15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਠਾਨਕੋਟ ਨਗਰ ਨਿਗਮ ਨੂੰ ਧਮਕੀ ਭਰੀ ਈ-ਮੇਲ, ਆਰਮੀ ਸਟੇਸ਼ਨਾਂ ਅਤੇ ਸਕੂਲਾਂ ਨੂੰ ਆਈ.ਈ.ਡੀ. ਧਮਾਕਿਆਂ ਨਾਲ ਉਡਾਉਣ ਦੀ ਚੇਤਾਵਨੀ

ਪਠਾਨਕੋਟ, 27 ਜੁਲਾਈ (ਸੰਧੂ/ਵਿਨੋਦ)- ਅੱਜ ਸਵੇਰੇ ਪਠਾਨਕੋਟ ਨਗਰ ਨਿਗਮ ਦੇ ਕਮਿਸ਼ਨਰ ਦੀ ਅਧਿਕਾਰਕ ਈ-ਮੇਲ ਆਈਡੀ 'ਤੇ...

ਅਜੀਤ ਡੈਸਕ 27-07-2026

ਪਠਾਨਕੋਟ, 27 ਜੁਲਾਈ (ਸੰਧੂ/ਵਿਨੋਦ)- ਅੱਜ ਸਵੇਰੇ ਪਠਾਨਕੋਟ ਨਗਰ ਨਿਗਮ ਦੇ ਕਮਿਸ਼ਨਰ ਦੀ ਅਧਿਕਾਰਕ ਈ-ਮੇਲ ਆਈਡੀ 'ਤੇ ਇਕ ਧਮਕੀ ਭਰੀ ਈ-ਮੇਲ ਪ੍ਰਾਪਤ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਈ-ਮੇਲ ਵਿਚ ਪਠਾਨਕੋਟ ਨਗਰ ਨਿਗਮ ਦਫ਼ਤਰ, ਆਰਮੀ ਸਟੇਸ਼ਨਾਂ ਅਤੇ ਕੈਂਟ ਖੇਤਰ ਦੇ ਆਰਮੀ ਸਕੂਲਾਂ ਵਿਚ ਆਈ.ਈ.ਡੀ.  ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। 

ਈ-ਮੇਲ ਵਿਚ ਵੱਖ-ਵੱਖ ਥਾਵਾਂ ਲਈ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿਚ ਦੁਪਹਿਰ 3:11 ਵਜੇ, ਪਠਾਨਕੋਟ ਆਰਮੀ ਸਕੂਲ ਵਿਚ 1:11 ਵਜੇ ਅਤੇ ਆਰਮੀ ਸਟੇਸ਼ਨ ਜਾਂ ਕੈਂਟ ਖੇਤਰ ਵਿਚ ਰਾਤ 9:11 ਵਜੇ ਧਮਾਕੇ ਕੀਤੇ ਜਾਣਗੇ। ਧਮਕੀ ਭਰੇ ਸੰਦੇਸ਼ ਵਿਚ 15 ਅਗਸਤ ਨੂੰ ਲੈ ਕੇ ਵੀ ਭੜਕਾਊ ਗੱਲਾਂ ਲਿਖੀਆਂ ਗਈਆਂ ਹਨ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ 15 ਅਗਸਤ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਫੌਜੀ ਠਿਕਾਣਿਆਂ ਤੇ ਸਕੂਲਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

ਨਾਲ ਹੀ ਕੁਝ ਸਿਆਸੀ ਆਗੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਾ ਜ਼ਿਕਰ ਕੀਤਾ ਗਿਆ ਹੈ। ਈ-ਮੇਲ ਦੇ ਅੰਤ ਵਿਚ ਦੋ ਵਿਅਕਤੀਆਂ ਦੇ ਨਾਮ ਵੀ ਲਿਖੇ ਹੋਏ ਹਨ, ਜਿਨ੍ਹਾਂ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ।ਧਮਕੀ ਮਿਲਦੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਤੁਰੰਤ ਪੁਲਿਸ ਅਤੇ ਉੱਚ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਠਾਨਕੋਟ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈ-ਮੇਲ ਦੇ ਸਰੋਤ ਅਤੇ ਆਈਪੀ ਐਡਰੈੱਸ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਨਗਰ ਨਿਗਮ ਦਫ਼ਤਰ, ਆਰਮੀ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।

ਪਿਛਲੀ ਖ਼ਬਰ ਰਿਹਾਇਸ਼ੀ ਮਕਾਨ ਦੀ ਉਸਾਰੀ ਦੌਰਾਨ ਡਿੱਗਣ ਕਾਰਣ ਰਾਜ ਮਿਸਤਰੀ ਦੀ ਹੋਈ ਮੌਤ ਅਗਲੀ ਖ਼ਬਰ ਗੁਰਸੇਵਕ ਸਿੰਘ ਝੁਨੀਰ ਬਣੇ ਕੋਆਪ੍ਰੇਟਿਵ ਬੈਂਕ ਪੰਜਾਬ ਦੇ ਵਾਇਸ ਚੇਅਰਮੈਨ