ਅਜਨਾਲਾ (ਅੰਮ੍ਰਿਤਸਰ), 2 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਓ.ਬੀ.ਸੀ ਮੋਰਚਾ ਦੇ ਸੂਬਾ ਪ੍ਰਧਾਨ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਦੇ ਪ੍ਰਧਾਨ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਦੇਰ ਸ਼ਾਮ ਅਜਨਾਲਾ ਦੇ ਡੀ.ਆਰ ਹਾਲ ਵਿਖੇ ਹੋਏ, ਜਿਸ ਵਿਚ ਭਾਜਪਾ ਦੇ ਕੌਮੀ ਸਕੱਤਰ ਤੇ ਭਾਜਪਾ ਪੰਜਾਬ ਦੇ ਸਹਿ ਪ੍ਰਭਾਰੀ ਡਾ: ਨਰਿੰਦਰ ਸਿੰਘ ਰੈਣਾ ਵਿਧਾਇਕ ਜੰਮੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਿ ਪ੍ਰਭਾਰੀ ਡਾ: ਨਰਿੰਦਰ ਸਿੰਘ ਰੇਣਾ ਨੇ ਕਿਹਾ ਕਿ ਭਾਜਪਾ ਨਗਰ ਪੰਚਾਇਤ ਚੋਣਾਂ ਪੂਰੀ ਤਿਆਰੀ ਨਾਲ ਲੜੇਗੀ ਤੇ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਵੱਡੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ 4 ਮਈ ਨੂੰ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੇ ਆਉਣ ਵਾਲੇ ਨਤੀਜਿਆਂ ਵਿਚ ਭਾਜਪਾ ਵੱਡੀ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ।
ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਸ਼ਹਿ ਪ੍ਰਭਾਰੀ ਡਾ: ਨਰਿੰਦਰ ਸਿੰਘ ਰੈਣਾ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਤੇ ਇਕੱਲਿਆਂ ਚੋਣਾਂ ਲੜੇਗੀ ਤੇ 117 ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤਾਂ ਹਾਸਿਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣਾਏਗੀ । ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਡਾ: ਰੈਣਾ ਨੇ ਕਿਹਾ ਕਿ 'ਆਪ' ਸਰਕਾਰ ਦੇ ਰਾਜ ਵਿਚ ਦਿਨ ਦਿਹਾੜੇ ਕਤਲ ਹੋ ਰਹੇ ਹਨ ਤੇ ਲੋਕਾਂ ਕੋਲੋਂ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਹੁਣ ਪੰਜਾਬ ਦੇ ਲੋਕ ਆਪਣੇ ਆਪ ਨੂੰ ਘਰਾਂ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ, ਜਿਸ ਹਾਲ ਵਿਚ ਪਹੁੰਚੇ ਸਨ ਉਹ ਸਾਰਿਆਂ ਦੇ ਸਾਹਮਣੇ ਹੈ ਤੇ ਆਉਂਦੀਆਂ ਸਾਰੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕੋਈ ਮੂੰਹ ਨਹੀਂ ਲਗਾਏਗਾ, ਜੋ ਪੰਜਾਬ ਦੇ ਹਾਲਾਤ ਹਨ ਸਾਨੂੰ ਲੱਗਦਾ ਹੈ ਕਿ ਇਹ ਸਰਕਾਰ ਸਮੇਂ ਤੋਂ ਪਹਿਲਾਂ ਡਿੱਗ ਜਾਵੇਗੀ।ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ 'ਤੇ ਦਰਜ਼ ਮੁਕੱਦਮਿਆਂ ਦੀ ਨਿਖੇਧੀ ਕਰਦਿਆਂ ਸਹਿ ਪ੍ਰਭਾਰੀ ਡਾ: ਨਰਿੰਦਰ ਸਿੰਘ ਰੈਣਾ ਨੇ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਸੰਦੀਪ ਪਾਠਕ ਜੋ ਕਿ ਸੰਗਠਨ ਮੰਤਰੀ ਸਨ ਨੇ ਕੁਝ ਗਲਤ ਕੀਤਾ ਸੀ ਤਾਂ ਉਨ੍ਹਾਂ ਤੇ 'ਆਪ' ਵਿਚ ਹੁੰਦਿਆਂ ਮੁਕੱਦਮਾ ਦਰਜ਼ ਕਰਨਾ ਚਾਹੀਦਾ ਸੀ, ਪਰ ਹੁਣ ਆਮ ਆਦਮੀ ਪਾਰਟੀ ਬੌਖਲਾਹਟ ਵਿਚ ਆ ਕੇ ਆਪਣੀਆਂ ਨਾਕਾਮੀਆਂ ਛਪਾਉਣ ਲਈ ਅਜਿਹਾ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਭਾਜਪਾ ਪੰਜਾਬ ਵਿਚ ਇਕੱਲਿਆਂ 2027 ਵਿਧਾਨ ਸਭਾ ਚੋਣਾਂ ਲੜ ਕੇ ਡਬਲ ਇੰਜਨ ਦੀ ਸਰਕਾਰ ਬਣਾਏਗੀ - ਡਾ: ਨਰਿੰਦਰ ਸਿੰਘ ਰੈਣਾ
ਅਜਨਾਲਾ (ਅੰਮ੍ਰਿਤਸਰ), 2 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਓ.ਬੀ.ਸੀ ਮੋਰਚਾ ਦੇ ਸੂਬਾ ਪ੍ਰਧਾਨ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਦੇ ਪ੍ਰਧਾਨ...
ਅਜੀਤ ਡੈਸਕ
02-05-2026