ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਸੁਲਤਾਨਵਿੰਡ (ਅੰਮ੍ਰਿਤਸਰ), 20 ਜੁਲਾਈ (ਗੁਰਨਾਮ ਸਿੰਘ ਬੁੱਟਰ) - ਪਿੰਡ ਸੁਲਤਾਨਵਿੰਡ ਦੇ 6 ਵਾਰਡ ਪੰਡੋਰਾ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਜੂ ਪੁੱਤਰ ਲੇਟ ਦਰਸ਼ਨ ਸਿੰਘ ਵਾਸੀ 6 ਵਾਰਡ ਪੰਡੋਰਾ ਪਿੰਡ ਸੁਲਤਾਨਵਿਡ ਵਜੋ ਹੋਈ ਹੈ।
ਇਹ ਇਲਾਕਾ ਪੁਲਿਸ ਥਾਣਾ ਸੁਲਤਾਨਵਿੰਡ ਨਾਲ ਸੰਬੰਧਿਤ ਹੈ। ਇਸ ਮੌਕੇ ਗੱਲਬਾਤ ਕਰਦਿਆਂ ਟਾਂਗਾ, ਰੇਹੜਾ ਘੋੜਾ, ਠੇਲਾ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜੂ ਦੇ ਮਾਂ ਪਿਓ ਨਾ ਹੋਣ ਕਰਕੇ ਰਾਜੂ ਦੀ ਮੈ ਪੂਰੀ ਦੇਖ ਭਾਲ ਕਰਦਾ ਸੀ ਅਤੇ ਰਾਜੂ ਨੂੰ ਜੰਝ ਘਰ ਵਿਖੇ ਰੱਖਿਆ ਹੋਇਆ ਸੀ। ਉਨ੍ਹਾ ਦੱਸਿਆ ਕਿ ਅੱਜ ਸਵੇਰੇ ਰਾਜੂ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਪੁਲਿਸ ਕੋਲ ਜੋ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।