ਕਸਬਾ ਹੰਬੜਾ ਦੇ ਖੇਡ ਗਰਾਊਂਡ ’ਚੋਂ ਮਿਲੀ ਨੌਜਵਾਨ ਦੀ ਲਾਸ਼
ਹੰਬੜਾ, 19 ਸਤੰਬਰ (ਮੋਜਰ ਹੰਬੜਾ)- ਕਸਬਾ ਹੰਬੜਾ ਦੇ ਖੇਡ ਗਰਾਊਂਡ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ’ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਜਦੋਂ ਲੋਕ ਸੈਰ ਕਰਨ ਲਈ ਆਏ ਤਾਂ ਨੌਜਵਾਨ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਚੌਕੀ ਹੰਬੜਾ ਦੇ ਇੰਚਾਰਜ਼ ਗੁਰਚਰਨਜੀਤ ਸਿੰਘ, ਹੌਲਦਾਰ ਬਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ। ਥਾਣੇਦਾਰ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਅਸੀ ਮੌਕੇ ’ਤੇ ਜਾ ਕੇ ਦੇਖਿਆ। ਮ੍ਰਿਤਕ ਦੇ ਪਾਏ ਕੱਪੜਿਆਂ ’ਚੋਂ ਕੋਈ ਸ਼ਨਾਖ਼ਤ ਕਾਰਡ ਆਦਿ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਵਲੋ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਕਿ ਇਸ ਨੌਜਵਾਨ ਦਾ ਕੁਝ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੇ ਚਿੱਟੀ ਪੈਂਟ ਤੇ ਕਾਲੀ ਟੀ-ਸ਼ਰਟ ਪਾਈ ਹੋਈ ਹੈ ਤੇ ਅਗਰ ਕਿਸੇ ਨੂੰ ਵੀ ਮ੍ਰਿਤਕ ਬਾਰੇ ਪਤਾ ਲੱਗੇ ਤਾਂ ਉਹ ਪੁਲਿਸ ਚੌਕੀ ਹੰਬੜਾ ਜਾਂ ਥਾਣਾ ਲਾਡੋਵਾਲ ਵਿਖੇ ਜਾਣਕਾਰੀ ਦੇ ਸਕਦਾ ਹੈ। ਥਾਣੇਦਾਰ ਗੁਰਚਰਨਜੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਉਕਤ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ’ਚ ਲੱਗੇ ਹੋਏ ਸਨ।