JALANDHAR WEATHER

14-05-2025

 ਮਨੁੱਖ ਤੇ ਮਸ਼ੀਨ

ਅਜੋਕੇ ਸਮੇਂ ਵਿਚ ਦੁਨੀਆ ਵਿਚ ਵਿਗਿਆਨ ਦੀ ਖੋਜਾਂ ਦੇ ਸਦਕਾ ਬਹੁਤ ਤਰੱਕੀ ਤੇ ਵਾਧਾ ਹੋ ਚੁੱਕਿਆ ਹੈ। ਇਨ੍ਹਾਂ ਖੋਜਾਂ ਦੇ ਪ੍ਰਯੋਗ ਨਾਲ ਸਾਡਾ ਜੀਵਨ ਕਾਫੀ ਵਧੀਆ ਤੇ ਸੌਖਾ ਹੋ ਚੁੱਕਾ ਹੈ। ਇਸ ਤਰੱਕੀ ਦੇ ਬਾਵਜੂਦ ਸਾਡੀ ਜ਼ਿੰਦਗੀ ਅਨੇਕਾਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਨਾਲ ਪ੍ਰੇਸ਼ਾਨ ਰਹਿੰਦੀ ਹੈ। ਸਾਡਾ ਰੋਜ਼ਾਨਾ ਜੀਵਨ ਕਈ ਬੇਲੋੜੀਆਂ ਅਤੇ ਵਧੇਰੀਆਂ ਚਿੰਤਾਵਾਂ ਨਾਲ ਘਿਰਿਆ ਰਹਿੰਦਾ ਹੈ। ਅਜਿਹਾ ਕਿਉਂ? ਇਹ ਵਿਚਾਰਨ ਵਾਲੀ ਗੱਲ ਹੈ। ਮਨੋਵਿਗਿਆਨੀਆਂ ਦੇ ਅਨੁਸਾਰ ਇਨ੍ਹਾਂ ਸਮੱਸਿਾਵਾਂ ਦਾ ਪ੍ਰਮੁੱਖ ਕਾਰਨ ਮਨੁੱਖ ਦਾ ਮਸ਼ੀਨ ਵਾਂਗੂ ਕੰਮ ਕਰਨਾ ਹੈ ਜਦੋਂ ਕਿ ਮਨੁੱਖ ਤੇ ਮਸ਼ੀਨ ਵਿਚ ਫਰਕ ਸਮਝਣਾ ਜ਼ਰੂਰੀ ਹੈ। ਮਨੋਵਿਗਿਆਨ ਦੇ 'ਮਾਨਵਵਾਦੀ' ਦ੍ਰਿਸ਼ਟੀਕੋਣ ਨੂੰ ਸਮਝਣਾ ਜ਼ਰੂਰੀ ਹੈ। 'ਮਾਨਵਵਾਦੀ' ਮਾਡਲ ਦੇ ਅਨੁਸਾਰ ਸਾਨੂੰ ਆਪਣੀਆਂ ਤੇ ਦੂਜਿਆਂ ਮਨੁੱਖਾਂ ਦੀਆਂ ਅੰਦਰੂਨੀ ਭਾਵਨਾਵਾਂ ਤੇ ਗੁਣਾਂ-ਕਲਾਵਾਂ ਨੂੰ ਜਾਣਨਾ ਜ਼ਰੂਰੀ ਹੈ। ਆਪਣੇ ਨਿੱਜੀ ਵਿਚਾਰ ਅਤੇ ਦੂਜਿਆਂ ਮਨੁੱਖਾਂ ਦੇ ਵਿਚਾਰਾਂ ਨੂੰ ਸੁਣਨਾ ਤੇ ਸਮਝਣਾ ਜ਼ਰੂਰੀ ਹੈ। ਮਨੁੱਖ ਨੂੰ ਜੀਵਨ ਵਿਚ ਮਨੁੱਖ ਵਾਂਗ ਵਿਚਰਨਾ ਚਾਹੀਦਾ ਹੈ ਨਾ ਕਿ ਮਸ਼ੀਨ ਵਾਂਗ। ਮਸ਼ੀਨ ਦੀ ਜ਼ਿੰਦਗੀ ਸਮੇਂ, ਥਕਾਵਟ, ਭਾਵਨਾਵਾਂ ਤੇ ਵਿਚਾਰਾਂ ਨੂੰ ਨਹੀਂ ਸਮਝਦੀ। ਮਨੁੱਖ ਤੇ ਮਸ਼ੀਨ ਵਿਚ ਫ਼ਰਕ ਕਰਨਾ ਜ਼ਰੂਰੀ ਹੈ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)।

ਪੰਜਾਬੀਆਂ ਨੂੰ ਪਹਿਲ ਮਿਲੇ

ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਹਰ ਕਿਸੇ ਨੂੰ ਇਹ ਲੱਗਦਾ ਹੈ ਕਿ ਪੰਜਾਬ ਵਿਚ ਸਾਡਾ ਭਵਿੱਖ ਉੱਜਵਲ ਨਹੀਂ ਹੈ। ਇਸ ਕਰਕੇ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਉਡਾਰੀ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪੰਜਾਬ ਸਰਕਾਰ ਨੂੰ ਬੇਰੁਜ਼ਗਾਰੀ ਖ਼ਤਮ ਕਰਨ ਲਈ ਪਹਿਲ ਦੇ ਆਧਾਰ 'ਤੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਇੱਥੇ ਹੀ ਰਹਿ ਕੇ ਆਪਣੇ ਵਤਨ ਦੀ ਤਰੱਕੀ ਵਿਚ ਯੋਗਦਾਨ ਪਾਉਣ। ਪਿਛਲੇ ਕਾਫੀ ਸਮੇਂ ਤੋਂ ਦੇਖਣ ਵਿਚ ਆਇਆ ਹੈ ਕਿ ਪੰਜਾਬ ਵਿਚ ਨਿਕਲੀਆਂ ਪੋਸਟਾਂ ਤੇ ਬਾਹਰਲੇ ਸੂਬਿਆਂ ਦਾ ਦਬਦਬਾ ਕਾਇਮ ਹੈ ਜੋ ਕਿ ਪੰਜਾਬੀਆਂ ਲਈ ਸਹੀ ਸੰਕੇਤ ਨਹੀਂ ਹੈ।
ਭਾਵੇਂ ਕਿ ਪੰਜਾਬ ਦੇ ਵਸਨੀਕ ਬਾਹਰਲੇ ਸੂਬਿਆਂ ਵਿਚ ਵੀ ਨੌਕਰੀਆਂ ਕਰ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਕੱਢੀਆਂ ਗਈਆਂ ਅਸਾਮੀਆਂ ਲਈ ਪੰਜਾਬ ਦੇ ਨੌਜਵਾਨਾਂ ਨੂੰ ਹੀ ਪਹਿਲ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਹੈ। ਲਗਾਤਾਰ ਵਧ ਰਹੇ ਪ੍ਰਵਾਸ ਨੂੰ ਰੋਕਣ ਲਈ ਅਜਿਹੇ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਤਹਿ. ਪਾਇਲ (ਲੁਧਿਆਣਾ)

ਬੱਚਿਆਂ ਨੂੰ ਮਿਲੇ ਵੱਡਿਆਂ ਦਾ ਸਾਥ

ਕੋਈ ਵੇਲਾ ਹੁੰਦਾ ਸੀ, ਸ਼ਾਮ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਆਪਸੀ ਗੱਲਬਾਤ ਕਰਦਾ ਸੀ। ਜੇ ਕਿਸੇ ਨਾਲ ਪਰਿਵਾਰ ਵਿਚ ਮਨ ਮੁਟਾਅ ਵੀ ਹੁੰਦਾ ਸੀ, ਆਪਸੀ ਗੱਲਬਾਤ ਨਾਲ ਉਹ ਸਮੱਸਿਆ ਦਾ ਹੱਲ ਹੋ ਜਾਂਦਾ ਸੀ। ਬੱਚੇ ਵੱਡਿਆਂ ਦਾ ਬਹੁਤ ਸਤਿਕਾਰ ਕਰਦੇ ਸਨ। ਸਮਾਂ ਬਦਲਿਆ। ਅੱਜ ਕੱਲ੍ਹ ਦੇ ਬੱਚਿਆਂ ਨੇ ਤਾਂ ਮਾਂ ਬਾਪ ਦਾ ਕਹਿਣਾ ਹੀ ਮੰਨਣਾ ਛੱਡ ਦਿੱਤਾ ਹੈ। ਅੱਗੋਂ ਮਾਂ ਬਾਪ ਵੀ ਬੱਚਿਆਂ ਨੂੰ ਝਿੜਕਦੇ ਨਹੀਂ ਹਨ, ਜੇ ਝਿੜਕ ਵੀ ਦੇਣ ਤਾਂ ਮਾਂ ਬਾਪ ਨੂੰ ਡਰ ਰਹਿੰਦਾ ਹੈ ਕਿ ਕੱਲ੍ਹ ਨੂੰ ਬੱਚੇ ਕੋਈ ਗ਼ਲਤ ਕਦਮ ਨਾ ਚੁੱਕ ਲੈਣ।
ਮੋਬਾਈਲ ਹੀ ਬੱਚਿਆਂ ਦੇ ਜੀਵਨ ਦਾ ਆਧਾਰ ਬਣ ਗਿਆ ਹੈ। ਸਕੂਲੋਂ ਆ ਕੇ ਮੋਬਾਈਲ 'ਤੇ ਲੱਗੇ ਰਹਿੰਦੇ ਹਨ। ਬਾਹਰ ਖੇਡਣ ਨਹੀਂ ਜਾਂਦੇ। ਆਪਣੇ ਵੱਡੇ ਬਜ਼ੁਰਗਾਂ ਦੀ ਗੱਲ ਬਿਲਕੁਲ ਵੀ ਨਹੀਂ ਸੁਣਦੇ ਹਨ। ਟਿਊਸ਼ਨ ਪੜ੍ਹ ਕੇ ਬੈਗ ਸੁੱਟਿਆ, ਮੋਬਾਈਲ ਚੁੱਕਿਆ। ਇਕ ਕਮਰੇ ਵਿਚ ਬੈਠ ਜਾਂਦੇ ਹਨ। ਪਿੱਛੇ ਜੇ ਖ਼ਬਰ ਵੀ ਪੜ੍ਹੀ ਸੀ ਕਿ ਪਬਜੀ ਗੇਮ ਨੇ ਬੱਚੇ ਦੀ ਜਾਨ ਲੈ ਲਈ। ਆਨਲਾਈਨ ਗੇਮਾਂ ਖੇਡ ਕੇ ਬੱਚਿਆਂ ਨੇ ਮਾਂ-ਬਾਪ ਦੇ ਖਾਤੇ ਤੱਕ ਖਾਲੀ ਕਰ ਦਿੱਤੇ। ਇੰਟਰਨੈੱਟ ਦੀ ਕੁੱਲੀ ਵਰਤੋਂ ਨੇ ਬੱਚਿਆਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ। ਬੱਚੇ ਕੁਦਰਤ ਨਾਲੋਂ ਵਾਂਝੇ ਹੋ ਚੁੱਕੇ ਹਨ। ਮਾਂ ਬਾਪ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨਾਲ ਸਾਂਝ ਪਾਉਣ।

-ਸੰਜੀਵ ਸਿੰਘ ਸੈਣੀ
ਮੁਹਾਲੀ