ਫ਼ਿਰੋਜ਼ਪੁਰ- ਫ਼ਾਜ਼ਿਲਕਾ ਰੋਡ 'ਤੇ ਰੋਡਵੇਜ਼ ਦੀ ਬੱਸ 'ਤੇ ਫਾਇਰਿੰਗ, ਕੰਡਕਟਰ ਜ਼ਖ਼ਮੀ
ਮਮਦੋਟ ( ਫਿਰੋਜਪੁਰ)2 ਦਸੰਬਰ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ ਤੋਂ ਚੱਲ ਕੇ ਗੰਗਾਨਗਰ ਜਾ ਰਹੀ ਪੰਜਾ ਰੋਡਵੇਜ਼ ਦੀ ਬੱਸ ਨੰਬਰ ਪੀ ਬੀ 05 ਏ ਬੀ 5835 'ਤੇ ਰਸਤੇ ਵਿਚ ਪਿੰਡ ਪੀਰ ਖਾਂ ਸ਼ੇਖ ( ਸ਼ੇਖਾਂ ਵਾਲੀ ਪੁਲੀ) ਕੋਲ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਵਲੋਂ ਫਾਇਰਿੰਗ ਕੀਤੀ ਗਈ ਹੈ, ਜਿਸ ਨਾਲ ਬੱਸ ਦਾ ਕੰਡਕਟਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਬੱਸ ਚਾਲਕ ਵਲੋਂ ਬੱਸ ਰੋਡ 'ਤੇ ਪੈਂਦੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਲਿਆ ਕੇ ਰੋਕ ਦਿੱਤੀ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਦੇ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਆ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਕੋਲ ਕਰਕੇ ਬੱਸ 'ਤੇ 2 ਫਾਇਰ ਕੀਤੇ, ਜਿਨ੍ਹਾਂ ਦੇ ਕੁਝ ਛੱਰੇ ਉਸਦੀ ਲੱਤ ਵਿਚ ਲੱਗੇ। ਉਨ੍ਹਾਂ ਦੱਸਿਆ ਕਿ ਬਦਮਾਸ਼ ਗੋਲੀਆਂ ਮਾਰਨ ਤੋਂ ਬਾਅਦ ਉੱਥੋਂ ਫਰਾਰ ਹੋ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਮਮਦੋਟ ਥਾਣੇ ਅਧੀਨ ਆਉਂਦਾ ਹੈ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਥਾਣਾ ਮਮਦੋਟ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਸੀ ਤੇ ਪੁੱਛਗਿੱਛ ਤੇ ਕਾਰਵਾਈ ਜਾਰੀ ਹੈ।
;
;
;
;
;
;
;
;
;