ਹਲਵਾਰਾ ਹਵਾਈ ਅੱਡੇ ’ਤੇ ਪੁੱਜੀ ਪਹਿਲੀ ਉਡਾਣ
ਹਲਵਾਰਾ, (ਲੁਧਿਆਣਾ), 15 ਮਈ (ਕੁਲਦੀਪ ਸਿੰਘ ਲੋਹਟ)- ਹਲਵਾਰਾ ਹਵਾਈ ਅੱਡੇ ਲਈ ਅੱਜ ਇਤਿਹਾਸਕ ਪਲ ਉਸ ਵੇਲੇ ਬਣ ਗਿਆ ਜਦੋਂ ਪਹਿਲੀ ਉਡਾਣ ਸ਼ਾਮ 7:02 ਮਿੰਟ ’ਤੇ ਹਲਵਾਰਾ ਏਅਰਪੋਰਟ ’ਤੇ ਸਫ਼ਲਤਾਪੂਰਵਕ ਪੁੱਜੀ ਤੇ 7:50 ’ਤੇ ਵਾਪਸੀ ਲਈ ਦਿੱਲੀ ਰਵਾਨਾ ਹੋਈ। ਇਸ ਮੌਕੇ ਇਲਾਕੇ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।
ਏਅਰ ਇੰਡੀਆ ਲੁਧਿਆਣਾ-ਹਲਵਾਰਾ ਹਵਾਈ ਅੱਡੇ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਏਗੀ। ਦਿੱਲੀ-ਲੁਧਿਆਣਾ ਉਡਾਣ 1.15 ਘੰਟੇ ਲਵੇਗੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ ਯਾਤਰੀਆਂ ਨੂੰ ਆਪਣੀ ਉਡਾਣ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਹੋਵੇਗਾ। ਟਰਮੀਨਲ ਨਿਰਧਾਰਤ ਉਡਾਣ ਤੋਂ ਇਕ ਘੰਟਾ ਪਹਿਲਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਉਸ ਸਮੇਂ ਤੋਂ ਬਾਅਦ ਦਾਖਲੇ 'ਤੇ ਪਾਬੰਦੀ ਹੋਵੇਗੀ।
ਇਸ ਪਹਿਲੀ ਉਡਾਣ ਵਿਚ ਕੇਂਦਰੀ ਰੇਲ ਅਤੇ ਖੁਰਾਕ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਸਫ਼ਰ ਕੀਤਾ। ਹਲਵਾਰਾ ਪੁੱਜਣ ’ਤੇ ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪੰਜਾਬ ਲਈ ਵੱਡੀ ਉਪਲਬਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਹਵਾਈ ਸਫ਼ਰ ਦੀਆਂ ਸੁਵਿਧਾਵਾਂ ਮਿਲਣਗੀਆਂ ਅਤੇ ਉਦਯੋਗਿਕ, ਵਪਾਰਕ ਅਤੇ ਸੈਰ-ਸਪਾਟਾ ਖੇਤਰ ਨੂੰ ਵੀ ਵੱਡਾ ਲਾਭ ਹੋਵੇਗਾ।
ਉਨ੍ਹਾਂ ਨੇ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਹਲਵਾਰਾ ਏਅਰਪੋਰਟ ਸ਼ੁਰੂ ਹੋਣ ਨਾਲ ਲੁਧਿਆਣਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਰਗੇ ਦੂਰਲੇ ਹਵਾਈ ਅੱਡਿਆਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਲਾਕੇ ਦੇ ਲੋਕਾਂ ਨੇ ਵੀ ਇਸ ਪਹਿਲੀ ਉਡਾਣ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਇਸ ਨੂੰ ਮਾਲਵਾ ਖੇਤਰ ਦੇ ਵਿਕਾਸ ਵੱਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਵੀ ਹਾਜ਼ਰ ਸਨ।
;
;
;
;
;
;
;
;
;