ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਮੌਤ, ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਦਿੱਤਾ ਧਰਨਾ
ਕਲਾਨੌਰ, 17 ਸਤੰਬਰ (ਪੁਰੇਵਾਲ/ਕਾਹਲੋਂ)-ਨੇੜਲੇ ਪਿੰਡ ਖੁਸ਼ੀਪੁਰ ਵਾਸੀ ਗ੍ਰੰਥੀ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਕਾਰਨ ਇਲਾਕੇ ਵਿਚ ਸੋਗ ਹੈ। ਪਿੰਡ ਵਾਸੀਆਂ ਵਲੋਂ ਸੜਕ ਉਤੇ ਧਰਨਾ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਗਈ। ਜਾਣਕਾਰੀ ਸਾਂਝੀ ਕਰਦਿਆਂ ਪਿੰਡ ਖੁਸ਼ੀਪੁਰ ਵਾਸੀ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਤਰਲੋਕ ਸਿੰਘ ਗ੍ਰੰਥੀ ਸਿੰਘ ਆਪਣੀ ਦਵਾਈ ਲੈਣ ਉਪਰੰਤ ਪਤਨੀ ਦੀ ਦਵਾਈ ਲੈਣ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਸੜਕ ਉਤੇ ਵਾਹਨ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਤਰਲੋਕ ਸਿੰਘ ਦੀ ਮੌਤ ਹੋ ਗਈ। ਹਾਦਸੇ ਉਪਰੰਤ ਵਾਹਨ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਵਾਹਨ ਚਾਲਕ ਖਿਲਾਫ ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਕਲਾਨੌਰ ਬਟਾਲਾ-ਮਾਰਗ ਉਤੇ ਸਥਿਤ ਅੱਡਾ ਖੁਸ਼ੀਪੁਰ ਵਿਖੇ ਧਰਨਾ ਦਿੱਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ। ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।