ਭਾਜਪਾ ਦੀ ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਦੀ ਰਾਜਨੀਤੀ ਖਤਰਨਾਕ- ਰਾਜਾ ਵੜਿੰਗ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਦੀ ਰਾਜਨੀਤੀ ਬਹੁਤ ਖਤਰਨਾਕ ਹੈ। ਭਾਜਪਾ ਨੇ ਹਮੇਸ਼ਾ ਹੀ ਧਰਮ ਦੇ ਨਾਂਅ ’ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਪਿਛਲੇ ਦਿਨੀਂ ਰਾਹੁਲ ਗਾਂਧੀ ਵਲੋਂ ਵਿਦੇਸ਼ ਵਿਚ ਦਿੱਤੇ ਬਿਆਨ ’ਤੇ ਭਾਜਪਾ ਵਲੋਂ ਬੇਲੋੜਾ ਵਿਵਾਦ ਖੜ੍ਹਾ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਾਰੇ ਧਰਮਾਂ ਦੀ ਡੂੰਘੀ ਜਾਣਕਾਰੀ ਰੱਖਦੇ ਹਨ ਅਤੇ ਸਿੱਖ ਇਤਿਹਾਸ ਬਾਰੇ ਵੀ ਪੂਰਾ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੋਟਾਂ ਨੂੰ ਲੈ ਕੇ ਭਾਜਪਾ ਨੇ ਧਰਮਾਂ ਅਤੇ ਜਾਤਾਂ ਵਿਚ ਵਖਰੇਵੇਂ ਖੜ੍ਹੇ ਕੀਤੇ ਹਨ। ਇਹ ਨਫਰਤ ਭਰੀ ਰਾਜਨੀਤੀ ਦੇਸ਼ ਲਈ ਬਹੁਤ ਮੰਦਭਾਗੀ ਹੈ।