ਲਾਲੜੂ ਪੁਲਿਸ ਵਲੋਂ 12 ਕਿਲੋ ਅਫੀਮ ਸਮੇਤ ਦੋ ਨਸ਼ਾ ਤਸਕਰ ਕਾਬੂ
ਲਾਲੜੂ, 9 ਜੂਨ (ਅਲੀ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਾਲੜੂ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ 12 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ ਸੁਮਨ ਵਾਸੀ ਪਿੰਡ ਅਕਲੇਰਾ, ਜ਼ਿਲ੍ਹਾ ਜਾਲਾਵਾੜ ਰਾਜਸਥਾਨ ਅਤੇ ਰੂਪ ਚੰਦ ਵਾਸੀ ਪਿੰਡ ਰਿਚਬਾ, ਜ਼ਿਲ੍ਹਾ ਜਾਲਾਵਾੜ ਰਾਜਸਥਾਨ ਵਜੋਂ ਹੋਈ ਹੈ।
ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਥਾਣਾ ਲਾਲੜੂ ਦੇ ਮੁਖੀ ਇੰਸਪੈਕਟਰ ਯੋਗੇਸ਼ ਕੁਮਾਰ ਪੁਲਿਸ ਪਾਰਟੀ ਸਮੇਤ 8 ਜੂਨ ਨੂੰ ਅੰਬਾਲਾ-ਚੰਡੀਗੜ੍ਹ ਮੁੱਖ ਹਾਈਵੇ ਨੇੜੇ ਪਿੰਡ ਝਰਮੜੀ ਬੱਸ ਸਟਾਪ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਦੋ ਵਿਅਕਤੀ ਪਿੱਠੂ ਬੈਗ ਲੈ ਕੇ ਖੜ੍ਹੇ ਨਜ਼ਰ ਆਏ। ਪੁਲਿਸ ਪਾਰਟੀ ਨੂੰ ਦੇਖ ਕੇ ਦੋਵੇਂ ਘਬਰਾ ਗਏ ਅਤੇ ਪਿੰਡ ਸਰਸੀਣੀ ਵੱਲ ਤੇਜ਼ੀ ਨਾਲ ਜਾਣ ਲੱਗੇ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਦਿਨੇਸ਼ ਕੁਮਾਰ ਦੇ ਬੈਗ ਵਿਚੋਂ 8 ਕਿਲੋਗ੍ਰਾਮ ਅਤੇ ਰੂਪ ਚੰਦ ਦੇ ਬੈਗ ਵਿਚੋਂ 4 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਕੁੱਲ 12 ਕਿਲੋਗ੍ਰਾਮ ਅਫੀਮ ਬਰਾਮਦ ਹੋਣ ’ਤੇ ਦੋਵਾਂ ਮੁਲਜ਼ਮਾਂ ਖਿਲਾਫ਼ ਥਾਣਾ ਲਾਲੜੂ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਮੁਲਜ਼ਮ ਦਿਨੇਸ਼ ਕੁਮਾਰ ਖਿਲਾਫ਼ ਪਹਿਲਾਂ ਵੀ ਐਨ.ਸੀ.ਬੀ. ਚੰਡੀਗੜ੍ਹ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਹੈ, ਜਿਸ ਵਿਚ 19 ਕਿਲੋ 800 ਗ੍ਰਾਮ ਅਫੀਮ ਬਰਾਮਦ ਹੋਈ ਸੀ। ਦੋਵਾਂ ਮੁਲਜ਼ਮਾਂ ਨੂੰ 9 ਜੂਨ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
;
;
;
;
;
;
;
;