ਸਿਵਲ ਹਸਪਤਾਲ ’ਚ ਡਾਕਟਰਾਂ ਦੀ ਹੜਤਾਲ ਦੂਜੇ ਪੜਾਅ ਵਿਚ ਦਾਖ਼ਲ
ਕਪੂਰਥਲਾ, 12 ਸਤੰਬਰ (ਅਮਨਜੋਤ ਸਿੰਘ ਵਾਲੀਆ)- ਪੀ.ਸੀ.ਐਮ.ਐਸ. ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸਿਵਲ ਹਸਪਤਾਲ ਵਿਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਤਿੰਨ ਦਿਨ ਤੋਂ ਓ.ਪੀ.ਡੀ. ਸੇਵਾਵਾਂ ਬੰਦ ਕਰਕੇ ਤਿੰਨ ਘੰਟੇ ਲਈ ਹੜਤਾਲ ਕੀਤੀ ਜਾ ਰਹੀ ਸੀ ਪਰ ਲਿਖਤੀ ਮੰਗਾਂ ਨਾ ਮੰਨੇ ਜਾਣ ’ਤੇ ਅੱਜ ਮੁਕੰਮਲ ਤੌਰ ’ਤੇ ਹੜਤਾਲ ਕਰ ਦਿੱਤੀ ਹੈ, ਜਿਸ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਪੀ.ਸੀ.ਐਮ.ਐਸ. ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੀ ਸਰਕਾਰ ਨਾਲ ਹੋਈ ਮੀਟਿੰਗ ਵਿਚ ਸਰਕਾਰ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਪਰ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਨਹੀਂ ਦਿੱਤਾ ਜਾਂਦਾ ਤੇ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਹੁਣ ਇਹ ਹੜਤਾਲ ਹੁਣ ਪੂਰੇ ਦਿਨ ਚੱਲੇਗੀ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਜਾਣਗੀਆਂ।