ਤਪਾ ਮੰਡੀ (ਬਰਨਾਲਾ), 11 ਦਸੰਬਰ (ਵਿਜੇ ਸ਼ਰਮਾ)- ਸਿਹਤ ਵਿਭਾਗ ਵਿਚ ਸੇਵਾਵਾਂ ਦੇ ਰਹੇ ਸਰਕਾਰੀ ਡਾਕਟਰਾਂ ਵਲੋਂ ਤਨਖਾਹ ਮਿਲਣ ਵਿਚ ਹੋ ਰਹੀ ਬੇ-ਲੋੜੀ ਦੇਰੀ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਅਗਲੇ ਸੋਮਵਾਰ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਪੀ.ਸੀ.ਐਮ.ਐਸ. ਐਸੋਸ਼ੀਏਸ਼ਨ ਬਰਨਾਲਾ ਦੇ ਸਮੂਹ ਡਾਕਟਰ ਸਾਹਿਬਾਨ ਵਲੋਂ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਇੰਦੂ ਬਾਂਸਲ ਨੂੰ ਮੰਗ ਪੱਤਰ ਦਿੰਦਿਆ ਦੱਸਿਆ ਗਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਜਾਰੀ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਡਾ. ਕੰਵਲਜੀਤ ਬਾਜਵਾ ਜ਼ਿਲ੍ਹਾ ਪ੍ਰਧਾਨ ਅਤੇ ਡਾ. ਦੀਪਲੇਖ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਮਸਲੇ ਸੰਬੰਧੀ ਮਾਣਯੋਗ ਡਿਪਟੀ ਕਮਿਸ਼ਨਰ ਨਾਲ ਦੋ ਵਾਰ ਮੁਲਾਕਤ ਕਰਕੇ ਸਾਰੀ ਗੱਲਬਾਤ ਦੱਸੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਿਆ ਹੈ। ਡਾ. ਗਗਨਦੀਪ ਸਿੰਘ ਸੇਖੋਂ ਪ੍ਰੈਸ ਸਕੱਤਰ ਪੀ.ਸੀ.ਐਮ.ਐਸ ਐਸੋਸੀਏਸ਼ਨ ਨੇ ਦੱਸਿਆ ਕਿ ਉਹ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਓ.ਪੀ.ਡੀ. ਸਿਹਤ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ ਪਰ ਸਾਰੇ ਮੈਡੀਕਲ ਅਫਸਰਾਂ ਨੂੰ ਤਨਖਾਹਾਂ ਮਿਲਣ ਵਿਚ ਹੁੰਦੀ ਬੇਲੋੜੀ ਦੇਰੀ ਅਤੇ ਧੱਕੇਸ਼ਾਹੀ ਦੇ ਰੋਸ ਵਜੋਂ ਜ਼ਿਲ੍ਹਾ ਐਸੋਸੀਏਸ਼ਨ ਬਰਨਾਲਾ ਵਲੋਂ ਮਿਤੀ 15 ਦਸੰਬਰ ਦਿਨ ਸੋਮਵਾਰ ਤੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਜਾਂਦਾ ਹੈ।