31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਤਲ ਮਾਮਲੇ ’ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਕਾਬੂ

ਮਾਛੀਵਾੜਾ ਸਾਹਿਬ (ਲੁਧਿਆਣਾ), 3 ਮਈ (ਰਾਜਦੀਪ ਸਿੰਘ ਅਲਬੇਲਾ) - ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਦੇ ਕਤਲ ਮਾਮਲੇ ਵਿਚ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰੈੱਸ ਕਾਨਫ਼ਰੰਸ...

ਅਜੀਤ ਡੈਸਕ 03-05-2026

ਮਾਛੀਵਾੜਾ ਸਾਹਿਬ (ਲੁਧਿਆਣਾ), 3 ਮਈ (ਰਾਜਦੀਪ ਸਿੰਘ ਅਲਬੇਲਾ) - ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਦੇ ਕਤਲ ਮਾਮਲੇ ਵਿਚ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਇਸ ਕਤਲ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ 24 ਘੰਟਿਆਂ ਅੰਦਰ ਹੀ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੀ ਪਹਿਚਾਣ ਦਵਿੰਦਰਪਾਲ ਸਿੰਘ ਉਰਫ਼ ਜੈਲਾ ਵਾਸੀ ਬੈਰਸਾਲ (ਜਿਸ ਪਿੱਛੇ ਕਤਲ ਦੀ ਘਟਨਾ ਵਾਪਰੀ), ਗੁਰਵਿੰਦਰ ਸਿੰਘ ਉਰਫ਼ ਗਿੰਦੂ ਤੇ ਜਸਪ੍ਰੀਤ ਸਿੰਘ ਜੱਸਾ ਵਾਸੀ ਹੇਡੋਂ ਬੇਟ, ਸਤਵੀਰ ਸਿੰਘ ਉਰਫ਼ ਸ਼ੰਮੀ ਵਾਸੀ ਲੱਖੋਵਾਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 10 ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਤੋਂ ਕਤਲ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ.ਪੀ. ਹਰਪਿੰਦਰ ਕੌਰ ਨੇ ਕਿਹਾ ਕਿ ਨੌਜਵਾਨਾਂ ਵਿਚਕਾਰ ਹੋਈ ਲੜਾਈ ਆਪਸੀ ਰੰਜਿਸ਼ ਦਾ ਨਤੀਜਾ ਹੈ, ਪਰ ਫਿਰ ਵੀ ਜੋ ਗ੍ਰਿਫ਼ਤਾਰ ਕੀਤੇ ਮੁਲਜ਼ਮ ਹਨ, ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਜਾਵੇਗਾ ਅਤੇ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਬਾਕੀ ਮੁਲਜ਼ਮ ਹਨ, ਉਹ ਜਲਦ ਸਲਾਖ਼ਾਂ ਪਿੱਛੇ ਹੋਣਗੇ। ਟੀਮਾਂ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਬਾਹਰਲੇ ਸੂਬਿਆਂ ਵਿਚ ਵੀ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਖੂਨੀ ਝੜਪ ਵਿਚ ਕਤਲ ਹੋਏ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਦੇ ਪਰਿਵਾਰ ਵਲੋਂ ਪੋਸਟ ਮਾਰਟਮ ਨਹੀਂ ਕਰਵਾਇਆ ਗਿਆ। ਮ੍ਰਿਤਕ ਦੇ ਭਰਾ ਜਗਦੀਪ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਪੁਲਿਸ ਨੇ 4 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ, ਪਰ ਅਜੇ ਵੀ ਉਸਦੇ ਭਰਾ ਨੂੰ ਕਤਲ ਕਰਨ ਵਾਲੇ ਕਾਫ਼ੀ ਮੁਲਜ਼ਮ ਬਾਹਰ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਜਥੇਬੰਦੀਆਂ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਸਾਰੇ ਕਾਤਲ ਨਹੀਂ ਫੜ੍ਹੇ ਜਾਂਦੇ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕੇ 4 ਮਈ ਨੂੰ ਸਵੇਰੇ 10 ਵਜੇ ਮਾਛੀਵਾੜਾ ਥਾਣਾ ਵਿਖੇ ਪਿੰਡਾਂ ਦੇ ਲੋਕ ਇਕੱਤਰ ਹੋਣਗੇ ਅਤੇ ਪੁਲਿਸ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਪੰਜਾਬ ਨੇ ਗਵਾਈ 5ਵੀਂ ਵਿਕਟ, ਕਪਤਾਨ ਸ਼੍ਰੇਅਸ ਅਈਅਰ 19 (21 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਆਈ.ਪੀ.ਐੱਲ. 2026 : ਪੰਜਾਬ ਨੇ ਗਵਾਈ ਚੌਥੀ ਵਿਕਟ, ਨਿਹਾਲ ਵਡੇਰਾ ਬਿਨਾਂ ਕੋਈ ਦੌੜ ਬਣਾਏ ਕੇ ਆਊਟ