ਪ੍ਰਧਾਨ ਮੰਤਰੀ ਮੋਦੀ 23 ਤੋਂ 26 ਜੁਲਾਈ ਤੱਕ ਬ੍ਰਿਟੇਨ ਅਤੇ ਮਾਲਦੀਵ ਦੇ ਸਰਕਾਰੀ ਦੌਰੇ 'ਤੇ

ਨਵੀਂ ਦਿੱਲੀ, 20 ਜੁਲਾਈ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਸੱਦੇ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੋਂ 24 ਜੁਲਾਈ 2025 ਤੱਕ ਬ੍ਰਿਟੇਨ ਦਾ ਸਰਕਾਰੀ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਿਟੇਨ ਦਾ ਚੌਥਾ ਦੌਰਾ ਹੋਵੇਗਾ। ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਮੋਦੀ ਭਾਰਤ-ਬ੍ਰਿਟੇਨ ਦੁਵੱਲੇ ਸੰਬੰਧਾਂ ਦੇ ਸਮੁੱਚੇ ਪਹਿਲੂਆਂ 'ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਵਿਆਪਕ ਚਰਚਾ ਕਰਨਗੇ। ਉਹ ਖੇਤਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮੁੱਦਿਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।
ਆਪਣੀ ਫੇਰੀ ਦੇ ਦੂਜੇ ਪੜਾਅ ਵਿਚ, ਪ੍ਰਧਾਨ ਮੰਤਰੀ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਦੇ ਸੱਦੇ 'ਤੇ 25 ਤੋਂ 26 ਜੁਲਾਈ, 2025 ਤੱਕ ਮਾਲਦੀਵ ਦਾ ਸਰਕਾਰੀ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ, ਅਤੇ ਡਾ. ਮੁਹੰਮਦ ਮੁਈਜ਼ੂ ਦੀ ਪ੍ਰਧਾਨਗੀ ਦੌਰਾਨ ਕਿਸੇ ਰਾਜ ਜਾਂ ਸਰਕਾਰ ਦੇ ਮੁਖੀ ਦੁਆਰਾ ਮਾਲਦੀਵ ਦਾ ਪਹਿਲਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ 26 ਜੁਲਾਈ, 2025 ਨੂੰ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ 'ਗੈਸਟ ਆਫ਼ ਆਨਰ' ਹੋਣਗੇ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਡਾ. ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕਰਨਗੇ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਦੋਵੇਂ ਨੇਤਾ ਅਕਤੂਬਰ 2024 ਵਿਚ ਮਾਲਦੀਵ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਅਪਣਾਏ ਗਏ 'ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਭਾਈਵਾਲੀ' ਲਈ ਭਾਰਤ-ਮਾਲਦੀਵ ਸਾਂਝੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਵਿਚ ਪ੍ਰਗਤੀ ਦਾ ਵੀ ਜਾਇਜ਼ਾ ਲੈਣਗੇ।