ਸਰਕਾਰੀ ਗਰਲਜ਼ ਕਾਲਜ ਦੇ ਬਾਹਰ ਸਥਿਤੀ ਬਣੀ ਨਾਜ਼ੁਕ
ਜਲਾਲਾਬਾਦ, (ਫ਼ਾਜ਼ਿਲਕਾ), 4 ਅਕਤੂਬਰ (ਜਤਿੰਦਰ ਪਾਲ ਸਿੰਘ)- ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਅਖੀਰਲੇ ਦਿਨ ਸਥਾਨਕ ਗਰਲਜ਼ ਕਾਲਜ ਵਿਚ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਹੈ। ਇੱਥੇ ਕੁਝ ਲੋਕਾਂ ਵਿਚ ਝੜਪ ਵੀ ਹੋ ਚੁੱਕੀ ਹੈ, ਜਿਸ ਵਿਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਸਥਾਨਕ ਕਾਲਜ ਵਿਚ ਓਪਨ ਥੀਏਟਰ ਦੇ ਪਾਸੇ ਵਾਲਾ ਗੇਟ ਨਾਮਜ਼ਦਗੀਆਂ ਲਈ ਖੋਲ੍ਹਿਆ ਗਿਆ ਹੈ ਪਰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਲੜ ਚੁੱਕੇ ਨਰਦੇਵ ਸਿੰਘ ਬੌਬੀ ਮਾਨ ਅਤੇ ਹਲਕਾ ਗੁਰੂਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਅਤੇ ਕਾਂਗਰਸ ਵਲੋਂ ਹਲਕਾ ਫ਼ਿਰੋਜ਼ਪੁਰ ਤੋਂ ਐਮ. ਪੀ. ਸ਼ੇਰ ਸਿੰਘ ਘੁਬਾਇਆ, ਜੋ ਕਿ ਆਪਣੇ ਸਮਰਥਕ ਉਮੀਦਵਾਰਾਂ ਦੇ ਨਾਲ ਮੁੱਖ ਗੇਟ ਤੋਂ ਕਾਗ਼ਜ਼ ਦਾਖਲ ਕਰਵਾਉਣ ਲਈ ਅੰਦਰ ਚਲੇ ਗਏ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਉਮੀਦਵਾਰਾਂ ਵਿਚ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਹ ਜਾਗ ਪਿਆ। ਜਿਸ ਤੋਂ ਬਾਅਦ ਹਲਕਾ ਵਿਧਾਇਕ ਗੋਲਡੀ ਕੰਬੋਜ ਮੌਕੇ ’ਤੇ ਪਹੁੰਚੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਬਹਿਸ ਕੀਤੀ। ਇਸ ਦੌਰਾਨ ਕਾਲਜ ਦੇ ਬਾਹਰ ਨੋਨੀ ਮਾਨ ਦੀ ਫਾਰਚੂਰਨਰ ਗੱਡੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਘੇਰ ਲਈ ਅਤੇ ਗੱਡੀ ਦੇ ਬੋਨਟ ਅਤੇ ਸ਼ੀਸ਼ੇ ’ਤੇ ਮੁੱਕੇ ਵੀ ਮਾਰੇ। ਡਰਾਈਵਰ ਨੂੰ ਵੀ ਬਾਹਰ ਬੁਲਾ ਕੇ ਭੀੜ ਵਿਚੋਂ ਕਿਸੇ ਨੇ ਥੱਪੜ ਵੀ ਮਾਰਿਆ। ਵਿਧਾਇਕ ਗੋਲਡੀ ਕੰਬੋਜ ਵਲੋਂ ਸਥਿਤੀ ਨੂੰ ਕਾਬੂ ਵਿਚ ਕੀਤਾ ਗਿਆ।