ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ 'ਹਿੰਦ ਦੀ ਚਾਦਰ' ਲਾਈਟ ਐਂਡ ਸਾਊਾਡ ਸ਼ੋਅ
ਕਪੂਰਥਲਾ, 14 ਨਵੰਬਰ (ਅਮਰਜੀਤ ਕੋਮਲ)-ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਗੁਰੂ ਸਾਹਿਬ ਦੇ ਜੀਵਨ, ਲਾਸਾਨੀ ਸ਼ਹਾਦਤ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਆਧਾਰਿਤ ਲਾਈਟ ਐਂਡ ਸਾਊਾਡ ਸ਼ੋਅ 'ਹਿੰਦ ਦੀ ਚਾਦਰ' ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਇਆ ਗਿਆ | ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਿਲ ਹੋਈਆਂ ਸੰਗਤਾਂ ਪੂਰੀ ਇਕਾਗਰਤਾ ਨਾਲ ਇਹ ਸ਼ੋਅ ਦੇਖ ਕੇ ਭਾਵੁਕ ਹੋ ਗਈਆਂ | ਸ਼ਾਮ 6:30 ਵਜੇ ਸ਼ੁਰੂ ਹੋਏ ਇਸ 45 ਮਿੰਟ ਦੇ ਸ਼ੋਅ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਾਂਤੀ, ਸਹਿਣਸ਼ੀਲਤਾ ਤੇ ਵਿਸ਼ਵ ਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫ਼ਲਸਫ਼ੇ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਗਿਆ | ਸ਼ੋਅ ਵਿਚ 350 ਸਾਲ ਪਹਿਲਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਭਾਈ ਮਤੀਦਾਸ ਜੀ , ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਸਮੇਤ ਚਾਂਦਨੀ ਚੌਂਕ ਦਿੱਲੀ ਵਿਚ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਬਹੁਤ ਹੀ ਵਿਲੱਖਣ ਢੰਗ ਨਾਲ ਪੇਸ਼ ਕਰਦਿਆਂ ਗੁਰੂ ਜੀ ਵਲੋਂ ਹੱਕ ਸੱਚ ਤੇ ਨਿਆਂ ਪਰਉਪਕਾਰ ਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ |
ਇਸ ਮੌਕੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ.ਐਸ.ਪੀ. ਗੌਰਵ ਤੂਰਾ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ ਧੰਜੂ ਆਦਿ ਹਾਜ਼ਰ ਸਨ |
;
;
;
;
;
;
;
;