ਘਰਦਿਆਂ ਤੋਂ ਨਾਰਾਜ਼ ਹੋ ਕੇ ਇਕੋ ਵੇਲੇ ਲਾਪਤਾ ਹੋਏ 5 ਬੱਚੇ
ਡੇਰਾਬੱਸੀ 9 ਜੂਨ, (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਪਿੰਡ ਬੇਹੜਾ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕੋ ਮੁਹੱਲੇ ਦੇ 5 ਨਾਬਾਲਗ ਬੱਚੇ ਘਰਦਿਆਂ ਤੋਂ ਨਾਰਾਜ਼ ਹੋ ਕੇ ਅਚਾਨਕ ਲਾਪਤਾ ਹੋ ਗਏ। ਘਟਨਾ 6 ਜੂਨ ਦੀ ਰਾਤ ਦੀ ਹੈ, ਜਦੋਂ ਮਹਾਂਵੀਰ ਸਿੰਘ ਦਾ ਪਰਿਵਾਰ ਰੋਟੀ ਖਾ ਕੇ ਸੌਂ ਗਿਆ ਸੀ। ਅਗਲੀ ਸਵੇਰ ਕਰੀਬ 4 ਵਜੇ ਜਦੋਂ ਮਹਾਂਵੀਰ ਦੀ ਅੱਖ ਖੁੱਲ੍ਹੀ ਤਾਂ ਉਸ ਦੀਆਂ ਦੋ ਧੀਆਂ ਵੈਸ਼ਨਵੀ (12 ਸਾਲ) ਅਤੇ ਮਾਨਵੀ (11 ਸਾਲ) ਘਰੋਂ ਗਾਇਬ ਸਨ। ਜਦੋਂ ਪਰਿਵਾਰ ਨੇ ਆਸ-ਪਾਸ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਗੁਆਂਢ ਵਿਚ ਰਹਿੰਦੇ ਤਿੰਨ ਹੋਰ ਲੜਕੇ ਮਨੀਸ਼ ਕੁਮਾਰ (13 ਸਾਲ), ਰੋਬਿਨ (14 ਸਾਲ) ਅਤੇ ਇਮਰਾਨ (16-17 ਸਾਲ) ਵੀ ਆਪਣੇ ਘਰਾਂ ਵਿਚ ਨਹੀਂ ਸਨ। ਸ਼ੁਰੂਆਤ ਵਿਚ ਲੱਗਿਆ ਕਿ ਬੱਚੇ ਆਪਸ ਵਿਚ ਸਲਾਹ ਕਰਕੇ ਘੁੰਮਣ ਗਏ ਹਨ, ਪਰ ਜਦੋਂ ਉਹ ਦੇਰ ਤੱਕ ਵਾਪਸ ਨਾ ਆਏ ਤਾਂ ਅਗਵਾ ਹੋਣ ਦੇ ਸ਼ੱਕ ਤਹਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੀ.ਐੱਨ.ਐੱਸ. ਦੀ ਧਾਰਾ 127(6) ਤਹਿਤ ਮੁਕੱਦਮਾ ਨੰਬਰ 246 ਦਰਜ ਕਰ ਲਿਆ।
ਇਸ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਜਾਂਚ ਅਧਿਕਾਰੀ ਏ.ਐੱਸ.ਆਈ. ਮਲਕੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਇਨ੍ਹਾਂ ਬੱਚਿਆਂ ਨੂੰ ਹੰਡੇਸਰਾ ਦੇ ਕੋਲ ਲੱਭ ਲਿਆ ਪਰ ਜਿਵੇਂ ਹੀ ਬੱਚਿਆਂ ਦੀ ਨਜ਼ਰ ਆਪਣੇ ਮਾਪਿਆਂ ਅਤੇ ਪੁਲਿਸ 'ਤੇ ਪਈ, ਉਹ ਡਰ ਗਏ ਅਤੇ ਮੋਟਰਸਾਈਕਲ ਭਜਾ ਕੇ ਉੱਥੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਮੁਤਾਬਕ ਬੱਚੇ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਏ, ਬਲਕਿ ਪਰਿਵਾਰਕ ਨਾਰਾਜ਼ਗੀ ਕਾਰਨ ਖੁਦ ਘਰੋਂ ਨਿਕਲੇ ਹਨ, ਜਿਨ੍ਹਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
;
;
;
;
;
;
;
;