ਗਹਿਣੇ ਲਈ ਜ਼ਮੀਨ ਦੇ ਠੇਕੇ ਦੇ ਪੈਸਿਆਂ ਦੇ ਰੌਲੇ ਨੂੰ ਲੈ ਕੇ ਨੌਜਵਾਨ ਵਾਟਰ-ਵਰਕਸ ਦੀ ਟੈਂਕੀ ਤੇ ਚੜ੍ਹਿਆ
ਚਾਉਂਕੇ , 12 ਮਈ (ਮਨਜੀਤ ਸਿੰਘ ਘੜੈਲੀ)- ਪਿੰਡ ਚਾਉਂਕੇ ਦੇ ਇਕ ਨੌਜਵਾਨ ਵਲੋਂ ਅੱਜ ਗਹਿਣੇ ਲਈ ਜ਼ਮੀਨ ਦੇ ਠੇਕੇ ਦੇ ਪੈਸਿਆਂ ਦੇ ਚੱਲ ਰਹੇ ਰੌਲੇ ਨੂੰ ਲੈ ਕੇ ਇਨਸਾਫ ਲੈਣ ਲਈ ਪਿੰਡ ਦੇ ਵਾਟਰ-ਵਰਕਸ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਨੌਜਵਾਨ ਰਾਜਵੀਰ ਸਿੰਘ ਰਾਜੂ ਵਾਸੀ ਚਾਉਂਕੇ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਦੱਸ ਰਿਹਾ ਹੈ ਕਿ ਉਸਨੇ ਪਿੰਡ ਪੀਰਕੋਟ ਦੇ ਇਕ ਵਿਅਕਤੀ ਸਿਕੰਦਰ ਸਿੰਘ ਤੋਂ ਕਰੀਬ ਤਿੰਨ ਏਕੜ ਜ਼ਮੀਨ ਗਹਿਣੇ ਲਈ ਹੋਈ ਸੀ ਜੋ ਕਿ ਉਸੇ ਹੀ ਵਿਅਕਤੀ ਨੇ ਠੇਕੇ ਤੇ ਰੱਖ ਲਈ ਸੀ।
ਅੱਗੇ ਇਹ ਵੀ ਦਾਅਵਾ ਕੀਤਾ ਕਿ ਉਕਤ ਵਿਅਕਤੀ ਨੇ ਉਸਨੂੰ ਨਵੰਬਰ 2025 ਵਿਚ ਜ਼ਮੀਨ ਦੇ ਠੇਕੇ ਦੀ ਕਿਸ਼ਤ ਨਹੀਂ ਦਿੱਤੀ ਅਤੇ ਟਾਲ-ਮਟੋਲ ਕਰਨ ਲੱਗ ਪਿਆ। ਆਪਣੀ ਗੱਲ ਜਾਰੀ ਰਖਦਿਆਂ ਰਾਜੂ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨਾ ਤਾਂ ਉਸਨੂੰ ਗਹਿਣੇ ਦੇ ਪੈਸੇ ਵਾਪਿਸ ਕਰ ਰਿਹਾ ਹੈ ਅਤੇ ਨਾ ਹੀ ਠੇਕੇ ਦੀ ਕਿਸ਼ਤ ਦੇ ਰਿਹਾ ਹੈ। ਜਿਸ ਸਬੰਧੀ ਉਸਨੇ ਕਈ ਦਿਨ ਪਹਿਲਾਂ ਸਥਾਨਿਕ ਪੁਲਿਸ ਚੌਕੀ ਚਾਉਂਕੇ ਵਿਖੇ ਦਰਖਾਸਤ ਦਿੱਤੀ ਸੀ ਪਰੰਤੂ ਉਸ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਨੌਜਵਾਨ ਨੇ ਦੱਸਿਆ ਕਿ ਇਨਸਾਫ ਨਾ ਮਿਲਣ ਕਾਰਨ ਤੰਗ ਆ ਕੇ ਉਸਨੂੰ ਇਹ ਕਦਮ ਚੁੱਕਣਾ ਪਿਆ ਅਤੇ ਇਨਸਾਫ ਮਿਲਣ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉੱਤਰੇਗਾ।
ਦੂਸਰੇ ਪਾਸੇ ਸਥਾਨਿਕ ਪੁਲਿਸ ਚੌਕੀ ਦੇ ਇੰਚਾਰਜ ਨੇ ਟੈਂਕੀ ਤੇ ਚੜ੍ਹੇ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨੌਜਵਾਨ ਰਾਜਵੀਰ ਸਿੰਘ ਵਾਸੀ ਚਾਉਕੇ ਨੇ ਸਿਕੰਦਰ ਸਿੰਘ ਵਾਸੀ ਪੀਰਕੋਟ ਤੋਂ ਅਸਟਾਮ ਤੇ ਜ਼ਮੀਨ ਗਹਿਣੇ ਲਈ ਹੋਈ ਹੈ। ਜਿਸ ਦੇ ਠੇਕੇ ਦੇ ਪੈਸਿਆ ਦਾ ਰੌਲਾ ਹੈ। ਉਨਾਂ ਅੱਗੇ ਦੱਸਿਆ ਕਿ ਦੂਸਰੀ ਧਿਰ ਨੂੰ ਪੁਲਿਸ ਚੌਕੀ ਬੁਲਾ ਲਿਆ ਹੈ ਅਤੇ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮਾਮਲੇ ਸਬੰਧੀ ਸਿਕੰਦਰ ਸਿੰਘ ਵਾਸੀ ਪੀਰਕੋਟ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰੰਤੂ ਅਜੇ ਗੱਲ ਨਹੀਂ ਹੋ ਸਕੀ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਰਾਜਵੀਰ ਸਿੰਘ ਰਾਜੂ ਵਾਟਰ-ਵਰਕਸ ਦੀ ਟੈਂਕੀ ਤੇ ਚੜਿਆ ਹੋਇਆ ਸੀ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਇਸ ਮਸਲੇ ਦੇ ਹੱਲ ਲਈ ਗੱਲਬਾਤ ਜਾਰੀ ਹੈ।
;
;
;
;
;
;
;
;
;