ਪੁਲਿਸ ਹਿਰਾਸਤ ਵਿਚ ਮਰੇ ਨੌਜਵਾਨ ਦੇ ਪਰਿਵਾਰ ਨਾਲ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਕਰਨਗੇ ਮੁਲਾਕਾਤ
ਜੰਡਿਆਲਾ ਗੁਰੂ, (ਅੰਮ੍ਰਿਤਸਰ), 9 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਪਿੰਡ ਕਿਲਾ ਜੀਵਨ ਸਿੰਘ ਦੇ ਨੌਜਵਾਨ ਹਰਮਨ ਪ੍ਰੀਤ ਸਿੰਘ ਹੰਮਾ ਉਰਫ਼ ਗੁਰਪ੍ਰੀਤ ਸਿੰਘ, ਜਿਸ ਦੀ ਬੀਤੇ ਦਿਨੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ, ਦੇ ਸੰਬੰਧ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰੋਹਿਤ ਖੋਖਰ ਦੁਪਹਿਰ 1 ਵਜੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ।
6 ਦਸੰਬਰ ਸ਼ਾਮ ਨੂੰ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਹਰਮਨਪ੍ਰੀਤ ਸਿੰਘ ਹੰਮਾ ਉਰਫ਼ ਗੁਰਪ੍ਰੀਤ ਸਿੰਘ ਨੂੰ ਐਨ. ਡੀ. ਪੀ. ਐਸ. ਕੇਸ ਦੇ ਸੰਬੰਧ ਵਿਚ ਫੜ ਕੇ ਥਾਣਾ ਜੰਡਿਆਲਾ ਗੁਰੂ ਵਿਖੇ ਲਿਜਾਇਆ ਗਿਆ ਸੀ ਅਤੇ ਸਵੇਰੇ ਪਰਿਵਾਰ ਨੂੰ ਨੌਜਵਾਨ ਦੀ ਮੌਤ ਹੋਣ ਦਾ ਪਤਾ ਲੱਗਦਿਆਂ ਹੀ ਪੀੜਤ ਪਰਿਵਾਰ ਅਤੇ ਸੈਂਕੜੇ ਹੀ ਲੋਕਾਂ ਨੇ ਜੀ. ਟੀ. ਰੋਡ ਜੰਡਿਆਲਾ ਗੁਰੂ ਵਿਖੇ ਜਾਮ ਲਗਾ ਦਿੱਤਾ ਅਤੇ ਥਾਣਾ ਜੰਡਿਆਲਾ ਗੁਰੂ ਦਾ ਘਿਰਾਓ ਕੀਤਾ ਗਿਆ ਸੀ। ਮ੍ਰਿਤਕ ਲੜਕੇ ਦੇ ਪਿਤਾ ਲਾਭ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਸੰਬੰਧ ਵਿਚ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਜਿੰਨੀ ਦੇਰ ਪੁਲਿਸ ਸੰਬੰਧਿਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ ।
ਮ੍ਰਿਤਕ ਨੌਜਵਾਨ ਹਰਮਨਪ੍ਰੀਤ ਸਿੰਘ ਹੰਮਾ ਉਰਫ ਗੁਰਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਪੁਲਿਸ ਹਿਰਾਸਤ ਵਿਚ ਅੰਨ੍ਹੇਵਾਹ ਤਸ਼ੱਦਦ ਹੋਣ ਨਾਲ ਮੌਤ ਹੋਈ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਸਿੰਘ ਹੰਮਾਂ ਉਰਫ ਗੁਰਪ੍ਰੀਤ ਸਿੰਘ ਦੀ ਸਿਹਤ ਵਿਗੜਨ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਹੈ।
;
;
;
;
;
;
;
;
;