ਐਚ. ਸੀ. ਸੜੋਆ ਵਿਖੇ ਸਿਹਤ ਸੇਵਾਵਾਂ 3 ਘੰਟਿਆਂ ਤਕ ਕੀਤੀਆਂ ਠੱਪ
ਸੜੋਆ, 9 ਸਤੰਬਰ (ਹਰਮੇਲ ਸਿੰਘ ਸਹੂੰਗੜਾ)-ਪੰਜਾਬ ਭਰ ਵਿਚ ਅੱਜ ਪੀ. ਸੀ. ਐਮ. ਐਸੋਸੀੲੈਸ਼ਨ ਵਲੋਂ ਆਪਣੀਆਂ ਮੰਗਾਂ ਖਾਤਰ ਅੱਠ ਵਜੇ ਤੋਂ ਲੈ ਕੇ 11 ਵਜੇ ਤਕ ਸਿਹਤ ਸੇਵਾਵਾਂ ਠੱਪ ਰਹੀਆਂ। ਸਿਰਫ ਐਮਰਜੈਂਸੀ ਸੇਵਾਵਾਂ ਹੀ ਚਲਦੀਆਂ ਰਹੀਆਂ ਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਕ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਦੇ ਹਰ ਕੋਨੇ ਵਿਚ ਹਾਹਾਕਾਰ ਮਚੀ ਰਹਿੰਦੀ ਹੈ ਤੇ ਰਾਤ ਸਮੇਂ ਐਮਰਜੈਂਸੀ ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਸੁਰਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਜੋ ਕਿ ਸਭ ਤੋਂ ਵੱਡੀ ਇੱਕੋ-ਇੱਕ ਜਥੇਬੰਦੀ ਹੈ, ਨੇ ਸਰਕਾਰੀ ਮੰਤਰੀਆਂ-ਸੰਤਰੀਆਂ ਅਤੇ ਅਫਸਰਸ਼ਾਹੀ ਨੂੰ ਲਗਾਤਾਰ ਮਿਲ ਰਹੀਆਂ ਖਾਮੀਆਂ ਤੋਂ ਜਾਣੂ ਕਰਵਾਇਆ ਪਰ ਸਰਕਾਰਾਂ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ ਤੇ ਬਹੁਤ ਸਾਰੇ ਡਾਕਟਰ ਆਪਣੀਆਂ ਸੇਵਾਵਾਂ ਛੱਡ ਚੁੱਕੇ ਹਨ ਅਤੇ ਪੰਜਾਬ ਅੰਦਰ ਸਿਹਤ ਢਾਂਚੇ ਦਾ ਬੁਰਾ ਹਾਲ ਹੋ ਰਿਹਾ ਹੈ। ਹਸਪਤਾਲ ਵਿਚ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਤੇ ਹਰੇਕ ਕੈਟਾਗਰੀ ਦੀਆਂ ਅਸਾਮੀਆਂ ਨੂੰ ਪੱਕੇ ਤੌਰ ਉਤੇ ਭਰਤੀ ਕੀਤਾ ਜਾਵੇ। ਡਾਕਟਰਾਂ ਦੇ ਕੱਟੇ ਹੋਏ ਭੱਤੇ ਏ. ਸੀ. ਪੀ. ਲਾਭ ਤੇ ਬਣਦੇ ਬਕਾਇਆ ਆਦਿ ਨੂੰ ਬਹਾਲ ਕੀਤਾ ਜਾਵੇ। ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।