JALANDHAR WEATHER

16-06-2025

 ਪਰਿਵਾਰ
ਸਮਾਜ ਲੋਕਾਂ ਦਾ ਇਕ ਸਮੂਹ ਹੁੰਦਾ ਹੈ। ਸਮਾਜੀਕਰਨ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਵਿਅਕਤੀ ਸਮਾਜਿਕ ਪਰੰਪਰਾਵਾਂ ਅਤੇ ਰੀਤੀ-ਰਿਵਾਜ਼ਾਂ ਅਨੁਸਾਰ ਵਿਵਹਾਰ ਕਰਨਾ ਸਿੱਖਦਾ ਹੈ। ਪਰਿਵਾਰ ਸਮਾਜੀਕਰਨ ਦਾ ਸਭ ਤੋਂ ਵਧੇਰੇ ਸਥਾਈ ਤੇ ਭਰੋਸੇਯੋਗ ਕੜੀ ਹੈ। ਬਾਲਕ ਦਾ ਵਿਕਾਸ ਅਤੇ ਉਸ ਦੀਆਂ ਲੋੜਾਂ ਦੀ ਪੂਰਤੀ ਪਰਿਵਾਰ ਤੋਂ ਹੀ ਹੁੰਦੀ ਹੈ। ਵਿਅਕਤੀ ਆਪਣੀ ਮਾਤ-ਭਾਸ਼ਾ ਪਰਿਵਾਰ ਵਿਚ ਹੀ ਸਿੱਖਦਾ ਹੈ। ਹਰੇਕ ਸਮਾਜ ਦੇ ਸੱਭਿਆਚਾਰ ਅਤੇ ਵਿਵਹਾਰ ਨਾਲ ਭਾਸ਼ਾ ਦਾ ਗੂੜਾ ਸੰਬੰਧ ਹੁੰਦਾ ਹੈ। ਵਿਅਕਤੀ ਦੇ ਚਰਿੱਤਰ ਨਿਰਮਾਣ ਵਿਚ ਪਰਿਵਾਰਿਕ ਵਾਤਾਵਰਨ ਦਾ ਗਹਿਰਾ ਪ੍ਰਭਾਵ ਹੁੰਦਾ ਹੈ। ਪਰਿਵਾਰ ਰਾਹੀਂ ਹੀ ਸਮਾਜ ਵਿਅਕਤੀਆਂ ਤੋਂ ਕੰਟਰੋਲ ਕਾਇਮ ਕਰਦਾ ਹੈ। ਮਨੋਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਬਾਲਕ ਦੇ ਚਰਿੱਤਰ, ਵਿਵਹਾਰ ਅਤੇ ਆਦਤਾਂ ਪਰਿਵਾਰ ਅਨੁਸਾਰ ਬਣ ਜਾਂਦੀਆਂ ਹਨ, ਮਨੁੱਖ ਸਾਰੀ ਉਮਰ ਉਨ੍ਹਾਂ ਅਨੁਸਾਰ ਹੀ ਵਿਵਹਾਰ ਕਰਦਾ ਹੈ। ਵਿਅਕਤੀ ਦਾ ਪਰਿਵਾਰਕ ਕੰਮ ਉਸ ਦੇ ਸਮਾਜਿਕ ਕੰਮਾਂ 'ਤੇ ਪ੍ਰਭਾਵ ਪਾਉਂਦਾ ਰਹਿੰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, (ਹੁਸ਼ਿਆਰਪੁਰ)

ਕੌੜੀਆਂ ਸੱਚਾਈਆਂ
ਪੰਜਾਬ ਵਿਚ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਹਨ, ਇਸੇ ਤਰ੍ਹਾਂ ਇਕ ਦਿਨ ਕਿਸੇ ਘਰ ਅਖ਼ਬਾਰ ਸੁੱਟਣ ਵਾਲਾ ਆਉਂਦਾ ਸੀ, ਉਸ ਨੇ ਘਰ ਵਾਲਿਆਂ ਤੋਂ ਮਹੀਨੇ ਦੇ ਰੁਪਏ ਲੈਣ ਲਈ ਦਰਵਾਜ਼ਾ ਖਟਖਟਾਇਆ, ਅੰਦਰੋਂ ਇਕ ਬਜ਼ੁਰਗ ਨਿਕਲਿਆ 60 ਕੁ ਸਾਲ ਦਾ। ਅਖ਼ਬਾਰ ਵਾਲੇ ਨੇ 250 ਰੁਪਏ ਦੀ ਮੰਗ ਕੀਤੀ। ਬਜ਼ੁਰਗ ਨੇ ਰੁਪਏ ਦੇ ਕੇ ਅਖ਼ਬਾਰ ਵਾਲੇ ਨੂੰ ਕਿਹਾ ਇਸ ਮਹੀਨੇ ਤੋਂ ਰੁਪਏ ਦਿਓ ਤੈਨੂੰ 750/-, ਬਸ ਤੂੰ ਹਰ ਰੋਜ਼ ਬੈੱਲ ਮਾਰ ਕੇ ਅਖ਼ਬਾਰ ਮੈਨੂੰ ਹੱਥ ਵਿਚ ਫੜਾ ਕੇ ਜਾਣਾ ਹੈ। ਅਖ਼ਬਾਰ ਵਾਲੇ ਨੇ ਹੈਰਾਨ ਹੋ ਕੇ ਪੁੱਛਿਆ 500/- ਰੁਪੈ ਵੱਧ ਕਿਉਂ? ਬਜ਼ੁਰਗ ਨੇ ਕਿਹਾ ਉਹ ਤੈਨੂੰ ਸਿਰਫ਼ ਮਿਲਣ ਦੇ ਹਨ ਤਾਂ ਜੋ ਮੈਂ 1-2 ਮਿੰਟ ਤੇਰੇ ਨਾਲ ਗੱਲਬਾਤ ਕਰ ਸਕਾਂ, ਬਜ਼ੁਰਗ ਆਪਣਾ ਅੰਦਰੂਨੀ ਦਰਦ ਬਿਆਨ ਕਰ ਰਿਹਾ ਸੀ, ਕਹਿੰਦਾ ਘਰ ਇਕੱਲਾ ਹਾਂ, ਬੱਚੇ ਕੈਨੇਡਾ ਨੇ, ਘਰਵਾਲੀ ਇਸ ਸਾਲ ਅਕਾਲ ਚਲਾਣਾ ਕਰ ਗਈ। ਬੱਸ ਇਕ ਗੱਲ ਯਾਦ ਰੱਖੀਂ ਕਿ ਜਿਸ ਦਿਨ ਬੈੱਲ ਮਾਰਨ 'ਤੇ ਬਾਹਰ ਨਾ ਆਇਆ ਤਾਂ ਪਿੰਡ ਵਾਲਿਆਂ ਨੂੰ ਦੱਸ ਦੇਵੀਂ ਕਿ ਗੁਰਬਾਜ਼ ਸਿੰਘ ਗਰੇਵਾਲ ਅਕਾਲ ਚਲਾਣਾ ਕਰ ਗਿਆ। ਕਿਉਂਕਿ ਹੋ ਸਕਦਾ ਹੈ ਕਿ ਉਂਝ ਕਿਸੇ ਨੂੰ ਮੇਰੇ ਮਰਨ ਦਾ ਪਤਾ ਵੀ ਨਾ ਲੱਗੇ। ਆਉਣ ਵਾਲੇ ਸਮੇਂ ਦਾ ਪੰਜਾਬ ਦਾ ਦੁਖਾਂਤ।

-ਗੌਰਵ ਮੁੰਜਾਲ
ਪੀ.ਸੀ.ਐਸ.।

ਸਹਿਕਦੇ ਖੇਤ/ਸ਼ਹਿਰਾਂ ਦੇ ਬਾਈਪਾਸ

ਗੁਰਪ੍ਰੀਤ ਸਿੰਘ ਤੂਰ ਦਾ ਲਿਖਿਆ ਆਰਟੀਕਲ ਪੜ੍ਹਿਆ ਮਨ ਨੂੰ ਵਧੀਆ ਲੱਗਾ। ਇਸ ਲੇਖ ਵਿਚ ਸੱਚ ਬਿਆਨ ਕੀਤਾ। ਅਸਲ ਵਿਚ ਲੇਖ ਦਾ ਸਿਰਲੇਖ 'ਆਪਣੀ ਹੋਂਦ ਲਈ ਸਹਿਕਦੇ ਖੇਤ' ਨੇ ਪਾਠਕਾਂ ਦੇ ਮਨਾਂ ਅੰਦਰ ਹਲਚਲ ਪੈਦਾ ਕੀਤੀ ਹੈ। ਖੇਤਾਂ ਵਿਚ ਦੀ ਲੰਘਦੇ ਬਾਈਪਾਸ ਤਰੱਕੀ ਦਾ ਅਹਿਸਾਸ ਤਾਂ ਕਰਵਾਉਂਦੇ ਹਨ। ਮਨ ਨੂੰ ਖ਼ੁਸ਼ੀ ਮਿਲਦੀ ਹੈ। ਇਨ੍ਹਾਂ ਬਾਈਪਾਸਾਂ ਨੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਰਤੀਆਂ ਦੇ ਮਨ ਨੂੰ ਝੰਜੋੜਿਆ ਹੈ। ਅਸੀਂ ਭਾਵੇਂ ਤਰੱਕੀ ਕਰ ਲਈ ਹੈ, ਰੁਜ਼ਗਾਰ ਦੇ ਵਸੀਲੇ ਘਟ ਗਏ ਹਨ। ਬਾਈਪਾਸ ਬਣਨ ਤੋਂ ਪਹਿਲਾਂ ਇਨ੍ਹਾਂ ਖੇਤਾਂ ਨੂੰ ਕੰਪਨੀ ਵਾਲੇ ਸਸਤੇ ਭਾਅ ਵਿਚ ਖਰੀਦ ਲੈਂਦੇ ਹਨ ਪਰ ਬਾਅਦ ਵਿਚ ਇਹੀ ਖੇਤ ਕਰੋੜਾਂ ਦੇ ਬਣ ਜਾਂਦੇ ਹਨ। ਸ਼ਹਿਰਾਂ ਦੇ ਬਾਈਪਾਸ ਲੰਘਦਿਆਂ ਇਕ ਪਲ ਚਾਅ ਚੜ੍ਹ ਜਾਂਦਾ ਹੈ। ਦੂਜੇ ਪਾਸੇ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਮਨ ਵਿਚ ਖ਼ਿਆਲ ਆਉਂਦਾ ਹੈ। ਉਨ੍ਹਾਂ ਦਾ ਕੀ ਬਣਿਆ ਹੋਵੇਗਾ ਜੋ ਬੇਜ਼ਮੀਨੇ ਹੋ ਗਏ।

-ਰਾਮ ਸਿੰਘ ਪਾਠਕ

ਸ਼ਹੀਦਾਂ ਦੀ ਯਾਦਗਾਰ
ਆਜ਼ਾਦੀ ਦੇ ਪਰਵਾਨਿਆਂ ਨੇ ਸਾਡਾ ਦੇਸ਼ ਆਜ਼ਾਦ ਕਰਵਾਇਆ ਤਾਂ ਹੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਹੁਣ ਵੀ ਬਹੁਤ ਸਾਰੇ ਜਵਾਨ ਸਰਹੱਦਾਂ 'ਤੇ ਸ਼ਹੀਦ ਹੋ ਰਹੇ ਹਨ। ਪਰ ਅਸੀਂ ਸ਼ਹੀਦਾਂ ਅਤੇ ਜਵਾਨਾਂ ਸਨਮਾਨ ਲਈ ਕੁਝ ਨਹੀਂ ਕਰ ਰਹੇ। ਸਾਨੂੰ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਹਨ। ਵੱਖੋ-ਵੱਖ ਚੌਂਕਾਂ ਵਿਚ ਸ਼ਹੀਦਾਂ ਦੀ ਯਾਦ ਵਿਚ ਬੱਤ ਲਾਉਣੇ ਚਾਹੀਦੇ ਹਨ। ਸੜਕਾਂ, ਸੰਸਥਾਵਾਂ ਅਤੇ ਸ਼ਹਿਰਾਂ ਦੇ ਨਾਂਅ ਸ਼ਹੀਦਾਂ ਦੇ ਸਨਮਾਨ ਵਜੋਂ ਰੱਖਣੇ ਚਾਹੀਦੇ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ।

-ਕਸ਼ਮੀਰੀ ਲਾਲ ਚਾਵਲਾ
822 ਕੱਚਾ ਫਿਰੋਜ਼ਪੁਰ ਰੋਡ, ਮੁਕਤਸਰ।

ਗਰਮੀ ਦੀਆਂ ਛੁੱਟੀਆਂ
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਅਤੇ ਜ਼ਿਆਦਾਤਰ ਲੋਕ ਛੁੱਟੀਆਂ ਵਿਚ ਘਰ ਵਿਚ ਬਹਿ ਕੇ ਆਪਣਾ ਸਮਾਂ ਬਰਬਾਦ ਕਰ ਦਿੰਦੇ ਹਨ ਅਤੇ ਕਈ ਲੋਕ ਘੁੰਮਣ ਫਿਰਨ ਵਿਚ ਹੀ ਆਪਣਾ ਸਮਾਂ ਬਰਬਾਦ ਕਰਦੇ ਹਨ। ਜੇਕਰ ਅਸੀਂ ਆਪਣਾ ਸਮਾਂ ਘਰ ਬੈਠ ਕੇ ਬਰਬਾਦ ਕਰਨ ਦੀ ਬਜਾਏ ਨਵੇਂ-ਨਵੇਂ ਕੈਂਪ ਲਾਈਏ ਜਿਸ ਦਾ ਸਾਡੀ ਜ਼ਿੰਦਗੀ ਵਿਚ ਵੀ ਕਾਫੀ ਫਾਇਦਾ ਹੋਵੇਗਾ। ਅਸੀਂ ਇਨ੍ਹਾਂ ਕੈਂਪਾਂ ਵਿਚ ਆਪਣਾ ਹੁਨਰ ਦੂਸਰਿਆਂ ਅੱਗੇ ਪੇਸ਼ ਕਰ ਸਕਦੇ ਹਾਂ ਅਤੇ ਕਈ ਹੋਰ ਨਵੇਂ ਹੁਨਰ ਵੀ ਸਿੱਖ ਸਕਦੇ ਹਾਂ। ਇਸ ਨਾਲ ਸਾਡੇ ਜੀਵਨ ਵਿਚ ਵੀ ਇਕ ਨਵਾਂ ਬਦਲਾਵ ਆਉਂਦਾ ਹੈ।
ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਨਾਲ ਅਸੀਂ ਕਾਮਯਾਬੀ ਦੀ ਪਹਿਲੀ ਪੌੜੀ ਚੜ੍ਹਨੀ ਸ਼ੁਰੂ ਕਰ ਦਿੰਦੇ ਹਾਂ। ਜਿਸ ਦਾ ਸਾਡੇ ਆਉਣ ਵਾਲੇ ਜੀਵਨ ਵਿਚ ਕਾਫੀ ਲਾਭ ਹੁੰਦਾ ਹੈ। ਸਾਨੂੰ ਆਪ ਤਾਂ ਕੈਂਪ ਲਗਾਉਣੇ ਚਾਹੀਦੇ ਹਨ ਤੇ ਨਾਲ-ਨਾਲ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।

-ਸੁਹਾਨਾਦੀਪ ਕੌਰ
ਸ਼ਿਮਲਾਪੁਰੀ, ਲੁਧਿਆਣਾ।


ਆਓ, ਰੁੱਖ ਲਾਈਏ
ਗਰਮੀ ਲਗਾਤਾਰ ਵੱਧ ਰਹੀ ਹੈ, ਜਦੋਂ ਵੀ ਸਾਨੂੰ ਕਿਸੇ ਫਾਟਕ ਜਾਂ ਟ੍ਰੈਫਿਕ ਰੁਕਣ ਕਾਰਨ ਧੁੱਪ 'ਚ ਖੜ੍ਹੇ ਹੋਣਾ ਪੈਂਦਾ ਹੈ ਤਾਂ ਇੰਝ ਲੱਗਦਾ ਹੈ ਕਿ ਸਾਡੀ ਜਾਨ ਹੀ ਨਿਕਲ ਜਾਵੇਗੀ, ਫਿਰ ਅਸੀਂ ਸੜਕਾਂ ਕੰਢੇ ਕੋਈ ਰੁੱਖ਼ ਦੀ ਤਲਾਸ਼ ਕਰਦੇ ਹਾਂ, ਰੁੱਖ ਮਿਲ ਜਾਣ 'ਤੇ ਸਾਰਿਆਂ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਛਾਵੇਂ ਖੜ੍ਹਿਆ ਜਾਵੇ। ਇਹ ਅਸੀਂ ਉਦੋਂ ਤੱਕ ਹੀ ਸੋਚਦੇ ਹਾਂ ਜਦੋਂ ਤੱਕ ਸਾਡੀ ਸਮੱਸਿਆ ਹੱਲ ਨਹੀਂ ਹੋ ਜਾਂਦੀ, ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਥੋੜ੍ਹੀ ਜਿਹੀ ਕੋਸ਼ਿਸ਼ ਇਹ ਸਮੱਸਿਆ ਨੂੰ ਹਮੇਸ਼ਾ ਲਈ ਹੱਲ ਕਰ ਸਕਦੀ ਹੈ। ਸੜਕਾਂ ਰੁੱਖਾਂ ਤੋਂ ਵਿਹੂਣੀਆਂ ਹੋ ਚੁੱਕੀਆਂ ਹਨ। ਸਾਨੂੰ ਸੜਕਾਂ ਕੰਢੇ ਛਾਂ-ਦਾਰ ਜਾਂ ਫਲਦਾਰ ਰੁੱਖ ਲਾਉਣੇ ਚਾਹੀਦੇ ਹਨ, ਜੋ ਆਉਣ-ਜਾਣ ਵਾਲੇ ਮੁਸਾਫਿਰਾਂ ਦੇ ਕੰਮ ਤਾਂ ਆਉਣਗੇ ਹੀ, ਨਾਲ ਦੀ ਨਾਲ ਸਾਨੂੰ ਸ਼ੁੱਧ ਵਾਤਾਵਰਨ ਅਤੇ ਫਲ ਆਦਿ ਖਾਣ ਨੂੰ ਵੀ ਮਿਲ ਸਕਦੇ ਹਨ। ਹੋ ਸਕਦਾ ਹੈ ਕਿ ਸਾਡੇ ਲਗਾਏ ਰੁੱਖਾਂ ਦੇ ਫਲ਼ ਅਸੀਂ ਨਾ ਖਾ ਸਕੀਏ ਪਰ ਉਨ੍ਹਾਂ ਫਲਾਂ ਦਾ ਆਨੰਦ ਆਉਣ ਵਾਲੀ ਪੀੜ੍ਹੀ ਤਾਂ ਮਾਣ ਹੀ ਸਕੇਗੀ। ਸੋ, ਸਾਨੂੰ ਸੜਕਾਂ ਕੰਢੇ ਰੁੱਖ਼ ਲਗਾਉਣ ਦੀ ਸ਼ੁਰੂਆਤ ਅੱਜ ਤੋਂ ਹੀ ਕਰ ਦੇਣੀ ਚਾਹੀਦੀ ਹੈ।

-ਅਸ਼ੀਸ਼ ਸ਼ਰਮਾ ਜਲੰਧਰ