ਪਠਾਨਕੋਟ, 12 ਮਈ (ਸੰਧੂ) - ਅਧਿਆਪਕਾ ਦੀਆਂ ਜਣਗਣਨਾ ਡਿਊਟੀਆਂ ਘਰਾਂ ਅਤੇ ਸਕੂਲਾਂ ਤੋਂ 60 ਤੋਂ 70 ਕਿਲੋਮੀਟਰ ਦੂਰ ਲਗਾਏ ਜਾਣ ਦੇ ਵਿਰੋਧ ਵਿਚ ਅੱਜ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਪਠਾਨਕੋਟ ਦੇ ਝੰਡੇ ਹੇਠ ਅਧਿਆਪਕਾਂ ਨੇ ਦੁਪਹਿਰ 3 ਵਜੇ ਡੀ.ਸੀ. ਦਫ਼ਤਰ ਦਾ ਘਿਰਾਓ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾ ਦਾ ਪ੍ਰਦਰਸ਼ਨ ਦੇਰ ਸ਼ਾਮ ਤੱਕ ਮਸਲਾ ਹੱਲ ਨਾਂ ਹੋਣ ਕਰਕੇ ਜਾਰੀ ਰਿਹਾ। ਇਸ ਮੌਕੇ ਅਧਿਆਪਕਾਂ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਡਾ. ਪੱਲਵੀ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਰੱਖੀਆਂ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਜਣਗਣਨਾ ਡਿਊਟੀ ਤੋਂ ਪਿੱਛੇ ਨਹੀਂ ਹਟ ਰਹੇ, ਪਰ ਨਿਯਮਾਂ ਅਨੁਸਾਰ ਡਿਊਟੀਆਂ ਸਕੂਲ ਜਾਂ ਘਰ ਦੇ ਨੇੜੇ ਲਗਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਬਿਨਾਂ ਹਾਲਾਤਾਂ ਨੂੰ ਵੇਖੇ ਅਧਿਆਪਕਾਂ ਦੀਆਂ ਡਿਊਟੀਆਂ 60 ਤੋਂ 70 ਕਿਲੋਮੀਟਰ ਦੂਰ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਵੱਡੀਆਂ ਦਿੱਕਤਾਂ ਪੈਦਾ ਹੋ ਰਹੀਆਂ ਹਨ। ਅਧਿਆਪਕਾਂ ਨੇ ਕਿਹਾ ਕਿ ਸਕੂਲ ਦੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਇੰਨੀ ਦੂਰ ਜਾ ਕੇ ਜਣਗਣਨਾ ਡਿਊਟੀ ਨਿਭਾਉਣਾ ਸੰਭਵ ਨਹੀਂ। ਕਈ ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ ਦੋਪਹੀਆ ਵਾਹਨ ਚਲਾਉਣਾ ਵੀ ਨਹੀਂ ਆਉਂਦਾ ਅਤੇ ਉਹ ਬੱਸਾਂ ਰਾਹੀਂ ਸਕੂਲ ਪਹੁੰਚਦੇ ਹਨ। ਅਜਿਹੇ ਵਿਚ ਦੂਰ ਦੁਰਾਡੇ ਇਲਾਕਿਆਂ ਵਿਚ ਡਿਊਟੀ ਕਰਨਾ ਉਨ੍ਹਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ। ਇਸ ਮੋਕੇ ਮਹਿਲਾ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਡਿਊਟੀਆਂ ਘਰ ਅਤੇ ਸਕੂਲ ਤੋਂ ਕਾਫ਼ੀ ਦੂਰ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਡਿਊਟੀ ਦੌਰਾਨ ਸੁਰੱਖਿਆ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਕੌਣ ਲਵੇਗਾ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਡਿਊਟੀਆਂ ਵਿਚ ਜਲਦ ਸੋਧ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਨੇ ਸਾਰੇ ਅਧਿਆਪਕ ਸਾਥੀਆਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਮਸਲੇ ਦਾ ਹੱਲ ਕੀਤਾ ਜਾਵੇਗਾ। ਪ੍ਰੰਤੂ ਰੋਸ ਧਰਨਾ ਖ਼ਤਮ ਹੋਣ ਤੋਂ ਬਾਅਦ ਦਫਤਰ ਦੇ ਅਮਲੇ ਨੇ ਮੰਗੀਆਂ ਮੰਗਾਂ ਨੂੰ ਹੱਲ ਕਰਨ ਤੋਂ ਟਾਲਾ ਵਟਣਾ ਸ਼ੁਰੂ ਕਰ ਦਿੱਤਾ, ਜਿਸ ਦਾ ਸਖਤ ਨੋਟਿਸ ਲੈਂਦਿਆਂ ਆਗੂਆਂ ਵਲੋਂ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਅੰਤ ਵਿਚ ਫਿਲਹਾਲ ਸਿਰਫ਼ ਮਿਊਚੁਅਲ ਤਬਾਦਲਿਆਂ ਸੰਬੰਧੀ ਹੀ ਸਹਿਮਤੀ ਬਣੀ ਹੈ, ਪਰ ਜਿਹੜੇ ਸਾਥੀ ਦੂਰ-ਦੂਰ ਡਿਊਟੀਆਂ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਦਾ ਮੁੱਖ ਮਸਲਾ ਅਜੇ ਵੀ ਬਾਕੀ ਹੈ। ਇਸ ਲਈ ਸੰਘਰਸ਼ ਜਾਰੀ ਰਹੇਗਾ। ਪ੍ਰਸ਼ਾਸਨ ਵਲੋਂ ਕੁਝ ਕਾਰਵਾਈਆਂ ਕਰਨ ਲਈ ਕਿਹਾ ਗਿਆ ਹੈ, ਜੋ ਕੱਲ੍ਹ ਤੱਕ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਦੁਬਾਰਾ ਸਮਾਂ ਲੈ ਕੇ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ, ਤਾਂ ਜੋ ਸਾਰੇ ਸਾਥੀਆਂ ਦਾ ਮਸਲਾ ਪੂਰੀ ਤਰ੍ਹਾਂ ਹੱਲ ਕਰਵਾਇਆ ਜਾ ਸਕੇ।
ਤਾਜ਼ਾ ਖ਼ਬਰਾਂ
Free
ਸਾਂਝੇ ਅਧਿਆਪਕ ਮੋਰਚਾ ਵਲੋਂ ਜਣਗਣਨਾ ਡਿਊਟੀਆਂ ਦੂਰ ਲਗਾਉਣ ਦੇ ਵਿਰੋਧ ’ਚ ਕੀਤਾ ਗਿਆ ਡੀ.ਸੀ. ਦਫ਼ਤਰ ਦਾ ਘਿਰਾਓ
ਪਠਾਨਕੋਟ, 12 ਮਈ (ਸੰਧੂ) - ਅਧਿਆਪਕਾ ਦੀਆਂ ਜਣਗਣਨਾ ਡਿਊਟੀਆਂ ਘਰਾਂ ਅਤੇ ਸਕੂਲਾਂ ਤੋਂ 60 ਤੋਂ 70 ਕਿਲੋਮੀਟਰ ਦੂਰ ਲਗਾਏ ਜਾਣ ਦੇ ਵਿਰੋਧ ਵਿਚ ਅੱਜ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਪਠਾਨਕੋਟ...
ਅਜੀਤ ਡੈਸਕ
12-05-2026