ਕੱਥੂ ਨੰਗਲ, 11 ਮਈ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਪਤਾਲਪੁਰੀ ਵਿਖੇ ਗਰੀਬ ਪਰਿਵਾਰ ਵਲੋਂ ਆਪਣੇ ਰੱਖ ਰਖਾ ਦੇ ਸਮਾਨ ਲਈ ਬਣਾਈ ਜਾ ਰਹੀ ਬਿਲਡਿੰਗ ਉਸ ਸਮੇਂ ਢਹਿ ਢੇਰੀ ਹੋ ਗਈ ਜਦੋਂ ਬੀਤੀ ਰਾਤ ਆਈ ਹਨੇਰੀ ਝੱਖੜ ਨੇ ਸੜਕਾਂ ਤੇ ਘਰਾਂ ਵਿਚ ਹੜਕੰਪ ਮਚਾ ਦਿੱਤਾ। ਹਨੇਰੀ ਦੇ ਨਾਲ ਕਈ ਇਮਾਰਤਾਂ ਤੇ ਦਰੱਖਤਾ ਨੂੰ ਨੀਹਾਂ ਤੋਂ ਪੁੱਟ ਕੇ ਸੁੱਟ ਦਿੱਤਾ।
ਮੌਕੇ ਤੇ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ, ਵਿਨੋਦ ਕੁਮਾਰ ਪੁੱਤਰ ਧਨੀ ਰਾਮ ਵਾਸੀ ਪਿੰਡ ਪਤਾਲਪੁਰੀ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਦੋ ਕਨਾਲ ਰਕਬੇ ਵਿਚ ਆਪਣੇ ਇੱਕ ਹਾਲ ਤਿਆਰ ਕਰ ਰਿਹਾ ਸੀ ਜਿਸ ਤੇ ਕਰੀਬ 15 ਲੱਖ ਰੁਪਏ ਲੱਗ ਚੁੱਕੇ ਸਨ ਅਤੇ ਇਹ ਲਾਈ ਗਈ ਰਕਮ ਉਹਨਾਂ ਵਲੋਂ ਵਿਆਜ ਤੇ ਚੁੱਕ ਕੇ ਲਗਾਈ ਜਾ ਰਹੀ ਸੀ ਪਰ ਉਹਨਾਂ ਦੀ ਖੁਸ਼ੀ ਉਦੋਂ ਗਮੀ ਵਿਚ ਬਦਲ ਗਈ ਜਦੋਂ ਬੀਤੀ ਰਾਤ ਤੇਜ਼ ਆਏ ਹਨੇਰੀ ਝੱਖੜ ਨੇ ਬਿਲਡਿੰਗ ਨੂੰ ਨੀਹਾਂ ਤੋਂ ਪੁੱਟ ਕੇ ਸੁੱਟ ਦਿੱਤਾ ਤੇ ਸਾਰੀ ਬਿਲਡਿੰਗ ਹੀ ਢਹਿ ਢੇਰੀ ਹੋ ਗਈ। ਪਰਿਵਾਰ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਹੋਏ ਨੁਕਸਾਨ ਤੇ ਭਰਭਾਈ ਕੀਤੀ ਜਾਵੇ।
ਇਸ ਸਮੇਂ ਵਿਨੋਦ ਕੁਮਾਰ ਦੀ ਮਾਤਾ ਇਸਰੋ ਦੇਵੀ ਨੇ ਭਰੇ ਮਨ ਨਾਲ ਦੱਸਿਆ ਕਿ ਮੇਰੇ ਪੁੱਤਰ ਵਲੋਂ ਬਹੁਤ ਮਿਹਨਤ ਕਰਕੇ ਆਪਣੇ ਟਰੈਕਟਰ ਟਰਾਲੀ ਹੋਰ ਸੰਦਾਂ ਲਈ ਇਹ ਬਿਲਡਿੰਗ ਬਣਾਈ ਜਾ ਰਹੀ ਸੀ ਜੋ ਬੀਤੀ ਰਾਤ ਢਹਿ ਢੇਰੀ ਹੋ ਗਈ ਹੈ ਜਿਸ ਕਾਰਨ ਸਾਡੇ ਕੋਲ ਰਹਿਣ ਲਈ ਹੋਰ ਕੋਈ ਆਸਰਾ ਨਹੀਂ ਰਿਹਾ।