08-08-2025
ਨੌਜਵਾਨਾਂ ਲਈ ਰਾਹ ਦਸੇਰਾ ਸਨ ਫ਼ੌਜਾ ਸਿੰਘ
ਮੈਰਾਥਨ ਦੌੜਾਕ ਫੌਜਾ ਸਿੰਘ ਨੌਜਵਾਨਾਂ ਲਈ ਇਕ ਰਾਹ ਦਸੇਰਾ ਸਨ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 114 ਵਰ੍ਹੇ 3 ਮਹੀਨੇ ਤੇ 14 ਦਿਨ ਗੁਜ਼ਾਰ ਕੇ ਇਕ ਮਿਸਾਲ ਕਾਇਮ ਕੀਤੀ। ਦੌੜਾਕ ਫ਼ੌਜਾ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਹਰ ਇਨਸਾਨ ਨੂੰ ਅੱਗੇ ਵਧਣਾ ਚਾਹੀਦਾ ਹੈ। ਖ਼ਾਸ ਕਰ ਉਨ੍ਹਾਂ ਬੰਦਿਆਂ ਨੂੰ ਜੋ ਜ਼ਿੰਦਗੀ 'ਚ ਸਫ਼ਲਤਾ ਨਾ ਮਿਲਣ ਕਰਕੇ ਨਿਰਾਸ਼ ਹਨ। ਫ਼ੌਜਾ ਸਿੰਘ ਦਾ ਸਰਲ ਤੇ ਸਾਦਾ ਜੀਵਨ ਇਸ ਗੱਲ ਦਾ ਸੁਨੇਹਾ ਦਿੰਦਾ ਹੈ ਕਿ ਕਾਮਯਾਬੀ ਹਾਸਿਲ ਕਰਨ ਲਈ ਉਮਰ ਦੀ ਕੋਈ ਹੱਦ ਨਹੀਂ ਸਗੋਂ ਇਨਸਾਨ ਕਿਸੇ ਵੀ ਉਮਰ 'ਚ ਕਾਮਯਾਬੀ ਦੀਆਂ ਬੁਲੰਦੀਆਂ ਛੋਹ ਸਕਦਾ ਹੈ। ਐਡੀਡਾਸ ਦਾ ਅੰਬੈਸਡਰ ਹੋਣਾ ਤੇ ਇੰਗਲੈਂਡ ਦੀ ਮਹਾਰਾਣੀ ਐਲਜ਼ਾਬੈਥ ਵਲੋਂ ਆਪਣੇ ਸ਼ਾਹੀ ਘਰ ਉਨ੍ਹਾਂ ਨੂੰ ਖਾਣੇ ਦੀ ਦਾਅਵਤ ਦੇਣਾ ਆਪਣੇ ਆਪ 'ਚ ਇਕ ਵੱਡੀ ਤੇ ਵਿਸ਼ੇਸ਼ ਗੱਲ ਹੈ ਜੋ ਕਿਸੇ ਵਿਰਲੇ ਬੰਦੇ ਨੂੰ ਨਸੀਬ ਹੁੰਦੀ ਹੈ। ਫ਼ੌਜਾ ਸਿੰਘ ਸਿੱਖ ਸਰਦਾਰੀ ਦੀ ਪਛਾਣ ਸਨ।
-ਲੈਕਚਰਾਰ ਅਜੀਤ ਖੰਨਾ
ਕੰਮ ਕਰਨ ਦੀ ਆਦਤ ਪਾਓ
ਅਸੀਂ 1960 ਦੇ ਲਗਭਗ ਬਚਪਨ ਵਿਚ ਵੇਖਿਆ ਹੈ ਕਿ ਮਾਪੇ ਤੇ ਅਧਿਆਪਕ ਬੱਚਿਆਂ ਤੋਂ ਖ਼ੂਬ ਕੰਮ ਲੈਂਦੇ ਸਨ ਤੇ ਉਨ੍ਹਾਂ ਨੂੰ ਕੰਮ ਕਰਦੇ ਵੇਖ ਕੇ ਖ਼ੁਸ਼ ਹੁੰਦੇ ਸਨ। ਇਸ ਨਾਲ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਪੈ ਜਾਂਦੀ ਸੀ ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕਿਸੇ ਕੋਲੋਂ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ। ਬੱਚੇ ਹੀ ਸਕੂਲ ਵਿਚ ਫੁੱਲਾਂ ਦੀਆਂ ਕਿਆਰੀਆਂ ਨੂੰ ਪਾਣੀ ਦਿੰਦੇ, ਕਲਾਸ ਦੇ ਬੈਂਚਾਂ ਦੀ ਸਾਫ਼-ਸਫ਼ਾਈ ਕਰ ਲੈਂਦੇ ਸਨ। ਅਧਿਆਪਕਾਂ ਦੇ ਕਹਿਣ ਤੇ ਪਾਣੀ ਪਿਆਉਣ ਜਾਂ ਕੁਰਸੀ ਮੇਜ਼ ਇਦਰ ਉਧਰ ਕਰਨ ਵਰਗੇ ਛੋਟੇ ਮੋਟੇ ਕੰਮ ਖ਼ੁਸ਼ੀ-ਖ਼ੁਸ਼ੀ ਕਰ ਦਿੰਦੇ ਸਨ। ਇਸੇ ਤਰ੍ਹਾਂ ਬੱਚੇ ਪੜ੍ਹਾਈ ਤੋਂ ਇਲਾਵਾ ਮਾਪਿਆਂ ਨਾਲ ਵੀ ਪੱਠੇ ਲਿਆਉਣ, ਕੁਤਰਣ ਤੇ ਦੁਕਾਨਾਂ 'ਤੇ ਕੰਮ ਕਾਰ ਵਿਚ ਹੱਸ ਕੇ ਹੱਥ ਵੰਡਾਉਂਦੇ ਸਨ। ਇਸ ਦੇ ਉਲਟ ਅੱਜਕਲ੍ਹ ਮਾਪੇ ਤੇ ਅਧਿਆਪਕ ਬੱਚਿਆਂ ਨੂੰ ਕੰਮ ਕਰਨਾ ਨਹੀਂ ਸਿਖਾਉਂਦੇ। ਸਕੂਲ ਵਿਚ ਅਧਿਆਪਕ ਬੱਚੇ ਨੂੰ ਪਾਣੀ ਦਾ ਗਿਲਾਸ ਲਿਆਉਣ ਲਈ ਵੀ ਕਹਿ ਦੇਣ ਤਾਂ ਬੱਚਾਂ ਨਾਹ ਹੀ ਕਰ ਦਿੰਦੇ ਹਨ। ਜੋ ਛੋਟੇ ਮੋਟਾ ਕੰਮ ਕਰ ਵੀ ਦੇਵੇ ਤਾਂ ਅਗਲੇ ਦਿਨ ਮਾਤਾ-ਪਿਤਾ ਆ ਕੇ ਅਧਿਆਪਕਾਂ ਨੂੰ ਬੁਰਾ ਭਲਾ ਕਹਿਣ ਲੱਗ ਪੈਂਦੇ ਹਨ। ਇਹ ਵਰਤਾਰਾ ਠੀਕ ਨਹੀਂ ਹੈ, ਬੱਚਿਆਂ ਨੂੰ ਕੰਮ ਕਰਨ ਵਿਚ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਹੈ।
-ਪ੍ਰਿੰ. ਹਰਬੰਸ ਸਿੰਘ ਘਈ
ਸਠਿਆਲਾ।
ਗੀਤਾਂ 'ਚ ਗਾਲ੍ਹਾਂ ਸਹੀ ਨਹੀਂ
ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿਚ ਭੈਣ ਦੀ ਗਾਲ੍ਹ ਦੀ ਵਰਤੋਂ ਨਾ ਸਿਰਫ਼ ਇਕ ਗੰਭੀਰ ਸਮਾਜਿਕ ਸਮੱਸਿਆ ਹੈ, ਸਗੋਂ ਇਹ ਔਰਤ ਦੀ ਇੱਜ਼ਤ, ਮਰਿਆਦਾ ਅਤੇ ਆਤਮ-ਸਨਮਾਨ 'ਤੇ ਵੱਡਾ ਧੱਬਾ ਹੈ। ਪੰਜਾਬੀ ਫ਼ਿਲਮਾਂ 'ਚ ਭੈਣ ਦੀਆਂ ਗਾਲ੍ਹਾਂ ਕੱਢਣ 'ਤੇ ਰੋਕ ਲਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਨਾਲ ਨਾ ਸਿਰਫ਼ ਸੱਭਿਆਚਾਰ 'ਤੇ ਨਕਾਰਾਤਮਕ ਅਸਰ ਪੈਂਦਾ ਹੈ, ਸਗੋਂ ਨੌਜਵਾਨਾਂ 'ਤੇ ਵੀ ਗ਼ਲਤ ਪ੍ਰਭਾਵ ਪੈਂਦਾ ਹੈ। ਜਦੋਂ ਫ਼ਿਲਮਾਂ ਵਿਚ ਭੈਣ-ਭਰਾ ਦੀ ਬੇਅਦਬੀ ਦਿਖਾਈ ਜਾਂਦੀ ਹੈ ਤਾਂ ਨੌਜਵਾਨ ਇਸ ਨੂੰ ਆਪਣੀ ਜ਼ਿੰਦਗੀ 'ਚ ਦੁਹਰਾਉਣ ਲੱਗਦੇ ਹਨ, ਜਿਸ ਨਾਲ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਖਰਾਬ ਹੁੰਦੇ ਹਨ।
ਫ਼ਿਲਮਾਂ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਐਸੀਆਂ ਗੱਲਾਂ ਨਾ ਪੇਸ਼ ਕਰਨ ਜੋ ਸਾਡੀ ਜਵਾਨ ਪੀੜ੍ਹੀ ਨੂੰ ਗ਼ਲਤ ਰਾਹ 'ਤੇ ਲੈ ਜਾਣ ਵਾਲੀਆਂ ਹੁੰਦੀਆਂ ਹਨ। ਸਿਰਫ਼ ਫ਼ਿਲਮਾਂ ਵਿਚ ਹੀ ਨਹੀਂ, ਸਗੋਂ ਪਰਿਵਾਰ, ਸਕੂਲ ਅਤੇ ਸਮਾਜਿਕ ਮੰਚ 'ਤੇ ਵੀ ਔਰਤ ਦੀ ਇੱਜ਼ਤ ਅਤੇ ਸਨਮਾਨ ਨੂੰ ਬਣਾਈ ਰੱਖਣਾ ਚਾਹੀਦਾ ਹੈ।
-ਰਿਤੂ ਗਰਗ
ਰੰਗਮੰਚ 'ਤੇ ਮੰਡਰਾ ਰਿਹਾ ਖ਼ਤਰਾ
ਪਿਛਲੇ ਦਿਨੀਂ ਸਫ਼ਾ ਨੰਬਰ ਤਿੰਨ 'ਤੇ ਗੁਰਵਿੰਦਰ ਸਿੰਘ ਔਲਖ ਦੀ ਪਟਿਆਲਾ ਤੋਂ ਛਪੀ ਰਿਪੋਰਟ ਰੰਗਮੰਚ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੀ ਹੋਂਦ ਨਿਖ਼ਾਰਨ ਵਾਲੇ ਆਡੀਟੋਰੀਅਮ ਦੀ ਆਪਣੀ ਹੋਂਦ ਗੁਆਚਣ ਕੰਢੇ ਭਵਿੱਖ ਵਿਚ ਪੰਜਾਬ ਦੇ ਨਵੇਂ ਆ ਰਹੇ ਕਲਾਕਾਰਾਂ ਅਤੇ ਰੰਗਮੰਚ ਪ੍ਰੇਮੀਆਂ ਲਈ ਦੁਖਦਾਇਕ ਖ਼ਬਰ ਹੈ। ਰਾਜ ਬੱਬਰ ਅਤੇ ਬਲਰਾਜ ਸਾਹਨੀ ਵਰਗੇ ਮਹਾਨ ਰੰਗਮੰਚ ਕਲਾਕਾਰਾਂ ਦੀ ਕਰਮ ਭੂਮੀ ਰਹਿਣ ਵਾਲੇ ਪਟਿਆਲਾ ਵਿਚਲੇ ਆਡੀਟੋਰੀਅਮ ਦਾ ਲਾਇਬ੍ਰੇਰੀ ਵਿਚ ਤਬਦੀਲ ਹੋਣਾ ਪੰਜਾਬੀ ਰੰਗਮੰਚ ਦੇ ਭਵਿੱਖ ਵਿਚ ਹੋਣ ਵਾਲੀ ਕਾਰਗੁਜ਼ਾਰੀ ਨੂੰ ਵੀ ਪ੍ਰਭਾਵਿਤ ਕਰੇਗਾ। ਲਾਇਬ੍ਰੇਰੀ ਦਾ ਬਣਨਾ ਚੰਗੀ ਗੱਲ ਹੈ ਪਰੰਤੂ ਰੰਗਮੰਚ ਦੀ ਹੋਂਦ ਬਣੀ ਰਹਿਣੀ ਵੀ ਬਹੁਤ ਜ਼ਰੂਰੀ ਹੈ। ਆਡੀਟੋਰੀਅਮ ਨੂੰ ਲਾਇਬ੍ਰੇਰੀ ਵਿਚ ਬਦਲਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਰੰਗਮੰਚ ਨਾਲ ਜੁੜੇ ਤਮਾਮ ਬਾਸ਼ਿੰਦਿਆਂ ਨੂੰ ਰੰਗਮੰਚ ਦੀ ਹੋਂਦ ਨੂੰ ਬਚਾਉਣ ਲਈ ਯਤਨ ਕਰਨੇ ਹੋਣਗੇ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)
ਕਬਜ਼ੇ ਹਟਾਉਣ ਦੀ ਜ਼ਰੂਰਤ
ਅੱਜਕੱਲ੍ਹ ਸ਼ਹਿਰਾਂ ਵਿਚ ਗ਼ੈਰ ਕਾਨੂੰਨੀ ਕਬਜ਼ੇ ਇਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਮਾੜੇ ਅਨਸਰ ਨਾ ਸਿਰਫ਼ ਜਨਤਕ ਜਾਇਦਾਦਾਂ 'ਤੇ ਕਬਜ਼ੇ ਕਰਦੇ ਹਨ, ਸਗੋਂ ਆਮ ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵੀ ਰੋੜਾ ਬਣਦੇ ਹਨ। ਪੈਦਲ ਰਸਤੇ ਜੋ ਰਾਹਗੀਰਾਂ ਲਈ ਨਿਰਧਾਰਤ ਹਨ, ਅਕਸਰ ਰੇਹੜੀਆਂ ਜਾਂ ਗੈਰ ਕਾਨੂੰਨੀ ਵਿਸਤਾਰਾਂ ਕਾਰਨ ਭਰੀਆਂ ਪਈਆਂ ਹਨ। ਜਿਸ ਕਰਕੇ ਲੋਕਾਂ ਨੂੰ ਸੜਕਾਂ 'ਤੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਹਾਲ ਹੀ ਵਿਚ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ, ਜੋ 40 ਸਾਲਾਂ ਤੋਂ ਗੈਰ ਕਾਨੂੰਨੀ ਤੌਰ 'ਤੇ ਕਾਇਮ ਸੀ, ਉਸ ਨੂੰ ਪ੍ਰਸ਼ਾਸਨ ਵਲੋਂ ਹਟਾਇਆ ਗਿਆ ਅਤੇ ਲਗਭਗ 12 ਏਕੜ ਰਕਾਰੀ ਜ਼ਮੀਨ ਮੁੜ ਹਾਸਲ ਕੀਤੀ ਗਈ ਹੈ। ਇਹ ਕਾਰਵਾਈ ਪ੍ਰਸ਼ਾਸਨ ਵਲੋਂ ਕਈ ਹਫ਼ਤਿਆਂ ਦੀ ਤਿਆਰੀ ਅਤੇ ਨੋਟਿਸਾਂ ਤੋਂ ਬਾਅਦ ਕੀਤੀ ਗਈ ਜੋ ਕਾਫ਼ੀ ਕਾਰਗਰ ਸਾਬਿਤ ਹੋਈ। ਇਸ ਤਜਰਬੇ ਤੋਂ ਸਿੱਖ ਕੇ ਹੋਰ ਸ਼ਹਿਰਾਂ ਵਿਚ ਵੀ ਜਿੱਥੇ ਗੈਰਕਾਨੂੰਨੀ ਢਾਂਚੇ ਬਣੇ ਹੋਏ ਹਨ, ਉਨ੍ਹਾਂ ਨੂੰ ਰਾਜਨੀਤਕ ਦਬਾਅ ਤੋਂ ਬਿਨਾਂ ਹਟਾਉਣਾ ਲਾਜ਼ਮੀ ਹੈ।
-ਹਰਜਸਪ੍ਰੀਤ ਕੌਰ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਹਾਜ਼ ਹਾਦਸੇ
2025 ਦੌਰਾਨ ਵਿਸ਼ਵ ਭਰ ਵਿਚ ਲਗਭਗ 10 ਹਵਾਈ ਜਹਾਜ਼ ਹਾਦਸੇ ਹੋਏ ਹਨ, ਜਿਨ੍ਹਾਂ ਵਿਚੋਂ ਅਹਿਮਦਾਬਾਦ ਹਾਦਸਾ ਸਭ ਤੋਂ ਜ਼ਿਆਦਾ ਦਿਲ ਦਹਿਲਾ ਦੇਣ ਵਾਲਾ ਹੈ। ਜਿਸ ਵਿਚ 260 ਲੋਕਾਂ ਦੀ ਜਾਨ ਚਲੀ ਗਈ। ਉਸ ਦੇ ਅਗਲੇ ਹੀ ਦਿਨ ਯੂ.ਕੇ. ਵਿਚ ਹਵਾਈ ਹਾਦਸਾ ਹੋਇਆ, ਫਿਰ 21 ਜੁਲਾਈ ਨੂੰ ਬੰਗਲਾਦੇਸ਼ ਹਾਦਸਾ ਅਤੇ 25 ਜੁਲਾਈ ਨੂੰ ਰੂਸ 'ਚ ਹਵਾਈ ਹਾਦਸਾ ਵਾਪਰਿਆ। ਇਨ੍ਹਾਂ ਵਿਚੋਂ ਜ਼ਿਆਦਾ ਤਰ ਹਾਦਸਿਆਂ ਦਾ ਕਾਰਨ ਇੰਜਨ ਦਾ ਫੇਲ੍ਹ ਹੋ ਜਾਣਾ ਜਾਂ ਹਵਾਈ ਜਹਾਜ਼ ਉਡਾਨ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋਏ ਹਨ।
-ਰੋਬਿਨਦੀਪ ਕੌਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।