ਸੰਗਰੂਰ, 7 ਮਈ। 15 ਸਾਲ ਦੇ ਨੌਜਵਾਨ ਦੇ ਕਤਲ ਮਾਮਲੇ ਵਿਚ ਸੰਗਰੂਰ ਪੁਲਿਸ ਨੇ 2 ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਿਸੇ ਕੁੜੀ ਕਾਰਨ ਲੜਾਈ ਹੋਈ ਸੀ। ਜਿਸ ਲੜਾਈ ਵਿਚ ਕਿਰਚਾ ਮਾਰ ਕੇ 15 ਸਾਲਾ ਅਰਸ਼ਦੀਪ ਦਾ 2 ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ ਅਤੇ ਅਵਨੀਤ ਨਾਮ ਦੇ ਨੌਜਵਾਨ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਜੌ ਕਿ ਜੇਰੇ ਇਲਾਜ ਹੈ।
4 ਮਈ ਦੀ ਰਾਤ ਨੂੰ ਘਟਨਾ ਹੋਈ ਸੀ। ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈਕੇ ਸੰਗਰੂਰ ਦੇ ਬਾਜ਼ਾਰ ਬੰਦ ਕਰ ਦਿੱਤੇ ਸੀ। ਪਰਿਵਾਰ ਨੇ ਮੰਗ ਕੀਤੀ ਸੀ ਕਿ ਜਦੋਂ ਤੱਕ ਦੋਸ਼ੀ ਫ਼ੜੇ ਨਹੀਂ ਜਾਂਦੇ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ। ਪੁਲਿਸ ਨੇ ਪਰਿਵਾਰ ਨੂੰ ਜਲਦ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸਮਾਂ ਲਿਆ ਸੀ ਅਤੇ ਸੰਸਕਾਰ ਕਰਵਾਇਆ ਸੀ।
ਐਸਐਸਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਇਸ ਮਾਮਲੇ ਵਿੱਚ 2 ਮੁੱਖ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ।