ਕੈਨੇਡਾ 'ਚ ਪੰਜਾਬਣ ਦਾ ਕਾਤਲ ਗਿ੍ਫ਼ਤਾਰ

ਟੋਰਾਂਟੋ, 7 ਅਗਸਤ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਉਂਟਾਰੀਓ ਦੇ ਹੈਮਿਲਟਨ ਸ਼ਹਿਰ 'ਚ ਬੀਤੀ 17 ਅਪ੍ਰੈਲ ਦੀ ਸ਼ਾਮ ਨੂੰ ਬੱਸ ਸਟਾਪ 'ਤੇ ਬੱਸ ਉਡੀਕ ਕਰਦਿਆਂ ਪੰਜਾਬ ਦੀ ਹਰਸਿਮਰਤ ਕੌਰ ਰੰਧਾਵਾ ਜੋ ਕਿ ਮੋਹਾਕ ਕਾਲਜ ਦੀ ਵਿਦਿਆਰਥਣ ਸੀ, ਨੂੰ ਅਚਾਨਕ ਗੋਲੀ ਲੱਗੀ ਸੀ | ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ | 2 ਧੜਿਆਂ ਦੇ ਅੱਧੀ ਦਰਜਣ ਤੋਂ ਵੱਧ ਵਿਅਕਤੀਆਂ ਦੀ ਲੜਾਈ 'ਚ ਇਕ ਕਾਰ ਸਵਾਰਾਂ ਵਲੋਂ ਦੂਸਰੀ ਕਾਰ ਉੱਪਰ ਅੰਨੇ੍ਹਵਾਹ ਗੋਲੀਆਂ ਚਲਾਏ ਜਾਣ ਕਾਰਨ ਉਹ ਇਸਦਾ ਸ਼ਿਕਾਰ ਹੋ ਗਈ | ਪੁਲਿਸ ਵਲੋਂ ਇਸ ਮਾਮਲੇ ਦੀ ਉਦੋਂ ਤੋਂ ਡੂੰਘਾਈ ਨਾਲ਼ ਜਾਂਚ ਕੀਤੀ ਜਾ ਰਹੀ ਸੀ ਤੇ ਅੱਜ ਅਧਿਕਾਰੀਆਂ ਵਲੋਂ ਉਸ ਕੇਸ 'ਚ 1 ਸ਼ੱਕੀ ਨੂੰ ਗਿ੍ਫਤਾਰ ਕਰਕੇ ਕਤਲ ਕੇਸ 'ਚ ਚਾਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ | ਹੈਮਿਲਟਨ ਤੇ ਨਿਆਗਰਾ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ 32 ਸਾਲ ਦੇ ਜਰਡੇਨ ਫੌਸਟਰ ਨੂੰ ਬੀਤੇ ਕੱਲ੍ਹ ਉਸ ਦੇ ਘਰੋਂ ਹਿਰਾਸਤ 'ਚ ਲਿਆ ਗਿਆ | ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਕੁਝ ਹੋਰ ਗਿ੍ਫ਼ਤਾਰੀਆਂ ਕੀਤੇ ਜਾਣ ਦੀ ਸੰਭਾਵਨਾ ਹੈ |