JALANDHAR WEATHER

ਭਾਂਡੇ ਵੇਚਣ ਆਈ ਔਰਤ 2 ਘਰਾਂ 'ਚ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਸੋਨਾ-ਚਾਂਦੀ ਲੈ ਕੇ ਫਰਾਰ

ਮਹਿਲ ਕਲਾਂ, 22 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਮਨਾਲ (ਬਰਨਾਲਾ) ਵਿਖੇ ਇਕ ਨੌਸਰਬਾਜ਼ ਔਰਤ ਵਲੋਂ ਪੁਰਾਣੇ ਭਾਂਡਿਆਂ ਬਦਲੇ ਨਵੇਂ ਭਾਂਡੇ ਦੇਣ ਦੀ ਆੜ 'ਚ ਦੋ ਘਰਾਂ ਦੀਆਂ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਤਿੰਨ ਤੋਲੇ ਸੋਨੇ ਤੇ ਅੱਠ ਤੋਲੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਪੀੜਤ ਕੁਲਬੀਰ ਸਿੰਘ ਮਨਾਲ ਨੇ ਦੱਸਿਆ ਕਿ ਇਕ ਅਣਪਛਾਤੀ ਔਰਤ ਜੋ ਕਿ ਪਿੰਡ 'ਚ ਨਵੇਂ ਭਾਂਡੇ ਵੇਚਣ ਤੇ ਪੁਰਾਣੇ ਭਾਂਡੇ ਖਰੀਦਣ ਲਈ ਆਈ ਸੀ, ਉਸ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਮੇਰੀ ਨੂੰਹ ਰੀਨਾ ਕੌਰ ਅਤੇ ਨੀਸੂ ਕੌਰ ਤੋਂ ਪੁਰਾਣੇ ਭਾਂਡੇ ਲੈ ਕੇ ਇਕ ਦੋ ਦਿਨ ਬਾਅਦ ਨਵੇਂ ਭਾਂਡੇ ਦੇ ਗਈ। ਉਸ ਤੋਂ ਕੁਝ ਦਿਨ ਬਾਅਦ ਉਹ ਔਰਤ ਫਿਰ ਸਾਡੇ ਘਰ ਆਈ। ਸਾਡੀਆਂ ਔਰਤਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਘਰ ਵਿਚੋਂ ਕੀਮਤੀ ਗਹਿਣੇ ਚੋਰੀ ਕਰਕੇ ਲੈ ਗਈ।

ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਵਿਚ ਅੱਧਾ ਤੋਲਾ ਛਾਪ, ਅੱਧਾ ਤੋਲਾ ਕਾਂਟੇ, ਅੱਠ ਤੋਲੇ ਚਾਂਦੀ ਦੀਆਂ ਝਾਂਜਰਾਂ ਅਤੇ ਮੰਗਲਸੂਤਰ ਆਦਿ ਸਨ। ਇਸ ਤੋਂ ਇਲਾਵਾ, ਉਸ ਔਰਤ ਨੇ ਦੂਜੇ ਘਰ ਵਿਚ ਦਾਖਲ ਹੋ ਕੇ ਰੇਖਾ ਕੌਰ ਦੀਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਚਾਂਦੀ ਦੀਆਂ ਝਾਂਜਰਾਂ ਵੀ ਚੋਰੀ ਕਰ ਲਈਆਂ। ਪੀੜਤ ਕੁਲਬੀਰ ਸਿੰਘ ਨੇ ਕਿਹਾ ਕਿ ਚੋਰੀ ਦੇ ਸਮੇਂ ਘਰਾਂ ਦੇ ਬੰਦੇ ਮਜ਼ਦੂਰੀ ਲਈ ਬਾਹਰ ਗਏ ਹੋਏ ਸਨ। ਘਰ ਵਿਚ ਸਿਰਫ ਔਰਤਾਂ ਹੀ ਮੌਜੂਦ ਸਨ, ਜਿਸਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਇਹ ਚੋਰੀਆਂ ਕੀਤੀਆਂ ਗਈਆਂ। ਪੁਲਿਸ ਥਾਣਾ ਠੁੱਲੀਵਾਲ 'ਚ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਪਿੰਡ ਵਾਸੀਆਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ-ਪੜਤਾਲ ਕਰਵਾ ਕੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ