ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ, ਪਾਇਲਟ ਸਮੇਤ ਸਾਰੇ 4 ਸਵਾਰਾਂ ਦੀ ਮੌਤ
ਸੈਕਰਾਮੈਂਟੋ, ਕੈਲੀਫੋਰਨੀਆ, 10 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਰਮੌਂਟ ਰਾਜ ਵਿਚ ਇਕ ਛੋਟੇ ਜਹਾਜ਼ ਦੇ ਤਬਾਹ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਜਾਣ ਦੀ ਖ਼ਬਰ ਹੈ, ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 4 ਲੋਕ ਮਾਰੇ ਗਏ। ਇਹ ਜਾਣਕਾਰੀ ਵਰਮੌਂਟ ਸਟੇਟ ਪੁਲਿਸ ਨੇ ਦਿੱਤੀ ਹੈ। ਵਰਮੌਂਟ ਪੁਲਿਸ ਵਲੋਂ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਜਹਾਜ਼ ਵਿੰਧਾਮ ਏਅਰਪੋਰਟ, ਕੋਨੈਕਟੀਕਟ ਤੋਂ ਵਰਮੌਂਟ ਦੇ ਬੈਸਿਨ ਹਾਰਬੋਰ ਏਅਰਪੋਰਟ ਲਈ ਰਵਾਨਾ ਹੋਇਆ ਸੀ ਪਰੰਤੂ ਜਦੋਂ ਯੋਜਨਾ ਅਨੁਸਾਰ ਜਹਾਜ਼ ਕੋਨੈਕਟੀਕਟ ਵਾਪਿਸ ਨਾ ਆਇਆ ਤਾਂ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕੋਨੈਕਟੀਕਟ ਸਟੇਟ ਪੁਲਿਸ ਤੇ ਮਿਡਲਟਾਊਨ ਕੋਨੈਕਟੀਕਟ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ। ਉਪਰੰਤ ਪੁਲਿਸ ਨੇ ਫੈਡਰਲ ਐਵੀਏਸ਼ਨ ਪ੍ਰਸਾਸ਼ਨ ਦੀ ਮਦਦ ਨਾਲ ਜਹਾਜ਼ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਦੀ ਜਗਾ ਦਾ ਪਤਾ ਲਾਉਣ ਲਈ ਸੈਲ ਫੋਨ ਤੇ ਡਰੋਨ ਦੀ ਵਰਤੋਂ ਕੀਤੀ ਗਈ। ਅਧਿਕਾਰੀਆਂ ਅਨੁਸਾਰ ਆਖਰੀ ਵਾਰ ਜਹਾਜ਼ ਵਰਮੌਂਟ ਵਿਚ ਏਅਰਸਟਰਿਪ ਨੇੜੇ ਵੇਖਿਆ ਗਿਆ। ਸਵੇਰੇ ਤਕਰੀਬਨ 12.20 ਮਿੰਟ ’ਤੇ ਜਹਾਜ਼ ਦਾ ਮਲਬਾ ਜੰਗਲੀ ਖੇਤਰ ਵਿਚੋਂ ਲੱਭ ਲਿਆ ਗਿਆ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਲਾਸ਼ਾਂ ਨੂੰ ਬਰਲਿੰਗਟਨ, ਵਰਮੌਂਟ ਦੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਦੇ ਨਾਂਅ ਜਾਰੀ ਨਹੀਂ ਕੀਤੇ ਹਨ। ਘਟਨਾ ਦੀ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ।