JALANDHAR WEATHER

ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਹੀ ਫੜੇ, ਪੁਲਿਸ ਦੀ ਕਾਰਵਾਈ ’ਤੇ ਸਿਆਸੀ ਆਗੂਆਂ ਵਲੋਂ ਨਿਖੇਧੀ

ਮਲੋਟ, 7 ਦਸੰਬਰ (ਪਾਟਿਲ)- ਬੁਰਜਾਂ ਫਾਟਕ ਨੇੜੇ ਨਸ਼ਾ ਤਸਕਰਾਂ ਦੀ ਸ਼ਿਕਾਇਤ ਕਰਨ ਵਾਲੇ ਮੁਹੱਲਾ ਵਾਸੀਆਂ ਨੂੰ ਹੀ ਪੁਲਿਸ ਵਲੋਂ ਫੜ ਕੇ ਅੰਦਰ ਸੁੱਟੇ ਜਾਣ ’ਤੇ ਇਲਾਕੇ ‘ਚ ਰੋਸ ਦਾ ਮਾਹੌਲ ਬਣ ਗਿਆ ਹੈ। ਮੁਹੱਲਾ ਵਾਸੀਆਂ ਨੇ ਤਿੰਨ ਨਸ਼ਾ ਖਰੀਦਣ ਵਾਲਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਸੀ ਅਤੇ ਦੋਸ਼ ਲਗਾਇਆ ਕਿ ਛੱਜਘੜਾ ਮੁਹੱਲੇ ‘ਚ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ, ਪਰ ਪੁਲਿਸ ਇਸ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਦੀ ਉਲਟੀ ਕਾਰਵਾਈ ਦੇ ਖ਼ਿਲਾਫ਼ ਬੁਰਜਾਂ ਫਾਟਕ ਨੇੜੇ ਲੋਕਾਂ ਨੇ ਧਰਨਾ ਲਾ ਦਿੱਤਾ ਅਤੇ ਬਾਅਦ ’ਚ ਥਾਣਾ ਸਿਟੀ ਮਲੋਟ ਮੂਹਰੇ ਇਕੱਤਰ ਹੋ ਕੇ ਰੋਸ ਪ੍ਰਗਟਾਇਆ।

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਇਸ ਧੱਕੇਸ਼ਾਹੀ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਚਿੱਟਾ ਤਸਕਰਾਂ ਨੂੰ ਫੜਨ ਦੀ ਗੱਲ ਕਰਦੀ ਹੈ ਪਰ ਇੱਥੇ ਤਾਂ ਉਲਟਾ ਨਸ਼ਾ ਫੜਾਉਣ ਵਾਲਿਆਂ ਨੂੰ ਹੀ ਅੰਦਰ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਮਲੋਟ ਦੀ ਵਿਧਾਇਕਾ ਡਾ. ਬਲਜੀਤ ਕੌਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ। ਸ:ਕੋਟਭਾਈ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ’ਤੇ ਐਸਪੀ ਮੈਡਮ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਡੀਐਸਪੀ ਮਲੋਟ ਨੂੰ ਕਾਰਵਾਈ ਲਈ ਹਦਾਇਤ ਕੀਤੀ ਜਾਵੇਗੀ। ਦੂਜੇ ਪਾਸੇ, ਪੁਲਿਸ ਵਲੋਂ ਨਾਬਾਲਗ ਸਮੇਤ 5 ਨੌਜਵਾਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਹੈ, ਜਿਸ ਦਾ ਮੁਹੱਲਾ ਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਕਾਰਵਾਈ ਦੌਰਾਨ ਇਕ ਐਡਵੋਕੇਟ ਨੂੰ ਵੀ ਪੁਲਿਸ ਵਲੋਂ ਹਿਰਾਸਤ ’ਚ ਰੱਖਿਆ ਗਿਆ ਹੈ ਅਤੇ ਕੁਝ ਵਾਹਨ ਵੀ ਜ਼ਬਤ ਕੀਤੇ ਗਏ ਹਨ। ਇਸ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਹਰਪਾਲ ਸਿੰਘ ਸੰਧੂ ਸਮੇਤ ਹੋਰ ਵਕੀਲਾਂ ਨੇ ਪੁਲਿਸ ’ਤੇ ਉਨ੍ਹਾਂ ਦੇ ਵਕੀਲ ਗੁਰਪ੍ਰੀਤ ਸਿੰਘ ਨੂੰ ਨਾਜਾਇਜ਼ ਹਿਰਾਸਤ ’ਚ ਰੱਖਣ ਦਾ ਦੋਸ਼ ਲਗਾਇਆ । ਮੁਹੱਲਾ ਵਾਸੀਆਂ ਸੁਦੇਸ਼ ਕੁਮਾਰੀ, ਚਾਂਦੀ ਰਾਮ ਅਤੇ ਹੋਰਨਾਂ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਫੜੇ ਗਏ 6 ਨੌਜਵਾਨਾਂ ਨੂੰ ਤੁਰੰਤ ਛੱਡਿਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ