JALANDHAR WEATHER

03-12-2025

 ਧਰਮਿੰਦਰ ਦਾ ਵਿਛੋੜਾ

ਪਿਛਲੇ ਦਿਨੀਂ 'ਅਜੀਤ' ਵਿਚ 'ਪੰਜਾਬੀ ਪੁੱਤਰ ਧਰਮਿੰਦਰ ਦਾ ਵਿਛੋੜਾ' ਸੰਪਾਦਕੀ ਪੜ੍ਹਿਆ ਤੇ ਲੱਗਾ ਜਿਵੇਂ ਕੁੱਜੇ ਵਿਚ ਸਮੁੰਦਰ ਹੀ ਬੰਦ ਕਰ ਦਿੱਤਾ ਹੈ। ਧਰਮਿੰਦਰ ਦੇ ਲੁਧਿਆਣਾ ਜ਼ਿਲ੍ਹੇ ਦੇ ਨਸਰਾਲੀ ਪਿੰਡ ਤੋਂ ਜਨਮ ਲੈ ਕੇ ਫਗਵਾੜੇ ਵਿਚ ਪੜ੍ਹਾਈ ਕਰਨ ਤੱਕ ਤੇ ਫਿਲਮੀ ਸਫਰ ਬਾਰੇ ਠੋਸ ਜਾਣਕਾਰੀ, ਘਰੇਲੂ ਜ਼ਿੰਦਗੀ ਅਤੇ ਰਾਜਨੀਤਕ ਸਫਰ, ਪਹਿਲੀ ਪਤਨੀ ਪ੍ਰਕਾਸ਼ ਕੌਰ ਨਾਲ ਵਿਆਹ ਤੇ ਉਸ ਤੋਂ ਪੈਦਾ ਹੋਈ ਸੰਤਾਨ ਫਿਰ ਹੇਮਾ ਮਾਲਿਨੀ ਨਾਲ ਵਿਆਹ ਤੇ ਉਸ ਤੋਂ ਹੋਈ ਸੰਤਾਨ ਬਾਰੇ ਜ਼ਿਕਰ ਕਰਨਾ। ਏਨੀ ਜ਼ਿਆਦਾ ਜਾਣਕਾਰੀ ਵਾਕਿਆ ਹੀ ਬਾ-ਕਮਾਲ ਹੈ ਤੁਹਾਡੀ ਲੇਖਣੀ। ਦੂਸਰੀ ਗੱਲ ਕੁਝ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਬਾਰੇ ਲਗਾਤਾਰ ਆਪ ਜੀ ਨੇ ਉੱਚ ਕੋਟੀ ਦੇ ਬੁੱਧੀਮਾਨ ਲੇਖਕਾਂ ਦੇ ਲੇਖਾਂ ਨੂੰ ਪਾਠਕਾਂ ਦੀ ਜਾਣਕਾਰੀ ਲਈ ਪ੍ਰਕਾਸ਼ਿਤ ਕਰਕੇ ਜੋ ਗਿਆਨ 'ਚ ਵਾਧਾ ਕੀਤਾ ਹੈ, ਇਸ ਦਾ ਵੀ ਧੰਨਵਾਦ ਕਰਨਾ ਬਣਦਾ ਹੈ। ਇਹ ਗੱਲ ਮੈਂ ਹੀ ਨਹੀਂ ਕਹਿ ਰਿਹਾ, ਇਸ ਬਾਰੇ ਤਮਾਮ ਇਕੱਠਾਂ ਤੇ ਗਲੀ-ਗਲਿਆਰਿਆਂ ਵਿਚ ਚਰਚਾ ਹੁੰਦੀ ਮੈਂ ਆਪਣੇ ਕੰਨੀਂ ਸੁਣੀ ਹੈ। ਆਪ ਜੀ ਦੀ ਉੱਚੀ-ਸੁੱਚੀ ਸੋਚ ਨੂੰ ਸਲਾਮ ਕਰਦੇ ਹਾਂ।

-ਡੀ.ਆਰ. ਬੰਦਨਾ
511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ।

ਪੁਨਰ ਯਾਦ

ਪੁਨਰ ਯਾਦ ਵਿਧੀ, ਮਨੁੱਖੀ ਯਾਦ ਦੀ ਜਾਂਚ ਕਰਨ ਦੀ ਸਭ ਤੋਂ ਮਸ਼ਹੂਰ ਅਤੇ ਮਹੱਤਵਪੂਰਨ ਵਿਧੀ ਹੈ। ਇਸ ਵਿਧੀ ਵਿਚ ਯਾਦ ਸ਼ਕਤੀ ਦੀ ਜਾਂਚ ਕਰਨ ਲਈ ਦੁਬਾਰਾ ਜਾਂ ਪੁਨਰ ਯਾਦ ਕਰਕੇ ਕੀਤੀ ਜਾਂਦੀ ਹੈ। ਇਸ ਵਿਧੀ ਵਿਚ ਪਹਿਲਾਂ ਕੁਝ ਸਮੱਗਰੀ ਜਾਂ ਪਾਠ ਸਿਖਣ ਲਈ ਦਿੱਤਾ ਜਾਂਦਾ ਹੈ। ਕੁਝ ਹੀ ਸਮੇਂ ਬਾਅਦ ਸਿੱਖੀ ਗਈ ਪਾਠ ਸਮੱਗਰੀ ਨੂੰ ਵਿਅਕਤੀ ਦੇ ਸਾਹਮਣੇ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਬੋਲ ਕੇ ਜਾਂ ਲਿਖ ਕੇ, ਪਾਠ-ਸਮੱਗਰੀ ਨੂੰ ਪੁਨਰ ਯਾਦ ਕਰਨ ਲਈ ਕਿਹਾ ਜਾਂਦਾ ਹੈ। ਪੁਨਰ ਯਾਦ ਦੀ ਮਾਤਰਾ ਜਿੰਨੀ ਜ਼ਿਆਦਾ ਹੁੰਦੀ ਹੈ, ਧਾਰਨਾ ਉੱਨੀ ਹੀ ਮਜ਼ਬੂਤ ਤੇ ਵਧੀਆ ਮੰਨੀ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਜਦੋਂ ਵਿਅਕਤੀ ਕਿਸੇ ਪਹਿਲੇ ਸਿੱਖੇ ਗਏ ਪਾਠ ਦਾ ਨੱਬੇ ਫ਼ੀਸਦੀ ਸਹੀ-ਸਹੀ ਪੁਨਰ ਯਾਦ ਕਰਦਾ ਹੈ ਤਾਂ ਉਸ ਵਿਅਕਤੀ ਦੀ ਯਾਦ ਮਜ਼ਬੂਤ ਕਹੀ ਜਾਵੇਗੀ। ਪੁਨਰ ਯਾਦ ਵਿਧੀ, ਲਘੂਕਾਲੀਨ ਯਾਦ ਜਾਂ ਤਤਕਾਲੀ ਯਾਦ ਨਾਲ ਵੀ ਸੰਬੰਧਿਤ ਹੁੰਦੀ ਹੈ। ਇਸ ਵਿਧੀ ਵਿਚ ਅੱਖਰਾਂ, ਅੰਕਾਂ, ਸ਼ਬਦਾਂ ਜਾਂ ਸੰਖਿਆਵਾਂ ਨੂੰ ਵਿਅਕਤੀ ਦੇ ਸਾਹਮਣੇ ਸਿੱਖਣ ਲਈ ਰੱਖਿਆ ਜਾਂਦਾ ਹੈ ਅਤੇ ਤਤਕਾਲ ਹੀ ਇਨ੍ਹਾਂ ਨੂੰ ਦੁਹਰਾਉਣ ਲਈ ਕਿਹਾ ਜਾਂਦਾ ਹੈ। ਇਸ ਵਿਧੀ ਵਿਚ ਕਈ ਵਾਰ ਸ਼ਬਦਾਂ ਤੇ ਅੰਕਾਂ ਨੂੰ ਜੋੜਿਆਂ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਵਿਅਕਤੀ ਦੀ ਪੁਨਰ ਯਾਦ ਦੇ ਆਧਾਰ 'ਤੇ ਉਸ ਦੀ ਧਾਰਨਾ ਦੀ ਮਾਤਰਾ ਕੱਢੀ ਜਾਂਦੀ ਹੈ। ਪੁਨਰ ਯਾਦ ਵਿਧੀ ਦੌਰਾਨ ਪੂਰਵ ਅਨੁਮਾਨ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੂਰਵ ਅਨੁਮਾਨ ਵਿਧੀ ਵਿਚ ਵਿਅਕਤੀ ਨੂੰ ਸੂਚੀ ਯਾਦ ਕਰਵਾਈ ਜੰਦੀ ਹੈ ਅਤੇ ਪੂਰਨ ਅਨੁਮਾਨ ਦੇ ਆਧਾਰ 'ਤੇ ਸੂਚੀ ਦਾ ਅਗਲਾ ਪਦ ਬੋਲਣ ਲਈ ਕਿਹਾ ਜਾਂਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਖਰ੍ਹਵੇ ਬੋਲਾਂ ਤੋਂ ਬਚੋ

ਜੇ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡਾ ਸਤਿਕਾਰ ਕਰਨ ਤਾਂ ਤੁਹਾਨੂੰ ਵੀ ਸਾਹਮਣੇ ਵਾਲੇ ਦਾ ਸਤਿਕਾਰ ਕਰਨਾ ਪਵੇਗਾ ਕਿਸੇ ਦਾ ਸਤਿਕਾਰ ਕਰਕੇ ਤੁਸੀਂ ਉਹ ਸਭ ਕੁਝ ਪਾ ਸਕਦੇ ਹੋ ਜੋ ਸ਼ਾਇਦ ਤੁਸੀਂ ਸੋਚਿਆ ਵੀ ਨਾ ਹੋਵੇ। ਸੋ, ਸਾਨੂੰ ਖੁਦ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਣੇ ਚਾਹੀਦੇ ਹਨ ਕਿ ਉਹ ਹਰ ਛੋਟੇ ਵੱਡੇ ਦਾ ਪੂਰਾ ਸਤਿਕਾਰ ਕਰਨ। ਤੁਹਾਡੇ ਮੂੰਹ ਤੋਂ ਸਤਿਕਾਰ ਦੇ ਨਿਕਲੇ ਮਿੱਠੇ ਬੋਲ ਸਾਹਮਣੇ ਵਾਲੇ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਤੁਹਾਡੇ ਮਿੱਠੇ ਬੋਲ ਤੁਹਾਡੀ ਸ਼ਖ਼ਸੀਅਤ 'ਚ ਨਿਖਾਰ ਲਿਆਉਂਦੇ ਹਨ। ਤੁਹਾਡਾ ਕੱਦ ਮੱਲੋ-ਮੱਲੀ ਉੱਚਾ ਹੁੰਦਾ ਹੈ। ਖਰਵੇ ਬੋਲ ਤੁਹਾਡੇ ਵਿਅਕਤੀਤਵ ਨੂੰ ਨੀਵਾਂ ਕਰਦੇ ਹਨ। ਸੋ, ਸਭ ਨੂੰ ਮਿੱਠਾ ਬੋਲਿਆ ਕਰੋ। ਸਭ ਨੂੰ ਜੀਅ ਕਿਹਾ ਕੋ ਫਿਰ ਵੇਖਿਓ ਜ਼ਿੰਦਗੀ ਦਾ ਲੁਤਫ਼ ਕਿਵੇਂ ਆਉਂਦਾ ਹੈ।

-ਲੈਕਚਰਾਰ ਅਜੀਤ ਖੰਨਾ
ਐਮ.ਏ. ਐਮ. ਫਿਲ ਐਮ.ਜੀ.ਐਮ.ਸੀ.ਬੀ.ਐਡ।

ਆਵਾਜ਼ ਪ੍ਰਦੂਸ਼ਣ ਰੋਕੋ

ਅੱਜ ਕੱਲ੍ਹ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਸਾਰੇ ਪਾਸੇ ਕੰਨ ਪਾੜਵੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਹਨ। ਜਿਸ ਦਾ ਸਭ ਤੋਂ ਵਧ ਬੁਰਾ ਅਸਰ ਬਜ਼ੁਰਗਾਂ, ਬੱਚਿਆਂ ਅਤੇ ਦਿਲ ਦੇ ਮਰੀਜ਼ਾਂ ਦੀ ਸਿਹਤ ਉੱਪਰ ਪੈਂਦਾ ਹੈ।
ਇਸ ਆਵਾਜ਼ ਪ੍ਰਦੂਸ਼ਣ ਦੀ ਬਦੌਲਤ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਜਿਸ ਕਰਕੇ ਉਨ੍ਹਾਂ ਦਾ ਭਵਿੱਖ ਵੀ ਖ਼ਤਰੇ ਵਿਚ ਪੈ ਜਾਂਦਾ ਹੈ। ਜ਼ਿਆਦਾਤਰ ਧਾਰਮਿਕ ਸਥਾਨਾਂ 'ਤੇ ਵੀ ਉੱਚੀ ਆਵਾਜ਼ ਵਿਚ ਵੱਜਦੇ ਸਪੀਕਰ ਵੱਡੀ ਪੱਧਰ 'ਤੇ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਹਨ। ਉੱਚੀ ਆਵਾਜ਼ ਵਿਚ ਵੱਜਦੇ ਸਪੀਕਰ ਤੇ ਪ੍ਰੈਸ਼ਰ ਹਾਰਨਾਂ ਕਰਕੇ ਵੀ ਬਹੁਤ ਜ਼ਿਆਦਾ ਆਵਾਜ਼ ਪ੍ਰਦੂਸ਼ਣ ਵਧ ਰਿਹਾ ਹੈ। ਲੋੜ ਹੈ ਸਾਨੂੰ ਸਭ ਨੂੰ ਮਿਲ ਕੇ ਇਸ ਬੁਰਾਈ ਨੂੰ ਠੱਲ੍ਹ ਪਾਉਣ ਦੀ ਤਾਂ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)