਲੇ ਲੱਖਾਂ ਰੁਪਏ ਦੀ ਮਾਸਕ ਤਨਖਾਹ ਤੱਕ ਕੁਝ ਹੀ ਸਾਲ ਵਿਚ ਪੁੱਜ ਜਾਂਦੇ ਹਨ। ਵੱਡੀਆਂ ਤਨਖਾਹਾਂ ਦੀਆਂ ਸੰਭਾਵਨਾਵਾਂ ਨੂੰ ਠੁਕਰਾ ਕੇ ਇਥੋਂ ਪੜ੍ਹੇ ਪੰਝੀ ਨੌਜਵਾਨਾਂ ਨੇ ਕਿਵੇਂ ਆਪਣੇ ਕਰੋੜਾਂ ਰੁਪਏ ਦੇ ਕਾਰੋਬਾਰ ਚਲਾਏ ਤੇ ਵੱਡੀਆਂ ਕੰਪਨੀਆਂ ਬਣਾਈਆਂ, ਉਸੇ ਦੀ ਝਲਕ ਹੈ ਇਸ ਕਿਤਾਬ ਵਿਚ। ਪੰਝੀ ਨੌਜਵਾਨ ਅਤੇ ਪੰਝੀ ਕੰਪਨੀਆਂ, ਹਰ ਇਕ ਦਾ ਆਪਣਾ ਸੰਘਰਸ਼, ਸਫਲਤਾ, ਅਸਫਲਤਾ ਦੀ ਲੁਕਣਮੀਟੀ। ਮੁਲਾਕਾਤਾਂ ਤੇ ਟਿੱਪਣੀਆਂ ਨਾਲ ਰਸ਼ਮੀ ਬਾਂਸਲ ਨੇ ਜੋ ਕੁਝ ਦੱਸਣਾ ਚਾਹਿਆ ਹੈ, ਉਹ ਮੂਲ ਅੰਗਰੇਜ਼ੀ ਪੁਸਤਕ ਪੜ੍ਹ ਕੇ ਹੀ ਸਮਝ ਆਏਗਾ। ਸਮਕਕਸ਼, ਸਵਾਮਿਤਵ, ਛਵੀ, ਘੋਸ਼ਨਾ, ਪ੍ਰਧਿਓਗਿਕੀ ਵਾਲੀ ਪੰਜਾਬੀ ਤੋਂ ਕਿਸੇ ਨੂੰ ਕੀ ਸਮਝ ਆਏਗਾ?

ਮਾਊਂਟ ਆਬੂ ਵਾਇਆ ਪੁਸ਼ਕਰ
ਸੰਪਾਦਕ : ਡਾ: ਜੇ. ਬੀ. ਸੇਖੋਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 232.

ਲੈ ਦੇ ਕੇ ਆਪਣੇ ਪਾਸ ਆਪਣੀ ਨਜ਼ਰ ਹੀ ਤੋ ਹੈ, ਕਿਉਂ ਦੇਖੇਂ ਫਿਰ ਇਸ ਦੁਨੀਆ ਕੋ ਕਿਸੀ ਔਰ ਕੀ ਨਜ਼ਰ ਸੇ। ਸਫ਼ਰਨਾਮੇ ਦੁਨੀਆ ਨੂੰ ਆਪਣੀ ਨਜ਼ਰ ਤੋਂ ਵੇਖ ਕੇ ਸਾਨੂੰ ਦਿਖਾਉਂਦੇ ਹਨ। ਜੇ ਭਲਾ ਚਾਰ-ਛੇ ਬੰਦੇ ਇਕੋ ਖਿੱਤੇ ਦੀ ਯਾਤਰਾ ਉਤੇ ਨਿਕਲ ਪੈਣ ਅਤੇ ਹਰ ਕੋਈ ਉਸ ਬਾਰੇ ਆਪੋ-ਆਪਣੇ ਡਿੱਠੇ ਸੁਣੇ ਦੇ ਪ੍ਰਭਾਵਾਂ ਨੂੰ ਸਫ਼ਰਨਾਮੇ ਦਾ ਰੂਪ ਦੇਵੇ ਤਾਂ ਕੀ ਹੋਵੇ? ਇਸ ਦਿਲਚਸਪ ਸਵਾਲ ਦਾ ਉੱਤਰ ਜਾਣਨਾ ਹੈ ਤਾਂ ਇਹ ਪੁਸਤਕ ਪੜ੍ਹ ਲਓ।

ਮਾਊਂਟ ਆਬੂ ਵਾਇਆ ਪੁਸ਼ਕਰ ਵਿਚ ਪੰਜਾਬੀ ਦੇ ਕੁਝ ਸਾਹਿਤਕਾਰ ਮਿੱਤਰ ਪੰਜਾਬ ਤੋਂ ਪੁਸ਼ਕਰ ਅਤੇ ਮਾਊਂਟ ਆਬੂ ਦੀ ਰਾਜਸਥਾਨ ਦੀ ਧਰਤੀ ਦੀ ਯਾਤਰਾ ਨੂੰ ਨਿਕਲਦੇ ਹਨ। ਮਿੱਤਰ ਹਨ : ਬਲਦੇਵ (ਸੜਕਨਾਮੇ ਵਾਲਾ), ਕਹਾਣੀਕਾਰ ਜਿੰਦਰ, ਹਰਮਹਿੰਦਰ ਚਹਿਲ ਅਤੇ ਪ੍ਰੋਫੈਸਰ ਗੁਰਮੇਲ ਸਿੰਘ। ਇਹ ਸਾਰੇ ਇਸ ਯਾਤਰਾ ਬਾਰੇ ਆਪੋ-ਆਪਣਾ ਸਫ਼ਰਨਾਮਾ ਲਿਖਦੇ ਹਨ। ਕੋਈ ਛੋਟਾ, ਕੋਈ ਵੱਡਾ। ਇਹ ਚਾਰੇ ਸਫ਼ਰਨਾਮੇ ਤੁਲਨਾਤਮਕ ਅਧਿਐਨ ਲਈ ਆਲੋਚਕ ਜੇ. ਬੀ. ਸੇਖੋਂ ਨੇ ਸੰਪਾਦਿਤ ਕਰਕੇ ਪੇਸ਼ ਕੀਤੇ ਹਨ ਸਾਡੇ ਲਈ। ਦੁਨੀਆ ਨੂੰ ਦੇਖਣ ਦੱਸਣ ਦੀ ਦ੍ਰਿਸ਼ਟੀ ਨਾਵਲਕਾਰ, ਕਹਾਣੀਕਾਰ, ਪ੍ਰੋਫੈਸਰ-ਹਰ ਕਿਸੇ ਦੀ ਵੱਖ ਹੋਣੀ ਹੀ ਹੈ। ਹਰ ਇਕ ਦਾ ਪਿਛੋਕੜ, ਸ਼ੈਲੀ, ਸਾਹਿਤ ਯੋਗਤਾ, ਸੰਵੇਦਨਾ, ਅਨੁਭਵ ਤੇ ਵਿਚਾਰਧਾਰਾ ਸੂਖਮ ਭਿੰਨਤਾਵਾਂ ਰੱਖਦੇ ਹਨ। ਉਹ ਪਾਠ ਦੀ ਸਿਰਜਨਾ ਨੂੰ ਆਪਣੇ-ਆਪਣੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਹਨ। ਸਾਹਿਤ ਦੀ ਸਿਰਜਨ ਪ੍ਰਕਿਰਿਆ ਨੂੰ ਸਮਝਣ ਦਾ ਇਹ ਤਜਰਬਾ ਵਿਸ਼ਲੇਸ਼ਣਯੋਗ ਹੈ। ਬਕੌਲ ਸੇਖੋਂ ਵਾਰਿਸ ਸ਼ਾਹ ਮੀਆਂ ਗੰਨਾ ਜਗ ਸਾਰਾ ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550.

ਵੇਲਿਆਂ ਦੇ ਵਹਿਣ
ਲੇਖਿਕਾ : ਪ੍ਰੀਤਮਾ ਦੋਮੇਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

ਹਥਲੇ ਸੰਗ੍ਰਹਿ ਵਿਚ ਪ੍ਰੀਤਮਾ ਦੋਮੇਲ ਨੇ ਕੁੱਲ 15 ਕਹਾਣੀਆਂ ਸ਼ਾਮਿਲ ਕੀਤੀਆਂ ਹਨ, ਜੋ ਔਰਤ ਦੇ ਵੱਖ-ਵੱਖ ਰੂਪਾਂ ਅਤੇ ਪ੍ਰਸਥਿਤੀਆਂ ਦਾ ਗਿਆਨ ਪ੍ਰਸਤੁਤ ਕਰਦੀਆਂ ਹਨ।

'ਬਨਵਾਸ' ਦੀ ਮਤਰੇਈ ਮਾਂ ਸੰਜੂ ਆਪਣੇ ਮਤਰੇਏ ਪੁੱਤਰ ਲਈ ਸਕੀ ਮਾਂ ਤੋਂ ਵੀ ਵੱਧ ਕੁਰਬਾਨੀ ਕਰਦੀ ਹੈ। 'ਉੱਚੇ ਲੋਕ' ਦੀ ਮਿਸਿਜ਼ ਸਾਹਨੀ ਸਫਲ ਹੋਣ ਅਤੇ ਪੈਸਾ ਆਉਣ ਨਾਲ ਮੇਜਰ ਨਰੂਲਾ ਦੀ ਕੁਰਬਾਨੀ ਨੂੰ ਭੁੱਲ ਉਸ ਤੋਂ ਪਾਸਾ ਵੱਟਣ ਲਗਦੀ ਹੈ। 'ਸੱਚ ਹੋਏ ਸੁਪਨੇ ਤੇਰੇ' ਦਾ ਵਸਾਵਾ ਸਿੰਘ ਸੁਸ਼ੀਲਾ ਤੇ ਸੋਮਨਾਥ ਦਾ ਚੰਡੀਗੜ੍ਹ ਰਹਿਣ ਦਾ ਸੁਪਨਾ ਪੂਰਾ ਕਰਦਾ ਹੈ। ਉਸ ਦੇ ਕਹਿਣ ਮੂਜਬ ਸ਼ੱਕ ਵੱਡੇ ਹਾਦਸਿਆਂ ਨੂੰ ਜਨਮ ਦਿੰਦਾ ਹੈ। 'ਵੇਲਿਆਂ ਦੇ ਵਹਿਣ' ਇਕ ਅਪਾਹਜ ਕੁੜੀ ਦਾ ਦਰਦ ਬਿਆਨ ਕਰਦੀ ਹੈ, ਜੋ ਸਮਰੱਥ ਹੋ ਕੇ ਵੀ ਸਮਾਜ ਵਿਚ ਆਪਣਾ ਯੋਗ ਥਾਂ ਨਹੀਂ ਬਣਾ ਪਾਉਂਦੀ। 'ਅਗਲਾ ਸੱਚ' ਦੇ ਪਾਤਰ ਨਿਰਸੰਤਾਨ ਹੋਣ ਕਾਰਨ ਯਤੀਮਖਾਨਿਉਂ ਮੁੰਡਾ ਤੇ ਕੁੜੀ ਗੋਦ ਲਿਆ ਕੇ ਉਨ੍ਹਾਂ ਨੂੰ ਸਮਾਜੀ ਮਿਹਣਿਆਂ ਤੋਂ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਦੇ ਹਨ। 'ਸਮਿਆਂ ਦੇ ਸੌਦਾਗਰ' ਦੇ ਦੋ ਪ੍ਰੇਮੀ ਕਈ ਵਰ੍ਹਿਆਂ ਬਾਅਦ ਮਿਲਦੇ ਹਨ ਪਰ ਪੁਰਾਣੀਆਂ ਗੱਲਾਂ ਦਰਦ ਦੀ ਥਾਂ ਆਪਣੇ-ਆਪਣੇ ਪਰਿਵਾਰ ਦੀਆਂ ਗੱਲਾਂ ਵਿਚ ਹੀ ਵਕਤ ਗੁਜ਼ਾਰ ਦਿੰਦੇ ਹਨ। 'ਉਡੀਕਾਂ' ਦਾ ਕਾਂਚਾ ਪਾਤਰ ਗਰੀਬ ਹੋਣ ਦੇ ਬਾਵਜੂਦ ਆਪਣੀ ਮਾਲਕਣ ਦੀ ਹਰ ਔਕੜ ਵਿਚ ਸਹਾਇਤਾ ਕਰਦਾ ਹੈ। 'ਸੰਸਕਾਰ' ਦੀ ਰਾਜਬੀਰ ਦਲਿਤ ਜਸਦੇਵ ਨਾਲ ਪ੍ਰੇਮ ਵਿਆਹ ਕਰਕੇ ਵੀ ਆਪਣੇ ਪੁਰਾਣੇ ਸੰਸਕਾਰਾਂ ਨੂੰ ਨਹੀਂ ਭੁੱਲ ਪਾਉਂਦੀ। 'ਕੱਥੇ ਦੀ ਕਰਾਮਾਤ' ਜਵਾਨ ਹੋ ਰਹੀ ਬੱਚੀ ਸਾਹਵੇਂ ਮਾਪਿਆਂ ਵੱਲੋਂ ਹੋਰ ਔਲਾਦ ਪੈਦਾ ਕਰਨ ਦੀ ਸ਼ਰਮਿੰਦਗੀ ਜ਼ਾਹਰ ਕਰਨ ਵਾਲੀ ਕਹਾਣੀ ਹੈ। 'ਫ਼ੈਸਲੇ ਮਨ ਦੇ ਬੀਤਣ ਤਨ 'ਤੇ' ਦਾ ਵਕੀਲ ਪਾਤਰ ਕਮਜ਼ੋਰ ਔਰਤ ਦੀ ਮਦਦ ਕਰਕੇ ਉਸ ਨੂੰ ਉਸ ਦਾ ਹੱਕ ਦਿਵਾਉਣ ਦਾ ਯਤਨ ਕਰਦਾ ਹੈ। 'ਰੂਹ ਦਾ ਰੋਸ' ਵਿਚ ਪ੍ਰਾਈਵੇਟ ਤੇ ਨਿੱਜੀ ਸੰਸਥਾਵਾਂ ਦੇ ਪ੍ਰਬੰਧਕਾਂ ਦੀ ਹੈਂਕੜ ਤੇ ਧਿੰਗਾਮਸਤੀ ਨੰਗੀ ਕੀਤੀ ਗਈ ਹੈ। 'ਚਿੱਠੀ ਮਿਲ ਗਈ' ਦਾ ਪਰਿਵਾਰ ਇਕ ਬੇਸਹਾਰਾ ਮੁੰਡੇ ਦੀ ਮਦਦ ਕਰਕੇ ਉਸ ਨੂੰ ਉਸ ਦੇ ਪੈਰਾਂ 'ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ। 'ਕਾਵਾਂ ਦੇ ਘਰ' ਇਕ ਦੁਖੀ ਔਰਤ ਦੀ ਵਿਥਿਆ ਪੇਸ਼ ਕਰਦੀ ਹੈ ਜਿਸ ਨੂੰ ਕਿਤੇ ਢੋਈ ਨਹੀਂ ਮਿਲਦੀ। 'ਇਕ ਕਦਮ ਰੋਸ਼ਨੀ ਵੱਲ' ਦੀ ਕੁੜੀ ਸੁਕੀਰਤ ਆਪਣੇ ਚੰਗੇ ਵਿਆਹ ਕਾਰਨ ਮਿ: ਗੁਮਨਾਮ ਦੀ ਜਨਤਾ ਨੂੰ ਮਾਨਵੀ ਰੂਪ ਦੇਣ 'ਚ ਸਫਲ ਹੁੰਦੀ ਹੈ। 'ਮੁਸਾਫਿਰ' ਦਾ ਅਪਾਹਜ ਪਾਤਰ ਆਪਣੇ ਬੱਚਿਆਂ ਦੇ ਨਿਰਾਦਰ ਤੋਂ ਦੁਖੀ ਹੈ। ਇਨ੍ਹਾਂ ਕਹਾਣੀਆਂ ਵਿਚ ਕੁਰਬਾਨੀ, ਮੋਹ, ਮਮਤਾ ਤੇ ਮਾਨਵਵਾਦ ਦੀ ਸੁਰ ਭਾਰੀ ਹੈ।

 ਰੇਤ
ਲੇਖਕ : ਹਰਜੀਤ ਅਟਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 328.

ਹਰਜੀਤ ਅਟਵਾਲ ਇੰਗਲੈਂਡ ਦੇ ਲੇਖਕਾਂ ਅਤੇ ਪੰਜਾਬੀ ਨਾਵਲਕਾਰਾਂ ਵਿਚ ਅਦਭੁੱਤ ਤੇਜ਼ੀ ਨਾਲ ਸਥਾਪਤ ਹੋਇਆ ਨਾਂਅ ਹੈ। ਉਸ ਨੇ 'ਵਨਵੇ', 'ਰੇਤ', 'ਸਵਾਰੀ', 'ਸਾਊਥਹਾਲ' ਤੇ 'ਬ੍ਰਿਟਿਸ਼ ਬੋਰਨ ਦੇਸੀ' ਜਿਹੇ ਪ੍ਰਪੱਕ ਨਾਵਲ ਲਿਖ ਕੇ ਆਪਣੀ ਸਮਤੋਲ ਦ੍ਰਿਸ਼ਟੀ ਤੇ ਸਮਰੱਥਾ ਦਾ ਪ੍ਰਗਟਾਵਾ ਕਰ ਦਿੱਤਾ ਹੈ। 'ਰੇਤ' ਨਾਵਲ ਆਪਣੇ ਪ੍ਰਕਾਸ਼ਨ ਕਾਲ ਤੋਂ ਹੀ ਕਾਫੀ ਚਰਚਾ ਵਿਚ ਰਿਹਾ ਹੈ। ਇਸ ਦੀ ਬੁਣਤੀ ਕਮਾਲ ਦੀ ਹੈ। ਹੌਲੀ-ਹੌਲੀ ਚਲਦਾ ਹੋਇਆ ਇਹ ਨਾਵਲ ਔਰਤ-ਮਰਦ ਦੇ ਰਿਸ਼ਤਿਆਂ ਦੀਆਂ ਕਈ ਪਰਤਾਂ ਉਘਾੜਦਾ ਚਲਿਆ ਜਾਂਦਾ ਹੈ। ਇਸ ਦੀ ਵਾਕ-ਬਣਤਰ ਤੇ ਚੁਸਤ-ਫੁਰਤ ਮੁਹਾਵਰੇਦਾਰ ਸ਼ੈਲੀ 'ਚ ਅੰਤਾਂ ਦੀ ਰੋਚਿਕਤਾ ਝਲਕਦੀ ਹੈ।

ਖੁਸ਼ੀ ਦੀ ਗੱਲ ਹੈ ਕਿ ਪ੍ਰਵਾਸੀ ਲੇਖਕ ਹੁਣ ਭੂ-ਹੇਰਵੇ ਤੋਂ ਪੂਰੀ ਤਰ੍ਹਾਂ ਖਹਿੜਾ ਛੁਡਾ ਕੇ ਆਜ਼ਾਦ ਤੇ ਯਥਾਰਥਮੁਖੀ ਸੋਚ ਵੱਲ ਮੁੜੇ ਹਨ। ਉਨ੍ਹਾਂ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਨੇ ਹੁਣ ਪਿੱਛੇ ਕਿਤੇ ਨਹੀਂ ਪਰਤਣਾ ਤੇ ਇੰਗਲੈਂਡ ਹੀ ਉਨ੍ਹਾਂ ਦੀ ਕਰਮਭੂਮੀ ਹੈ ਜਿਥੇ ਉਹ ਹਰ ਤਰ੍ਹਾਂ ਦੇ ਕੌੜੇ-ਮਿੱਠੇ ਅਨੁਭਵਾਂ ਨਾਲ ਦੋ-ਚਾਰ ਹੋਣ ਲਈ ਸਹਿੰਦੜ ਹੋ ਗਏ ਹਨ। ਸਾਰੀ ਦੁਨੀਆ ਵਿਚ ਵਿਆਹ-ਸੰਸਥਾ ਟੁੱਟ ਰਹੀ ਹੈ ਤੇ ਇਸ ਦੇ ਨਾਲ-ਨਾਲ ਮਰਦ-ਔਰਤ ਦੇ ਰਿਸ਼ਤਿਆਂ ਵਿਚ ਵੀ ਨਵੇਂ-ਨਵੇਂ ਅਨੁਭਵ, ਦੁੱਖ-ਦਰਦ ਸ਼ਾਮਿਲ ਹੁੰਦੇ ਜਾ ਰਹੇ ਹਨ। ਇਹ ਤ੍ਰੇੜਾਂ ਪੰਜਾਬੀ ਜਨ-ਜੀਵਨ ਵਿਚ ਵੀ ਉਘੜ ਰਹੀਆਂ ਹਨ। ਵਿਆਹ-ਬੰਧਨ ਤੋਂ ਬਗੈਰ ਵੀ ਜੀਵਨ ਗੁਜ਼ਾਰਿਆ ਜਾ ਸਕਦਾ ਹੈ। ਇਸ ਦੀ ਮੋਟੀ-ਮੋਟੀ ਭਿਣਕ ਇਸ ਨਾਵਲ ਵਿਚ ਪੈਣੀ ਸ਼ੁਰੂ ਹੋ ਗਈ ਹੈ। ਤਿੜਕ ਰਹੇ ਰਿਸ਼ਤਿਆਂ ਦੀ ਦੁੱਖਾਂ ਭਰੀ ਈਕੋ ਵੀ ਵਾਰ-ਵਾਰ ਸੁਣਾਈ ਪੈਂਦੀ ਹੈ।

ਨਾਵਲ ਦਾ ਮੁੱਖ ਪਾਤਰ ਰਵੀ ਉਰਫ ਇੰਦਰ ਸਿੰਘ ਆਪਣੀ ਪਤਨੀ ਕੰਵਲ ਤੋਂ ਬੇਜ਼ਾਰ ਹੋ ਕੇ ਬੀਟਰਸ ਨਾਂਅ ਦੀ ਗੋਰੀ ਨਾਲ ਜੁੜਦਾ ਹੈ। ਫਿਰ ਵਿਆਹ ਕਰਵਾ ਕੇ ਕਿਰਨ ਨਾਲ ਜੁੜਦਾ ਹੈ। ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ ਤੇ ਮੁੜ ਉਸ ਤੋਂ ਵੀ ਉਪਰਾਮ ਹੋ ਕੇ ਮੁੜ ਕੰਵਲ ਵੱਲ ਪਰਤਣ ਦਾ ਯਤਨ ਕਰਦਾ ਹੈ। ਪਰ ਇਨ੍ਹਾਂ ਸਾਰੇ ਸਬੰਧਾਂ ਵਿਚੋਂ ਸਿਵਾਏ ਹਤਾਸ਼ਾ, ਪੀੜ ਤੇ ਛਟਪਟਾਹਟ ਤੋਂ ਸਿਵਾਏ ਉਸ ਦੇ ਕੁਝ ਪੱਲੇ ਨਹੀਂ ਪੈਂਦਾ। ਤਰਸੇਮ ਫੱਕਰ ਆਪਣੀ ਪਤਨੀ ਤੋਂ ਬੇਹਿੱਸ ਹੋ ਕੇ ਹੈਪੀ ਕੋਲ ਚਲਾ ਜਾਂਦਾ ਹੈ ਪਰ ਉਥੇ ਵੀ ਉਸ ਦੀ ਦਾਲ ਨਹੀਂ ਗਲਦੀ। ਅੱਕੀਂ-ਪਲਾਹੀਂ ਹੱਥ ਮਾਰਨ ਤੋਂ ਸਿਵਾਏ ਉਸ ਦੇ ਪੱਲੇ ਵੀ ਕੁਝ ਨਹੀਂ ਪੈਂਦਾ। ਰੰਜਨਾ ਬਿਜਲਾਨੀ ਔਰਤਾਂ ਦੀ ਆਜ਼ਾਦੀ ਲਈ 'ਸਹੇਲੀ' ਨਾਂਅ ਦੀ ਸੰਸਥਾ ਬਣਾ ਲੈਂਦੀ ਹੈ ਪਰ ਮਰਦ ਬਗੈਰ ਉਹ ਵੀ ਅੱਕੀਂ-ਪਲਾਹੀਂ ਹੱਥ ਮਾਰਦੀ ਫਿਰਦੀ ਹੈ। ਇਹ ਸਾਰੇ ਪਾਤਰ ਇਕ ਤਰ੍ਹਾਂ ਦੀ ਖਾਸ ਟੈਂਸ਼ਨ 'ਚੋਂ ਲੰਘਦੇ ਹਨ। ਕਿਰਨ ਵੀ ਰਵੀ ਤੋਂ ਹਤਾਸ਼ ਹੋ ਕੇ ਕੋਈ ਹੋਰ ਮਰਦ ਲੱਭ ਲੈਂਦੀ ਹੈ। ਟੈਂਸ਼ਨ ਤੇ ਸ਼ਰਾਬਨੋਸ਼ੀ ਕਾਰਨ ਰਵੀ ਆਖਰ ਹਾਰਟ ਅਟੈਕ ਕਰਵਾ ਬਹਿੰਦਾ ਹੈ। ਇਹ ਸਾਰਾ ਨਾਵਲ ਵਿਆਹ-ਸੰਸਥਾ ਟੁੱਟਣ ਤੇ ਦੁੱਖ, ਪੀੜ ਤੇ ਮੁਸੀਬਤਾਂ ਦੇ ਚਿੱਤਰ ਪੇਸ਼ ਕਰਦਾ ਹੈ। ਇਕ ਖਾਸ ਤਰ੍ਹਾਂ ਦੀ ਛਟਪਟਾਹਟ ਸਾਰੇ ਨਾਵਲ ਦੇ ਆਰ-ਪਾਰ ਫੈਲੀ ਪ੍ਰਤੀਤ ਹੁੰਦੀ ਹੈ। ਬੱਝਵੇਂ ਕਹਾਣੀ ਰਸ ਕਾਰਨ ਨਾਵਲ ਰੋਚਿਕਤਾ ਨਾਲ ਪੜ੍ਹਿਆ ਜਾਂਦਾ ਹੈ।

-ਕੇ. ਐਲ. ਗਰਗ
ਮੋ: 94635-37050

ਬੁੱਢੇ ਦਰਿਆ ਦੀ ਜੂਹ
ਲੇਖਕ : ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 160 ਰੁਪਏ, ਸਫ਼ੇ : 136.

ਸ਼ਿਵਚਰਨ ਦੀਆਂ ਕਹਾਣੀਆਂ ਤੋਂ ਇਹੀ ਜਾਪਦਾ ਹੈ ਕਿ ਸਮਾਜ ਤੇ ਸਮਾਜਿਕ ਬੁਰਾਈਆਂ ਨੂੰ ਉਭਾਰਨ ਤੇ ਹੱਲ ਪੇਸ਼ ਕਰਨ ਪ੍ਰਤੀ ਪ੍ਰਤੀਬੱਧ ਹੈ। ਕੋਈ ਅਜਿਹਾ ਵਿਸ਼ਾ ਨਹੀਂ ਜੋ ਉਸ ਦੀ ਕਲਮ ਦੀ ਨੋਕ 'ਤੇ ਨਾ ਆਇਆ ਹੋਵੇ, ਭਾਵੇਂ ਉਹ ਅੰਤਰਮਨ ਦਾ ਮੋਹ ਹੈ ਕਿ ਬਿਗਾਨੇ ਬੱਚੇ ਨੂੰ ਆਪਣਾ ਨਾਂਅ ਦੇਣਾ ਹੋਵੇ, ਔਰਤ ਦੀ ਸੈਕਸ ਦੀ ਭੁੱਖ ਤੇ ਦੂਜੇ ਵਿਆਹ ਦਾ ਦਰਦ, ਸ਼ਰਾਬ ਨਸ਼ਾ ਤੇ ਵਿਦੇਸ਼ਾਂ ਵਿਚ ਇੱਜ਼ਤ-ਮਾਣ ਦਾ ਕੋਈ ਮੁੱਲ ਨਹੀਂ, ਨਸ਼ੇ ਦੀ ਲਤ ਘਰ ਦੀ ਬਰਬਾਦੀ, ਹਵਸ ਦੀ ਸ਼ਿਕਾਰ ਔਰਤ ਦੀ ਮਾਨਸਿਕਤਾ ਆਦਿ। ਲੇਖਕ ਨੂੰ ਪੂਰਾ ਅਹਿਸਾਸ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਦਾ ਕੀ ਹਸ਼ਰ ਹੁੰਦਾ ਹੈ, ਉਹ ਚਾਹ ਕੇ ਵੀ ਸਾਹ ਨਹੀਂ ਲੈ ਸਕਦੀ, ਦਾਜ ਪ੍ਰਥਾ, ਭਰੂਣ-ਹੱਤਿਆ ਜਿਹੇ ਮਾਰੂ ਵਿਚਾਰਾਂ ਉਤੇ ਵੀ ਬਾਖੂਬੀ ਚੋਟ ਕੀਤੀ ਹੈ, ਜੋ ਨੌਜਵਾਨ ਲੜਕੀਆਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਰਹੇ ਹਨ। 'ਕੂੜ ਫਿਰੇ ਪ੍ਰਧਾਨ ਵੇ ਲਾਲੋ' ਕਹਾਣੀ ਵਿਚ ਪੁਰਾਣੇ ਵਿਚਾਰਾਂ, ਲਾਈਲੱਗ ਬੁੱਢੀਆਂ ਤੇ ਨੂੰਹ ਸੱਸ ਦਾ ਕੁੜੱਤਣ ਭਰਿਆ ਵਰਤਾਓ ਵੀ ਪੇਸ਼ ਕੀਤਾ ਹੈ। ਵਾਰਤਾਲਾਪ ਬਹੁਤ ਹੀ ਢੁਕਵੀਂ ਹੈ।

ਲੇਖਕ ਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਵਿਦੇਸ਼ਾਂ ਵਿਚ ਜੋ ਖੁੱਲ੍ਹ ਨੌਜਵਾਨ ਕੁੜੀਆਂ-ਮੁੰਡੇ ਮਾਣ ਰਹੇ ਹਨ, ਉਹ ਘਰਾਂ ਦੀ ਬਰਬਾਦੀ ਵੱਲ ਜਾਂਦਾ ਰਾਹ ਉਲੀਕਦੀ ਹੈ। ਉਸ ਨੇ ਪੁਲਿਸ ਦੀਆਂ ਵਧੀਕੀਆਂ ਤੇ ਰਿਸ਼ਵਤ ਨੂੰ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਕਹਾਣੀ ਵਿਚ ਬਹੁਤ ਹੀ ਵਿਅੰਗਮਈ ਢੰਗ ਨਾਲ ਚਿਤਰਿਆ ਹੈ। 'ਰੋਹੀ ਦੇ ਕਾਫਲੇ' ਕਹਾਣੀ ਚੋਣ, ਪੁਲਿਸ, ਅਮਲੀ ਭ੍ਰਿਸ਼ਟ ਤੇ ਵਹਿਮਾਂ-ਭਰਮਾਂ ਨੂੰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਹੋਰ ਵਿਸ਼ੇ ਵੀ ਹਨ ਜਿਵੇਂ ਭਰਾ ਵੀ ਸ਼ਰੀਕ ਬਣ ਜਾਂਦੇ ਹਨ, ਵਿਦੇਸ਼ਾਂ ਵਿਚ ਮਾਂ ਦਾ ਵਿਛੋੜਾ ਅਸਹਿ ਹੁੰਦਾ ਹੈ ਤੇ ਜੀਵਨ ਤੰਗੀਆਂ-ਤੁਰਸ਼ੀਆਂ ਭਰਿਆ ਬੀਤਦਾ ਹੈ। ਪੈਸਾ ਭਰਾ ਭਰਾ ਵਿਚ ਪਾੜ ਪਾ ਦਿੰਦਾ ਹੈ ਤੇ ਮਾਪੇ ਦੁਖੀ ਹੁੰਦੇ ਹਨ। ਅੱਤਵਾਦ, ਝੂਠੇ ਪੁਲਿਸ ਮੁਕਾਬਲੇ ਵਿਚ ਹੁੰਦਾ ਨੌਜਵਾਨਾਂ ਦਾ ਘਾਣ, ਵਿਦੇਸ਼ਾਂ ਵਿਚ ਰਹਿੰਦੀ ਔਲਾਦ ਦੇ ਮਾਪੇ ਭਾਰਤ ਵਿਚ ਮੋਹ ਦੇ ਮਾਰੇ ਤੇ ਬੱਚਿਆਂ ਨੂੰ ਮਿਲਣ ਤੋਂ ਤਰਸਦੇ ਪ੍ਰਾਣ ਤਿਆਗ ਦਿੰਦੇ ਹਨ, ਡਾਕਟਰ ਦਾ ਪੇਸ਼ਾ ਇਨਸਾਨੀਅਤ ਨਹੀਂ ਸਗੋਂ ਪੈਸਾ ਕਮਾਉਣਾ, ਵਿਦੇਸ਼ਾਂ ਵਿਚੋਂ ਮੁੰਡੇ ਆ ਕੇ ਕਈ-ਕਈ ਵਿਆਹ ਕਰਵਾ ਲੈਂਦੇ ਹਨ ਤਾਂ ਵੀ ਮਾਪਿਆਂ ਨੂੰ ਧੀਆਂ ਦਾ ਦਰਦ ਨਹੀਂ ਸਗੋਂ ਲਾਲਚ ਮਾਰਦਾ ਹੈ ਅਤੇ ਧਰਮ ਦੇ ਨਾਂਅ 'ਤੇ ਹੁੰਦੀਆਂ ਲੜਾਈਆਂ, ਜਾਤ-ਪਾਤ ਤੇ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀਆਂ ਆਦਿ ਕਿਹੜਾ ਵਿਸ਼ਾ ਹੈ, ਜਿਸ ਨੂੰ ਲੇਖਕ ਨੇ ਖੂਬਸੂਰਤੀ ਨਾਲ ਪੇਸ਼ ਨਹੀਂ ਕੀਤਾ ਤੇ ਨਿਭਾਇਆ ਨਹੀਂ।

ਸ਼ਿਵਚਰਨ ਜੱਗੀ ਕੁੱਸਾ ਦੀਆਂ ਕਹਾਣੀਆਂ ਦੇ ਪਾਤਰ ਢੁਕਵੇਂ, ਵਾਰਤਾਲਾਪ ਸੁਚੱਜੀ, ਅਖਾਣ ਮੁਹਾਵਰਿਆਂ ਦੀ ਯੋਗ ਵਰਤੋਂ, ਕਹਾਣੀ ਰਸ ਪਾਠਕ ਨੂੰ ਕੀਲ ਲੈਣ ਦਾ ਗੁਣ ਹਨ। ਸਮਾਜ ਨੂੰ ਸੇਧ ਦਿੰਦੇ ਲੇਖਕ ਕੋਲੋਂ ਮਾਂ-ਬੋਲੀ ਤੇ ਪੰਜਾਬੀ ਸਾਹਿਤ ਨੂੰ ਬਹੁਤ ਆਸਾਂ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਮਰਨ ਕਿਨਾਰੇ
ਆਦਮੀ ਦੀ ਆਤਮ-ਕਥਾ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 134.

ਰਾਮ ਨਾਥ ਸ਼ੁਕਲਾ ਪੰਜਾਬੀ ਭਾਸ਼ਾ ਦਾ ਬਹੁ-ਵਿਧਾਈ ਲੇਖਕ ਹੈ। 'ਮਰਨ ਕਿਨਾਰੇ ਆਦਮੀ ਦੀ ਆਤਮ-ਕਥਾ' ਉਸ ਦੀ ਸੱਜਰੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਸਧਾਰਨ ਅਤੇ ਜਗਿਆਸੂ ਭਾਰਤੀ ਮਨੁੱਖ ਦੇ ਮੌਤ ਵੱਲ ਨੂੰ ਵਧ ਰਹੇ ਸਮੇਂ ਉਪਜਦੇ ਅੰਦਰੂਨੀ ਭਾਵਾਂ ਨੂੰ ਸਰਲ ਅਤੇ ਵਿਅੰਗਾਤਮਕ ਸ਼ੈਲੀ ਰਾਹੀਂ ਬਿਆਨ ਕਰਨ ਦਾ ਯਤਨ ਕੀਤਾ ਹੈ।

ਪੁਸਤਕ ਵਿਚ ਮੌਤ ਦੇ ਸਾਏ ਵਿਚ ਜੀ ਰਹੇ ਮਨੁੱਖ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਮਨੋਵਿਰਤੀਆਂ ਨੂੰ ਬਿਆਨ ਕਰਨ ਵਾਲੇ ਨਿੱਕੇ-ਨਿੱਕੇ ਆਕਾਰ ਦੇ 31 ਲੇਖ ਸ਼ਾਮਿਲ ਕੀਤੇ ਗਏ ਹਨ। ਰੱਬ ਵੱਲ ਧਿਆਨ, ਸਵਰਗ-ਨਰਕ ਬਾਰੇ ਅਨਿਸਚਿਤਤਾ, ਅਗੰਮ ਬਾਰੇ ਜਾਣਨ ਦੀ ਅਭਿਲਾਸ਼ਾ, ਕੀਤੇ ਕਰਮਾਂ 'ਤੇ ਨਜ਼ਰਸਾਨੀ, ਹੋਰ ਜਿਊਣ ਦੀ ਇੱਛਾ, ਪਤੀ/ਪਤਨੀ ਬਾਰੇ ਚਿੰਤਾ, ਔਲਾਦ ਦੇ ਭਵਿੱਖ ਬਾਰੇ ਸੋਚ, ਮਰਨ ਉਪਰੰਤ ਜਾਇਦਾਦ ਦਾ ਵਟਵਾਰਾ, ਕਾਰੋਬਾਰ ਦੇ ਵਿਗੜਨ ਦੀ ਸੋਚ, ਜੇ ਕੋਈ ਬਚਾ ਲਵੇ, ਸਮਝਦਾਰ ਵਾਰਸਾਂ ਨਾਲ ਵਿਚਾਰ, ਦੁਸ਼ਮਣਾਂ ਪ੍ਰਤੀ ਵਿਹਾਰ, ਪਰਿਵਾਰਕ ਮੈਂਬਰਾਂ ਵੱਲੋਂ ਬੇਰੁਖੀ, ਸਭ ਤੋਂ ਵਧੇਰੇ ਕਿਸ ਨੂੰ ਦੁੱਖ ਹੋਵੇਗਾ, ਮੌਤ ਤੋਂ ਡਰ ਲੱਗਣਾ, ਜਮਦੂਤਾਂ ਦੇ ਝਾਉਲੇ, ਪੁੰਨ ਦਾਨ, ਮੌਤ ਉਪਰੰਤ ਅਖੌਤੀ ਰਸਤੇ, ਮੁਕਤੀ ਬਾਰੇ ਇੱਛਾ, ਅਗਲੇ ਜਨਮ ਸਬੰਧੀ, ਅਧੂਰੇ ਕੰਮਾਂ ਬਾਰੇ ਚਿੰਤਾ, ਜੇ ਕੁਝ ਸਮਾਂ ਹੋਰ ਮਿਲ ਜਾਵੇ, ਦੇਣਦਾਰੀਆਂ ਦੀ ਚਿੰਤਾ, ਲੈਣਦਾਰੀਆਂ ਦੇ ਮਰਨ ਦੀ ਚਿੰਤਾ, ਮਰਨ ਉਪਰੰਤ ਕਰਮ-ਕਾਂਡ, ਚਿਤਰ ਗੁਪਤਾਂ ਅਤੇ ਧਰਮ ਰਾਜ ਦਾ ਡਰ, ਸੁਪਨਮਈ ਹਾਲਤ ਅਤੇ ਅੰਤਿਮ ਵਿਦਾਇਗੀ ਆਦਿ ਵਿਸ਼ਿਆਂ 'ਤੇ ਵਿਚਾਰ ਪੇਸ਼ ਕਰਦਿਆਂ ਲੇਖਕ ਨੇ ਢੁਕਵੀਂ ਥਾਂ 'ਤੇ ਇਤਿਹਾਸਕ ਅਤੇ ਮਿਥਿਹਾਸਕ ਹਵਾਲੇ ਦੇ ਕੇ ਪੁਸਤਕ ਨੂੰ ਸਾਰਥਕ ਅਤੇ ਦਿਲਚਸਪ ਬਣਾ ਦਿੱਤਾ ਹੈ।

ਆਸ ਹੈ ਪੰਜਾਬੀ ਪਾਠਕ ਇਸ ਪੁਸਤਕ ਨੂੰ ਬੜੀ ਦਿਲਚਸਪੀ ਨਾਲ ਪੜ੍ਹਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

ਪਿਛਲੇ ਜਨਮਾਂ ਦਾ ਸਫ਼ਰ
ਲੇਖਕ : ਡਾ: ਬਰਾਇਨ ਵੇੱਸ
ਅਨੁਵਾਦਕਾ : ਅਰੁਨ ਬਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 155.

ਭਾਰਤੀ ਅਧਿਆਤਮਵਾਦ ਦਾ ਬਹੁਤਾ ਹਿੱਸਾ ਆਵਾਗਵਣ ਵਿਚ, ਪੁਨਰ ਜਨਮ ਵਿਚ, ਪਿਛਲੇ ਤੇ ਅਗਲੇ ਜਨਮਾਂ ਵਿਚ ਪੂਰਾ ਵਿਸ਼ਵਾਸ ਰੱਖਦਾ ਹੈ ਪਰ ਦੂਜੇ ਪਾਸੇ ਤਰਕਸ਼ੀਲ ਤੇ ਵਿਗਿਆਨ 'ਚ ਵਿਸ਼ਵਾਸ ਰੱਖਣ ਵਾਲੇ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਮੰਨਦੇ।

ਹਥਲੀ ਪੁਸਤਕ ਜੋ ਕਿ ਡਾ: ਬਰਾਇਨ ਵੇੱਸ ਦੀ ਪੁਸਤਕ '$਼ਅਖ ;ਜਡਕਤ, $਼ਅਖ $਼ਤਵਕਗਤ' ਦਾ ਪੰਜਾਬੀ ਅਨੁਵਾਦ ਹੈ, ਵਿਚੋਂ ਪਿਛਲੇ ਜਨਮਾਂ ਦੇ ਸਫ਼ਰ ਦਾ ਸਫ਼ਰਨਾਮਾ ਜਾਣਿਆ ਜਾ ਸਕਦਾ ਹੈ। ਲੇਖਕ ਮੁਤਾਬਿਕ 18 ਮਹੀਨਿਆਂ 'ਚ ਵੀ ਵੱਖ-ਵੱਖ ਇਲਾਜਾਂ ਨਾਲ ਠੀਕ ਨਾ ਹੋਣ ਵਾਲੀ ਕੈਥਰੀਨ ਨਾਂਅ ਦੀ ਕੁੜੀ ਮਨੋਵਿਗਿਆਨ ਦੀ ਸੰਮੋਹਨ ਵਿਧੀ ਨਾਲ ਜਿਥੇ ਆਪ ਤੇ ਹੋਰ ਉਤਸਾਦ ਰੂਹਾਂ ਰਾਹੀਂ ਆਪਣੇ ਤੇ ਲਿਖਾਰੀ ਬਾਰੇ ਬੜਾ ਕੁਝ ਦੱਸ ਗਈ, ਉਥੇ ਖ਼ੁਦ ਵੀ ਇਸੇ ਅਨੁਕੂਲ ਵਰਤੀਆਂ ਇਲਾਜੀ ਜੁਗਤਾਂ ਸਦਕਾ ਪੂਰੀ ਤਰ੍ਹਾਂ ਠੀਕ ਹੋ ਗਈ। ਕੈਥਰੀਨ ਦੀ ਗੱਲ ਦੇ ਨਾਲ-ਨਾਲ ਲਿਖਾਰੀ ਨੇ ਉਸ ਨਾਲ ਗੁਜ਼ਾਰੇ ਵੱਖ-ਵੱਖ ਗੱਲਬਾਤੀ ਸੈਸ਼ਨਾਂ 'ਤੇ ਆਧਾਰਿਤ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਇਸ ਪੁਸਤਕ 'ਚ ਦਰਜ ਕੀਤੀਆਂ ਹਨ ਜਿਹਾ ਕਿ-

-ਜੇ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਜ਼ਿੰਦਗੀ ਅੰਤਹੀਣ ਹੈ, ਅਸੀਂ ਕਦੀ ਮਰਦੇ ਤਾਂ ਹੈ ਹੀ ਨਹੀਂ, ਸਿਰਫ ਸਰੀਰ ਬਦਲਦੇ ਹਾਂ, ਰੂਹ ਤਾਂ ਉਹੀ ਰਹਿੰਦੀ ਹੈ ਤਾਂ ਮੌਤ ਦਾ ਡਰ ਦੂਰ ਹੋ ਸਕਦਾ ਹੈ। (ਪੰਨਾ 87)

-ਜੇ ਮਨੁੱਖ ਨੂੰ ਵਿਸ਼ਵਾਸ ਹੋ ਜਾਵੇ ਕਿ ਉਹ ਅਣਗਿਣਤ ਜੀਵਨ ਜੀ ਚੁੱਕਾ ਹੈ ਅਤੇ ਇਹ ਸਿਲਸਿਲਾ ਭਵਿੱਖ ਵਿਚ ਵੀ ਚਲਦਾ ਰਹੇਗਾ ਤਾਂ ਉਹ ਕਿੰਨਾ ਬੋਝਮੁਕਤ ਹੋ ਜਾਵੇਗਾ। (ਪੰਨਾ 87)

-ਜੇ ਇਨਸਾਨ ਨੂੰ ਪਤਾ ਚੱਲ ਜਾਵੇ ਕਿ ਸਰੀਰਕ ਅਵਸਥਾ ਵਿਚ ਰੂਹਾਂ ਸਾਡੀ ਮਦਦ ਕਰਦੀਆਂ ਰਹਿੰਦੀਆਂ ਹਨ ਅਤੇ ਸਰੀਰ ਛੱਡਣ ਤੋਂ ਬਾਅਦ ਅਸੀਂ ਵੀ ਉਨ੍ਹਾਂ ਰੂਹਾਂ ਵਿਚ ਸ਼ਾਮਿਲ ਹੋ ਜਾਵਾਂਗੇ ਤੇ ਆਪਣੇ ਵਿਛੜੇ ਵਿਅਕਤੀਆਂ ਨੂੰ ਮਿਲਾਂਗੇ ਤਾਂ ਉਨ੍ਹਾਂ ਨੂੰ ਕਿੰਨਾ ਸਕੂਨ ਮਿਲੇਗਾ। (ਪੰਨਾ 87) ਪੁਸਤਕ ਦੀ ਅਨੁਵਾਦਿਕਾ ਦੀ ਇਹ ਗੱਲ ਵੀ ਗ਼ੌਰ ਦੇ ਕਾਬਲ ਹੈ ਕਿ 'ਜੇਕਰ ਵਹਿਮਾਂ, ਭਰਮਾਂ ਜਾਂ ਅੰਧ-ਵਿਸ਼ਵਾਸਾਂ ਦੀ ਕੱਟੜਤਾ ਗ਼ਲਤ ਹੈ ਤਾਂ ਤਰਕਵਾਦ ਵਿਚ ਵੀ ਅੜੀਅਲਪੁਣਾ ਸੰਭਵ ਨਹੀਂ ਹੈ।' ਨਿਰਸੰਦੇਹ ਇਹ ਪੁਸਤਕ ਮਨੁੱਖ ਦੇ ਪਿਛਲੇ ਜਨਮਾਂ ਦੇ ਸੰਕਲਪ ਨਾਲ ਸਬੰਧਤ ਮਨੋਵਿਗਿਆਨਕ ਪੱਖਾਂ ਨੂੰ ਬਾਖੂਬੀ ਬਿਆਨਦੀ ਹੈ। ਇਸ ਨੂੰ ਪੜ੍ਹਨ ਦਾ ਵੀ ਆਪਣੀ ਹੀ ਕਿਸਮ ਦਾ ਲੁਤਫ਼ ਹੈ।

-ਹਰਮੀਤ ਸਿੰਘ ਅਟਵਾਲ
ਮੋ: 98155-05287.

ਲੋਅ ਚਿਰਾਗਾਂ ਦੀ
(ਕਹਾਣੀ ਸੰਗ੍ਰਹਿ)
ਲੇਖਕ : ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਰੂਪਨਗਰ
ਪ੍ਰਕਾਸ਼ਕ:-ਤਰਲੋਚਨ ਪਬਲਿਸਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫੇ : 136.

ਲੋਅ ਚਿਰਾਗਾਂ ਦੀ ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਰੂਪਨਗਰ ਵੱਲੋਂ ਪ੍ਰਕਾਸ਼ਿਤ 21 ਲੇਖਕਾਂ ਦੀਆਂ ਕਹਾਣੀਆਂ ਦਾ ਅਜਿਹਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਕੋਰੇ ਅਤੇ ਜਨਰਲ ਸਕੱਤਰ ਪ੍ਰਿੰਸੀਪਲ ਯਤਿੰਦਰ ਕੌਰ ਮਾਹਲ ਨੇ ਉੱਚ-ਕੋਟੀ ਦੇ ਲੇਖਕਾਂ ਦੀਆਂ ਚੋਣਵੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਸਭਾ ਦਸ ਪੁਸਤਕਾਂ ਪਹਿਲਾਂ ਹੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਪੁਸਤਕ ਵਿਚ ਲਏ 21 ਚਿਰਾਗ (ਲੇਖਕ) ਏਨੇ ਡੂੰਘੇ, ਪ੍ਰਪੱਕ, ਪ੍ਰਗਤੀਵਾਦੀ, ਸੂਖਮਦਰਸ਼ੀ ਅਤੇ ਯਥਾਰਥ ਦੀ ਉਂਗਲ ਪਕੜ ਕੇ ਤੁਰਨ ਵਾਲੇ ਹਨ, ਜਿਨ੍ਹਾਂ ਦੀ ਲੋਅ (ਕਹਾਣੀਆਂ) ਸਮਾਜ ਨੂੰ ਰੁਸ਼ਨਾਉਂਦੀ ਹੈ।

ਕਹਾਣੀ ਸੰਗ੍ਰਹਿ ਵਿਚ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਦੀ ਝਲਕ ਹੈ। ਕਹਾਣੀਆਂ ਕਲਪਨਾ ਅਤੇ ਯਥਾਰਥ ਦੇ ਟਕਰਾਅ ਨੂੰ ਪੇਸ਼ ਕਰਦੀਆਂ ਹਨ। ਪੁਸਤਕ ਵਿਚਲੇ ਸਿਰਕੱਢ ਲੇਖਕਾਂ ਵਿਚ ਬਲਦੇਵ ਸਿੰਘ ਕੇਰੋ, ਯਤਿੰਦਰ ਕੌਰ ਮਾਹਲ, ਮਹਿੰਦਰ ਸਿੰਘ ਭਲਿਆਣ, ਰਾਹੁਲ ਸ਼ੁਕਲਾ, ਸੁਰਜੀਤ ਗੱਗ, ਡਾ:ਜਸਵੰਤ ਕੌਰ ਸੈਣੀ ਸੂਬਾ ਸੁਰਿੰਦਰ ਕੌਰ ਖਰਲ, ਬਲਵੰਤ ਸਿੰਘ ਸਨੇਹੀ, ਜਗਜੀਤ ਸਿੰਘ ਜੱਗਾ, ਡਾ: ਅਜਮੇਰ ਸਿੰਘ, ਚੈਂਚਲ ਸਿੰਘ, ਹੇਮਿੰਦਰ ਹੇਮ, ਸੁਰਿੰਦਰ ਕੌਰ ਭੋਗਲ, ਉਮ ਪ੍ਰਕਾਸ਼ ਮੈਨੀ, ਸੁਰਜੀਤ ਮੰਡ, ਧਰਮ ਸਿੰਘ ਸੈਣੀ 'ਤਾਲਾਪੁਰੀ', ਗੁਰਿੰਦਰ ਕਲਸੀ, ਸਰੂਪ ਸਿਆਲਵੀ, ਡਾ:ਗੁਰਚਰਨ ਕੌਰ ਗੰਭੀਰ, ਮਨਜੀਤ ਕੌਰ ਮੀਤ ਅਤੇ ਸੁਰੇਸ਼ ਭਿਉਰਾ (ਐਡਵੋਕੇਟ) ਸ਼ਾਮਿਲ ਹਨ।

ਵਿਸ਼ਾ ਵਸਤੂ ਤੇ ਰੂਪਕ ਪੱਖ ਤੋਂ ਉੱਤਮ ਸਾਰੀਆਂ ਕਹਾਣੀਆਂ ਵਿਚ ਭਾਰਤ-ਪਾਕਿ ਵੰਡ ਦਾ ਦ੍ਰਿਸ਼ (ਮਾਂ), ਖੇਤੀ ਸਮੱਸਿਆਵਾਂ ਤੇ ਜੱਟ ਦੀ ਮਾਨਸਿਕਤਾ (ਦਲਦਲ) ਸਵਰਗ-ਨਰਕ ਦੀ ਕਲਪਨਾ (ਨਜ਼ਰਸਾਨੀ) ਅੰਨਦਾਤੇ ਦੀ ਦਸ਼ਾ, ਗਰੀਬੀ ਦਾ ਜੰਜਾਲ, ਬੱਚੇ ਦਾ ਕਤਲ ਪਾਪੀ ਮਾਨਸਿਕਤਾ,ਪਿਆਰ ਦੀ ਥਾਂ ਲੜਕੀ ਦੁਆਰਾ ਟਾਈਮਪਾਸ, ਸਰਮਾਏ ਤੇ ਲੋਭ ਲਾਲਚ; ਵਹਿਮਾਂ-ਭਰਮਾਂ ਖਿਲਾਫ਼ ਚੇਤਨਾ, ਲੇਖਕ ਦੀ ਇਕ ਕਮਰੇ ਦੀ ਮਨੋਦਸ਼ਾ, ਬਜ਼ੁਰਗਾਂ ਵਿਚਲੀ ਮੋਹ-ਮਮਤਾ, ਮਨੁੱਖ ਦਾ ਨਿੱਜ, ਨੂੰਹ-ਸਹੁਰੇ ਦੇ ਸਬੰਧ, ਆਦਿ ਅਨੇਕਾਂ ਵਿਸ਼ਿਆਂ ਨੂੰ ਲੇਖਕਾਂ ਨੇ ਬਾਖੂਬੀ ਨਿਭਾਇਆ ਹੈ। ਕਹਾਣੀਆਂ ਦੇ ਵਿਸ਼ੇ ਸਾਡੇ ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਅਤੇ ਸਮੱਸਿਆਵਾਂ ਵਿਚੋਂ ਲਏ ਗਏ ਹਨ। ਸਮਾਜਿਕ ਆਰਥਿਕ ਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਖੁੱਸ ਰਹੇ ਦਰਦ ਕਾਰਨ ਪੀੜਤ ਵਰਗ ਨੂੰ ਸ਼ਿੱਦਤ ਨਾਲ ਚਿਤਰਿਆ ਗਿਆ ਹੈ। ਲੇਖਕਾਂ ਨੇ ਆਪਣੀਆਂ ਕਹਾਣੀਆਂ ਵਿਚ ਅੰਤਿਮ ਜਿੱਤ ਆਦਰਸ਼ਾਂ ਦੀ ਹੁੰਦੀ ਵਿਖਾਈ ਹੈ। ਹਰ ਕਹਾਣੀ ਆਪਣੇ ਅੰਦਰ ਆਪਣਾ ਆਪਣਾ ਦਰਦ ਛੁਪਾਈ ਬੈਠੀ ਹੈ। ਲੇਖਕਾਂ ਦਾ ਦ੍ਰਿਸ਼ਟੀਕੋਣ ਪ੍ਰਗਤੀਵਾਦੀ ਹੈ। ਵਿਸ਼ਾਲ ਅਨੁਭਵ ਤੇ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਰਚੀਆਂ ਇਹ ਕਹਾਣੀਆਂ ਵਰਤਮਾਨ ਸਮੇਂ ਦੀਆਂ ਪ੍ਰਤੀਨਿਧ ਕਹਾਣੀਆਂ ਸਿੱਧ ਹੋਈਆਂ ਹਨ, ਜਿਨ੍ਹਾਂ ਦਾ ਸਵਾਗਤ ਹੈ।

-ਰਮੇਸ਼ ਤਾਂਗੜੀ
ਮੋ: 94630-79655

ਸਹਿਜ
ਸ਼ਇਰ : ਡਾ: ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 120 ਰੁਪਏ, ਸਫ਼ੇ : 96.

ਡਾ: ਜਸਬੀਰ ਸਿੰਘ ਸਰਨਾ ਪੰਜਾਬੀ ਕਾਵਿ-ਖੇਤਰ ਦਾ ਨਾਮਵਰ ਹਸਤਾਖ਼ਰ ਹੈ ਤੇ ਉਹ ਲੋਕ-ਫ਼ਿਕਰਾਂ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ। ਹੁਣ ਤੱਕ ਉਸ ਦੀਆਂ ਡੇਢ ਦਰਜਨ ਦੇ ਕਰੀਬ ਪੰਜਾਬੀ ਅਤੇ ਅੱਧੀ ਦਰਜਨ ਦੇ ਕਰੀਬ ਅੰਗਰੇਜ਼ੀ ਜ਼ਬਾਨ ਵਿਚ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਕੁਝ ਧਾਰਮਿਕ ਹਨ ਤੇ ਕੁਝ ਨਿਰੋਲ ਸਾਹਿਤਕ ਪ੍ਰਕਾਸ਼ਨਾਵਾਂ ਹਨ। ਉਹ ਪੰਜਾਬੋਂ ਬਾਹਰ ਕਸ਼ਮੀਰ ਵਿਖੇ ਰਹਿ ਕੇ ਵੀ ਪੰਜਾਬੀ ਵਿਚ ਨਿਰੰਤਰ ਸਾਹਿਤ ਰਚਨਾ ਕਰ ਰਿਹਾ ਹੈ ਅਤੇ ਇਸੇ ਕਾਰਨ ਹੀ ਇਸ ਪੁਸਤਕ ਵਿਚ ਸ਼ਾਮਿਲ ਉਸ ਦੀਆਂ ਬਹੁਤੀਆਂ ਨਜ਼ਮਾਂ ਕਸ਼ਮੀਰ ਵਿਚ ਵਸਦੇ ਲੋਕਾਂ ਦੀ ਹੋਣੀ ਨਾਲ ਸਬੰਧਤ ਹਨ।

'ਸਹਿਜ' ਪੁਸਤਕ ਦੀ 'ਅੰਤਰ' ਨਜ਼ਮ ਵਿਚ ਉਹ ਜਿਥੇ ਧਰਮ ਦੇ ਨਾਂਅ 'ਤੇ ਹੋ ਰਹੇ ਅਧਰਮ ਦੀ ਪੋਲ ਖੋਲ੍ਹਦਾ ਹੈ ਓਥੇ 'ਕਾਤਲ' ਵਰਗੀ ਨਜ਼ਮ ਵਿਚ ਧਰਮ ਨੂੰ ਹਥਿਆਰ ਬਣਾ ਕੇ ਅਵਾਮ ਦਾ ਖ਼ੂਨ ਵਹਾਉਣ ਵਾਲੇ ਲੋਕਾਂ 'ਤੇ ਗੰਭੀਰ ਵਿਅੰਗ ਵੀ ਕੱਸਦਾ ਹੈ। ਉਸ ਨੂੰ ਬ੍ਰਹਿਮੰਡੀ ਕਿਤਾਬ 'ਚੋਂ ਸੱਚ ਦੀ ਇਬਾਰਤ ਦੀਆਂ ਕਰੂੰਬਲਾਂ ਫੁੱਟਣ ਦੀ ਆਸ ਹੈ ਅਤੇ ਇਸੇ ਸੱਚ ਨੂੰ ਉਹ ਕਾਵਿਕ ਲਿਬਾਸ ਨਾਲ ਹਰ ਨਜ਼ਮ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਡਾ: ਜਸਬੀਰ ਸਿੰਘ ਸਰਨਾ ਕੁਦਰਤੀ ਨਜ਼ਾਰਿਆਂ ਦਾ ਆਸ਼ਿਕ ਹੈ ਤੇ ਆਪਣੇ ਆਸੇ-ਪਾਸੇ ਦੇ ਸੁੰਦਰ ਨਜ਼ਾਰਿਆਂ 'ਚੋਂ ਉਹ ਜ਼ਿੰਦਗੀ ਦੇ ਭਿੰਨ-ਭਿੰਨ ਰਹੱਸਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ। 'ਸ਼ਾਲੀਮਾਰ ਬਾਗ਼', 'ਨਿਸ਼ਾਤ ਬਾਗ਼' ਤੇ 'ਤੇਰੀ ਕੁਦਰਤ' ਉਸ ਦੀਆਂ ਇਸੇ ਦ੍ਰਿਸ਼ਟੀ 'ਤੇ ਅਧਾਰਤ ਨਜ਼ਮਾਂ ਹਨ ਜੋ ਪਾਠਕ ਨੂੰ ਕਾਇਨਾਤ ਨਾਲ ਜੋੜਦੀਆਂ ਹਨ। ਡਾ: ਜਸਬੀਰ ਸਿੰਘ ਸਰਨਾ ਦੀ ਸ਼ਾਇਰੀ ਭ੍ਰਿਸ਼ਟ ਰਾਜਨੀਤੀ 'ਤੇ ਵੀ ਵਾਰ ਕਰਦੀ ਹੈ ਅਤੇ ਇਹ ਪੀੜਤ ਲੋਕਾਂ ਦੀ ਜ਼ਬਾਨ ਬਣ ਕੇ ਦਿਸ਼ਾ-ਸੂਚਕ ਵੀ ਬਣਦੀ ਹੈ। ਕੁੱਲ ਮਿਲਾ ਸਰਨਾ ਦੀ ਪੁਸਤਕ 'ਸਹਿਜ' ਲੋਕ-ਮਨਾਂ ਅੰਦਰਲੀ ਤਪਸ਼ ਦਾ ਪਰਤੌ ਹੈ ਤੇ ਇਹ ਸਮਾਜਿਕ ਤਬਦੀਲੀ ਲਈ ਇਕ ਇਮਾਨਦਾਰਾਨਾ ਕੋਸ਼ਿਸ਼ ਵੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਅੰਤਰ-ਨਾਦ
ਸ਼ਾਇਰ : ਵਿਜੈ ਭੱਟੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 94.

ਭਾਵੇਂ ਇਹ ਕਵੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਪਰ ਇਸ ਵਿਚ ਪ੍ਰੌਢਤਾ ਅਤੇ ਪ੍ਰਬੀਨਤਾ ਦੀ ਝਲਕ ਹੈ, ਜਿਸ ਨੂੰ ਅੰਤਰ-ਨਾਦ ਦੀ ਸਮਝ ਆ ਗਈ, ਉਸ ਨੂੰ ਜੀਵਨ ਦੇ ਰਹੱਸਾਂ ਤੇ ਰਮਜ਼ਾਂ ਦੀ ਸੋਝੀ ਹੋ ਜਾਂਦੀ ਹੈ। ਕਵੀ ਨੇ ਤਨ ਅਤੇ ਮਨ ਤੋਂ ਪਾਰ ਜਾ ਕੇ ਆਤਮਾ ਦੇ ਗਹਿਰੇ ਤਲ ਵਿਚ ਡੁਬਕੀ ਲਗਾਈ ਹੈ ਅਤੇ ਕਾਵਿ ਦੇ ਮਾਣ ਮੋਤੀਆਂ ਨੂੰ ਸਾਡੇ ਸਾਹਵੇਂ ਰੱਖਿਆ ਹੈ। ਕਈ ਕਵਿਤਾਵਾਂ ਬਹੁਤ ਡੂੰਘੇ ਅਰਥਾਂ ਵਾਲੀਆਂ ਹਨ ਅਤੇ ਧੁਰ ਅੰਦਰ ਤੱਕ ਲਹਿ ਜਾਂਦੀਆਂ ਹਨ। ਤੁਸੀਂ ਵੀ ਅਨੰਦ ਮਾਣੋ-

-ਕਈ ਵਾਰ ਉਮਰਾਂ ਦੀ ਤਪੱਸਿਆ ਤੋਂ ਬਾਅਦ ਵੀ

ਇੰਤਜ਼ਾਰ ਨਹੀਂ ਮੁੱਕਦਾ

ਤੇ ਕਈ ਵਾਰ ਇਕ ਪਲ ਦੀ ਤਪੱਸਿਆ ਹੀ

ਉਮਰਾਂ ਦੇ ਝਲਕਾਰੇ ਦੇ ਜਾਂਦੀ ਹੈ...

-ਮੈਂ ਕਦੀਮਾਂ ਤੋਂ ਅੰਨ੍ਹੇ ਯੋਗੀ ਦੀ ਹੋਣੀ ਹੰਢਾਈ

ਰੂਹ ਦੀ ਚਿੱਪੀ ਹੱਥ ਵਿਚ ਫੜਕੇ

ਦਰ ਦਰ ਅਲਖ ਜਗਾਈ

ਬੂਹੇ ਬੂਹੇ ਜਾ ਕੇ ਇਕੋ ਰਾਗ ਅਲਾਹਵਾਂ

ਕੋਈ ਖ਼ੈਰ ਇਸ਼ਕ ਦੀ...ਕੋਈ ਖ਼ੈਰ ਇਸ਼ਕ ਦੀ...

-ਜ਼ਿੰਦਗੀ ਇਕਲਾਪਿਆਂ ਦਾ ਵਾਸ ਹੈ

ਸੂਰਜਾ ਹਾਲੇ ਵੀ ਤੇਰੀ ਆਸ ਹੈ।

ਮੁਹੱਬਤਾਂ, ਇਕਲਾਪਿਆਂ, ਅਹਿਸਾਸਾਂ, ਜਜ਼ਬਿਆਂ, ਵਲਵਲਿਆਂ ਅਤੇ ਸ਼ਿੱਦਤਾਂ ਭਰੀ ਇਹ ਸ਼ਾਇਰੀ ਜਿਥੇ ਸਾਡੇ ਹਿਰਦੇ ਨੂੰ ਹਲੂਣਦੀ ਹੈ, ਉਥੇ ਚੇਤਨਾ ਨੂੰ ਵੀ ਟੁੰਬਦੀ ਹੈ। ਸ਼ਾਇਰ ਕੋਲ ਭਾਵਾਂ ਦੀ ਅਮੀਰੀ ਹੈ ਅਤੇ ਚਿੰਤਨ ਦੀ ਗਹਿਰਾਈ ਹੈ। ਸਹਿਜ ਸੁਹਜ ਅਤੇ ਮਖ਼ਮਲੀ ਅਹਿਸਾਸ ਦੀ ਇਹ ਸ਼ਾਇਰੀ ਮਾਣਨਯੋਗ ਅਤੇ ਵਿਚਾਰਯੋਗ ਹੈ। ਇਸ ਦਾ ਭਰਪੂਰ ਸੁਆਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਆਵਾਂ
ਲੇਖਿਕਾ : ਚਿਤਰਾ ਮੁਦਗਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ
ਮੁੱਲ : 500 ਰੁਪਏ, ਸਫ਼ੇ : 616.

ਚਿਤਰਾ ਮੁਦਗਲ ਹਿੰਦੀ ਸਾਹਿਤ ਖੇਤਰ ਦੀ ਸਥਾਪਿਤ ਲੇਖਿਕਾ ਹੈ, ਜਿਸ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਚੇਤਨ ਕਰਨ ਲਈ ਅਹਿਮ ਤੇ ਸੁਚੇਤ ਭੂਮਿਕਾ ਨਿਭਾਈ ਹੈ। ਚਿਤਰਾ ਮੁਦਗਲ ਦੀਆਂ ਹੁਣ ਤੱਕ 40 ਦੇ ਕਰੀਬ ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਦੇ ਨਾਵਲ 'ਆਵਾਂ' ਨੂੰ 'ਵਿਆਸ ਸਨਮਾਨ' ਨਾਲ ਸਨਮਾਨਿਆ ਵੀ ਜਾ ਚੁੱਕਿਆ ਹੈ। 'ਆਵਾਂ' ਨਾਵਲ ਦਾ ਮੂਲ ਵਸਤੂ ਟਰੇਡ ਯੂਨੀਅਨ ਸੱਭਿਆਚਾਰ ਨਾਲ ਸੰਬੰਧਿਤ ਹੈ। ਕਿਵੇਂ ਟਰੇਡ ਯੂਨੀਅਨ ਵਿਚ ਕੰਮ ਕਰਨ ਵਾਲੇ ਵਰਕਰ ਸਰਕਾਰੀ, ਗ਼ੈਰ-ਸਰਕਾਰੀ, ਬਾਹਰੀ ਤੇ ਅੰਦਰੂਨੀ ਚਾਲਾਂ ਦਾ ਸ਼ਿਕਾਰ ਹੁੰਦੇ ਤੇ ਸੰਤਾਪ ਭੁਗਤਦੇ ਹਨ। ਇਨ੍ਹਾਂ ਮੁੱਦਿਆਂ ਨੂੰ ਲੇਖਿਕਾ ਨੇ ਇਸ ਨਾਵਲ ਵਿਚ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਲੇਖਿਕਾ ਇਸ ਨਾਵਲ ਦੀ ਭੂਮਿਕਾ ਵਿਚ ਦੱਸਦੀ ਹੈ ਕਿ ਉਸ ਨੇ ਖ਼ੁਦ ਟਰੇਡ ਯੂਨੀਅਨ ਵਿਚ ਸਰਕਾਰੀ ਵਰਕਰ ਵਜੋਂ ਕਾਰਜ ਕੀਤਾ ਹੈ। ਇਸ ਲਈ ਉਸ ਦੇ ਬਿਆਨ ਵਿਚ ਆਪਣੀ ਹੀ ਕਿਸਮ ਦੀ ਯਥਾਰਥਕਤਾ ਤੇ ਮੌਲਿਕਤਾ ਵੇਖਣ ਨੂੰ ਮਿਲਦੀ ਹੈ। ਇਸ ਨਾਵਲ ਵਿਚ ਲੇਖਿਕਾ ਨੇ ਹੋਰ ਪਾਤਰਾਂ ਦੇ ਪ੍ਰਸੰਗ ਵਿਚ ਨਾਰੀ ਪਾਤਰਾਂ ਨੂੰ ਵਿਸਤ੍ਰਿਤ ਰੂਪਾਂ ਵਿਚ ਚਿਤਰਣ ਵਿਚ ਜਿਸ ਬਾਰੀਕ ਤੇ ਸੂਖਮ ਦ੍ਰਿਸ਼ਟੀ ਦਾ ਪ੍ਰਗਟਾਵਾ ਕੀਤਾ ਹੈ, ਉਹ ਵੇਖਣਯੋਗ ਹੈ। ਨਵਨਿੰਦਰਾ ਘੁੰਮਣ ਦੁਆਰਾ ਕੀਤਾ ਅਨੁਵਾਦ ਬਹੁਤ ਵਧੀਆ ਹੈ। ਇਸ ਵਡਆਕਾਰੀ ਨਾਵਲ ਨੂੰ ਪਾਠਕ ਜ਼ਰੂਰ ਪਸੰਦ ਕਰਨਗੇ।

ਫ਼ਕੀਰੀ ਰਮਜ਼ਾਂ-2
ਸ਼ਾਇਰਾ : ਰਾਵੀ ਭੰਗੂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

ਰਾਵੀ ਭੰਗੂ ਬਹੁਪੱਖੀ ਲੇਖਕਾ ਹੈ ਜਿਸ ਨੇ ਆਲੋਚਨਾ, ਕਵਿਤਾ ਅਤੇ ਨਾਵਲ ਖ਼ੇਤਰ ਵਿਚ ਸਰਾਹੁਣਯੋਗ ਕਾਰਜ ਕੀਤਾ ਹੈ। 'ਫ਼ਕੀਰੀ ਰਮਜ਼ਾਂ-2' ਉਸ ਦੀ ਛੇਵੀਂ ਪ੍ਰਕਾਸ਼ਨਾ ਹੈ ਜਿਸ ਵਿਚ ਸ਼ਾਇਰਾ ਦੀਆਂ ਚਾਰ-ਚਾਰ ਸਤਰਾਂ ਦੀਆਂ ਸੁਤੰਤਰ ਕਾਵਿ-ਟੁਕੜੀਆਂ ਸ਼ਾਮਿਲ ਹਨ। 'ਫ਼ਕੀਰੀ ਰਮਜ਼ਾਂ-1' ਵਿਚ ਵੀ ਉਸ ਨੇ ਇਸੇ ਲਹਿਜੇ ਨੂੰ ਅਪਣਾਇਆ ਸੀ ਤੇ ਇਹ ਸਿਲਸਿਲਾ ਦੂਸਰੇ ਭਾਗ ਵਿਚ ਛਪ ਕੇ ਹੋਰ ਵਿਸ਼ਾਲ ਹੋ ਗਿਆ ਹੈ। ਇਸ ਪੁਸਤਕ ਦੀਆਂ ਕਾਵਿ-ਟੁਕੜੀਆਂ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਜ਼ਿੰਦਗੀ ਦੀ ਵਿਸ਼ਾਲ ਕੈਨਵਸ 'ਤੇ ਉਤਾਰਦੀਆਂ ਹਨ ਜਿਨ੍ਹਾਂ 'ਚੋਂ ਪਾਠਕ ਨੂੰ ਬੜੇ ਕੋਮਲ ਇਹਸਾਸਾਤ ਪ੍ਰਾਪਤ ਹੁੰਦੇ ਹਨ। ਕੁਝ ਕਾਵਿ-ਟੁਕੜੀਆਂ ਟੱਪਿਆਂ ਦੇ ਰੂਪ ਵਿਚ ਹਨ, ਜਿਨ੍ਹਾਂ ਵਿਚ ਸਰਲਤਾ ਦੇ ਨਾਲ ਲੋਕ ਰੰਗ ਵੀ ਹੈ। ਸ਼ਾਇਰਾ ਨਿੱਜੀ ਜੀਵਨ ਖ਼ਾਸ ਕਰਕੇ ਮੁਹੱਬਤ ਨੂੰ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਸਮਝਦੀ ਹੈ ਤੇ ਇਸ ਪੁਸਤਕ ਦੀ ਸ਼ਾਇਰੀ ਵਿਚ ਇਹ ਰੰਗ ਬੜੀ ਸੁਲਝੀ ਹੋਈ ਕਲਾਤਮਕ ਸ਼ੈਲੀ ਰਾਹੀਂ ਦ੍ਰਿਸ਼ਟੀਗੋਚਰ ਹੁੰਦੇ ਹਨ। ਉਹ ਆਪਣੇ-ਆਪ ਨੂੰ ਪ੍ਰਸ਼ਨ ਵੀ ਕਰਦੀ ਹੈ ਤੇ ਆਪੇ ਹੀ ਉੱਤਰ ਦਿੰਦੀ ਹੈ ਤੇ ਇਹ ਉੱਤਰ ਪਾਠਕ ਲਈ ਜ਼ਿੰਦਗੀ ਜਿਊਣ ਦੇ ਰਾਹ ਦਸੇਰੇ ਵੀ ਬਣਦੇ ਪ੍ਰਤੀਤ ਹੁੰਦੇ ਹਨ। ਸ਼ਾਇਰਾ ਲੋਕਾਂ ਦੇ ਮਗਰ ਚੱਲਣ ਦੀ ਥਾਂ ਪਾਠਕ ਨੂੰ ਖ਼ੁਦ ਨਵੇਂ ਰਸਤੇ ਤਲਾਸ਼ਣ ਦੀ ਸਲਾਹ ਦਿੰਦੀ ਹੈ ਤੇ ਨਵੀਆਂ ਮੰਜ਼ਲਾਂ ਦੀ ਦੱਸ ਪਾਉਂਦੀ ਹੈ। ਕੁਝ ਕਾਵਿ-ਟੁਕੜੀਆਂ ਵਿਵੇਕ ਦੀ ਥਾਂ ਉਪਦੇਸ਼ਕ ਵੀ ਹਨ ਪਰ ਇਨ੍ਹਾਂ ਦੀ ਮਹੱਤਤਾ ਜ਼ਿੰਦਗੀ ਨੂੰ ਸੰਵਾਰਨ ਲਈ ਘੱਟ ਨਹੀਂ ਹੈ। ਇਸ ਪੁਸਤਕ ਦੀ ਕਵਿਤਾ ਭਾਵੇਂ ਸੰਪੂਰਨ ਤੌਰ 'ਤੇ ਛੰਦ ਬੰਦ ਨਹੀਂ ਆਖੀ ਜਾ ਸਕਦੀ ਪਰ ਫਿਰ ਵੀ ਇਹ ਬੜਾ ਬੱਝਵਾਂ ਪ੍ਰਭਾਵ ਸਿਰਜਦੀ ਹੈ। ਭੰਗੂ ਦੀ ਇਹ ਪੁਸਤਕ ਪ੍ਰਸੰਸਾ ਦੇ ਕਾਬਿਲ ਹੈ, ਜਿਸ ਤੋਂ ਪਾਠਕ ਨੂੰ ਕਾਫ਼ੀ ਕੁਝ ਜਾਣਨ ਨੂੰ ਮਿਲਦਾ ਹੈ। ਆਸ ਹੈ ਉਸ ਦੀ ਅਗਲੀ ਪੁਸਤਕ ਇਸ ਤੋਂ ਵੀ ਬਿਹਤਰ ਹੋਵੇਗੀ।

-ਗੁਰਦਿਆਲ ਰੌਸ਼ਨ
ਮੋ: 9988444002.

ਪੱਥਰ ਕੈਕਟਸ ਤੇ ਕੱਚਾ ਦੁੱਧ
ਲੇਖਕ : ਮੰਗਲ ਸਿੰਘ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

'ਪੱਥਰ ਕੈਕਟਸ ਤੇ ਕੱਚਾ ਦੁੱਧ' ਦਾ ਰਚਾਇਤਾ ਸ: ਮੰਗਲ ਬਰਾੜ ਇਕ ਸੇਵਾਮੁਕਤ ਅਧਿਆਪਕ ਹੈ। ਹਥਲੀ ਪੁਸਤਕ ਉਸ ਦੀ ਪਹਿਲੀ ਰਚਨਾ ਮਾਲੂਮ ਹੁੰਦੀ ਹੈ। ਉਹ ਮਾਂ-ਬੋਲੀ ਪੰਜਾਬੀ ਨੂੰ ਅੰਤਾਂ ਦਾ ਮੋਹ ਕਰਨ ਵਾਲਾ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਵਿਅਕਤੀ ਹੈ। ਇਸ ਪੁਸਤਕ ਵਿਚ ਉਸ ਦੀਆਂ 37 ਕਵਿਤਾਵਾਂ ਸੰਕਲਿਤ ਹੋਈਆਂ ਹਨ। ਉਹ ਜੀਵਨ ਦੇ ਹਰ ਪੱਖ ਨੂੰ ਕਾਵਿਬੱਧ ਕਰਨ ਵਾਲਾ ਇਕ ਉਤਸ਼ਾਹੀ ਕਵੀ ਹੈ। ਇਹੀ ਕਾਰਨ ਹੈ ਕਿ ਇਸ ਰਚਨਾ ਵਿਚ ਇਤਿਹਾਸ, ਸਮਕਾਲ, ਸੱਭਿਆਚਾਰ, ਧਰਮ ਅਤੇ ਰਾਜਨੀਤੀ ਆਦਿ ਬਹੁਤ ਸਾਰੇ ਸਰੋਕਾਰਾਂ ਬਾਰੇ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ। ਆਧੁਨਿਕ ਜੀਵਨ ਦੀਆਂ ਚਲਾਕੀਆਂ ਅਤੇ ਚਤੁਰਾਈਆਂ ਵੀ ਉਸ ਦੀਆਂ ਇਨ੍ਹਾਂ ਕਵਿਤਾਵਾਂ ਦੀ ਵਸਤੂ-ਸਮੱਗਰੀ ਬਣੀਆਂ ਹਨ। ਇਕ ਕਵਿਤਾ ਵਿਚ ਉਹ ਲਿਖਦਾ ਹੈ : 'ਸਾਊ ਬੰਦਾ ਭੁੰਜੇ ਬੈਠਾ ਧਰਤੀ ਖੁਰਚ ਰਿਹੈ, ਜਿਨ੍ਹਾਂ ਖਾਧੀ ਰਿਸ਼ਵਤ ਵੇਖੋ ਚੜ੍ਹ ਗਏ ਸਿਖਰ ਚੁਬਾਰੇ 'ਤੇ। ਪਿਛਲਾ ਝੰਬਿਆ ਰਾਸ ਨਹੀਂ ਆਇਆ ਅੰਗ ਅੰਗ ਦੁਖੇ ਪੰਜਾਬ ਦਾ, ਹਾੜਾ ਤੀਲੀ ਨਾ ਲਾਓ ਕਰੋ ਕੁਝ ਤਾਂ ਤਰਸ ਵਿਚਾਰੇ 'ਤੇ। ਬੇਲਿਆਂ ਦੇ ਵਿਚ ਮੋੜੇ ਲਾਉਂਦੇ ਰਾਂਝੇ ਹੰਭ ਗਏ, ਚੁੱਪ ਚੁਪੀਤੇ ਨੰਬਰ ਲਾ ਗਏ ਖੇੜੇ ਆਣ ਛੁਹਾਰੇ ਤੇ।' (ਪੰਨਾ 87)

ਮੰਗਲ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ਦੀਆਂ ਸੱਚੀਆਂ-ਸੁੱਚੀਆਂ ਰਵਾਇਤਾਂ ਨੂੰ ਵੀ ਆਪਣੀਆਂ ਕਈ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਨਵੇਂ ਵਰ੍ਹੇ ਦੀ ਇਕ ਦੁਆ, ਬਿਜਾਰੇ ਦਾ ਮੰਗਲਾਚਰਨ, ਚਾਲੀ ਮੁਕਤੇ, ਕੋਈ ਮੋੜ ਲਿਆਵੋ, ਇਕ ਧੀ ਦੀ ਅਰਜ਼ੋਈ, ਇਕ ਗੀਤ ਧੀਆਂ ਦੇ ਨਾਂਅ, ਅੰਤਰਰਾਸ਼ਟਰੀ ਬਾਲ ਵਰ੍ਹਾ ਅਤੇ ਪਰਉਪਕਾਰੀ ਗੁਰੂ ਨਾਨਕ ਇਸ ਵੰਨਗੀ ਦੀਆਂ ਕਵਿਤਾਵਾਂ ਹਨ। ਪਰ ਹਰ ਕਵੀ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਕਵਿਤਾਵਾਂ ਲਿਖਣੀਆਂ ਆਸਾਨ ਨਹੀਂ ਹੁੰਦੀਆਂ। ਅਜਿਹੀਆਂ ਕਵਿਤਾਵਾਂ ਦੀ ਰਚਨਾ ਕਰਨ ਸਮੇਂ ਕਵੀ ਆਪਣੇ ਨਿੱਜੀ ਅਨੁਭਵ ਦਾ ਪ੍ਰਯੋਗ ਨਹੀਂ ਕਰ ਪਾਉਂਦਾ, ਬਲਕਿ ਰਵਾਇਤੀ ਅਨੁਭਵ ਉਸ ਦੀ ਲੇਖਣੀ ਨੂੰ ਮੱਲ ਲੈਂਦਾ ਹੈ, ਜਿਸ ਕਾਰਨ ਕਵਿਤਾ ਸਧਾਰਨ ਪੱਧਰ ਦੀ ਬਣ ਜਾਂਦੀ ਹੈ।

ਮੰਗਲ ਸਿੰਘ ਬਰਾੜ ਨੇ ਭਾਵੇਂ ਆਪਣੀ ਕਿਸੇ ਵੀ ਕਵਿਤਾ ਨੂੰ 'ਗ਼ਜ਼ਲ' ਦਾ ਨਾਂਅ ਨਹੀਂ ਦਿੱਤਾ ਪਰ ਉਸ ਦੀਆਂ ਬਹੁਤੀਆਂ ਕਵਿਤਾਵਾਂ ਅਸਲ ਵਿਚ ਗ਼ਜ਼ਲਾਂ ਹਨ। ਮੇਰੇ ਖਿਆਲ ਅਨੁਸਾਰ ਜੇ ਉਹ ਅਭਿਆਸ ਕਰਦਾ ਰਹੇ ਤਾਂ ਕਾਫੀ ਚੰਗੀ ਗ਼ਜ਼ਲ ਕਹਿ ਸਕਦਾ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ:

ਦੁਨੀਆ ਦੀ ਦੁਰਕਾਰੀ ਅੱਖ।

ਸੱਜਣਾਂ ਦੀ ਸਤਿਕਾਰੀ ਅੱਖ।

ਪਲ ਵਿਚ ਕਿੰਨੇ ਰੰਗ ਬਦਲਦੀ,

ਚੰਚਲ, ਖੇਖਣਹਾਰੀ ਅੱਖ।

ਸਾਂਭੀ ਬੈਠੀ ਲੱਖ ਵੀਰਾਨੇ,

ਸੁਰਮੇ ਨਾਲ ਸ਼ਿੰਗਾਰੀ ਅੱਖ।

(ਪੰਨੇ 18-19)

ਕਵੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਨੁਭਵ ਦੀ ਵਿਲੱਖਣਤਾ ਨੂੰ ਪਛਾਣੇ ਅਤੇ ਰਵਾਇਤੀ ਵਿਸ਼ਿਆਂ ਦੀ ਬਜਾਇ ਅਜੋਕੇ ਜੀਵਨ ਲਈ ਪ੍ਰਾਸੰਗਿਕ ਵਿਸ਼ਿਆਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਰੂਪਮਾਨ ਕਰੇ।

ਪਾਣੀ ਲੱਭਣ ਦਰਿਆ
ਲੇਖਕ : ਗੁਰਬਖ਼ਸ਼ ਸਿੰਘ ਸੈਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 112.

ਸ: ਗੁਰਬਖ਼ਸ਼ ਸਿੰਘ ਸੈਣੀ ਹਰਿਆਣਾ ਪ੍ਰਦੇਸ਼ ਦਾ ਇਕ ਨਾਮਵਰ ਕਵੀ ਹੈ। ਉਹ ਪਿਛਲੇ 30-32 ਵਰ੍ਹਿਆਂ ਤੋਂ ਕਾਵਿ-ਸਿਰਜਣਾ ਕਰ ਰਿਹਾ ਹੈ ਅਤੇ ਹੁਣ ਤੱਕ ਉਸ ਦੇ 6 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। 'ਪਾਣੀ ਲੱਭਣ ਦਰਿਆ' ਵਿਚ ਉਸ ਦੀਆਂ 19 ਕਵਿਤਾਵਾਂ, 44 ਗ਼ਜ਼ਲਾਂ, 13 ਰੁਬਾਈਆਂ ਅਤੇ 12 ਫੁਟਕਲ ਸ਼ਿਅਰ ਸੰਕਲਿਤ ਕੀਤੇ ਗਏ ਹਨ। ਉਸ ਦੀ ਇਕ ਗ਼ਜ਼ਲ ਦੇ ਕੁਝ ਸ਼ਿਅਰ ਵੇਖੋ :

ਹੋਇਆ ਦਿਲ ਹੈ ਬਹੁਤ ਲਾਚਾਰ।

ਪੜ੍ਹਿਆ ਅੱਜ ਦਾ ਜਦ ਅਖ਼ਬਾਰ।

ਜ਼ਖ਼ਮ ਖਾ ਤੱਕਿਆ ਜਦ ਪਿੱਛੇ,

ਯਾਰ ਦੇ ਹੱਥ 'ਚ ਸੀ ਤਲਵਾਰ।

ਕੁੱਤੀ ਚੋਰਾਂ ਨਾਲ ਹੈ ਰਲ ਗਈ,

ਬਾ-ਮੁਲਾਹਜ਼ਾ ਹੋ ਹੁਸ਼ਿਆਰ।

(ਪੰਨਾ 91)

ਗੁਰਬਖ਼ਸ਼ ਸਿੰਘ ਸੈਣੀ ਨੂੰ ਪੂੰਜੀਵਾਦੀ ਨਿਜ਼ਾਮ ਦੀ ਇਸ ਖ਼ਸਲਤ ਉੱਪਰ ਬੜਾ ਯੋਗ ਗਿਲਾ ਹੈ ਕਿ ਇਸ ਨਿਜ਼ਾਮ ਵਿਚ ਜਲਵਾਯੂ, ਧਰਤੀ, ਕੁਦਰਤੀ ਵਸੀਲੇ ਅਤੇ ਸਮਾਜਿਕ-ਸੱਭਿਆਚਾਰਕ ਰਿਸ਼ਤੇ ਆਦਿ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ। ਕੋਈ ਵੀ ਚੀਜ਼ ਸੱਚੇ-ਸੁੱਚੇ ਰੂਪ ਵਿਚ ਨਹੀਂ ਮਿਲਦੀ। ਮੁਨਾਫ਼ਾਖੋਰੀ ਦੀ ਰੁਚੀ ਦੇ ਕਾਰਨ ਮਨੁੱਖ ਨੇ ਹਰ ਵਸਤੂ, ਭਾਵ ਅਤੇ ਰਿਸ਼ਤੇ ਵਿਚ ਮਿਲਾਵਟ ਕਰ ਦਿੱਤੀ ਹੈ। ਦੇਖੋ:

ਗੰਧਲ ਗਏ ਨੇ ਖੂਹ ਸਰਵਰ

ਵੀ, ਬਦਲੇ ਰੰਗ ਦਿਸ਼ਾਵਾਂ ਦੇ।

ਪੁਣ ਪੁਣ ਪਾਣੀ ਪੀਣੇ ਪੈਂਦੇ,

ਗੰਗਾ ਮਾਈ ਦਰਿਆਵਾਂ ਦੇ।

ਕੁਬੇਰਪ੍ਰਸਤਾਂ ਤੋੜ ਦਿੱਤੇ ਨੇ,

ਰਿਸ਼ਤੇ ਭੈਣ ਭਰਾਵਾਂ ਦੇ।

ਘਰ ਘਰ ਪੂਜੇ ਜਾਂਦੇ ਨੇ ਬੁੱਤ

ਕਾਰੂੰ ਜਿਹੀਆਂ ਬਲਾਵਾਂ ਦੇ।

ਕਵੀ ਅਨੁਸਾਰ ਅਜੋਕੇ ਸਿਆਸਤਦਾਨਾਂ ਨੇ ਸਮੁੱਚੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਉਲਝਾ ਕੇ ਭ੍ਰਿਸ਼ਟਾਚਾਰ ਦੀ ਪਕੜ ਵਿਚ ਲੈ ਆਂਦਾ ਹੈ। ਇਸ ਦੌਰ ਵਿਚ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਵਿਚ ਨਿਘਾਰ ਆ ਗਿਆ ਹੈ ਅਤੇ ਇਖ਼ਲਾਕੀ ਗਿਰਾਵਟ ਕੈਂਸਰ ਵਾਂਗ ਸਮਾਜ ਦੇ ਹਰ ਅੰਗ ਵਿਚ ਫੈਲ ਗਈ ਹੈ। ਕਵੀ ਚਾਹੁੰਦਾ ਹੈ ਕਿ ਇਸ ਦੌਰ ਨੂੰ ਸਹੀ ਸੇਧ ਦੇਣ ਲਈ ਐਸਨਿਨ, ਮਾਇਕੋਵਸਕੀ, ਚਿਰਾਗ਼ਦੀਨ ਦਾਮਨ, ਰੂਸੋ ਅਤੇ ਤਸਲੀਮਾ ਨਸਰੀਨ ਵਰਗੇ ਬੇਬਾਕ ਅਤੇ ਨਿਰਭੈ ਲੇਖਕ ਅੱਗੇ ਆਉਣ। ਕਵੀ ਖ਼ੁਦ ਵੀ ਸਮਾਜਿਕ ਅਧਿਕਾਰ ਅਤੇ ਅਨਾਚਾਰ ਨੂੰ ਦੂਰ ਕਰਨ ਵਾਸਤੇ ਅੱਗੇ ਨਿਤਰਿਆ ਹੋਇਆ ਹੈ। ਉਸ ਨੂੰ ਕਾਵਿ-ਸ਼ਿਲਪ ਦੇ ਖੇਤਰ ਵਿਚ ਅਜੇ ਕੁਝ ਹੋਰ ਅਭਿਆਸ ਕਰਨ ਦੀ ਜ਼ਰੂਰਤ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਤਿਤਲੀਆਂ ਦੀ ਤਲਾਸ਼ ਵਿਚ
ਲੇਖਕ : ਗੁਰਦੀਪ ਸਿੰਘ ਪੁਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136.

ਹਥਲੀ ਪੁਸਤਕ ਵੱਖ-ਵੱਖ ਕਹਾਣੀਕਾਰਾਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਸ਼ਿਵਚਰਨ ਗਿੱਲ ਦੀ ਕਹਾਣੀ 'ਮੁੰਡਾ ਠੀਕ ਕਹਿੰਦਾ ਸੀ' ਵਿਚ ਮਾਂ ਦੀ ਮਾਨਸਿਕਤਾ ਨੂੰ ਉਲੀਕਿਆ ਗਿਆ ਹੈ, ਜੋ ਆਪਣੇ ਅੰਦਰ ਪੰਜਾਬੀ ਪਰਿਵਾਰਕ ਸੋਚ ਸਮੋਈ ਬੈਠੀ ਹੈ ਅਤੇ ਵਿਦੇਸ਼ੀ ਨੂੰਹ ਨਾਲ ਉਸ ਦੀ ਸੁਰ ਨਹੀਂ ਮਿਲ ਸਕਦੀ। ਉਹ ਵਿਦੇਸ਼ ਵਿਚ ਇਕਲਾਪਾ ਹੰਢਾਅ ਰਹੀ ਬੁਢਾਪਾ ਕਟਦੀ ਹੈ ਪਰ ਬੁਢਾਪੇ ਵਿਚ ਹੋਰ ਵਿਆਹ ਬਾਰੇ ਸੋਚ ਵੀ ਨਹੀਂ ਸਕਦੀ। ਉਸ ਦੀ ਮਾਨਸਿਕਤਾ ਨੂੰ ਗਿੱਲ ਨੇ ਬਾਖੂਬੀ ਚਿਤਰਿਆ ਹੈ। 'ਬੇਕਸੂਰ ਰਾਜੀ' (ਡਾ: ਹਰੀਸ਼ ਮਲਹੋਤਰਾ) ਵਿਚ ਭਰੂਣ ਹਤਿਆ ਬਾਰੇ ਗੱਲ ਕੀਤੀ ਹੈ, ਧੀ ਪੁੱਤਰ ਵਿਚਲੇ ਅੰਤਰ ਨੂੰ ਪੇਸ਼ਾ ਕੀਤਾ ਹੈ, ਸਾਂਝੇ ਪਰਿਵਾਰ ਦੀ ਸਮੱਸਿਆ ਤੇ ਔਰਤ ਦੀ ਮੰਦਹਾਲੀ ਨੂੰ ਰਾਜੀ ਪਾਤਰ ਰਾਹੀਂ ਚਿਤਰਿਆ ਹੈ, ਜਿਸ ਨੂੰ ਨਾ ਸਹੁਰਿਆਂ ਘਰ ਢੋਈ ਤੇ ਨਾ ਪੇਕੇ ਘਰ, ਉਹ ਇੱਕਲ ਮਾਰੀ ਪਾਗਲਖਾਨੇ ਮੌਤ ਦੇ ਮੂੰਹ ਜਾ ਪੈਂਦੀ ਹੈ। 'ਕਾਲਾ ਧੱਬਾ' (ਡਾ: ਗੁਰਦਿਆਲ ਸਿੰਘ ਰਾਏ) ਵਿਚ ਔਰਤ ਨੂੰ ਗੁਲਾਮ ਹੀ ਸਮਝਿਆ ਜਾਂਦਾ ਹੈ। 'ਬੰਦੇ ਦਾ ਪੁੱਤ' (ਪੁਰੀ) ਵਿਚ ਪੁਰਸ਼ ਦੀ ਮਾਨਸਿਕਤਾ ਤੇ ਔਰਤ ਦੇ ਅਗਾਂਹਵਧੂ ਕਦਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਉਲੀਕਿਆ ਹੈ। ਬਲਦੇਵ ਸਿੰਘ ਦੀ ਲਿਖੀ ਕਹਾਣੀ 'ਸਾਨੂੰ ਕੌਣ ਪੁਛਦਾ?' ਵਿਚ ਲਾਲਾ ਭਾਗ ਰਾਜ ਪਾਤਰ ਰਾਹੀਂ ਪੁਰਸ਼ ਦੀ ਜੁਆਨ ਰਹਿਣ ਤੇ ਪਤਨੀ ਦਾ ਸਾਥ ਮਾਨਣ ਦੀ ਲੋਚਾ ਨੂੰ ਖੂਬਸੂਰਤੀ ਨਾਲ ਚਿਤਰਿਆ ਹੈ, ਉਸ ਦੀ ਮਾਨਸਿਕਤਾ, ਅੰਤਰੀਵ ਇੱਛਾ ਦਾ ਦਮਨ ਨਹੀਂ ਹੁੰਦਾ, ਸਗੋਂ ਵਧੇਰੇ ਪ੍ਰਬਲ ਹੋ ਜਾਂਦੀ ਹੈ ਤੇ ਪਤਨੀ ਤੇ ਨੂੰਹ ਵਿਚ ਫ਼ਰਕ ਨਹੀਂ ਸਮਝ ਸਕਦਾ। 'ਮਾਜੀ' ਕਹਾਣੀ ਪਿਆਰ ਦੀ ਕਮੀ ਤੇ ਸਖ਼ਤੀ ਜੀਵਨ ਦਾ ਰੁਖ਼ ਹੀ ਬਦਲ ਦਿੰਦੀ ਹੈ, ਨੂੰ ਦਰਸਾਇਆ ਹੈ। ਹਰ ਔਰਤ ਮਰਦ ਵਿਚ ਇਕ ਦੱਬੀ ਇੱਛਾ ਹੁੰਦੀ ਹੈ, ਪਿਆਰ ਦੇਣ ਤੇ ਪਿਆਰ ਲੈਣ ਦੀ। 'ਨਾ ਮੰਮੀ ਨਾ' ਵਿਚ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। 'ਟਾਂਗੇ ਵਾਲਾ' (ਸ. ਸ. ਖਾਲਸਾ) ਵਿਚ ਹਿੰਦੂ ਮੁਸਲਿਮ ਏਕਤਾ ਅਤੇ ਇਨਸਾਨੀਅਤ ਤੇ ਹੈਵਾਨੀਅਤ ਨੂੰ ਚਿਤਰਿਆ ਹੈ। ਅੱਤਵਾਦ ਜਿਹੇ ਵਿਸ਼ੇ ਨੂੰ 'ਕਾਲੀ ਰਾਤ' ਕਹਾਣੀ ਵਿਚ ਪੇਸ਼ ਕੀਤਾ ਹੈ। ਡਾ: ਨੂਰ ਭਾਰਤੀ ਦੀ ਕਹਾਣੀ 'ਖ਼ਤ ਜੋ ਤੂੰ ਨਹੀਂ ਪੜ੍ਹ ਸਕੇਂਗੀ' ਵਿਚ ਵਿਦੇਸ਼ੀ ਵਸਦੇ ਮੁੰਡਿਆਂ ਨਾਲ ਵਿਆਹ ਇਕ ਧੋਖਾ ਹੈ, ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਮਰਦ ਦੀ ਤੰਗ ਸੋਚ ਤੇ ਔਰਤ ਮਰਦ ਬਰਾਬਰ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਕਹਾਣੀਆਂ ਵਿਚ ਪਾਤਰ ਉਸਾਰੀ, ਵਾਰਤਾਲਾਪ ਤੇ ਕਹਾਣੀ ਰਸ ਬਹੁਤ ਸੁਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ। ਉਤਸੁਕਤਾ ਕਾਇਮ ਰਹਿੰਦੀ ਹੈ, ਹਰ ਕਹਾਣੀ ਆਪਣੇ-ਆਪ ਵਿਚ ਇਕ ਸੁਨੇਹੀ ਸਮੋਈ ਬੈਠੀ ਹੈ ਸਮਾਜ ਲਈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਹੁਣ ਅਲਵਿਦਾ ਹੁੰਦੇ ਨੇ ਖ਼ਤ
ਸ਼ਾਇਰਾ : ਡਾ: ਗੁਰਮਿੰਦਰ ਸਿੱਧੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

ਸ਼ਾਇਰੀ ਆਤਮਾ ਦਾ ਨਾਦ ਹੈ। ਇਹ ਰੂਹਾਂ ਦੇ ਵਿਸਮਾਦ ਵਿਚੋਂ ਝਰਨੇ ਵਾਂਗ ਫੁੱਟਦੀ ਹੈ। ਡਾ: ਸਿੱਧੂ ਦੇ ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਅਲੋਪ ਹੁੰਦੇ ਜਾ ਰਹੇ ਵਿਰਸੇ ਲਈ ਅੰਤਾਂ ਦੀ ਤੜਪ ਹੈ, ਉਥੇ ਹੀ ਲਹਿਲਹਾਉਂਦੀਆਂ ਫਸਲਾਂ ਵਰਗਾ ਖੇੜਾ ਤੇ ਭਰਪੂਰਤਾ ਵੀ ਹੈ। ਉਸ ਦੀ ਸ਼ਾਇਰੀ ਗੁਆਚ ਰਹੇ ਸਿਰਨਾਵਿਆਂ ਦੇ ਨਾਂਅ ਹੈ। ਉਸ ਨੇ ਬਹੁਤ ਹੀ ਖੂਬਸੂਰਤੀ ਅਤੇ ਖੂਬਸੀਰਤੀ ਨਾਲ ਅਲਵਿਦਾ ਹੁੰਦੇ ਜਾ ਰਹੇ ਖ਼ਤਾਂ, ਉਨ੍ਹਾਬੀ ਰੰਗ ਦੇ ਸੁਫਨਿਆਂ, ਜ਼ਖਮੀ ਹੋਏ ਰਿਸ਼ਤਿਆਂ ਅਤੇ ਪੰਜਾਬੀ ਤੋਂ ਬੇਮੁਖ ਹੋਏ ਪੰਜਾਬੀਆਂ ਦੇ ਨਾਂਅ ਆਪਣੇ ਕਾਵਿ-ਸੁਨੇਹੇ ਭੇਜੇ ਹਨ। ਇਨ੍ਹਾਂ ਵਿਲਕਣੀਆਂ ਦੀਆਂ ਕੁਝ ਝਲਕਾਂ ਤੁਹਾਡੇ ਰੂ-ਬਰੂ- ਹਨ-

-ਫੋਨਾਂ ਦੀ ਟੁਣਕਾਰ ਵਿਚ

ਈ-ਮੇਲਾਂ ਦੀ ਰੁੱਤ ਵਿਚ

ਫੇਸ-ਬੁੱਕਾਂ ਦੀ ਭੀੜ ਵਿਚ

ਬੰਨ੍ਹ ਰਹੇ ਨੇ ਗੰਢੜੀਆਂ

ਸਭ ਖ਼ਤ ਗੁਲਾਬੀ ਰੰਗ ਦੇ।

-ਲੱਕੜਾਂ ਦੀ ਅੱਗ

ਬੁਝਾਈ ਜਾ ਸਕਦੀ ਹੈ

ਲਫਜ਼ਾਂ ਦੀ ਨਹੀਂ।

-ਜਿਹਦਾ ਹਰ ਅੰਗ ਜ਼ਖ਼ਮੀ ਹੈ, ਉਹ ਫਿਰ ਖੰਜਰ ਨੂੰ ਕੀ ਜਾਣੇ

ਜਿਹਦੀ ਹਰ ਰੁੱਤ ਅਗਵਾ ਹੈ, ਉਹ ਫਿਰ ਅੰਬਰ ਨੂੰ ਕੀ ਜਾਣੇ।

ਗ਼ਜ਼ਲਾਂ, ਮਿੰਨੀ ਕਵਿਤਾਵਾਂ ਅਤੇ ਨਜ਼ਮਾਂ ਦੀ ਇਹ ਚੰਗੇਰ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਹੈ। ਇਸ ਸ਼ਾਇਰੀ ਵਿਚੋਂ ਸਮੁੱਚੇ ਪੰਜਾਬ ਅਤੇ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਅਣਜੰਮੀਆਂ ਦਾ ਘਾਣ, ਬਜ਼ੁਰਗਾਂ ਦਾ ਅਪਮਾਨ ਅਤੇ ਸਮਾਜਿਕ ਤਸ਼ੱਦਦ ਇਨ੍ਹਾਂ ਨਜ਼ਮਾਂ ਵਿਚ ਜਿਸ ਭਾਵਪੂਰਤ ਢੰਗ ਨਾਲ ਚਿਤਰੇ ਗਏ ਹਨ, ਉਨ੍ਹਾਂ ਨੂੰ ਪੜ੍ਹ ਕੇ ਹਰ ਇਕ ਦਾ ਅੰਦਰ ਹਿੱਲ ਜਾਂਦਾ ਹੈ। ਜਿਥੇ ਇਸ ਸ਼ਾਇਰੀ ਵਿਚ ਸਹਿਜ, ਸੁਹਜ ਅਤੇ ਸੱਜਰੇ ਫੁੱਲਾਂ ਵਰਗੀ ਮਹਿਕ ਹੈ, ਉਥੇ ਹੀ ਕੰਡਿਆਂ ਨਾਲ ਲਹੂ-ਲੂਹਾਣ ਹੋਏ ਮਾਸਮੂ ਦਿਲਾਂ ਦੀ ਕੁਰਲਾਹਟ ਵੀ ਹੈ। ਇਹ ਸਫਲ ਅਤੇ ਸਾਰਥਕ ਕਾਵਿ ਸਮੁੱਚੀ ਮਨੁੱਖਤਾ ਲਈ ਰਾਹ-ਦਸੇਰਾ ਬਣਦਾ ਹੈ। ਆਪਣੇ ਅੰਤਿਮ ਸ਼ਿਅਰ ਵਿਚ ਸ਼ਾਇਰਾ ਕਾਵਿ ਦੀ ਨਵੀਂ ਨੁਹਾਰ ਅਤੇ ਆਸ ਨੂੰ ਜਗਾਉਂਦੀ ਹੋਈ ਆਖਦੀ ਹੈ-

ਸੁੰਨ ਲੈ ਕੇ ਪੋਹ ਦੀ, ਮਾਘ ਦੀ, ਭੱਜੀ ਆਉਂਦੀ ਹੈ ਸ਼ਾਮ

ਨਜ਼ਮਾਂ ਦੀ, ਗ਼ਜ਼ਲਾਂ ਦੀ, ਕਿਸੇ ਧੂਣੀ ਨੂੰ ਬਾਲ ਰੱਖੀਂ।

ਆਸ ਹੈ ਉਸ ਦੀ ਸ਼ਾਇਰੀ ਦੀ ਪੂਣੀ ਦਾ ਨਿੱਘ ਸਦਾ ਕਾਇਮ ਰਹੇਗਾ। ਆਮੀਨ!

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਗੀਤਾਂ ਨਾਲ ਪ੍ਰੀਤਾਂ
ਲੇਖਕ : ਪਿਆਰਾ ਸਿੰਘ ਭਾਗੂ ਮਾਜਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80.

ਗੀਤਾਂ ਨਾਲ ਪ੍ਰੀਤਾਂ ਪੁਸਤਕ ਵਿਚ ਪਿਆਰਾ ਸਿੰਘ ਭਾਗੂ ਨੇ ਹਰ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਉਹ ਆਰਥਿਕ ਹੋਵੇ, ਸਮਾਜਿਕ, ਰਾਜਨੀਤਕ ਜਾਂ ਧਾਰਮਿਕ। ਲੇਖਕ ਨੇ ਬੜੀ ਸਹਿਜਤਾ ਨਾਲ ਸਮਾਜ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਪੱਖ ਨੂੰ ਬਿਆਨ ਕੀਤਾ ਹੈ।

ਪੁਸਤਕ ਦੀ ਸ਼ੁਰੂਆਤ ਅਧਿਆਤਮਿਕ ਰੰਗਤ ਵਾਲੀ ਕਵਿਤਾ ਨਾਲ ਕੀਤੀ ਹੈ, ਜਿਸ ਵਿਚ ਨਿੱਤ ਦੇ ਕਰਮ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਂਅ ਧਿਆਉਣ 'ਤੇ ਜ਼ੋਰ ਦਿੱਤਾ ਹੈ।

ਆਜਾ ਫੇਰ ਦੁਨੀਆ ਤੇ ਇਕ ਵਾਰੀ ਨਾਨਕਾ

ਜ਼ੁਲਮਾਂ ਨੇ ਹੱਦ ਮੁਕਾਈ

ਐ ਨਾਨਕਾ, ਤੇਰੇ ਬਿਨਾਂ ਕੋਈ ਨਾ ਸਹਾਈ।

ਸਮਾਜ ਵਿਚ ਵਧ ਰਹੀ ਭਰੂਣ-ਹੱਤਿਆ, ਦਾਜ ਦੇ ਲੋਭੀਆਂ ਦੀ ਭੇਟ ਚੜ੍ਹ ਰਹੀ ਮੁਟਿਆਰ, ਨੌਜਵਾਨਾਂ ਵਿਚ ਵਧ ਰਿਹਾ ਨਸ਼ਿਆਂ ਦਾ ਰੁਝਾਨ, ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਰ ਰੋਜ਼ ਹੁੰਦੇ ਸੜਕ ਹਾਦਸਿਆਂ ਦੀ ਭੇਟ ਚੜ੍ਹ ਰਹੀ ਬਜ਼ੁਰਗ ਮਾਂ-ਬਾਪ ਦੀ ਔਲਾਦ, ਅਤੇ ਮਤਲਬ-ਪ੍ਰਸਤ ਹੁੰਦੀ ਜਾ ਰਹੀ ਲੋਕਾਈ ਨੂੰ ਦੇਖ ਕੇ ਲੇਖਕ ਦਾ ਹਿਰਦਾ ਵਲੂੰਦਰਿਆ ਜਾਂਦਾ ਹੈ। ਲੇਖਕ ਦਾ ਕੋਮਲ ਮਨ ਆਪਣੀ ਕਵਿਤਾ ਰਾਹੀਂ, ਪਾਠਕਾਂ ਨੂੰ ਬੜੇ ਸਰਲ ਸ਼ਬਦਾਂ ਰਾਹੀਂ ਹਲੂਣਦਾ ਹੈ। ਸਵਾਲ ਉਠਾਉਂਦਾ ਹੈ ਕਿ ਅਜੋਕਾ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਆਪਸੀ ਰਿਸ਼ਤਿਆਂ ਵਿਚ ਬੇਗਾਨਗੀ ਭਰਦੀ ਜਾ ਰਹੀ ਹੈ। ਪੈਸੇ ਦੀ ਪ੍ਰਧਾਨਤਾ ਕਾਰਨ ਖੂਨ ਦੇ ਰਿਸ਼ਤੇ ਪੇਤਲੇ ਹੁੰਦੇ ਜਾ ਰਹੇ ਹਨ।

ਅੱਜ ਫਿਰਦੇ ਥੱਲੇ ਲਾਉਣ ਨੂੰ, ਇਕ ਦੂਜੇ ਨੂੰ ਸਾਰੇ।

ਰਿਸ਼ਤਾ ਨੌਂਹ ਤੇ ਮਾਸ ਦਾ ਅੱਜ ਟੁੱਟਣ ਕਿਨਾਰੇ।

ਓਪਰੀ ਨਜ਼ਰੇ ਵੇਖਿਆਂ ਭਾਗੂ ਮਾਜਰਾ ਦੀ ਕਵਿਤਾ ਬੜੀ ਸਧਾਰਨ ਲਗਦੀ ਹੈ ਪਰ ਜਿਹੜੇ ਮਸਲਿਆਂ 'ਤੇ ਲੇਖਕ ਨੇ ਸਵਾਲ ਉਠਾਏ ਹਨ, ਉਹ ਵਿਚਾਰਨਯੋਗ ਹਨ। ਰਿਸ਼ਤਿਆਂ ਵਿਚਲੇ ਨਿੱਘ ਨੂੰ ਮਾਨਣ ਲਈ ਉਨ੍ਹਾਂ ਦੀ ਆਪਸੀ ਨਜ਼ਾਕਤ ਨੂੰ ਸਮਝਣ ਦੀ ਲੋੜ ਹੈ। ਬਿਗਾਨੀਆਂ ਧੀਆਂ ਨੂੰ ਮਾਰਨ ਤੋਂ ਪਹਿਲਾਂ ਇਸ ਗੱਲ ਨੂੰ ਵਾਚਣ ਦੀ ਲੋੜ ਹੈ ਕਿ ਉਹ ਵੀ ਕਿਸੇ ਦੀ ਜਾਈ ਹੈ। ਲੇਖਕ ਨੇ ਜਿੰਨੀ ਸੰਜੀਦਗੀ ਨਾਲ ਆਪਣੀ ਪੁਸਤਕ ਵਿਚ ਮਸਲਿਆਂ ਨੂੰ ਉਭਾਰਿਆ ਹੈ, ਓਨੀ ਹੀ ਸੰਜੀਦਗੀ ਨਾਲ ਪਾਠਕਾਂ ਨੂੰ ਵਿਚਾਰਨਾ ਪਵੇਗਾ। ਭਾਗੂ ਮਾਜਰਾ ਦੀ ਇਸ ਸੰਜੀਦਾ ਪਹਿਲ ਨੂੰ ਜੀ ਆਇਆਂ।

ਸ਼ਬਦ ਬੂੰਦ
ਲੇਖਕ : ਡਾ: ਅਜੀਤਪਾਲ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 176.

ਕਿੱਤੇ ਵਜੋਂ ਮਨੁੱਖ ਦੇ ਸਰੀਰਕ ਰੋਗਾਂ ਦੇ ਮਾਹਿਰ ਡਾਕਟਰ ਨੇ ਹਥਲੀ ਪੁਸਤਕ ਵਿਚ ਉਨ੍ਹਾਂ ਸਾਰੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਹੈ ਜੋ ਸਧਾਰਨ ਲੋਕਾਈ ਵਿਚ ਆਮ ਪ੍ਰਚਲਿਤ ਹੈ। ਡਾ: ਅਜੀਤਪਾਲ ਨੇ ਉਨ੍ਹਾਂ ਸਮੱਸਿਆਵਾਂ ਨੂੰ ਵੀ ਪਾਠਕਾਂ ਦੇ ਧਿਆਨਗੋਚਰੇ ਲਿਆਂਦਾ ਹੈ ਜਿਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਿਆ-ਵਿਚਾਰਿਆ ਨਹੀਂ ਜਾਂਦਾ। ਜਿਵੇਂ 'ਕੀ ਹੈ ਸੰਤ ਤੇ ਸਿਆਸਤ ਦਾ ਤਾਲਮੇਲ', 'ਕੀ ਹੈ ਭ੍ਰਿਸ਼ਟਾਚਾਰ ਦੀ ਬੁਨਿਆਦ', 'ਕਿੰਨਾ ਭੁੱਖਾ ਤੇ ਬਿਮਾਰ ਦੇਸ਼ ਹੈ ਸਾਡਾ', 'ਬੀ. ਟੀ. ਬੈਂਗਨ ਬਨਾਮ ਮੋਸਾਂਟੋ ਦੀ ਸਾਜ਼ਿਸ਼', ਆਦਿ ਕਈ ਅਜਿਹੇ ਲੇਖ ਹਨ ਜੋ ਇਹ ਵਿਚਾਰਨ 'ਤੇ ਮਜਬੂਰ ਕਰਦੇ ਹਨ ਕਿ ਜੋ ਕੁਝ ਵੀ ਨਜ਼ਰ ਆਉਂਦਾ ਹੈ, ਉਸ ਪਿੱਛੇ ਅਸਲ ਕਾਰਨ ਕੀ ਹਨ? ਅਜਿਹੇ ਕੀ ਕਾਰਨ ਹਨ ਕਿ ਸਾਡਾ ਦੇਸ਼ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹੋ ਰਿਹਾ ਹੈ। ਕਾਰਨ ਸਾਫ਼ ਹੈ 'ਸੂਚਨਾ ਦੀ ਕਮੀ, ਕੰਮ ਨਾਲ ਜੁੜੀ ਜਾਣਕਾਰੀ ਨਾ ਹੋਣਾ, ਮਾਰਗ ਦਰਸ਼ਨ ਦੀ ਘਾਟ, ਬੌਸ ਜਾਂ ਸਹਿਕਰਮੀਆਂ ਨਾਲ ਮੱਤਭੇਦ ਆਦਿ ਕਈ ਕਾਰਨ ਹਨ ਜਿਨ੍ਹਾਂ ਕਾਰਨ ਮਨੁੱਖ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ।

ਡਾ: ਅਜੀਤਪਾਲ ਨੇ ਸਮਾਜ ਵਿਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਵੱਲ ਹੀ ਧਿਆਨ ਨਹੀਂ ਦਿਵਾਇਆ ਸਗੋਂ ਨਾਲ-ਨਾਲ ਸੁਝਾਅ ਵੀ ਦਿੱਤੇ ਹਨ ਕਿ ਕਿਵੇਂ ਮਨੁੱਖ ਆਪਣੇ ਚੌਗਿਰਦੇ ਨੂੰ ਤਣਾਅ-ਮੁਕਤ ਕਰ ਸਕਦਾ ਹੈ। ਸਾਮਰਾਜੀ ਵਿਸ਼ਵੀਕਰਨ ਅਤੇ ਦਲਾਲਨੁਮਾ ਸਰਮਾਏਦਾਰੀ ਦਾ ਗਠਜੋੜ ਅਜਿਹੇ ਦੌਰ ਵਿਚ ਦਾਖਲ ਹੋ ਚੁੱਕਾ ਹੈ ਜਿਸ ਦੀ ਮਾਰ ਹੇਠ ਸਮੁੱਚੀ ਦੁਨੀਆ ਦੀ ਕੁੱਲ ਵਸੋਂ ਹੀ ਨਹੀਂ ਸਗੋਂ ਕੁਦਰਤ ਵੀ ਇਸ ਦੀ ਲਪੇਟ ਵਿਚ ਆ ਰਹੀ ਹੈ। ਲੇਖਕ ਦਾ ਮੰਨਣਾ ਹੈ ਕਿ ਜੇਕਰ ਸਮਾਂ ਰਹਿੰਦੇ ਮਨੁੱਖ ਸੁਚੇਤ ਨਾ ਹੋਇਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਆਪਣੀ ਨਸਲ ਦਾ ਆਪ ਹੀ ਘਾਣ ਕਰ ਦੇਵੇਗਾ।

ਸ਼ਬਦ ਬੂੰਦ ਪੁਸਤਕ ਵਿਚ ਡਾ: ਅਜੀਤਪਾਲ ਨੇ ਤੱਤਾਂ ਤੇ ਤੱਥਾਂ ਸਹਿਤ ਆਪਣੀ ਗੱਲ ਕਹੀ ਹੈ। ਇਹ ਇਕ ਸੰਭਾਲਣਯੋਗ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਵਿਚਾਰਿਆ ਜਾ ਸਕਦਾ ਹੈ। ਲੇਖਕ ਨੇ ਆਪਣੇ ਹਰ ਲੇਖ ਵਿਚ ਛੋਟੀ ਤੋਂ ਛੋਟੀ ਗੱਲ ਨੂੰ ਬੜੀ ਪੁਖਤਗੀ ਨਾਲ ਵਿਚਾਰਿਆ ਹੈ। ਅੰਕੜਿਆਂ ਦਾ ਵੇਰਵਾ ਦਿੱਤਾ ਹੈ। ਪੁਸਤਕ ਸਰਲ ਸ਼ਬਦ ਹੈ ਜੋ ਸਧਾਰਨ ਪਾਠਕ ਦੀ ਪਹੁੰਚ ਤੋਂ ਬਾਹਰ ਨਹੀਂ ਜਾਂਦੀ। ਉਮੀਦ ਹੈ ਕਿ ਜਿਨ੍ਹਾਂ ਖ਼ਤਰਿਆਂ ਵੱਲ ਡਾ: ਅਜੀਤਪਾਲ ਸਿੰਘ ਨੇ ਸੰਕੇਤ ਕੀਤਾ ਹੈ, ਪਾਠਕ ਉਨ੍ਹਾਂ ਨੂੰ ਵਿਚਾਰਨਗੇ ਵੀ ਤੇ ਵਿਸਥਾਰਨਗੇ ਵੀ।

-ਜਗਜੀਤ ਜੌਲੀ
ਮੋ: 94638-28001

ਬਚਪਨ ਦੀਆਂ ਬਾਤਾਂ
ਲੇਖਕ : ਡਾ: ਹਰਨੇਕ ਸਿੰਘ ਕੋਮਲ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ ਅੰਮ੍ਰਿਤਸਰ
ਮੁੱਲ : 80 ਰੁਪਏ, ਸਫ਼ੇ : 64.

ਕਵੀ, ਆਲੋਚਕ ਅਤੇ ਬਤੌਰ ਮਿੰਨੀ ਕਹਾਣੀ ਰਚੇਤਾ ਵਜੋਂ ਪੰਜਾਬੀ ਸਾਹਿਤਕਾਰੀ 'ਚ ਨਾਮਣਾ ਖੱਟਣ ਵਾਲੇ ਡਾ: ਹਰਨੇਕ ਸਿੰਘ ਕੋਮਲ ਨੇ 'ਬਚਪਨ ਦੀਆਂ ਬਾਤਾਂ' ਨਾਂਅ ਦੀ ਇਹ ਸਵੈ-ਜੀਵਨੀ ਰਚ ਕੇ ਆਪਣੇ ਬਚਪਨ, ਬਚਪਨ ਦੀਆਂ ਯਾਦਾਂ ਅਤੇ ਬਚਪਨ ਦੀਆਂ ਅਨੇਕਾਂ ਮਹੱਤਵਪੂਰਨ ਘਟਨਾਵਾਂ ਨੂੰ ਇਸ ਪੁਸਤਕ ਵਿਚ ਮਹਿਫੂਜ਼ ਕਰ ਲਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਮੁਕਤਸਰ ਦੀ ਤਹਿਸੀਲ ਮਲੋਟ ਦੇ ਇਕ ਪਛੜੇ ਹੋਏ ਇਲਾਕੇ ਦੇ ਇਕ ਸਾਧਾਰਨ ਪਿੰਡ ਆਲਮਵਾਲਾ ਵਿਚ ਜਨਮ ਲੈ ਕੇ ਕਿਵੇਂ ਇਕ ਉੱਚ ਕੋਟੀ ਦੇ ਸਾਹਿਤਕਾਰ, ਇਕ ਕਾਲਜ ਦੇ ਕਾਮਯਾਬ ਪ੍ਰੋਫੈਸਰ ਵਜੋਂ ਖ਼ੁਦ ਨੂੰ ਨਿਰਮਿਤ ਅਤੇ ਸਥਾਪਿਤ ਕੀਤਾ ਆਪਣੇ-ਆਪ 'ਚ ਚਮਤਕਾਰ ਤੋਂ ਘੱਟ ਨਹੀਂ।

ਇਸ ਪੁਸਤਕ 'ਚ ਉਨ੍ਹਾਂ ਨੇ 1947 ਦੇ ਨੇੜੇ-ਤੇੜੇ ਦੇ ਮਾਲਵੇ ਦੇ ਪਿੰਡਾਂ ਦੀ ਤਸਵੀਰ ਪੇਸ਼ ਕੀਤੀ ਹੈ। ਇਨ੍ਹਾਂ ਪਿੰਡਾਂ ਵਿਚ ਰਹਿਣ ਵਾਲੇ ਉਨ੍ਹਾਂ ਵਿਦਿਆਰਥੀਆਂ ਦਾ ਸੰਘਰਸ਼ ਇਸ ਪੁਸਤਕ ਵਿਚ ਚਿਤਰਿਆ ਗਿਆ ਹੈ, ਜਿਹੜੇ ਪੜ੍ਹਨ ਦਾ ਜਨੂੰਨ ਦੀ ਹੱਦ ਤੱਕ ਸ਼ੌਕ ਰੱਖਦੇ ਸਨ ਅਤੇ ਆਪਣੇ ਇਸ ਸ਼ੌਕ ਨੂੰ ਪੂਰਨ ਲਈ ਉਨ੍ਹਾਂ ਕਿਨ੍ਹਾਂ-ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਇਸ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਰਾਣੇ ਅਤੇ ਅੱਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਫ਼ਰਕ ਬਿਆਨ ਕਰਦੇ ਹੋਏ, ਉਸ ਸਮੇਂ ਦੇ ਵਿਦਿਅਕ ਢਾਂਚੇ ਦਾ ਖੂਬਸੂਰਤ ਉਲੇਖ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਰਾਣੇ ਪੰਜਾਬ ਦੀਆਂ ਅਨੇਕਾਂ ਸੱਭਿਆਚਾਰਕ ਧਾਰਮਿਕ ਖੂਬੀਆਂ ਦਾ ਵਰਨਣ ਕਰਦਿਆਂ ਸਵੈ-ਜੀਵਨੀਕਾਰ ਡਾ: ਕੋਮਲ ਨੇ ਅੱਜ ਦੀ ਕੋਹਝੀ ਸਿਆਸਤ 'ਤੇ ਯਥਾਰਥਕ ਟਿੱਪਣੀਆਂ ਪੇਸ਼ ਕੀਤੀਆਂ ਹਨ। ਆਪਣੇ ਪਿੰਡ ਦੀਆਂ ਖੂਬੀਆਂ ਦਾ ਚਿੱਤਰ ਪੇਸ਼ ਕਰਦਾ ਕਰਦਾ ਡਾ: ਹਰਨੇਕ ਸਿੰਘ ਕੋਮਲ ਆਪਣੇ ਬਚਪਨ ਦੀਆਂ ਯਾਦਾਂ ਨੂੰ ਬਿਆਨ ਕਰਦਾ ਮਨ ਮੋਹ ਲੈਂਦਾ ਹੈ। ਉਸ ਨੇ ਆਪਣੇ ਪਿੰਡ ਬਾਰੇ ਜ਼ਿਕਰ ਕਰਦਿਆਂ ਅਸਲ ਵਿਚ 1947 ਤੋਂ ਚਾਰ ਕੁ ਵਰ੍ਹੇ ਬਾਅਦ ਤੋਂ ਲੈ ਕੇ ਅੱਜ ਤੱਕ ਦੇ ਪੰਜਾਬ ਦੇ ਪਿੰਡਾਂ ਦੀ ਹੋਈ ਤਰੱਕੀ ਦਾ ਵੇਰਵਾ ਪੇਸ਼ ਕੀਤਾ ਹੈ। ਬੇਸ਼ੱਕ ਉਨ੍ਹਾਂ ਨੇ ਆਪਣੀ ਇਸ ਸਵੈ-ਜੀਵਨੀ ਵਿਚ ਆਪਣੇ ਬਚਪਨ ਬਾਰੇ ਲਿਖਿਆ ਹੈ, ਪਰ ਪ੍ਰੋ: ਬਿਕਰਮ ਸਿੰਘ ਘੁੰਮਣ ਅਨੁਸਾਰ ਇਹ ਪੁਸਤਕ ਹਰ ਵਰਗ ਦੇ ਪਾਠਕ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲੀ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

© 2003-04 Daily Ajit, Nehru Garden Road, Jalandhar (Pb.)  INDIA