ਅੰਮ੍ਰਿਤਸਰ, 14 ਮਈ- ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦੀ ਘੋਸ਼ਣਾ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਰੇਲਵੇ ਨੇ ਇੱਕ ਵਿਸ਼ਵ-ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ, ਜੋ ਇਸ ਪਵਿੱਤਰ ਸ਼ਹਿਰ ਦੀ ਸ਼ਾਨ, ਆਧਿਆਤਮਿਕਤਾ ਅਤੇ ਸੱਭਿਆਚਾਰਕ ਪਹਿਚਾਣ ਨੂੰ ਦਰਸਾਏਗਾ। ਲਗਭਗ ₹402 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਆਧੁਨਿਕ, ਯਾਤਰੀ-ਅਨੁਕੂਲ ਅਤੇ ਭਵਿੱਖ ਲਈ ਤਿਆਰ ਟਰਾਂਸਪੋਰਟ ਹੱਬ ਵਿਚ ਤਬਦੀਲ ਕਰੇਗਾ। ਇਸ ਤੋਂ ਇਲਾਵਾ ਪੰਜ ਵਾਧੂ ਪਲੇਟਫਾਰਮਾਂ ਦੇ ਨਿਰਮਾਣ ਅਤੇ ਵਿਸਥਾਰ ਲਈ ₹100 ਕਰੋੜ ਵੀ ਮਨਜ਼ੂਰ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਪੁਨਰ ਵਿਕਾਸ ਯੋਜਨਾ ਪੰਜਾਬ ਦੀ ਸੰਸਕ੍ਰਿਤਿਕ ਪਛਾਣ ਅਤੇ ਅੰਮ੍ਰਿਤਸਰ ਦੀ ਆਧਿਆਤਮਿਕ ਮਹੱਤਤਾ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ। ਵਿਆਪਕ ਮਾਸਟਰ ਪਲਾਨ ਅਧੀਨ ਭਵਿੱਖ ਦੀਆਂ ਯਾਤਰੀ ਅਤੇ ਸੰਚਾਲਕੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਵੱਡੇ ਪੱਧਰ ‘ਤੇ ਯਾਰਡ ਰੀਮਾਡਲਿੰਗ ਅਤੇ ਵਿਸਥਾਰ ਦੇ ਕੰਮ ਕੀਤੇ ਜਾਣਗੇ। ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਆਧੁਨਿਕ ਰੇਲ ਸੰਚਾਲਨ ਨੂੰ ਮਜ਼ਬੂਤੀ ਦੇਣ ਲਈ ਅੰਮ੍ਰਿਤਸਰ ਵਿੱਚ ਇਕ ਨਵਾਂ ਵੰਦੇ ਭਾਰਤ ਮੇਂਟੇਨੈਂਸ ਸ਼ੈੱਡ ਵੀ ਬਣਾਇਆ ਜਾਵੇਗਾ, ਜਿਸ ਨਾਲ ਪੰਜਾਬ ਦੀ ਰੇਲਵੇ ਬੁਨਿਆਦੀ ਢਾਂਚੇ ਅਤੇ ਸੰਚਾਲਕੀ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ।