ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ 10 ਘਰੇਲੂ ਉਡਾਣਾਂ ਰੱਦ, ਮੁਸਾਫਰ ਪਰੇਸ਼ਾਨ
ਰਾਜਾਸਾਂਸੀ, 9 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਤਹਿਤ ਅੱਜ ਵੀ 10 ਘਰੇਲੂ ਉਡਾਣਾਂ ਰੱਦ ਰਹੀਆਂ। ਸ਼ਾਮ 7.05 ਵਜੇ ਦਿੱਲੀ ਨੂੰ ਰਵਾਨਾ ਹੋਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੰਬਰ 6-ਈ 5188 ਜੋ ਕਿ ਅੱਜ ਰੱਦ ਹੋ ਗਈ। ਇਸ ਉਡਾਣ ਨੂੰ ਦਿੱਲੀ ਤੋਂ ਅੱਗੇ (ਨਿਊਯਾਰਕ) ਅਮਰੀਕਨ ਏਅਰਲਾਈਨ ਨਾਲ ਜੋੜਿਆ ਗਿਆ ਸੀ। ਪਰੰਤੂ ਇਸ ਉਡਾਣ ਰਾਹੀਂ ਅੰਮਿ੍ਤਸਰ ਤੋਂ ਦਿੱਲੀ ਤੱਕ ਤੇ ਅੱਗੇ ਅਮਰੀਕਨ ਏਅਰਲਾਈਨ 'ਚ ਨਿਊਯਾਰਕ ਤੱਕ ਸਫ਼ਰ ਕਰਨ ਵਾਲੇ ਯਾਤਰੀ ਅੰਮਿ੍ਤਸਰ ਹਵਾਈ ਅੱਡੇ ਤੇ ਖੱਜਲ ਖੁਆਰ ਹੁੰਦੇ ਰਹੇ। ਪਰੰਤੂ ਇੰਡੀਗੋ ਏਅਰਲਾਈਨ ਦੇ ਸਟਾਫ ਵਲੋਂ ਉਨ੍ਹਾਂ ਨੂੰ ਉਡਾਣ ਰੱਦ ਹੋਣ ਦਾ ਕਹਿ ਕੇ ਘਰਾਂ ਨੂੰ ਜਾਣ ਲਈ ਕਹਿ ਦਿੱਤਾ ਗਿਆ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਨਿਊਯਾਰਕ ਜਾਣ ਵਾਲੇ ਯਾਤਰੀਆਂ 'ਚ ਮੁਖਤਿਆਰ ਸਿੰਘ ਬੇਗੋਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਨਿਊਯਾਰਕ ਜਾਣ ਲਈ ਅੰਮ੍ਰਿਤਸਰ ਤੋਂ ਟਿਕਟ ਕਰਵਾਈ ਗਈ ਸੀ ਪਰ ਇੱਥੋਂ ਸ਼ਾਮ 7.05 ਵਜੇ ਇੰਡੀਗੋ ਏਅਰਲਾਈਨ ਦੀ ਉਕਤ ਰਾਹੀਂ ਦਿੱਲੀ ਨੂੰ ਰਵਾਨਾ ਹੋਣਾ ਸੀ ਅਤੇ ਅੱਗੋਂ 11.55 ਮਿੰਟ ਉਤੇ ਰਾਤ ਅਮਰੀਕਨ ਏਅਰਲਾਈਨ ਉਤੇ ਸਵਾਰ ਹੋ ਕੇ ਨਿਊਯਾਰਕ ਨੂੰ ਰਵਾਨਾ ਹੋਣਾ ਸੀ ਪਰੰਤੂ ਇੱਥੇ ਅੰਮ੍ਰਿਤਸਰ ਹਵਾਈ ਅੱਡੇ ਤੇ ਇੰਡੀਗੋ ਏਅਰਲਾਈਨ ਦੇ ਸਟਾਫ ਵੱਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਉਡਾਨ ਰੱਦ ਕਰ ਦਿੱਤੀ ਗਈ ਹੈ ਤੇ ਤੁਸੀਂ ਘਰ ਜਾਓ, ਤੁਹਾਨੂੰ ਅਗਲੀ ਟਿਕਟ ਲਈ ਈਮੇਲ ਰਾਹੀਂ ਸੁਨੇਹਾ ਭੇਜ ਦਿੱਤਾ ਜਾਵੇਗਾ।
ਇਕ ਹੋਰ ਯਾਤਰੀ ਅਜੇ ਸਿੰਘ ਬੈਂਸ ਵਾਸੀ ਜਲੰਧਰ ਨੇ ਕਿਹਾ ਕਿ ਉਹ ਦੋ ਹਫਤੇ ਪਹਿਲਾਂ ਨਿਊਯਾਰਕ ਤੋਂ ਇੱਥੇ ਪਹੁੰਚੇ ਸਨ ਤੇ ਅੱਜ ਉਨ੍ਹਾਂ ਦੀ ਵਾਪਸੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਅਮਰੀਕਨ ਏਅਰਲਾਈਨ ਦੀ ਟਿਕਟ ਨਿਊਯਾਰਕ ਲਈ ਕਰਵਾਈ ਸੀ ਤੇ ਇਥੋਂ ਇੰਡੀਗੋ ਏਅਰਲਾਈਨ ਰਾਹੀਂ ਦਿੱਲੀ ਪਹੁੰਚਣਾ ਸੀ ਤੇ ਇਹ ਉਡਾਨ ਉਸ ਨਾਲ ਜੁੜੀ ਹੋਈ ਹੈ ਪ੍ਰੰਤੂ ਇਹ ਉਡਾਣ ਰੱਦ ਹੋ ਗਈ ਹੈ। ਉਹਨਾਂ ਕਿਹਾ ਕਿ ਉਹ ਡਰਾਈਵਰ ਲੈ ਕੇ ਇੱਥੇ ਪਹੁੰਚੇ ਸਨ ਤੇ ਡਰਾਈਵਰ ਉਹਨਾਂ ਨੂੰ ਇੱਥੇ ਛੱਡ ਕੇ ਗੱਡੀ ਵਾਪਸ ਲੈ ਕੇ ਚਲਾ ਗਿਆ ਹੈ ਤੇ ਹੁਣ ਉਹ ਤੇ ਉਨ੍ਹਾਂ ਦੀ ਪਤਨੀ ਇੱਥੇ ਹੀ ਖੜ੍ਹੇ ਹਨ, ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ।
ਇਸੇ ਤਰ੍ਹਾਂ ਦਸੂਹਾ ਦੇ ਇਕ ਨੇੜਲੇ ਪਿੰਡ ਤੋਂ ਵਾਲੇ ਯਾਤਰੀ ਸੁੱਚਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਨੇ ਅਮਰੀਕਾ ਤੋਂ ਟਿਕਟ ਕਰਵਾਈ ਤੇ ਅੱਜ ਇਸ ਉਡਾਣ ਤੇ ਦਿੱਲੀ ਤੱਕ ਸਫ਼ਰ ਕਰਨ ਲਈ ਏਥੇ ਪਹੁੰਚੇ ਸਨ। ਪਰੰਤੂ ਬਿਨਾਂ ਕੋਈ ਈ ਮੇਲ ਤੇ ਸੁਨੇਹੇ ਦਿੱਤੇ ਅਚਾਨਕ ਇਹ ਉਡਾਣ ਰੱਦ ਕਰ ਦਿੱਤੀ ਗਈ। ਇਸ ਉਡਾਨ ਦੇ ਰੱਦ ਹੋਣ ਦਾ ਕਾਰਨ ਪੁੱਛਣ ਉਤੇ ਇੰਡੀਗੋ ਦੇ ਸਟਾਫ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਉਹ ਹਵਾਈ ਅੱਡੇ ਤੇ ਹੋਰਨਾਂ ਯਾਤਰੀਆਂ ਵਾਂਗ ਖੱਜਲ ਖੁਆਰ ਹੋ ਰਹੇ ਹਨ ਤੇ ਉਹਨਾਂ ਦੀ ਅਗਲੀ ਅਮਰੀਕਨ ਏਅਰਲਾਈਨ ਦੀ ਉਡਾਨ ਜੋ ਰਾਤ 11.55 ਤੇ ਉਡਾਣੀ ਸੀ ਉਹ ਵੀ ਛੁੱਟ ਰਹੀ ਹੈ। ਅੱਜ ਮੁੜ ਦੋਬਾਰਾ ਇੰਡੀਗੋ ਏਅਰਲਾਈਨ 10 ਉਡਾਣਾਂ ਰੱਦ ਰਹੀਆਂ। ਜਿਸ ਕਾਰਣ ਯਾਤਰੀ ਭਾਰੀ ਖੱਜਲ ਖੁਆਰ ਹੋਏ।
;
;
;
;
;
;
;
;