ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵਲੋਂ 8 ਅਗਸਤ ਨੂੰ ਸੂਬੇ ਭਰ ਦੇ ਜ਼ਿਲ੍ਹਾ ਸਕੱਤਰੇਤਾਂ 'ਤੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ

ਕਰਨਾਲ, 22 ਜੁਲਾਈ (ਗੁਰਮੀਤ ਸਿੰਘ ਸੱਗੂ)-ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਉਭਾਰਨ ਲਈ ਹਾਲ ਹੀ ’ਚ ਬਣਾਏ ਗਏ ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੀ ਮੀਟਿੰਗ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ। ਇਸ ਮੀਟਿੰਗ ਵਿਚ ਮੋਰਚੇ ਵਿਚ ਸ਼ਾਮਿਲ ਸਾਰੇ 9 ਕਿਸਾਨ-ਮਜ਼ਦੂਰ ਸੰਗਠਨਾਂ ਦੇ ਅਹੁਦੇਦਾਰ ਹਾਜ਼ਰ ਸਨ। ਲੰਬੀ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 8 ਅਗਸਤ ਨੂੰ ਸੂਬੇ ਭਰ ਦੇ ਜ਼ਿਲ੍ਹਾ ਸਕੱਤਰੇਤਾਂ ’ਤੇ ਧਰਨੇ ਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ-ਪੱਤਰ ਸੌਂਪ ਕੇ ਅੰਨਦਾਤਿਆਂ ਦੀਆਂ ਮੰਗਾਂ ਅਤੇ ਮੁੱਦੇ ਚੁੱਕੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਦੇ ਬੁਲਾਰੇ ਬਹਾਦੁਰ ਮੁਹਲਾ ਬਲੜੀ ਨੇ ਮੀਟਿੰਗ ਵਿਚ ਹੋਈ ਚਰਚਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਮੀਟਿੰਗ ਵਿਚ ਅਮਰਜੀਤ ਸਿੰਘ ਮੋਹੜੀ, ਮਨਦੀਪ ਨਥਵਾਲ, ਜਗਦੀਪ ਸਿੰਘ ਓਲਖ, ਲਖਵਿੰਦਰ ਓਲਖ ਆਦਿ ਕਿਸਾਨਾਂ ਨਾਲ ਹੋ ਰਹੀ ਬੇਇਨਸਾਫੀ ਨੂੰ ਰੋਕਣ ਅਤੇ ਕਿਸਾਨ ਹਿੱਤ ਵਿਚ ਸਰਕਾਰੀ ਨੀਤੀਆਂ ਲਾਗੂ ਕਰਵਾਉਣ ਬਾਰੇ ਆਪਣੇ ਵਿਚਾਰ ਰੱਖੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਮਜ਼ਬੂਤੀ ਨਾਲ ਸੰਘਰਸ਼ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਵੀ ਉਨ੍ਹਾਂ ਦੇ ਹੱਕ ਦਿਵਾਉਣ ਲਈ ਮੋਰਚਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਖਾਦ ਦੀ ਘਾਟ ਸਭ ਤੋਂ ਵੱਡਾ ਮੁੱਦਾ ਹੈ। ਕਿਸਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਹਰ ਸੀਜ਼ਨ ਜਦੋਂ ਫਸਲਾਂ ਬੀਜਣ ਦਾ ਸਮਾਂ ਹੁੰਦਾ ਹੈ ਤਾਂ ਕਿਸਾਨਾਂ ਵਿਰੁੱਧ ਇਕ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾਂਦੀ ਹੈ। ਜਦੋਂ ਖੇਤਾਂ ਵਿਚ ਕੰਮ ਕਰਨ ਦਾ ਸਮਾਂ ਹੁੰਦਾ ਹੈ ਤਾਂ ਕਿਸਾਨ ਖਾਦ ਲਈ ਕਿਸਾਨ ਅਧਿਕਾਰੀਆਂ ਅਤੇ ਵਪਾਰੀਆਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਜਾਂਦਾ ਹੈ। ਖਾਦ ਦੀ ਕਾਲਾਬਾਜ਼ਾਰੀ ਨੂੰ ਸਰਕਾਰ ਰੋਕ ਨਹੀਂ ਪਾ ਰਹੀ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ, ਬਿਜਲੀ ਬਿੱਲਾਂ ਵਿਚ ਵਾਧਾ, ਖਾਦ ਦੀ ਕਮੀ, ਟਿਊਬਵੈੱਲ ਕੁਨੈਕਸ਼ਨ ਅਤੇ ਪਾਣੀ ਭਰਨ ਦੀਆਂ ਸਮੱਸਿਆਵਾਂ ਨੂੰ ਲੈ ਕੇ 8 ਅਗਸਤ ਨੂੰ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵਿਚ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ, ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ, ਕਿਸਾਨ ਮਜ਼ਦੂਰ ਸੰਗਠਨ, ਕਿਸਾਨ ਭਵਨ, ਭਾਰਤੀ ਕਿਸਾਨ ਪੰਚਾਇਤ, ਰਾਸ਼ਟਰੀ ਮਜ਼ਦੂਰ ਕਿਸਾਨ ਮੰਚ, ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਏਕਤਾ ਅਤੇ ਭਾਰਤੀ ਕਿਸਾਨ ਯੂਨੀਅਨ ਪਹੇਵਾ ਸੰਗਠਨ ਸ਼ਾਮਿਲ ਹਨ।