25-05-26
ਧਰਤੀ ਹੇਠਲਾ ਪਾਣੀ
ਹਰੀ ਕ੍ਰਾਂਤੀ ਦੇ ਨਾਂਅ 'ਤੇ ਪੰਜਾਬ ਨੇ ਭਾਵੇਂ ਦੇਸ਼ ਦੇ ਅੰਨ-ਭੰਡਾਰ ਵਿਚ ਵੱਡਾ ਯੋਗਦਾਨ ਪਾਇਆ ਹੈ, ਪਰੰਤੂ ਧਰਤੀ ਹੇਠਲਾ ਪਾਣੀ ਵੀ ਮੁੱਕਣ ਕਿਨਾਰੇ ਕਰ ਦਿੱਤਾ ਹੈ। ਜਿਸ ਕਾਰਨ ਕਈ ਇਲਾਕੇ ਡਾਰਕ ਜ਼ੋਨ ਵਿਚ ਚਲੇ ਗਏ ਹਨ। ਭਾਵੇਂ ਸਮੇਂ ਦੀ ਸਰਕਾਰ ਵਲੋਂ ਨਹਿਰੀ ਪਾਣੀ ਪਾਈਪਾਂ, ਖਾਲਾਂ ਆਦਿ ਰਾਹੀਂ ਖੇਤਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਵੀ ਜ਼ਿਆਦਾਤਰ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਨਿਰੰਤਰ ਕੱਢਿਆ ਜਾ ਰਿਹਾ ਹੈ। ਝੋਨੇ ਦੀ ਫ਼ਸਲ ਨੂੰ ਤਾਂ ਸਿਰਫ਼ ਤਿੰਨ ਮਹੀਨੇ ਹੀ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਜਦਕਿ ਸਨਅਤਾਂ, ਫੈਕਟਰੀਆਂ, ਉਦਯੋਗ ਅਤੇ ਸ਼ਹਿਰੀਕਰਨ ਜ਼ਿਆਦਾ ਹੋ ਜਾਣ ਕਾਰਨ ਪਾਣੀ ਨਿਰੰਤਰ ਰੂਪ ਵਿਚ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰੰਤੂ ਕਿਸਾਨ ਅਜੇ ਵੀ ਕੱਦੂ ਕਰਕੇ ਹੀ ਝੋਨਾ ਬੀਜਣ ਨੂੰ ਤਰਜੀਹ ਦੇ ਰਹੇ ਹਨ। ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਖ਼ਾਸ ਕਰਕੇ ਝੋਨੇ, ਕਣਕ ਨੂੰ ਛੱਡ ਕੇ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ, ਪਰੰਤੂ ਇਸ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਕਿਸਾਨ ਦੀ ਵੀ ਮਜਬੂਰੀ ਹੈ ਕਿ ਉਹ ਝੋਨਾ, ਕਣਕ ਦੀਆਂ ਫਸਲਾਂ ਬੀਜਦਾ ਹੈ, ਕਿਉਂਕਿ ਉਸ ਨੂੰ ਇਨ੍ਹਾਂ ਫਸਲਾਂ ਤੋਂ ਜ਼ਿਆਦਾ ਆਮਦਨ ਹੁੰਦੀ ਹੈ। ਸੋ, ਸਰਕਾਰ ਨੂੰ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਛੱਡ ਕੇ ਬਦਲਵੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਦੇ ਹੋਏ ਉਪਜ ਦੇ ਵਧੀਆ ਭਾਅ ਦੇਣੇ ਚਾਹੀਦੇ ਹਨ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਮਾਂ ਬੋਲੀ ਦਾ ਸਤਿਕਾਰ
ਪੰਜਾਬੀ ਭਾਸ਼ਾ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਭਾਸ਼ਾਵਾਂ 'ਚੋਂ ਇੱਕ ਹੈ। ਇਹ ਪੰਜਾਬ ਦੇ ਲੋਕਾਂ ਦੀ ਆਤਮਾ ਅਤੇ ਪਹਿਚਾਣ ਹੈ। ਪੰਜਾਬੀ ਭਾਸ਼ਾ ਨੇ ਸਮਾਜਿਕ, ਸੰਸਕ੍ਰਿਤਿਕ, ਧਾਰਮਿਕ ਅਤੇ ਸਾਹਿਤਕ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਭਾਸ਼ਾ ਨੇ ਲੋਕਾਂ ਵਿੱਚ ਪਿਆਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ। ਸਾਹਿਤ ਦੇ ਖੇਤਰ ਵਿੱਚ ਵਾਰਿਸ ਸ਼ਾਹ ਦੀ ਹੀਰ ਰਾਂਝਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਹੈ। ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਅਤੇ ਪਾਸ਼ ਵਰਗੇ ਲੇਖਕਾਂ ਨੇ ਪੰਜਾਬੀ ਸਾਹਿਤ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ। ਪੰਜਾਬੀ ਕਵਿਤਾਵਾਂ, ਕਹਾਣੀਆਂ, ਨਾਵਲ ਅਤੇ ਲੋਕ-ਗੀਤ ਸਾਡੀ ਸੰਸਕ੍ਰਿਤੀ ਦਾ ਅਨਮੋਲ ਖਜ਼ਾਨਾ ਹਨ। ਸਿੱਖਿਆ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਬੱਚਿਆਂ ਲਈ ਗਿਆਨ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਮਾਧਿਅਮ ਹੈ। ਮਾਂ ਬੋਲੀ ਵਿੱਚ ਸਿੱਖਿਆ ਲੈਣ ਨਾਲ ਬੱਚਿਆਂ ਦੀ ਸਮਝ ਅਤੇ ਆਤਮ-ਵਿਸ਼ਵਾਸ ਵਧਦਾ ਹੈ। ਧਾਰਮਿਕ ਤੇ ਅਧਿਆਤਮਕ ਖੇਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੇ ਲੋਕਾਂ ਨੂੰ ਸੱਚ, ਇਮਾਨਦਾਰੀ ਅਤੇ ਮਨੁੱਖਤਾ ਦਾ ਰਾਹ ਦਿਖਾਇਆ ਹੈ। ਹੈ।
-ਸ਼ਰਨਜੀਤ ਸਿੰਘ ਰਟੌਲ,
ਪੰਜਾਬੀ ਲੈਕਚਰਾਰ, ਪਟਿਆਲਾ
ਵਿਦਿਆਰਥੀ ਅਤੇ ਕਿਤਾਬਾਂ
ਵਿਦਿਆਰਥੀਆਂ ਅਤੇ ਕਿਤਾਬਾਂ ਦਾ ਆਪਸੀ ਸੰਬੰਧ ਬੜਾ ਹੀ ਮਹੱਤਵਪੂਰਨ ਹੈ। ਵਿਦਿਆਰਥੀ ਕਿਤਾਬਾਂ ਰਾਹੀਂ ਆਪਣੇ ਜੀਵਨ ਨੂੰ ਰੌਸ਼ਨ ਬਣਾਉਂਦੇ ਹਨ। ਜਿੰਨੇ ਵੀ ਮਹਾਂ-ਪੁਰਸ਼ ਹੋਏ ਹਨ ਉਨ੍ਹਾਂ ਨੇ ਮਹਾਨ ਵਿਚਾਰ ਕਤਾਬਾਂ ਵਿਚੋਂ ਹੀ ਇਕੱਠੇ ਕੀਤੇ ਸਨ। ਕਿਤਾਬਾਂ ਦੇ ਗਿਆਨ ਬਿਨਾਂ ਕੋਈ ਵੀ ਮਹਾਨ ਨਹੀਂ ਬਣ ਸਕਦਾ। ਵਿਦਿਆਰਥੀ ਮੁਕਾਬਲੇ ਦੀਆਂ ਕਿਤਾਬਾਂ ਪੜ੍ਹ ਕੇ ਉੱਚੇ-ਉੱਚੇ ਅਹੁਦਿਆਂ 'ਤੇ ਲੱਗ ਜਾਂਦੇ ਹਨ। ਕਿਤਾਬਾਂ ਹੀ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕਰਦੀਆਂ ਹਨ। ਇੱਕ ਚੰਗੀ ਕਿਤਾਬ ਚੰਗੇ ਜੀਵਨ ਦਾ ਨਿਚੋੜ ਹੁੰਦੀ ਹੈ। ਪਰ ਅੱਜ ਦੇ ਸਮੇਂ ਵਿੱਚ ਵਿਦਿਆਰਥੀ ਦਸਵੀਂ ਜਾਂ ਬਾਰ੍ਹਵੀਂ ਦਾ ਇਮਤਿਹਾਨ ਪਾਸ ਕਰਦਿਆਂ ਵਿਦੇਸ਼ਾਂ 'ਚ ਜਾਣ ਬਾਰੇ ਸੋਚਣ ਲੱਗ ਪੈਂਦੇ ਹਨ। ਚੰਗੇ ਪੈਸੇ ਦੇਣ ਉਪਰੰਤ ਉਹ ਬਾਹਰ ਵਿਦੇਸ਼ਾਂ ਵਿੱਚ ਤਾਂ ਚਲੇ ਜਾਂਦੇ ਹਨ, ਕੰਮ ਵੀ ਮਿਲ ਜਾਂਦਾ, ਚੋਖਾ ਪੈਸਾ ਵੀ ਕਮਾ ਹੋ ਜਾਂਦਾ ਹੈ, ਪਰ ਉਹ ਜਿੰਦਗੀ ਦੇ ਅਸਲ ਖਜ਼ਾਨੇ ਭਾਵ ਪੜ੍ਹਾਈ ਤੋਂ ਬਾਂਝੇ ਰਹਿ ਜਾਂਦੇ ਹਨ। ਫਿਰ ਵੀ ਉਨ੍ਹਾਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਕੰਮਕਾਰ ਚੋਂ ਵਹਿਲ ਕੱਢ ਕੇ ਥੋੜ੍ਹਾ-ਥੋੜ੍ਹਾ ਸਮਾਂ ਕਿਤਾਬਾਂ ਪੜ੍ਹਨ ਲਈ ਵੀ ਲਾਉਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਅੰਦਰ ਦੀ ਸ਼ਾਤੀ ਤਾਂ ਵਧੇਗੀ ਹੀ ਪਰ ਉਨ੍ਹਾਂ ਦਾ ਮਨੋਬਲ ਕਿਤਾਬਾਂ ਦੇ ਗਿਆਨ ਨਾਲ ਹੋਰ ਵੀ ਉੱਚਾ ਹੋਵੇਗਾ। ਕਿਤਾਬਾਂ ਦਾ ਗਿਆਨ ਵੀ ਮਨੁੱਖ ਨੂੰ ਤਿੰਨਾਂ ਜਹਾਨਾਂ ਦਾ ਬਾਦਸ਼ਾਹ ਬਣਾ ਦਿੰਦਾ ਹੈ। ਜੀਵਨ ਜਾਚ, ਬੋਲਣ ਦਾ ਸਲੀਕਾ, ਧਾਰਮਿਕ ਪਰਿਵਰਤੀ ਮਨੁੱਖ ਨੂੰ ਕਿਤਾਬਾਂ ਹੀ ਸਿਖਾਉਂਦੀਆਂ ਹਨ।
ਇਸ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਨੂੰ ਆਪਣੇ ਸੱਚੇ ਮਿੱਤਰ ਬਣਾ ਲੈਣਾ ਚਾਹੀਦਾ ਹੈ।
-ਆਰ.ਕੇ.ਪਵਾਰ
ਰਿਟਾ: ਪਿੰਸੀਪਲ-ਭੁੱਲਾਰਾਈ
ਸਵੈ-ਪੜਚੋਲ ਦੀ ਲੋੜ
ਕਈ ਲੋਕ ਸਵੇਰ ਤੋਂ ਸ਼ਾਮ ਤੱਕ ਆਪਣੀ ਬੁੱਧੀ 'ਤੇ ਮਾਣ ਕਰਦਿਆਂ ਆਪਣੀ ਅਕਲ ਦੇ ਮਾਪ-ਦੰਡ ਨਾਲ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਹੋਰ ਜੀਵਨ ਜਿਊਣ ਦੇ ਰੰਗ-ਢੰਗ ਨੂੰ ਮਿਣਦੇ-ਗਿਣਦੇ ਰਹਿੰਦੇ ਹਨ। ਪਰ ਉਹ ਕਦੇ ਸਵੈ-ਪੜਚੋਲ ਕਰਦਿਆਂ, ਉਸੇ ਪੈਮਾਨੇ ਨਾਲ ਆਪਣੇ-ਆਪ ਨੂੰ ਨਹੀਂ ਮਾਪਦੇ। ਜਿਸ ਪੈਮਾਨੇ ਨਾਲ ਉਹ ਪਰਾਏ ਦੀ ਪਰਖ ਪੜਚੋਲ ਕਰਦਿਆਂ ਖੂਬ ਕੰਨ-ਰਸ, ਅਤੇ ਜੀਭ-ਰਸ ਦਾ ਬੇਲੋੜਾ ਸੁਆਦ ਲੈਣ ਦੇ ਆਦੀ ਹੁੰਦੇ ਹਨ। ਕਿਸੇ ਦੀ ਪ੍ਰਸੰਸਾ ਕਰਨੀ ਤਾਂ ਸ਼ਾਇਦ ਉਨ੍ਹਾਂ ਦੀ ਡਿਕਸ਼ਨਰੀ 'ਚ ਲਿਖੀ ਹੀ ਨਹੀਂ ਹੁੰਦੀ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਨਾਲ ਕੋਈ ਭਾਵਨਾਤਮਿਕ ਸਾਂਝ ਹੁੰਦੀ ਹੈ।
ਉਹ ਪਰਾਇਆਂ ਦੀ ਕਿਸੇ ਵੀ ਪੀੜ ਨੂੰ ਨਹੀਂ ਜਾਣਦੇ ਹੁੰਦੇ। ਪਰ ਦੂਜੇ ਦੇ ਜੀਵਨ ਦੀਆਂ ਪਰਤਾਂ ਫਰੋਲਣ ਦੀ ਆਦਤ ਦੇ ਵਧੇਰੇ ਸ਼ਿਕਾਰ ਹੁੰਦੇ ਹਨ। ਅਜਿਹੇ ਲੋਕਾਂ ਨੂੰ ਬਜਾਏ ਦੂਜੇ ਨਾਲੋਂ ਆਪਣਾ-ਆਪਾ ਫਰੋਲਣ ਦੀ ਲੋੜ ਵਧੇਰੇ ਹੁੰਦੀ ਹੈ। ਪ੍ਰਮਾਤਮਾ ਦਾ ਬਣਾਇਆ ਹੋਇਆ ਹਰ ਜੀਵ-ਜੰਤ ਸੁੰਦਰ ਹੈ। ਲੋਕਾਂ ਨੂੰ ਪਰ-ਚਿੰਤਨ ਕਰਨ ਦੀ ਬਜਾਏ ਆਤਮ-ਚਿੰਤਨ ਕਰਨ ਦੀ ਵਧੇਰੇ ਲੋੜ ਹੈ।
-ਸਨੇਹਇੰਦਰ ਸਿੰਘ ਮੀਲੂ (ਫਰੌਰ)