ਕੇਂਦਰ ਸਰਕਾਰ ਵਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬੇ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ
ਚੰਡੀਗੜ੍ਹ, 12 ਨਵੰਬਰ (ਸੰਦੀਪ ਕੁਮਾਰ ਮਾਹਨਾ) - ਫ਼ਿਰੋਜ਼ਪੁਰ ਪੱਟੀ ਵਿਚਕਾਰ ਨਵੇਂ ਰੇਲਵੇ ਟ੍ਰੈਕ ਪ੍ਰੋਜੈਕਟ ’ਤੇ 764 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਚੰਡੀਗੜ੍ਹ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ ਪਰ ਉਪ ਚੋਣਾਂ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਜਦੋਂ ਚੋਣ ਮੁਕੰਮਲ ਹੋ ਗਈ ਹੈ ਤਾਂ ਇਸ ਦੀ ਸਰਕਾਰੀ ਘੋਸ਼ਣਾ ਕਰ ਦਿੱਤੀ ਗਈ ਹੈ।
ਉਨ੍ਹਾਂ ਇਸ ਦੇ ਫ਼ਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ’ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ, ਮਾਝੇ ਇਲਾਕੇ ਦਾ ਮਾਲਵਾ ਨਾਲ ਜੋੜ ਬਣੇਗਾ, ਨਿਰਯਾਤ ਲਈ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ, ਸਰਹੱਦੀ ਇਲਾਕੇ ‘ਚ ਫੌਜ ਲਈ ਇਹ ਮਦਦਗਾਰ ਸਾਬਤ ਹੋਵੇਗੀ, ਗੁਜਰਾਤ ਦੇ ਕੰਢਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਅਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਤੇ ਸੈਰ ਸਪਾਟਾ ਸਥਾਨਾਂ ’ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। ਬਿੱਟੂ ਨੇ ਅੱਗੇ ਕਿਹਾ ਕਿ 2008 ਦੀ ਇਹ ਮੰਗ ਸੀ,ਜੋ ਮੈਂ ਪੂਰੀ ਕਰਵਾਈ ਹੈ।
ਰਵਨੀਤ ਸਿੰਘ ਬਿੱਟੂ ਨੇ ਅੱਗੇ ਦੱਸਿਆ ਕਿ ਇਸ ਰੇਲਵੇ ਲਾਈਨ ਦੀ ਮੰਗ 2008 ਵਿਚ ਹੀ ਉਠਣੀ ਸ਼ੁਰੂ ਹੋ ਗਈ ਸੀ। ਉਸ ਵੇਲੇ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਮੋਂਟੇਕ ਸਿੰਘ ਆਹਲੂਵਾਲੀਆ ਨੇ ਵੀ ਇਸ ਸੰਬੰਧੀ ਪੱਤਰ ਲਿਖੇ ਸਨ। ਉਹ ਵੀ ਇਹ ਲਾਈਨ ਬਣਵਾਉਣਾ ਚਾਹੁੰਦੇ ਸਨ ਪਰ ਪੈਸੇ ਨਹੀਂ ਦਿੱਤੇ ਗਏ। ਬਿੱਟੂ ਨੇ ਕਿਹਾ ਕਿ ਜਦੋਂ ਮੈਂ ਮੰਤਰੀ ਬਣਿਆ ਤਾਂ ਮੈਂ ਇਸ ਦੀਆਂ ਫਾਈਲਾਂ ਕਢਵਾਈਆਂ ਤੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਰਾਜ ਇਸ ਪ੍ਰੋਜੈਕਟ ਲਈ ਪੈਸੇ ਨਹੀਂ ਦੇ ਸਕਦਾ। ਇਸ ਤੋਂ ਬਾਅਦ ਕੇਂਦਰ ਵਲੋਂ ਇਸ ਨੂੰ ਮਨਜ਼ੂਰੀ ਮਿਲ ਗਈ ਹੈ।
;
;
;
;
;
;
;
;