JALANDHAR WEATHER

ਨਦੀ 'ਚੋਂ ਸਿੱਪੀਆਂ ਇਕੱਠੀਆਂ ਕਰਦੇ ਸਮੇਂ ਪਰਿਵਾਰ ਦੇ 8 ਜੀਅ ਡੁੱਬੇ

*ਮਿ੍ਤਕਾਂ 'ਚ 7 ਔਰਤਾਂ ਸ਼ਾਮਿਲ
ਕਰਵਾਰ (ਕਰਨਾਟਕ), 24 ਮਈ (ਏਜੰਸੀ)-ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਦੀ ਤੱਤੇ ਹੱਕਲੂ ਨਦੀ 'ਚ ਤਾਜ਼ੇ ਪਾਣੀ ਦੀਆਂ ਸਿਪੀਆਂ (ਮੱਸਲਜ਼) ਇਕੱਠੀਆਂ ਕਰਨ ਗਿਆ ਇਕ ਪਰਿਵਾਰ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ | ਇਸ ਹਾਦਸੇ 'ਚ ਇਕੋ ਪਰਿਵਾਰ ਦੇ 8 ਜੀਆਂ ਦੀ ਡੁੱਬਣ ਕਰਕੇ ਮੌਤ ਹੋ ਗਈ, ਜਿਨ੍ਹਾਂ 'ਚ 7 ਔਰਤਾਂ ਸ਼ਾਮਿਲ ਹਨ | ਪੁਲਿਸ ਸੂਤਰਾਂ ਮੁਤਾਬਕ ਸ਼ਿਰਾਲੀ ਪਿੰਡ ਦੇ ਰਹਿਣ ਵਾਲੇ ਕਰੀਬ 14 ਲੋਕ ਨਦੀ 'ਚੋਂ ਸਿੱਪੀਆਂ ਇਕੱਠੀਆਂ ਕਰਨ ਲਈ ਗਏ ਸਨ | ਇਸ ਦੌਰਾਨ ਇਹ ਲੋਕ ਪਾਣੀ ਦੇ ਡੂੰਘੇ ਪੱਧਰ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਅਤੇ ਜਦੋਂ ਨਦੀ 'ਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋਇਆ ਤਾਂ ਉਨ੍ਹਾਂ 'ਚੋਂ ਇਕ ਜਾਂ ਦੋ ਜਣੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਅਤੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਸਮੂਹ ਦੇ ਕਈ ਹੋਰ ਮੈਂਬਰਾਂ ਨੇ ਵੀ ਨਦੀ 'ਚ ਛਾਲ ਮਾਰ ਦਿੱਤੀ ਤੇ ਉਹ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਗਏ | ਪੁਲਿਸ ਨੇ ਦੱਸਿਆ ਕਿ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ | ਮਿ੍ਤਕ ਭਟਕਲ ਤਾਲੁਕ ਦੇ ਸ਼ਿਰਾਲੀ ਦੇ ਰਹਿਣ ਵਾਲੇ ਦੱਸੇ ਗਏ ਹਨ | ਮਿ੍ਤਕਾਂ ਦੀ ਪਛਾਣ ਉਮੇਸ਼ ਮੰਜੂਨਾਥ ਨਾਇਕ (40), ਲਕਸ਼ਮੀ ਮਹਾਂਦੇਵ ਨਾਇਕ (42), ਲਕਸ਼ਮੀ ਜੱਟੱਪਾ ਨਾਇਕ (30), ਲਕਸ਼ਮੀ ਅੱਪੰਨਾ ਨਾਇਕ (60), ਲਕਸ਼ਮੀ ਸ਼ਿਵਰਾਮ ਨਾਇਕ (49), ਜੋਤੀ ਮਸਤੰਮਾ ਨਾਇਕ (34), ਮਾਲਤੀ ਨਾਇਕ (38) ਅਤੇ ਮਸਤੰਮਾ ਨਾਇਕ (60) ਵਜੋਂ ਹੋਈ ਹੈ | ਬਚਾਏ ਗਏ ਦੋ ਵਿਅਕਤੀਆਂ 'ਚ ਨਾਗਰਤਨਾ ਅਤੇ ਮਹਾਂਦੇਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਮੁੱਖ ਮੰਤਰੀ ਸਿੱਧਾਰਮਈਆ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਹਰੇਕ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ