ਪੀ.ਟੀ.ਆਈ. ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਮਰਾਨ ਖਾਨ ਦੀ ਭੈਣ ਨੂੰ ਜੇਲ੍ਹ ਜਾਣ ਦੀ ਇਜਾਜ਼ਤ
ਰਾਵਲਪਿੰਡੀ (ਪਾਕਿਸਤਾਨ), 2 ਦਸੰਬਰ (ਏਐਨਆਈ): ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਪਾਕਿਸਤਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਨੂੰ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ। ਉਜ਼ਮਾ ਜੇਲ੍ਹ ਵਿਚ ਉਦੋਂ ਦਾਖਲ ਹੋਈ, ਜਦੋਂ ਉਸਦੇ ਨਾਲ ਆਉਣ ਵਾਲੇ ਕਈ ਪੀਟੀਆਈ ਸਮਰਥਕ ਬਾਹਰ ਇੰਤਜ਼ਾਰ ਕਰ ਰਹੇ ਸਨ। 'ਡਾਨ' ਦੀ ਇਕ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਮੁਲਾਕਾਤ ਉਸ ਦਿਨ ਹੋਈ ਜਦੋਂ ਪੀ. ਟੀ. ਆਈ. ਨੇ ਖਾਨ ਦੇ ਮੁਲਾਕਾਤ ਅਧਿਕਾਰਾਂ 'ਤੇ ਪਾਬੰਦੀਆਂ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ ਅਤੇ ਅਦਿਆਲਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕੀਤੇ। ਪਾਰਟੀ ਨੇ ਕਿਹਾ ਹੈ ਕਿ ਇਮਰਾਨ ਦੇ ਪਰਿਵਾਰ ਦੇ ਮੈਂਬਰ ਅਤੇ ਸੀਨੀਅਰ ਨੇਤਾ ਕਈ ਹਫ਼ਤਿਆਂ ਤੋਂ ਉਨ੍ਹਾਂ ਨੂੰ ਮਿਲਣ ਤੋਂ ਅਸਮਰੱਥ ਸਨ। 'ਡਾਨ' ਅਨੁਸਾਰ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਪਹਿਲਾਂ ਕਿਹਾ ਸੀ ਕਿ 27 ਅਕਤੂਬਰ ਤੋਂ ਕਿਸੇ ਨੂੰ ਵੀ ਇਮਰਾਨ ਜਾਂ ਉਸਦੀ ਪਤਨੀ ਬੁਸ਼ਰਾ ਬੀਬੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪ੍ਰਦਰਸ਼ਨਾਂ ਤੋਂ ਪਹਿਲਾਂ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ ਫੌਜਦਾਰੀ ਪ੍ਰਕਿਰਿਆ ਜ਼ਾਬਤੇ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਸੀ, ਜਿਸ ਵਿਚ ਸੀਮਤ ਸਮੇਂ ਲਈ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਸੀ।
ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਮੀਡੀਆ ਨੂੰ ਚੇਤਾਵਨੀ ਦਿੱਤੀ, "ਭਾਵੇਂ ਉਹ ਇਸਲਾਮਾਬਾਦ ਹਾਈਕੋਰਟ ਜਾਂ ਅਡਿਆਲਾ ਜੇਲ੍ਹ ਵਿਚ ਆਉਣ, ਧਾਰਾ 144 ਤਹਿਤ ਕਾਰਵਾਈ ਬਿਨਾਂ ਕਿਸੇ ਭੇਦਭਾਵ ਦੇ ਕੀਤੀ ਜਾਵੇਗੀ"। ਉਨ੍ਹਾਂ ਨੇ ਪੀਟੀਆਈ ਸਮਰਥਿਤ ਕਾਨੂੰਨਸਾਜ਼ਾਂ ਨੂੰ "ਕਾਨੂੰਨ ਦੀ ਪਾਲਣਾ" ਕਰਨ ਦੀ ਅਪੀਲ ਕੀਤੀ।
ਇਮਰਾਨ ਦੀਆਂ ਭੈਣਾਂ ਨੇ ਵੀ ਰਾਵਲਪਿੰਡੀ ਜੇਲ੍ਹ ਦੇ ਬਾਹਰ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤਾ ਸੀ, ਜਦੋਂ ਉਨ੍ਹਾਂ ਨੂੰ ਇਮਰਾਨ ਖਾਨ ਨੂੰ ਮਿਲਣ ਤੋਂ ਇਨਕਾਰ ਕੀਤਾ ਗਿਆ ਸੀ। ਪੀ. ਟੀ. ਆਈ. ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਪੁਲਿਸ ਨੇ 19 ਨਵੰਬਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਮਰਾਨ ਦੀਆਂ ਭੈਣਾਂ ਨਾਲ ਧੱਕਾ-ਮੁੱਕੀ ਕੀਤੀ ਸੀ ਅਤੇ "ਹਿੰਸਕ ਤੌਰ 'ਤੇ ਹਿਰਾਸਤ ਵਿਚ" ਲਿਆ ਸੀ।
;
;
;
;
;
;
;
;
;