ਚੰਡੀਗੜ੍ਹ, 1 ਮਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਤੁਰੰਤ ਅਸਤੀਫਾ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੈਰਾਨ ਹਨ ਕਿ ਮੁੱਖ ਮੰਤਰੀ ਨੇ ਪਵਿੱਤਰ ਸਦਨ ਤੇ ਉਹਨਾਂ ਨੂੰ ਮਿਲੇ ਫਤਵੇ ਦਾ ਇਸ ਤਰੀਕੇ ਅਪਮਾਨ ਕੀਤਾ ਹੈ।
ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੱਕੇ ’ਤੇ ਢੁਕਵੀਂ ਕਾਰਵਾਈ ਕਰ ਕੇ ਸਦਨ ਦਾ ਮਾਣ ਸਤਿਕਾਰ ਬਚਾਉਣ ਵਾਸਤੇ ਕੱਖ ਨਹੀਂ ਕੀਤਾ ਹਾਲਾਂਕਿ ਉਹ ਮੁੱਖ ਮੰਤਰੀ ਦਾ ਮੈਡੀਕਲ ਟੈਸਟ ਵੀ ਕਰਵਾ ਸਕਦੇ ਸਨ। ਸਰਦਾਰ ਬਾਦਲ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਮੁੱਖ ਮੰਤਰੀ ਨੇ ਬਹੁਤ ਮਾੜੀ ਭਾਸ਼ਾ ਵਰਤੀ ਜਿਸ ਨਾਲ ਉਹਨਾਂ ਦੇ ਅਹੁਦੇ ਦਾ ਮਾਣ ਸਤਿਕਾਰ ਘਟਿਆ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਇਸ ਤਰੀਕੇ ਪੇਸ਼ ਆਏ ਹੋਣ।