30-11-25
ਬਲੈਕ ਵਰੰਟ
ਤਿਹਾੜ ਜੇਲ੍ਹ ਦਾ ਇਕਬਾਲੀਆ ਬਿਆਨ
ਲੇਖਕ : ਸੁਨੀਲ ਗੁਪਤਾ, ਸੁਨੇਤਰਾ ਚੌਧਰੀ
ਅਨੁਵਾਦਕ : ਗੁਰਪ੍ਰੀਤ ਸਿੰਘ ਕਾਸ਼ਿਫ਼
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼, ਬਾਂਦਰਾ
ਮੁੱਲ : 399, ਸਫ਼ੇ : 270
ਸੰਪਰਕ : 097809-09077

'ਬਲੈਕ ਵਰੰਟ' ਪੁਸਤਕ ਪੰਜਾਬੀ ਵਿਚ ਅਨੁਵਾਦ ਹੋ ਕੇ ਛਪਣੀ ਇਕ ਅਤੀ ਜ਼ਿਕਰਯੋਗ ਰਚਨਾ ਹੈ। ਮੂਲ ਲੇਖਕ ਸੁਨੀਲ ਗੁਪਤਾ ਹੈ, ਜਿਸ ਨੇ ਤਿਹਾੜ ਜੇਲ੍ਹ ਵਿਚ 35 ਸਾਲ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਅਧਿਕਾਰੀ ਦੀ ਦਿਆਨਤਦਾਰੀ ਅਤੇ ਕਾਨੂੰਨਾਂ 'ਤੇ ਪਹਿਰਾ ਦਿੰਦਿਆਂ ਸੇਵਾ ਨਿਭਾਈ। ਇਸ ਪੁਸਤਕ ਦਾ ਅਨੁਵਾਦ ਕਰਨ ਦੀ ਦਲੇਰੀ ਗੁਰਪ੍ਰੀਤ ਸਿੰਘ ਕਾਸ਼ਿਫ਼ ਨੇ ਬਹੁਤ ਮਿਹਨਤ ਭਰੀ ਜ਼ਿੰਮੇਵਾਰੀ ਨਾਲ ਨਿਭਾਈ ਹੈ। ਤਿਹਾੜ ਜੇਲ੍ਹ 200 ਏਕੜ ਵਿਚ ਫੈਲੀ ਹੋਈ ਹੈ, ਜਿਸ ਦਾ ਅੰਦਰਲਾ ਸੰਸਾਰ ਬਹੁਤ ਖ਼ੌਫ਼ਨਾਕ ਤੇ ਭੈ-ਭੀਤ ਕਰਨ ਵਾਲਾ ਹੈ। ਹੈਰਾਨੀ ਹੁੰਦੀ ਹੈ ਕਿ ਅਜਿਹੇ ਵਰਤਾਰੇ ਦਾ ਚਸ਼ਮਦੀਦ ਗੁਆਹ ਹੁੰਦਿਆਂ, ਸੁਨੀਲ ਗੁਪਤਾ ਨੇ ਮੌਤ ਦਾ ਸਾਹਮਣਾ ਕਰਦਿਆਂ, ਸੱਚੋ-ਸੱਚ ਹਕੀਕਤਾਂ ਨੂੰ ਆਪਣੀ ਕਲਮ ਰਾਹੀਂ ਕਾਨੀਬੰਦ ਕੀਤਾ। ਸੁਨੇਤਰਾ ਚੌਧਰੀ ਵਲੋਂ ਲਿਖਿਆ 'ਮੁਖਬੰਦ' ਏਨਾ ਸਟੀਕ ਹੈ ਕਿ ਸੁਨੀਲ ਗੁਪਤਾ ਦੀ ਕਾਰਗੁਜ਼ਾਰੀ ਅਤੇ ਤਿਹਾੜ ਦਾ ਮੰਦੜਾ ਹਾਲ ਲਿਖ ਕੇ, ਲੋਕਤੰਤਰੀ ਰਾਜ ਅਤੇ ਨਿਆਂਪਾਲਿਕਾ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਲੇਖਕ ਨੇ ਕਾਤਲਾਂ ਬਾਰੇ, ਜਬਰ ਜਨਾਹ ਬਾਰੇ, ਜੱਜਾਂ ਬਾਰੇ, ਜੇਲ੍ਹ ਸੁਪਰਡੰਟਾਂ ਬਾਰੇ, ਉਮਰ ਕੈਦੀਆਂ ਬਾਰੇ, ਨਸ਼ਿਆਂ ਦੀ ਤਜਾਰਤ ਬਾਰੇ, ਮਰਦਾਂ ਦੇ ਸੋਸ਼ਣ ਬਾਰੇ, ਖੂੰਖਾਰ ਬਦਮਾਸ਼ ਕੈਦੀਆਂ ਬਾਰੇ, ਏਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਪਾਠਕ ਹੈਰਾਨ ਰਹਿ ਜਾਂਦਾ ਹੈ। ਪੁਸਤਕ ਵਿਚ ਕੈਦੀ ਨੂੰ ਮੌਤ ਦੀ ਸਜ਼ਾ ਦਾ ਬਲੈਕ ਵਰੰਟ ਜਾਰੀ ਹੋਣ ਬਾਅਦ ਕੈਦੀ (ਮੁਜਰਮ) ਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਦਾ ਵਿਸਥਾਰ ਬਹੁਤ ਵਖਤ ਪਾਉਣ ਵਾਲਾ ਹੁੰਦਾ ਹੈ। ਫਾਂਸੀ 'ਤੇ ਲਟਕਾਉਣ ਤੋਂ ਪਹਿਲਾਂ ਬੰਦਾ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਔਰਤ ਨੂੰ ਫਾਂਸੀ ਦਾ ਮੰਜਰ ਹੋਰ ਵੀ ਭਿਆਨਕ ਹੁੰਦਾ। ਦੋਸ਼ੀ ਦੇ ਭਾਰ ਜਿੰਨੀਆਂ ਰੇਤ ਦੀਆਂ ਬੋਰੀਆਂ ਦਾ ਭਾਰ, ਰੱਸੀ ਦੀ ਤਪਤੀਸ਼, ਦੋ ਜਲਾਦਾਂ ਦਾ ਹੋਣਾ, ਫਾਂਸੀ ਦੇ ਤਖ਼ਤੇ ਦੀ ਜਾਂਚ, ਡਾਕਟਰ ਦਾ ਹਾਜ਼ਰ ਹੋਣਾ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ, ਇਹ ਦ੍ਰਿਸ਼ ਬਹੁਤ ਚੁਣੌਤੀਆਂ ਵਾਲਾ ਹੁੰਦਾ। ਤਿਹਾੜ 'ਚ ਗਿਆਨੀ ਜ਼ੈਲ ਸਿੰਘ (ਸਾਬਕਾ ਰਾਸ਼ਟਰਪਤੀ) ਵਲੋਂ ਚੈਕਿੰਗ, ਦਲੇਰ ਅਫ਼ਸਰ ਕਿਰਨ ਬੇਦੀ ਦੀ ਤਿਹਾੜ ਸੁਧਾਰ ਮੁਹਿੰਮ, ਅੰਨਾ ਹਜ਼ਾਰੇ ਦੀ ਗ੍ਰਿਫ਼ਤਾਰੀ, ਕੇਜਰੀਵਾਲ ਦਾ ਵਤੀਰਾ ਆਦਿ ਕਹਾਣੀਆਂ ਪੜ੍ਹਿਆਂ ਹੀ ਪਤਾ ਲਗਦਾ। ਹੈਰਾਨੀ ਦੀ ਗੱਲ ਹੈ ਕਿ ਤਿਹਾੜ 'ਚ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਹੈ। ਕੁਲੀਨ ਵਰਗ ਵਾਲੇ ਕੈਦੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ। ਜੇਲ੍ਹ ਪ੍ਰਣਾਲੀ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਜੇਲ੍ਹ ਮੈਨੁਅਲ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਅਮੀਰ ਕੈਦੀ ਲਈ ਪੂਰੀ ਐਸ਼ ਅਤੇ ਗ਼ਰੀਬ ਕੈਦੀ ਲਈ ਨਰਕ। ਤਿਹਾੜ 'ਚ ਦੈਂਤ ਕੈਦੀਆਂ (ਨੰਬਰਦਾਰਾਂ) ਦਾ ਸਿੱਕਾ ਚਲਦਾ। ਬੁੱਧੀਮਾਨ ਜੁਰਮ ਕਰਨ ਵਾਲੇ ਕੈਦੀਆਂ ਤੋਂ ਤਿਹਾੜ ਦਾ ਰਾਜ-ਪ੍ਰਬੰਧ ਚਲਦਾ। ਤਿਹਾੜ 'ਚ ਕੁੱਟਮਾਰ ਤੋਂ ਬਿਨਾਂ ਕਤਲ, ਕੁਕਰਮ ਤੇ ਖੱਦੂ-ਖਾੜਾ ਚਲਦਾ ਰਹਿੰਦਾ। ਜੱਜਾਂ ਨੂੰ ਵੀ ਫ਼ੈਸਲੇ ਕਰਨ ਵੇਲੇ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਸੁਨੀਲ ਗੁਪਤਾ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਸੁਰੱਖਿਆ ਲਈ ਭੈਦਾਇਕ ਮਾਹੌਲ 'ਚੋਂ ਗੁਜ਼ਰਨਾ ਪਿਆ। ਪੁਲਿਸ ਅਧਿਕਾਰੀਆਂ ਨੂੰ ਖੂੰਖਾਰ ਕੈਦੀਆਂ ਨੂੰ ਕਾਬੂ ਕਰਨ ਲਈ ਬੇਬਸੀ ਦਾ ਸਾਹਮਣਾ ਕਰਨਾ ਪੈਂਦਾ। ਕਾਲ-ਕੋਠੜੀਆਂ, ਬੈਰਕਾਂ ਤੇ ਵੱਖ-ਵੱਖ ਕਿਸਮ ਦੀਆਂ ਜੇਲ੍ਹ ਕੋਠੜੀਆਂ ਬਾਰੇ ਲੇਖਕ ਨੇ ਭਰਪੂਰ ਜਾਣਕਾਰੀ ਦਿੱਤੀ। ਕਾਨੂੰਨ-ਨਿਯਮਾਂ ਦਾ ਪੂਰਾ ਵੇਰਵਾ ਦਿੱਤਾ ਗਿਆ। 'ਬਲੈਕ ਵਰੰਟ' 'ਤੇ (1981 ਤੋਂ) 2025 'ਚ ਨੈੱਟ ਫਲਕਿਸ 'ਤੇ ਫਿਲਮ ਸੀਰੀਜ਼ ਵੀ ਬਣੀ ਸੀ। ਪੁਸਤਕ 'ਚ 10 ਅਧਿਆਇ ਹਨ : ਪਹਿਲੇ ਦਿਨ ਚਾਰਲਸ ਸੋਭਰਾਜ ਨੇ ਮੈਨੂੰ ਨੌਕਰੀ ਕਿਵੇਂ ਦਿੱਤੀ?, 'ਬਿਕਨੀ ਕਿਲਰ' ਦੀ ਜੇਲ੍ਹ ਤੋੜਨ ਵਾਲੀ ਕਹਾਣੀ, ਇਕ ਜੇਲ੍ਹਰ ਦੀ ਇਕੱਲਤਾ, ਉਹ ਅਪਰਾਧ ਜਿਸਨੇ ਦਿੱਲੀ ਨੂੰ ਹਮੇਸ਼ਾ ਲਈ ਬਦਲ ਦਿੱਤਾ, ਫਾਂਸੀ ਤੋਂ ਪਹਿਲਾਂ ਪੂਰੀ ਕੀਤੀ ਜਾਣ ਵਾਲੀ ਪ੍ਰਕਿਰਿਆ, ਜਿਨ੍ਹਾਂ ਲੋਕਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ, ਹਿਰਾਸਤ ਵਿਚ ਮੌਤ, ਅਫ਼ਜ਼ਲ ਗੁਰੂ : ਆਖਰੀ ਐਕਟ, ਜੇਲ੍ਹ ਵਿਚ ਯੋਧਾ : ਅੰਨਾ ਹਜ਼ਾਰੇ ਅੰਤਲਾ ਕਾਂਡ ਤਿਹਾੜ ਦੀ ਨਿਰਾਸ਼ ਦੁਨੀਆ। ਜੇਲ੍ਹ 'ਚ ਕਈ ਪ੍ਰੇਮ-ਵਿਆਹ ਵੀ ਕੈਦੀਆਂ ਨਾਲ ਹੋਏ, ਬੜੀਆਂ ਅਜੀਬ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ। ਕੈਦੀਆਂ ਦੀਆਂ ਅਜੀਬ ਆਦਤਾਂ ਤੇ ਅਜੀਬ ਸ਼ੌਕ। ਕਈ ਉਮਰ-ਕੈਦੀ ਤਾਂ ਬਾਹਰ ਆਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਐਸ਼ਪ੍ਰਸਤੀ ਮਿਲੀ ਹੁੰਦੀ ਹੈ। ਲੇਖਕ ਲਿਖਦਾ : '1982 ਵਿਚ ਬਿੱਲਾ ਤੇ ਰੰਗਾ, 1984 'ਚ ਮਕਬੂਲ ਬੱਟ, 1985 ਵਿਚ ਕਰਤਾਰ ਤੇ ਉਜਾਗਰ ਸਿੰਘ, 1989 ਵਿਚ ਸਤਵੰਤ ਤੇ ਕੇਹਰ ਸਿੰਘ ਅਤੇ ਅੰਤ ਵਿਚ 2013 ਵਿਚ ਕਸ਼ਮੀਰੀ ਖਾੜਕੂ ਅਫ਼ਜ਼ਲ ਗੁਰੂ। ਇਹ ਮੇਰੇ ਕਾਰਜਕਾਲ ਦੌਰਾਨ ਫਾਂਸੀ 'ਤੇ ਲਟਕਾਏ ਗਏ।' ਇਹ ਪੁਸਤਕ ਪੁਲਿਸ ਅਧਿਕਾਰੀਆਂ, ਵਕੀਲਾਂ, ਜੱਜਾਂ, ਨੇਤਾਵਾਂ ਤੇ ਆਮ ਪਾਠਕਾਂ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਜੋ ਸਾਰੇ ਦੇਸ਼ ਦੀ ਨਿਆਂ-ਪ੍ਰਣਾਲੀ 'ਤੇ ਉਂਗਲ ਕੀਤੀ ਜਾ ਸਕੇ। ਇਸ ਪੁਸਤਕ ਨੂੰ ਪੜ੍ਹਨਾ ਵੀ ਸਹਿਜ ਨਹੀਂ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਬਹਿਰ
ਲੇਖਕ : ਮਲਵਿੰਦਰ
ਪ੍ਰਕਾਸ਼ਕ: ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98720-42344

ਵੱਖ-ਵੱਖ ਵਿਧਾਵਾਂ ਦੀਆਂ ਪੌਣੀ ਦਰਜਨ ਪ੍ਰਕਾਸ਼ਿਤ ਪੁਸਤਕਾਂ ਤੋਂ ਬਾਅਦ ਪੰਜਾਬੀ ਦੇ ਸਮਰੱਥ ਸ਼ਾਇਰ ਮਲਵਿੰਦਰ ਦੀ ਇਹ ਦਸਵੀਂ ਪੁਸਤਕ ਹੈ। ਉਨ੍ਹਾਂ ਦੀ ਕਵਿਤਾ ਵਿਚ ਦਰਿਆਵਾਂ ਵਰਗੀ ਸਹਿਜਤਾ ਅਤੇ ਸਾਗਰਾਂ ਵਰਗੀ ਗੰਭੀਰਤਾ ਹੈ। ਸ਼ਬਦ ਬਣਤਰ ਅਜਿਹੀ ਰੋਚਕ ਅਤੇ ਆਕਰਸ਼ਕ ਹੈ ਕਿ ਪਾਠਕ ਉਨ੍ਹਾਂ ਵਿਚ ਗੁਆਚ ਕੇ ਰਹਿ ਜਾਂਦਾ ਹੈ। ਕੁਦਰਤ ਨਾਲ ਅਥਾਹ ਇੱਕਸੁਰਤਾ ਕਾਰਨ ਉਹ ਪਲੀਤ ਹੋ ਰਹੇ ਪਾਣੀ, ਗੰਧਲੀ ਹੋ ਰਹੀ ਹਵਾ ਅਤੇ ਕਤਲ ਕੀਤੇ ਜਾ ਰਹੇ ਬਿਰਖਾਂ ਪ੍ਰਤੀ ਫ਼ਿਕਰਮੰਦ ਹਨ:
ਭੋਇੰ ਦੀ ਛਾਤੀ 'ਤੇ
ਜਦੋਂ ਬਿਰਖ ਨਾ ਰਹਿਣੇ
ਪਹਾੜਾਂ ਸਿਰ ਸੁੱਟ ਦੇਣੇ
ਬੱਦਲਾਂ ਕਿਨਾਰੇ ਕਰ ਲੈਣੇ
ਮਲਵਿੰਦਰ ਦੀ ਦ੍ਰਿਸ਼ਟੀ ਵਿਚ ਧੀਆਂ ਦਾ ਮੁਕਾਮ ਬੜਾ ਉੱਚਾ, ਸੁੱਚਾ ਅਤੇ ਵਿਲੱਖਣ ਹੈ। ਉਹ ਸਮਝਦੇ ਹਨ ਕਿ ਧੀਆਂ ਹੀ ਮੋਹ ਤੋਂ ਸੱਖਣੇ ਘਰਾਂ ਵਿਚ ਮਮਤਾ ਦੇ ਚਿਰਾਗ਼ ਬਾਲਦੀਆਂ ਹਨ, ਰਿਸ਼ਤਿਆਂ ਵਿਚ ਨਵੇਂ ਅਰਥ ਦਿੰਦੀਆਂ ਹਨ, ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਦੀਆਂ ਹਨ ਅਤੇ ਨਵੇਂ ਘਰਾਂ ਦੇ ਨਕਸ਼ ਘੜਦੀਆਂ ਹਨ। ਬਿਰਧ ਹੋ ਕੇ ਵੀ ਉਹ ਪੇਕੇ ਘਰ ਦੀ ਬੀਬੀ ਰਹਿੰਦੀਆਂ ਹਨ, ਉਹ ਕਦੇ ਪ੍ਰਾਹੁਣੀਆਂ ਨਹੀਂ ਹੁੰਦੀਆਂ ਅਤੇ ਦੁੱਖਾਂ ਦੇ ਬਵੰਡਰ ਵਿਚ ਵੀ ਹਮੇਸ਼ਾ ਪੇਕੇ ਘਰ ਦੀ ਸੁੱਖ ਮੰਗਦੀਆਂ ਹਨ:
ਧੀਆਂ ਇੱਕੋ ਵੇਲੇ
ਸਹੁਰਿਆਂ ਦੇ ਘਰ 'ਚ ਅਤੇ
ਮਾਪਿਆਂ ਦੇ ਦਿਲ ਵਿਚ ਰਹਿੰਦੀਆਂ
ਧੀਆਂ ਕਿਤੇ ਨਹੀਂ ਜਾਂਦੀਆਂ
ਇਸ ਪੁਸਤਕ ਵਿਚ ਉਨ੍ਹਾਂ ਨੇ ਤਿੰਨ ਭਾਗਾਂ ਵਿਚ ਵੰਡਿਆ ਹੈ, ਪਰਵਾਸ, ਬਹਿਰ ਅਤੇ ਥੇਹਾਂ ਦੇ ਨਕਸ਼। ਇਸ ਵੰਡ ਨੇ ਪੁਸਤਕ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ। ਮਨ ਵਿਚ ਬਹਿਰ ਹੋਵੇ ਤਾਂ ਸੁੱਘੜ-ਸਿਆਣੇ ਰਿਸ਼ਤੇ ਹੀ ਅਹਿਸਾਸਾਂ ਅਤੇ ਹਕੀਕਤਾਂ ਵਿਚ ਇੱਕਮਿੱਕ ਕਰ ਕੇ ਜ਼ਿੰਦਗੀ ਦੀ ਕਵਿਤਾ ਬਣ ਜਾਂਦੇ ਹਨ। ਰਿਵਰਸ ਪਰਵਾਸ, ਵਿਕਾਸ, ਬਹਿਰ ਅਤੇ ਭਾਸ਼ਾ, ਸੰਘਰਸ਼ ਦਾ ਬਿਰਤਾਂਤ, ਨਾਨਕ ਅਤੇ ਮੈਂ ਕਿਸਾਨ ਨਹੀਂ ਹਾਂ ਆਦਿ ਰਚਨਾਵਾਂ ਬੇਹੱਦ ਜ਼ਿਕਰਯੋਗ ਹਨ। ਅਜਿਹੀ ਪਿਆਰੀ ਅਤੇ ਮਿਆਰੀ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਹਰਮਨ ਪਿਆਰੇ ਕਵੀ ਮਲਵਿੰਦਰ ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਹਾਲ ਮੁਰੀਦਾਂ ਦਾ ਕਹਿਣਾ
ਕਵੀ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫੇ : 120
ਸੰਪਰਕ : 98146-26726

ਭਾਵੇਂ ਕਿ ਸਟੇਜੀ ਧਾਰਮਿਕ ਕਵਿਤਾ ਦੀ ਪ੍ਰਵਿਰਤੀ ਅੱਜਕਲ੍ਹ ਘਟਦੀ ਜਾ ਰਹੀ ਹੈ ਪਰ ਫਿਰ ਵੀ ਗੁਰੂ ਘਰਾਂ ਵਿਚ ਗੁਰਪੁਰਬਾਂ ਦੇ ਮੌਕੇ 'ਤੇ ਕਰਵਾਏ ਜਾਂਦੇ ਕਵੀ ਦਰਬਾਰਾਂ ਵਿਚ ਧਾਰਮਿਕ ਅਤੇ ਸਟੇਜੀ ਕਵਿਤਾ ਦਾ ਉਘੜਵਾਂ ਰੰਗ ਮਾਣਨ ਨੂੰ ਮਿਲਦਾ ਹੈ। ਸਟੇਜੀ ਕਵਿਤਾ ਦੀ ਇਕ ਖਾਸੀਅਤ ਹੁੰਦੀ ਹੈ ਕਿ ਜਿਥੇ ਇਹ ਛੰਦ ਬੱਧ ਹੁੰਦੀ ਹੈ, ਉਥੇ ਸਰੋਤਿਆਂ ਨੂੰ ਸਿੱਧੇ ਰੂਪ ਵਿਚ ਮੁਖਾਤਿਬ ਹੁੰਦੀ ਹੈ। 'ਹਾਲ ਮੁਰੀਦਾਂ ਦਾ ਕਹਿਣਾ' ਗੜ੍ਹੀ ਚਮਕੌਰ ਤੋਂ ਮਾਛੀਵਾੜੇ ਤੱਕ ਦਾ ਸਫਰ ਸੋਢੀ ਕੁਲਦੀਪ ਦੀ ਅਜਿਹੀ ਕਾਵਿ ਪੁਸਤਕ ਹੈ ਜੋ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਮਕੌਰ ਗੜ੍ਹੀ ਨੂੰ ਛੱਡ ਕੇ ਜਾਣ ਅਤੇ ਮਾਛੀਵਾੜੇ ਪਹੁੰਚਣ ਦੇ ਸਫ਼ਰ ਨੂੰ ਛੰਦਾਬੰਦੀ ਰੂਪ ਵਿਚ ਪੇਸ਼ ਕਰਦੀ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈਕਿ ਇਹ ਕਾਵਿ-ਪੁਸਤਕ ਸਿੱਖ ਇਤਿਹਾਸ ਦੇ ਬੜੇ ਹੀ ਇਤਿਹਾਸਕ ਸਮੇਂ ਨੂੰ ਪੇਸ਼ ਕਰਦੀ ਹੈ ਪਰ ਕਵੀ ਦੁਆਰਾ ਆਪਣੀ ਗੱਲ ਕਹਿਣ ਦਾ ਢੰਗ ਪਾਠਕ ਨੂੰ ਟੁੰਬਦਾ ਹੈ। ਕਵੀ ਨੇ ਮੱਧਕਾਲੀ ਕਾਵਿ-ਪਰੰਪਰਾ ਵਾਂਗ ਆਪਣੀ ਜਿਸ ਲੰਮੀ ਇਤਿਹਾਸਕ ਵਾਰਤਾ ਦਾ ਆਰੰਭ ਮੰਗਲਾਚਰਨ ਨਾਲ ਕੀਤਾ ਹੈ, ਜਿਸ ਵਿਚ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਉਸਤਤ ਕੀਤੀ ਹੈ ਜਿਵੇਂ:
ਸਾਹਿਬ ਸ੍ਰੀ / ਗੋਬਿੰਦ ਸਿੰਘ
ਤੂੰ ਜ਼ਾਹਰ ਰੂਪ / ਅਕਾਲ ਹੈਂ।
ਨਾਲ ਸ਼ੁਰੂਆਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਅਰਾਧਨਾ ਕੀਤੀ ਹੈ। ਜਿਸ ਤੋਂ ਬਾਅਦ ਕਾਵਿ-ਪੁਸਤਕ ਵਿਚ ਇਤਿਹਾਸਕ ਵਾਰਤਾ ਦਾ ਆਰੰਭ ਹੁੰਦਾ ਹੈ, ਜੋ ਚਮਕੌਰ ਗੜ੍ਹੀ ਦੇ ਅਸਾਵੇਂ ਯੁੱਧ ਨੂੰ ਪੇਸ਼ ਕਰਦਾ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੇ ਜਾਨੋਂ ਪਿਆਰੇ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਹਨ। ਗੁਰੂ ਗੋਬਿੰਦ ਸਿੰਘ ਜਦੋਂ ਚਮਕੌਰ ਗੜ੍ਹੀ ਨੂੰ ਛੱਡ ਕੇ ਜਾਂਦੇ ਹਨ, ਜੰਗਲ ਵਿਚ ਉਨ੍ਹਾਂ ਦੀ ਕਿਸ ਨਾਲ ਮੁਲਾਕਾਤ ਹੁੰਦੀ ਹੈ, ਉਨ੍ਹਾਂ ਦਾ ਵੀ ਜ਼ਿਕਰ ਹੈ, ਫਿਰ ਭਾਈ ਗੁਲਾਬੇ ਦਾ ਜ਼ਿਕਰ ਹੈ ਜੋ ਗੁਰੂ ਜੀ ਦੀ ਟਹਿਲ ਸੇਵਾ ਵੀ ਕਰਦਾ ਹੈ ਪਰ ਹਕੂਮਤ ਤੋਂ ਵੀ ਡਰਦਾ ਹੈ। ਫਿਰ ਨਬੀ ਖਾਂ ਅਤੇ ਗਨੀ ਖਾਂ ਕਿਵੇਂ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਹਨ, ਜਿਸ ਦੇ ਸਾਰੇ ਹੀ ਕਾਵਿ ਦ੍ਰਿਸ਼ ਇਸ ਪੁਸਤਕ ਵਿਚ ਬਿਰਤਾਂਤਕ ਰੂਪ ਵਿਚ ਪੇਸ਼ ਹੋਏ ਹਨ। ਜਿਥੇ ਕਦੇ-ਕਦੇ ਪਾਠਕ ਭਾਵੁਕ ਵੀ ਹੋ ਜਾਂਦਾ ਹੈ। ਕਵੀ ਦੀ ਮਿਹਨਤ ਅਤੇ ਸ਼ਰਧਾਮਈ ਬਿਰਤੀ ਪੁਸਤਕ ਦਾ ਹਾਸਿਲ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਆਈ ਏ ਐਸ ਬਣਨ ਦੇ ਲਈ ਪਹਿਲੀ ਕਿਤਾਬ
ਲੇਖਕ : ਡਾ. ਵਿਜੈ ਅਗਰਵਾਲ
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 199 ਰੁਪਏ, ਸਫ਼ੇ : 104
ਸੰਪਰਕ : 01679-233244

ਇਸ ਪੁਸਤਕ ਦਾ ਲੇਖਕ ਸਾਬਕਾ ਸਿਵਲ ਅਧਿਕਾਰੀ ਹੈ। ਉਸ ਨੇ ਆਪਣੇ ਅਨੁਭਵ 'ਤੇ ਆਧਾਰਿਤ, ਉੱਤਮਪੁਰਖੀ ਸ਼ੈਲੀ ਵਿਚ ਉਦਾਹਰਨਾਂ ਸਹਿਤ ਇਸ ਪੁਸਤਕ ਦੀ ਰਚਨਾ ਕੀਤੀ ਹੈ। ਪੁਸਤਕ ਨੂੰ 14 ਅਧਿਆਵਾਂ ਵਿਚ ਵੰਡ ਕੇ ਬੜੀ ਮੁੱਲਵਾਨ, ਪ੍ਰੇਰਣਾਦਾਇਕ ਅਤੇ ਪੂਰੀ ਗਹਿਰਾਈ ਨਾਲ ਆਈ.ਏ.ਐਸ. ਬਣਨ ਦੇ ਚਾਹਵਾਨਾਂ ਲਈ ਜਾਣਕਾਰੀ ਦਿੱਤੀ ਹੈ। ਲੇਖਕ ਅਨੁਸਾਰ ਇਹ ਕਠਿਨ ਪ੍ਰੀਖਿਆ 'ਪ੍ਰਤੀਯੋਗੀ ਪ੍ਰੀਖਿਆ ਦਾ ਉਲੰਪਿਕ' ਮੰਨੀ ਜਾ ਸਕਦੀ ਹੈ। ਆਈ. ਏ. ਐਸ. ਬਣਨ ਦੇ 'ਸੁਪਨੇ' ਅਤੇ 'ਵਿਚਾਰ' ਦਰਮਿਆਨ ਅੰਤਰ ਸਪੱਸ਼ਟ ਕੀਤਾ ਹੈ। ਇਸ ਪ੍ਰੀਖਿਆ ਵਿਚ ਬੈਠਣ ਵਾਲੇ ਉਮੀਦਵਾਰਾਂ ਵਿਚ 'ਬਰਨਿੰਗ ਡੀਜ਼ਾਇਰ' ਹੋਣੀ ਚਾਹੀਦੀ ਹੈ। ਏਸੇ ਨੂੰ 'ਇੱਛਾ ਸ਼ਕਤੀ' ਜਾਂ 'ਵਿਲ ਪਾਵਰ' ਕਹਿੰਦੇ ਹਨ। 'ਪ੍ਰੀ' ਅਤੇ 'ਮੇਨ' ਪ੍ਰੀਖਿਆ ਵਿਚ ਬੈਠਣ ਲਈ ਦ੍ਰਿੜ੍ਹ ਇਰਾਦਾ ਕਰਕੇ ਫ਼ੈਸਲਾ ਲੈਣਾ ਪੈਂਦਾ ਹੈ। ਇਸ ਪ੍ਰੀਖਿਆ ਵਿਚ ਬੈਠਣ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ 21 ਸਾਲ ਹੋਵੇ ਅਤੇ ਉਹ ਭਾਰਤ ਦਾ ਨਾਗਿਰਕ ਹੋਵੇ। ਯੂ.ਪੀ. ਐਸ. ਸੀ. ਦੀ ਤਿਆਰੀ ਲਈ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਅਧਿਆਤਮਿਕ ਚਾਰ ਸਾਧਨਾਂ ਦਾ ਸੰਯੋਗ ਜ਼ਰੂਰੀ ਹੈ। 'ਰੱਟੇ' ਦੀ ਥਾਂ 'ਚਿੰਤਨ' ਕਰਨ ਦੀ ਲੋੜ ਹੈ। ਉਮੀਦਵਾਰ ਵਿਚ 'ਈਗੋ' ਘੱਟ ਅਤੇ 'ਨਿਮਰਤਾ' ਵੱਧ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਦੀ ਤਿਆਰੀ ਦੇ ਰਾਹ ਵਿਚ ਬੋਰੀਅਤ, ਇਕੱਲਾਪਨ, ਮਾਨਸਿਕ ਤਣਾਅ ਅੜਿੱਕਾ ਲਾ ਸਕਦੇ ਹਨ। ਲੇਖਕ ਨੇ ਸਮਕਾਲੀ ਘਟਨਾਵਾਂ (ਕਰੰਟ ਅਫੇਅਰਜ਼) ਲਈ ਅਨੇਕਾਂ ਅਖਬਾਰਾਂ ਵੇਖਣ ਦਾ ਸੁਝਾਅ ਦਿੱਤਾ ਹੈ। ਸਲੇਬਸ ਅਨੁਸਾਰ ਕਿਤਾਬਾਂ ਦਾ ਨਿਕਟ ਅਧਿਐਨ ਕਰਨਾ ਬਣਦਾ ਹੈ। ਨੋਟਸ ਤਿਆਰ ਕਰਨੇ ਚਾਹੀਦੇ ਹਨ। ਵਾਰ-ਵਾਰ ਦੁਹਰਾਅ ਕਰਨਾ ਚਾਹੀਦਾ ਹੈ। ਇੰਟਰਵਿਊ ਸਮੇਂ ਪ੍ਰਭਾਵਸ਼ਾਲੀ ਉੱਤਰ ਦੇਣੇ ਚਾਹੀਦੇ ਹਨ। ਕੋਚਿੰਗ ਇੰਸਟੀਚਿਊਟ/ਆਨਲਾਈਨ ਜਮਾਤਾਂ ਅਟੈਂਡ ਕਰਨੀਆਂ ਚਾਹੀਦੀਆਂ ਹਨ। ਮੀਡੀਆ ਦੇ ਆਧੁਨਿਕ ਸਾਧਨਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਲੇਖਕ ਨੇ ਦੱਸਿਆ ਹੈ ਕਿ ਯੂ.ਪੀ.ਐਸ. ਸੀ. ਦੀ ਇਸ ਪ੍ਰੀਖਿਆ ਦੇ ਦੁਆਰਾ ਲਗਭਗ 20-25 ਸੇਵਾਵਾਂ ਲਈ ਭਰਤੀ ਕੀਤੀ ਜਾਂਦੀ ਹੈ। ਸਭ ਤੋਂ ਜ਼ਿਆਦਾ ਹਰਮਨਪਿਆਰੀਆਂ ਇਹ ਸੇਵਾਵਾਂ ਹਨ : ਆਈ. ਏ. ਐਸ, ਆਈ. ਪੀ. ਐਸ., ਆਈ. ਐਫ. ਐਸ., ਆਈ. ਆਰ. ਐਸ. ਆਦਿ।
ਸੰਖੇਪ ਵਿਚ ਇਹ ਕਿ ਆਈ. ਏ. ਐਸ. (ਯੂ.ਪੀ. ਐਸ. ਸੀ.) ਵਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਸੰਬੰਧੀ ਇਹ ਪੁਸਤਕ ਮਾਰਗਦਰਸ਼ਕ/ਪੱਖ-ਪ੍ਰਦਰਸ਼ਕ ਵਜੋਂ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਮੋਬਾਈਲ : 88376-79186
ਜ਼ਿੰਦਗੀ ਖ਼ੂਬਸੂਰਤ ਹੈ
ਲੇਖਕ : ਅਮਰਜੀਤ ਕੌਰ ਮੋਰਿੰਡਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 295 ਰੁਪਏ, ਸਫ਼ੇ : 53
ਸੰਪਰਕ : 78888-35400

ਅਮਰਜੀਤ ਕੌਰ ਮੋਰਿੰਡਾ ਨੇ ਪੰਜਾਬੀ ਸਾਹਿਤ ਨੂੰ 10 ਪੁਸਤਕਾਂ 'ਸਰਪੋਸ, ਸੁੱਚੇ ਮੋਤੀ, ਸੋਹਿਲੇ ਤੇ ਸਾਕੇ, ਰਿਸ਼ਤਿਆਂ ਦਾ ਨਿੱਘ, ਰੀਝਾਂ ਦੀ ਫੁਲਕਾਰੀ, ਇੱਕ ਲੱਪ ਕਿਰਨਾਂ ਦੀ, ਛੰਦ ਗੁਲਜ਼ਾਰ, ਮਹਿਕ ਕਸਤੂਰੀ, ਅਹਿਸਾਸਾਂ ਦੀ ਖੁਸ਼ਬੋ, ਜਿਹਨ 'ਚ ਪਲਦੇ ਜਜ਼ਬਾਤ' ਆਦਿ ਪ੍ਰਦਾਨ ਕਰਕੇ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਅਧਿਆਪਨ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਕਰਕੇ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਦੇ ਸਮਰੱਥ ਹੋਣ ਕਰਕੇ ਬਾਲ ਸਾਹਿਤ ਲਿਖਣ ਉੱਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਘਰ ਦੇ ਨਾਲ-ਨਾਲ ਸਮਾਜਿਕ ਫ਼ਰਜ਼ ਪ੍ਰਤੀ ਸੁਚੇਤ ਭੂਮਿਕਾ ਨਿਭਾ ਰਹੇ ਹਨ। ਅਮਰਜੀਤ ਮੋਰਿੰਡਾ ਦਾ ਨਾਵਲ ਜ਼ਿੰਦਗੀ ਖ਼ੂਬਸੂਰਤ ਹੈ ਵਿਚ ਆਪਣੇ ਨੈਤਿਕ ਫਰਜ਼ਾਂ ਨੂੰ ਨਿਭਾਉਣ ਹਿੱਤ ਟ੍ਰੈਫਿਕ ਨਿਯਮਾਂ ਬਾਰੇ ਬੱਚਿਆਂ ਨੂੰ ਸੁਚੇਤ ਕਰਨ ਲਈ ਰੌਚਕਤਾ ਭਰਪੂਰ ਬਿਰਤਾਂਤ ਉਸਾਰਿਆ ਹੈ। ਇਸ ਵਿਚ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੀ ਵੀ ਨਿਯਮਾਂ ਪ੍ਰਤੀ ਸਕਾਰਾਤਮਕ ਪਹੁੰਚ ਅਪਣਾਉਣ ਲਈ ਦਿਸ਼ਾ ਨਿਰਧਾਰਿਤ ਕੀਤੀ ਹੈ। ਨਾਵਲੀ ਬਿਰਤਾਂਤ ਅਧੀਨ ਪਰਿਵਾਰਕ ਕਹਾਣੀ ਨੂੰ ਲੜੀਬੱਧ ਕਰਦੇ ਹੋਏ ਘਟਨਾਵਾਂ, ਪਾਤਰ, ਵਾਤਾਵਰਨ ਚਿਤਰਨ, ਅਖ਼ਬਾਰੀ ਖ਼ਬਰਾਂ, ਸਫ਼ਰਨਾਮਾ ਵਿਧੀ ਅਧੀਨ ਆਪਣੀ ਗੱਲ ਕਹਿਣ ਦਾ ਨਿਵੇਕਲਾ ਯਤਨ ਕੀਤਾ ਹੈ। ਸੜਕਾਂ ਦੇ ਨਿਯਮਾਂ ਦੀ ਅਣਗਹਿਲੀ ਕਾਰਨ ਵਾਪਰੇ ਭਿਆਨਕ ਹਾਦਸਿਆਂ ਦਾ ਜ਼ਿਕਰ ਭਾਵੁਕ ਕਰਦਾ ਹੈ। ਨਾਂਵਾਂ ਤੇ ਥਾਵਾਂ ਕਾਲਪਨਿਕ ਜ਼ਰੂਰ ਹਨ ਪਰ ਘਟਨਾਵਾਂ ਯਥਾਰਥਕ ਤੌਰ 'ਤੇ ਵਾਪਰੀਆਂ ਹਨ। ਨਾਵਲਕਾਰ ਜ਼ਿਕਰ ਕਰਦੀ ਹੈ:
ਅਸੀਂ ਗ਼ਲਤੀ ਆਪ ਕਰਦੇ ਹਾਂ ਤੇ ਦੋਸ਼ ਪਰਮਾਤਮਾ ਦੇ ਸਿਰ ਮੜ੍ਹ ਦਿੰਦੇ ਹਾਂ ਜਾਂ ਕਿਸਮਤ ਨਾਲ ਜੋੜ ਦਿੰਦੇ ਹਾਂ। ਜੇਕਰ ਜੀਵਨ ਜਿਊਣ ਹਿਤ ਕੁਝ ਨਿਯਮਾਂ ਦੀ ਪਾਲਣਾ ਕਰਨਾ ਸਿੱਖ ਲਈਏ ਤਾਂ ਇਹ ਜੀਵਨ ਖ਼ੂਬਸੂਰਤ, ਪਿਆਰਾ, ਦਿਲਚਸਪ, ਸਹਿਜ ਤੇ ਸੁਖਾਲਾ ਬਣ ਜਾਵੇਗਾ, ਕਿਉਂਕਿ ਦੁਰਘਟਨਾਵਾਂ ਦਾ ਸਾਡੇ ਸਰੀਰ ਦੇ ਨਾਲ-ਨਾਲ ਮਾਨਸਿਕਤਾ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਇੱਕ ਵਿਅਕਤੀ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਕਈਆਂ ਵਿਅਕਤੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਨਾਵਲੀ ਬਿਰਤਾਂਤ ਵਿਚ ਪ੍ਰਵਾਸੀਆਂ ਦੀ ਜੀਵਨ-ਸ਼ੈਲੀ ਦਾ ਜ਼ਿਕਰ ਵੀ ਕੀਤਾ ਹੈ ਤੇ ਬੱਚਿਆਂ ਦੇ ਬਦਲ ਰਹੇ ਸਰੀਰਕ ਤੇ ਮਾਨਸਿਕ ਪੱਧਰ ਦਾ ਵੀ। ਨਾਵਲੀ ਬਿਰਤਾਂਤ ਦੀ ਕਲਾਤਮਕਤਾ ਇਹ ਹੈ ਕਿ ਪਾਠਕਾਂ ਨੂੰ ਆਰੰਭ ਤੋਂ ਅਖ਼ੀਰ ਤਕ ਨਾਵਲੀ ਘਟਨਾਵਾਂ ਨਾਲ ਜੋੜ ਕੇ ਭਰਪੂਰ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ।
-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810
ਜਿਸ ਤਨ ਲੱਗੀਆਂ
ਲੇਖਕ : ਇੰਜੀ. ਵਰਿੰਦਰ ਟੱਲੇਵਾਲੀਆ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 85999-76777

ਵਰਿੰਦਰ ਟੱਲੇਵਾਲੀਆ ਬਿਜਲੀ ਵਿਭਾਗ ਦਾ ਸੇਵਾ ਮੁਕਤ ਕਰਮਚਾਰੀ ਹੈ। ਉਸ ਦੀ ਇਕ ਕਿਤਾਬ ਛਪ ਚੁੱਕੀ ਹੈ। ਇਹ ਦੂਸਰੀ ਕਿਤਾਬ ਵਾਰਤਕ ਤੇ ਕਵਿਤਾ ਦਾ ਸੁਮੇਲ ਹੈ। ਕਿਤਾਬ ਦੇ ਤਿੰਨ ਭਾਗ ਹਨ। ਪਹਿਲੇ ਕਹਾਣੀ-ਭਾਗ ਵਿਚ ਵਾਰਤਕ ਲੇਖਾਂ ਦੇ ਰੂਪ ਵਿਚ ਕਥਾ ਰਸ ਦੀ ਛੋਹ ਵਾਲੀਆ 43 ਰਚਨਾਵਾਂ ਹਨ। ਦੂਸਰਾ ਭਾਗ 29 ਕਵਿਤਾਵਾਂ ਦਾ ਹੈ ਤੇ ਤੀਸਰੇ ਭਾਗ ਵਿਚ ਲੇਖਕ ਨੇ ਆਪਣੇ ਸਾਥੀਆਂ ਤੇ ਸ਼ੁਭਚਿੰਤਕਾਂ ਦੇ ਪ੍ਰਸੰਸਾਮਈ ਸ਼ਬਦ ਲਿਖੇ ਹਨ। ਵਾਰਤਕ ਦਾ ਮਿਆਰ ਪਹਿਲੀ ਕਿਤਾਬ ਵਾਲਾ ਹੈ। ਲੇਖਾਂ ਵਿਚ ਲੇਖਕ ਦੇ ਨਿਜੀ ਤਜਰਬੇ ਹਨ। ਇਨ੍ਹਾਂ ਵਿਚ ਲੇਖਕ ਦੀ ਨੌਕਰੀ, ਬਚਪਨ, ਪੰਜਾਬ ਦਾ ਵਿਰਸਾ, ਪੰਜਾਬ ਦੇ ਕਾਲੇ ਦਿਨ, ਵਿਦੇਸ਼ੀ ਜ਼ਿੰਦਗੀ ਦਾ ਬਨਾਵਟੀਪਣ ਜ਼ਿੰਦਗੀ ਦੇ ਦੁੱਖ ਸੁੱਖ, ਪੰਜਾਬੀ ਨਾਲ ਦਿਲੀ ਪਿਆਰ ਦੋਸਤੀਆਂ ਦੀਆ ਯਾਦਾਂ, ਪੁਰਖਿਆਂ ਦੀ ਸਾਦਗੀ ਤੇ ਕੁਝ ਅਧਿਆਤਮਕ ਰੰਗ ਵਾਲੇ ਲੇਖ ਹਨ। ਲੇਖ ਤੇ ਸਿਰਲੇਖ ਸੰਖੇਪ ਤੇ ਸਪੱਸ਼ਟ ਹਨ। ਪ੍ਰਸ਼ਨ ਉਤਰ ਸ਼ੈਲੀ ਵਾਲੀ ਇਕ ਰਚਨਾ (ਰਿਵਾਜ ਅਤੇ ਤਰਕ) ਵਿਚ ਕੁਝ ਪੁਰਾਣੇ ਰਸਮੋ ਰਿਵਾਜਾਂ ਦੇ ਵਿਗਿਆਨਕ ਕਾਰਨ ਦੱਸਣ ਦਾ ਯਤਨ ਹੈ।
ਸੰਗ੍ਰਹਿ ਦੇ ਲੇਖ ਪਵਿੱਤਰ ਰੂਹ, ਚਿੰਤਾ, ਕੰਮ ਤੋਂ ਪਹਿਚਾਣ ਮਨ ਦਾ ਬੋਝ ਲੇਖ ਦੇ ਸੁਪਨਿਆਂ ਦਾ ਸੱਚ, ਵਿਤਕਰਾ, ਸੰਤਾਪ ਪਹਿਲੇ ਸਮੇਂ ਦੀਆਂ ਬਰਾਤਾਂ, ਮਾਲਵੇ ਦੇ ਲੋਕਾਂ ਦਾ ਗਰਮ ਸੁਭਾਅ ਲੇਖਕ ਦੇ ਨਾਂਅ ਨਾਲ ਪਿੰਡ ਟੱਲੇਵਾਲੀਆ ਦਾ ਪਿਛੋਕੜ ਬਚਨ ਦੇਣਾ (ਵਾਅਦਾ ਕਰਨਾ) ਨੌਟੰਕੀਬਾਜ਼ ਲੋਕਾ ਦਾ ਕਿਰਦਾਰ ਦਿਲਚਸਪ ਰਚਨਾਵਾਂ ਹਨ। ਕਿਤਾਬ ਦਾ ਟਾਈਟਲ ਰਚਨਾਵਾਂ ਨੂੰ ਪੂਰੀ ਤਰਾ ਕਵਰ ਕਰਦਾ ਨਹੀਂ ਲਗਦਾ ।
ਕਵਿਤਾ ਭਾਗ ਵਿਚ ਧੰਨ ਗੁਰੂ ਨਾਨਕ ਦੇਵ ਜੀ ਲਈ ਸ਼ਰਧਾ ਭਾਵਨਾ, ਗੁਰੂ ਸਾਹਿਬ ਦਾ ਅਲੌਕਿਕ ਜੀਵਨ ਹੈ। ਧੀਆਂ ਬਾਰੇ ਉਸਾਰੂ ਸੋਚ ਹੈ। ਚੰਗੇ ਮਿੱਤਰਾਂ ਦੇ ਗੁਣਾਂ ਦਾ ਚਿਤਰਣ ਹੈ। ਦੁਨੀਆ ਦੀ ਨਾਸ਼ਮਾਨਤਾ, ਪੁਰਾਣਾ ਵਿਰਸਾ ਜ਼ਿੰਦਗੀ ਦਾ ਸੱਚ, ਦਇਆ ਭਾਵ ਜਿਹੇ ਨੈਤਿਕ ਗੁਣ ਮਾਂ ਦਾ ਪਿਆਰ ਬਜ਼ੁਰਗੀ ਦਾ ਸਮਾਂ ਪੰਜਾਬ ਦਾ ਰੰਗਲੇਪਣ ਦਾ ਸੱਚ, ਨਸ਼ਿਆ ਦੀ ਭਰਮਾਰ, ਨਸ਼ਿਆਂ ਵਿਚ ਰੁੜ੍ਹਦੀ ਜਵਾਨੀ ਦਾ ਜ਼ਿਕਰ ਹੈ। ਕਵਿਤਾ ਸਤਿਗੁਰ ਜੀ ਵਿਚ ਲੇਖਕ ਮਨੁੱਖਤਾ ਲਈ ਅਰਦਾਸ ਕਰਦਾ ਹੈ। ਸੰਗ੍ਰਹਿ ਦੀ ਕਵਿਤਾ ਕਿਥੇ ਗਿਆ ਸਾਡਾ ਵਿਰਸਾ ਲੰਮੀ ਕਾਵਿ ਰਚਨਾ ਹੈ। ਸ਼ਾਇਰ ਨੇ ਕਾਨੀਆਂ, ਮਧਾਣੀਆਂ, ਲਵੇਰੇ, ਹਲ, ਪੰਜਾਲੀ, ਬਾਜ਼ੀ ਪਾਉਣੀ, ਸਸਤੀਆ ਵਸਤਾਂ ਤੇ ਵਿਆਹਾਂ ਦੇ ਰਸਮੋ ਰਿਵਾਜਾਂ ਦਾ ਰੰਗ ਭਰਿਆ ਹੈ। ਹੁਣ ਬਹੁਤ ਕੁਝ ਅਲੋਪ ਹੋ ਚੁੱਕਾ ਹੈ। ਤੀਸਰੇ ਭਾਗ ਵਿਚ ਲੇਖਕ ਦੀਆਂ ਕਿਤਾਬਾਂ ਬਾਰੇ ਵਿਦਵਾਨਾਂ ਦੀਆ ਟਿੱਪਣੀਆਂ ਹਨ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਭਾਵਪੂਰਤ ਮੁੱਖ ਬੰਦ ਲਿਖਿਆ ਹੈ। ਕਿਤਾਬ ਦਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫ਼ਾਜ਼ਿਲਕਾ
ਮੋਬਾਈਲ : 98148-56160





.jpg)






























































































































































.jpg)

.jpg)





.jpg)






















