ਅੱਜ ਬਿਕਰਮ ਸਿੰਘ ਮਜੀਠੀਆ ਦੀ ਹੋਵੇਗੀ ਮੋਹਾਲੀ ਅਦਾਲਤ ’ਚ ਪੇਸ਼ੀ

ਨਾਭਾ, (ਪਟਿਆਲਾ), 19 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਣੀ ਹੈ। 14 ਦਿਨ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਅੱਜ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਨੂੰ ਦੇਖਦੇ ਹੋਏ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਭਾਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਨੂੰ 8:30 ਤੋਂ 9 ਵਜੇ ਦੇ ਵਿਚਾਲੇ ਨਾਭਾ ਜੇਲ੍ਹ ਤੋਂ ਮੋਹਾਲੀ ਅਦਾਲਤ ਲਿਜਾਇਆ ਜਾਵੇਗਾ।
ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਵਲੋਂ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਕੇ ਮੁਹਾਲੀ ਲਿਆਂਦਾ ਗਿਆ ਸੀ ਅਤੇ 26 ਜੂਨ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਸੱਤ ਦਿਨਾਂ ਵਿਜੀਲੈਂਸ ਰਿਮਾਂਡ ਲਿਆ ਗਿਆ ਸੀ। ਮਜੀਠੀਆ ਨੂੰ 2 ਜੁਲਾਈ ਨੂੰ ਦੂਜੀ ਵਾਰ ਅਦਾਲਤ ਵਿਚ ਪੇਸ਼ ਕਰ ਕੇ ਚਾਰ ਰੋਜ਼ਾ ਰਿਮਾਂਡ ਹਾਸਲ ਕੀਤਾ ਗਿਆ ਸੀ। ਜਾਂਚ ਏਜੰਸੀ ਵਲੋਂ ਅਕਾਲੀ ਆਗੂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਸੀ। ਮਜੀਠੀਆ ’ਤੇ ਸਰਕਾਰੀ ਅਹੁਦੇ ’ਤੇ ਰਹਿੰਦੇ ਹੋਏ ਅਣ-ਐਲਾਨੀ ਜਾਇਦਾਦਾਂ ਹਾਸਲ ਕਰਨ ਅਤੇ ਉਨ੍ਹਾਂ ਨੂੰ ਲੁਕਾਉਣ ਦਾ ਦੋਸ਼ ਹੈ।
ਅੱਜ ਦੀ ਸੁਣਵਾਈ ਵਿਚ, ਅਦਾਲਤ ਫੈਸਲਾ ਕਰੇਗੀ ਕਿ ਮਜੀਠੀਆ ਦੀ ਨਿਆਂਇਕ ਹਿਰਾਸਤ ਵਧਾਈ ਜਾਵੇ ਜਾਂ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਸੂਤਰਾਂ ਅਨੁਸਾਰ, ਵਿਜੀਲੈਂਸ ਬਿਊਰੋ ਉਨ੍ਹਾਂ ਦੀ ਹਿਰਾਸਤ ਵਧਾਉਣ ਦੀ ਮੰਗ ਕਰ ਸਕਦਾ ਹੈ ਤਾਂ ਜੋ ਪੁੱਛਗਿੱਛ ਨੂੰ ਅੱਗੇ ਵਧਾਇਆ ਜਾ ਸਕੇ।