30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2025

ਨਵ ਕੌਰ (ਨਵਦੀਪ ਕੌਰ) ਸਿਟੀ ਆਫ਼ ਸਵਾਨ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣੀ

ਸੰਗਰੂਰ, 21 ਅਕਤੂਬਰ (ਧੀਰਜ ਪਸ਼ੋਰੀਆ)-ਨਵ ਕੌਰ, ਜਿਸਦਾ ਪੂਰਾ ਨਾਮ ਨਵਦੀਪ ਕੌਰ ਹੈ...

ਅਜੀਤ ਡੈਸਕ 21-10-2025

ਸੰਗਰੂਰ, 21 ਅਕਤੂਬਰ (ਧੀਰਜ ਪਸ਼ੋਰੀਆ)-ਨਵ ਕੌਰ, ਜਿਸਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਿਟੀ ਦੀ ਪਹਿਲੀ ਭਾਰਤੀ ਮੂਲ ਦੀ ਅਤੇ ਪਹਿਲੀ ਪੰਜਾਬਣ ਮਹਿਲਾ ਹੈ, ਜਿਸ ਨੇ ਕੌਂਸਲ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਸ ਚੋਣ ਵਿਚ ਕੁੱਲ 10 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਨਵ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਸਾਰੀ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਹੈ।

ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ। ਇਸ ਤੋਂ ਬਾਅਦ, ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨੈੱਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ। ਉਸਦੀ ਇਹ ਵਿਦਿਅਕ ਯਾਤਰਾ ਉਸਦੀ ਮਿਹਨਤ, ਲਗਨ ਅਤੇ ਲੀਡਰਸ਼ਿਪ ਸਮਰੱਥਾ ਦੀ ਗਵਾਹ ਹੈ। ਨਵ ਕੌਰ ਨੂੰ ਵੈਸਟਰਨ ਆਸਟ੍ਰੇਲੀਆ ਵਿਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। 

ਇਸ ਦੌਰਾਨ ਉਸ ਨੇ ਤਿੰਨੋਂ ਪੱਧਰਾਂ-  ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ ਵਿਚ ਵਿਸ਼ਾਲ ਤਜਰਬਾ ਹਾਸਲ ਕੀਤਾ ਹੈ। ਉਹ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੀ ਹੈ। ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾਅ ਰਹੇ ਹਨ। ਨਵ ਕੌਰ ਦਾ ਪਰਿਵਾਰ ਰਾਜਨੀਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਉਸਦੇ ਆਪਣੇ ਪਰਿਵਾਰਕ ਮੈਂਬਰ ਪੰਜਾਬ ਵਿਚ ਵੱਖ-ਵੱਖ ਪ੍ਰਸ਼ਾਸਕੀ ਅਤੇ ਰਾਜਨੀਤਿਕ ਅਹੁਦਿਆਂ 'ਤੇ ਰਹਿ ਚੁੱਕੇ ਹਨ। ਜਤਿੰਦਰ ਸਿੰਘ ਭੰਗੂ ਅਤੇ ਨਵ ਕੌਰ ਦਾ ਪਿੰਡ ਪੰਜਾਬ ਵਿਚ ਭਾਈ ਕੇ ਪਿਸ਼ੌਰ, ਜ਼ਿਲ੍ਹਾ ਸੰਗਰੂਰ ਹੈ।

ਨਵ ਕੌਰ ਦੇ ਸਹੁਰੇ ਸ. ਕਿਰਪਾਲ ਸਿੰਘ ਭੰਗੂ ਪਿੰਡ ਦੇ ਸਾਬਕਾ ਸਰਪੰਚ ਹਨ ਅਤੇ ਉਹ ਇਲਾਕੇ ਵਿਚ ਭਲਾਈ ਦੇ ਕੰਮ ਜਾਰੀ ਰੱਖਦੇ ਹਨ। ਇਹ ਸਾਰੀ ਕਮਿਊਨਿਟੀ ਲਈ ਮਾਣ ਦੀ ਗੱਲ ਹੈ ਕਿ ਨਵ ਕੌਰ ਨੇ ਆਪਣੀ ਮਿਹਨਤ, ਸਮਰਪਣ ਅਤੇ ਖੁੱਲ੍ਹੇ ਦਿਲ ਨਾਲ ਸਿਰਫ਼ ਆਪਣੀ ਨਹੀਂ, ਸਗੋਂ ਆਪਣੇ ਪੇਕੇ ਅਤੇ ਸਹੁਰੇ ਦੋਵੇਂ ਪਰਿਵਾਰਾਂ ਦਾ ਨਾਮ ਚਮਕਾਇਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਨਵ ਕੌਰ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੱਤੀ ਹੈ।

ਪਿਛਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਜਾਰੀ ਅਗਲੀ ਖ਼ਬਰ ਕੁਝ ਦਿਨਾਂ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ - ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ