ਗੁਰਮੀਤ ਕੌਰ ਬਣੇ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ

ਲੌਂਗੋਵਾਲ, 19 ਜੁਲਾਈ (ਵਿਨੋਦ ਸ਼ਰਮਾ, ਖੰਨਾ)-ਪਿੰਡ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ ਹਰਬੰਸ ਕੌਰ ਪਤਨੀ ਲਾਲ ਸਿੰਘ ਪੂਨੀਆ ਦੀ ਅਚਨਚੇਤ ਮੌਤ ਤੋਂ ਬਾਅਦ ਖਾਲੀ ਹੋਏ ਅਹੁਦੇ ਲਈ ਸਰਕਾਰ ਵਲੋਂ ਨਿਰਧਾਰਤ ਚੋਣ ਅਨੁਸਾਰ ਅੱਜ ਗੁਰਮੀਤ ਕੌਰ ਪਤਨੀ ਗੁਰਜੰਟ ਸਿੰਘ ਪੂਨੀਆ ਨੂੰ ਨਿਰਵਿਰੋਧ ਸਰਪੰਚ ਚੁਣ ਲਿਆ ਗਿਆ ਹੈ। ਨਵੇਂ ਚੁਣੇ ਗਏ ਸਰਪੰਚ ਗੁਰਮੀਤ ਕੌਰ ਸਵਰਗੀ ਸਰਪੰਚ ਹਰਬੰਸ ਕੌਰ ਦੇ ਨੂੰਹ ਅਤੇ ਉੱਘੇ ਸਮਾਜਸੇਵੀ ਸੁਖਬੀਰ ਸਿੰਘ ਪੂਨੀਆ ਦੇ ਭਰਜਾਈ ਹਨ।
ਤੱਤਕਾਲੀਨ ਸਰਪੰਚ ਹਰਬੰਸ ਕੌਰ ਦੀ ਅਚਨਚੇਤ ਮੌਤ ਉਪਰੰਤ ਸਰਕਾਰ ਨੇ ਖਾਲੀ ਅਹੁਦੇ ਲਈ ਚੋਣ ਦਾ ਐਲਾਨ ਕੀਤਾ ਤਾਂ ਇਸ ਅਹੁਦੇ ਲਈ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪਹਿਲ ਸਦਕਾ ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ ਦੇ ਨੂੰਹ ਗੁਰਮੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਫੈਸਲਾ ਕੀਤਾ। ਪਿੰਡ ਵਾਸੀਆਂ ਵਲੋਂ ਬੇਹੱਦ ਸੁਖਾਵੇਂ ਮਾਹੌਲ ਵਿਚ ਗੁਰਮੀਤ ਕੌਰ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਪ੍ਰਗਟ ਕੀਤੀ ਗਈ। ਤਕਨੀਕੀ ਤੌਰ ਉਤੇ ਪੂਨੀਆ ਪਰਿਵਾਰ ਦੇ ਹੀ ਮੈਂਬਰ ਸ਼ਿੰਦਰ ਕੌਰ ਵਲੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਉਤੇ ਸਰਪੰਚੀ ਦਾ ਤਾਜ ਗੁਰਮੀਤ ਕੌਰ ਸਿਰ ਸਜ ਗਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਪਿੰਡ ਦੀ ਪੰਚਾਇਤ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਿਚ ਅਹਿਮ ਯੋਗਦਾਨ ਪਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।