ਸੀ.ਆਈ.ਏ. ਅਧਿਕਾਰੀ ਬਣ ਕੇ ਜਵੈਲਰ ਨੂੰ ਅਗਵਾ ਕਰ ਮੰਗੀ 10 ਲੱਖ ਦੀ ਫਿਰੌਤੀ, ਤਿੰਨ ਮੁਲਜ਼ਮ ਕਾਬੂ
ਜ਼ੀਕਪੁਰ, 9 ਜੂਨ (ਅਲੀ)- ਜ਼ੀਰਕਪੁਰ ਪੁਲਿਸ ਨੇ ਆਪਣੇ ਆਪ ਨੂੰ ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਦੱਸ ਕੇ ਇਕ ਜਵੈਲਰ ਨੂੰ ਅਗਵਾ ਕਰਨ ਅਤੇ ਉਸ ਤੋਂ ਫਿਰੌਤੀ ਵਸੂਲਣ ਵਾਲੇ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤੀਆਂ ਗਈਆਂ ਦੋ ਸਕਾਰਪਿਓ ਗੱਡੀਆਂ ਅਤੇ 2.30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।
ਐਸ.ਐਸ.ਪੀ. ਮੋਹਾਲੀ ਹਰਮਨਦੀਪ ਸਿੰਘ ਹੰਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਕਪਤਾਨ (ਦਿਹਾਤੀ) ਮਨਪ੍ਰੀਤ ਸਿੰਘ, ਏ.ਐਸ.ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਅਤੇ ਥਾਣਾ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਜ਼ੀਰਕਪੁਰ ਅਤੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਨੇ ਕਾਰਵਾਈ ਕੀਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਚਕੂਲਾ ਦੇ ਸੈਕਟਰ-15 ਵਾਸੀ ਗੌਰਵ ਗੋਇਲ ਨੇ ਦੱਸਿਆ ਕਿ ਉਹ ਚੰਡੀਗੜ੍ਹ-ਅੰਬਾਲਾ ਹਾਈਵੇ ਨੇੜੇ ਜਵੈਲਰੀ ਦਾ ਕਾਰੋਬਾਰ ਕਰਦਾ ਹੈ। 5 ਜੂਨ ਨੂੰ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ, ਜਦੋਂ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਵਿਚ ਸਵਾਰ ਪੰਜ ਵਿਅਕਤੀ ਉੱਥੇ ਪਹੁੰਚੇ। ਇਨ੍ਹਾਂ ਵਿਚੋਂ ਤਿੰਨ ਵਿਅਕਤੀ ਦੁਕਾਨ ਅੰਦਰ ਆਏ, ਜਿਨ੍ਹਾਂ ਵਿਚ ਇਕ ਦੇ ਹੱਥਾਂ ਵਿਚ ਹਥਕੜੀ ਲੱਗੀ ਹੋਈ ਸੀ।
ਮੁਲਜ਼ਮਾਂ ਨੇ ਆਪਣੇ ਆਪ ਨੂੰ ਸੀ.ਆਈ.ਏ. ਸਟਾਫ਼ ਦੇ ਮੁਲਾਜ਼ਮ ਦੱਸਦਿਆਂ ਕਿਹਾ ਕਿ ਉਸ ਨੇ ਚੋਰੀ ਦਾ ਸੋਨਾ ਖਰੀਦਿਆ ਹੋਇਆ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਹੈ। ਇਸ ਤੋਂ ਬਾਅਦ ਉਹ ਜਵੈਲਰ ਨੂੰ ਜ਼ਬਰਦਸਤੀ ਆਪਣੀ ਸਕਾਰਪਿਓ ਵਿਚ ਬਿਠਾ ਕੇ ਲੈ ਗਏ। ਰਸਤੇ ਵਿਚ ਮੁਲਜ਼ਮਾਂ ਨੇ ਕੇਸ ਰਫ਼ਾ-ਦਫ਼ਾ ਕਰਨ ਦੇ ਬਦਲੇ 10 ਲੱਖ ਰੁਪਏ ਦੀ ਮੰਗ ਕੀਤੀ। ਡਰ ਦੇ ਮਾਰੇ ਜਵੈਲਰ ਨੇ ਉਨ੍ਹਾਂ ਨੂੰ 5 ਲੱਖ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਮੁਲਜ਼ਮ ਉਸ ਨੂੰ ਵਾਪਸ ਛੱਡ ਕੇ ਫਰਾਰ ਹੋ ਗਏ।
ਸ਼ਿਕਾਇਤ ਦੇ ਆਧਾਰ 'ਤੇ ਥਾਣਾ ਜੀਰਕਪੁਰ ਵਿਚ ਬੀ.ਐਨ.ਐਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਵਾਸੀ ਅੰਬਾਲਾ (ਹਾਲ ਵਾਸੀ ਜੈਪੁਰੀਆ ਸਨਰਾਈਜ਼, ਜੀਰਕਪੁਰ), ਗੁਰਫਤਿਹ ਸਿੰਘ ਭੁੱਲਰ ਵਾਸੀ ਰਾਣੀ ਮਾਜਰਾ (ਹਾਲ ਵਾਸੀ ਮਾਇਆ ਗਾਰਡਨ ਫੇਜ਼-3, ਜੀਰਕਪੁਰ) ਅਤੇ ਰਾਜਬੀਰ ਸਿੰਘ ਵਾਸੀ ਮਡਾਵਾਲਾ, ਪੰਚਕੂਲਾ ਵਜੋਂ ਹੋਈ ਹੈ। ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਸਕਾਰਪਿਓ ਨੰਬਰ HR-54G-7839, ਸਕਾਰਪਿਓ ਨੰਬਰ HR-80F-7858 ਅਤੇ 2.30 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
;
;
;
;
;
;
;
;