ਲਹਿਰਾ ਮੁਹੱਬਤ (ਬਠਿੰਡਾ), 6 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਪਾਵਰਕਾਮ ’ਚ ਮਰਜ ਕਰਨ ਦੀ ਮੰਗ ਨੂੰ ਲੈ ਕੇ 30 ਜੂਨ ਦੇ ਨੋਟੀਫਿਕੇਸ਼ਨ ਤਹਿਤ ਨਿਯੁਕਤੀ ਨੂੰ ਲੈ ਕੇ ਹੜਤਾਲ ਕਾਰਨ ਬਿਜਲੀ ਉਤਪਾਦਨ ਘੱਟਣ ’ਚ ਵੱਡਾ ਅਸਰ ਦਿਖਾਈ ਦੇਣ ਲੱਗਾ ਹੈ। ਦੂਜੇ ਪਾਸੇ ਬਿਜਲੀ ਦੀ ਮੰਗ 13902.33 ਮੈਗਾਵਾਟ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ 10592.42 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕੀਤੀ। ਪੰਜਾਬ ਦੇ ਆਪਣੇ ਸਰਕਾਰੀ ਥਰਮਲਾਂ ਦਾ ਬਿਜਲੀ ਉਤਪਾਦਨ ਹੜਤਾਲ ਕਾਰਨ 2300 ਚੋਂ ਸਿਰਫ ਕਰੀਬ 800 ਮੈਗਾਵਾਟ ਤੱਕ ਸਿਮਟ ਗਿਆ ਹੈ। ਜਾਣਕਾਰੀ ਅਨੁਸਾਰ ਯੁਨਿਟ ਨੰ.2 ਵਿੱਚ ਬੀਤੀ 5 ਅਗਸਤ ਦੀ ਰਾਤ ਨੂੰ ਕਰੀਬ 9.30 ਵਜੇ ਲਹਿਰਾ ਥਰਮਲ ਪਲਾਂਟ ਦੇ 2 ਨੰਬਰ ਯੁਨਿਟ ਦੇ ਕੋਲ ਮਿੱਲਾਂ ਰਿਜੈਕਟ ਵਿਚ ਅੱਗ ਲੱਗਣ ਮਗਰੋਂ ਸਪਲਾਈ ਬੈਲਟ ਮੱਚਣ ਦਾ ਪਤਾ ਲੱਗਾ ਹੈ।
ਅੱਗ ਲੱਗਣ ਦੀ ਸਥਿਤੀ ਦੀਆਂ ਵੀਡਿਓ ਸ਼ੋਸ਼ਲ ਮੀਡੀਆ ਗੁਰੱਪਾਂ ਵਿਚ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਬਕਾਇਦਾ ਅੱਗ ਬੁਝਾਊ ਦਸਤਾ ਅੱਗ ’ਤੇ ਕਾਬੂ ਪਾਉਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਯੂਨਿਟ ਨੰ 3 ਵਿਚ ਵੀ ਕੋਲ ਮਿੱਲਾਂ 3 ਚੋਕ ਹੋ ਚੁੱਕੀਆਂ ਹਨ ਤੇ ਤਿੰਨ ਡੀ.ਈ ਤੇ ਐਫ ਕੋਲ ਮਿੱਲ ਚਲਾਈ ਜਾ ਰਹੀ ਹੈ। ਇਨ੍ਹਾਂ ਕੋਲ ਮਿੱਲਾਂ ਦੇ ਰਿਜੈਕਟ ਦੀਆਂ ਬੈਲਟਾਂ ਹੇਠਲੀਆਂ ਟਰੰਚਾਂ ਕੋਲੇ ਨਾਲ ਭਰ ਰਹੀਆਂ ਹਨ। ਕਿਉਕਿ ਠੇਕੇਦਾਰਾਂ ਵਲੋਂ ਲਿਆਂਦੇ ਅਣਸਿੱਖਿਅਤ ਮਜ਼ਦੂਰਾਂ ਰਾਹੀਂ ਗਿੱਲਾ ਕੋਲ ਹੌਪਰਾਂ ਵਿਚ ਭਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੋਲ ਰੈਕ ਦੀ ਅਣਲੋਡਿੰਗ ਨਾ ਹੋਣ ਕਾਰਨ ਡੈਮਰੇਜ਼ ਪੈਣ ਦੇ ਡਰੋਂ ਕੋਲ ਸਪਲਾਈ ਲਈ ਕੋਲ ਰੈਕ ਬੰਦ ਕੀਤੇ ਹੋਏ ਹਨ।
ਕੋਲ ਪਲਾਂਟ ਵਿਚ ਮਸ਼ੀਨਰੀ ਤੇ ਕੋਲ ਬੈਲਟਾਂ ਤੋਂ ਇਲਾਵਾ ਬਾਰਿਸ਼ ਕਾਰਨ ਕੋਲਾ ਗਿੱਲਾ ਹੋਣ ਕਰਕੇ ਬੰਕਰਾਂ ਨੂੰ ਸਪਲਾਈ ਘੱਟ ਹੋ ਰਹੀ ਹੈ। ਹੜਤਾਲ ਦੌਰਾਨ ਲਹਿਰਾ ਥਰਮਲ ਦੀ ਮੈਨਜ਼ਮੈਂਟ ਵਲੋਂ ਬੰਦ ਹੋਏ 2 ਯੂਨਿਟਾਂ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਠੇਕਾ ਕਾਮਿਆਂ ਬਗੈਰ ਨਹੀਂ ਚੱਲੇ। ਪਰ ਜੋ 2 ਯੂਨਿਟ ਚੱਲ ਰਹੇ ਹਨ ਉਨ੍ਹਾਂ ਨੂੰ ਕੋਲ ਸਪਲਾਈ ਘੱਟ ਹੋਣ ਕਰਕੇ ਪਤਾ ਲੱਗਾ ਹੈ ਕਿ ਕੋਲੇ ਦੀ ਥਾਂ 5 ਗੰਨਾਂ ਲਾ ਕੇ ਤੇਲ ਰਾਹੀਂ ਭਖਾਇਆ ਜਾ ਰਿਹਾ ਹੈ। ਜਦੋਂ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨਜ਼ਮੈਂਟ ਇਸ ਸਥਿਤੀ ਤੋਂ ਬੇਖਬਰ ਹੈ। ਜਨਤਕ ਖਜ਼ਾਨੇ ਨੂੰ ਲਹਿਰਾ ਥਰਮਲ ਦੀ ਲੋਕਲ ਮੈਨਜ਼ਮੈਂਟ ਵਲੋਂ ਹੜਤਾਲ ਦੌਰਾਨ ਯੂਨਿਟ ਸਿਰਫ ਚਲਦੇ ਦਿਖਾਉਣ ਲਈ ਖਸਤਾਹਾਲ ਹੋ ਰਹੀ ਮਸ਼ੀਨਰੀ ਦੀ ਅਸਲੀਅਤ ’ਤੇ ਪਰਦਾ ਪਾਇਆ ਜਾ ਰਿਹਾ ਹੈ।
ਹੜਤਾਲ ’ਤੇ ਬੈਠੇ ਜੱਥਬੰਦੀ ਨੇ ਆਗੂਆਂ ਬਲਵਿੰਦਰ ਸਿੰਘ ਬੱਲੀ ਤੇ ਸੁਖਵਿੰਦਰ ਸਿੰਘ ਬਾਠ ਨੇ ਮੈਨਜ਼ਮੈਂਟ ਦੀ ਨਿਖੇਧੀ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀਂ ਥਰਮਲ ਲਹਿਰਾ ਦੇ ਮੁੱਖ ਇੰਜਨੀਅਰ ਸਤ ਪ੍ਰਕਾਸ਼ ਸਿੰਘ ਨਾਲ ਫੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਲਾਂਟ ਅੰਦਰ ਅਜਿਹੀ ਕੋਈ ਘਟਨਾ ਨਹੀਂ ਹੋਈ, ਜਦੋਂ ਕਿ ਅੱਗ ਲੱਗਣ ਦੀਆਂ ਵਾਇਰਲ ਵੀਡਿਓ ਬਾਰੇ ਦੱਸਿਆ ਤਾਂ ਉਨ੍ਹਾਂ ਪੱਲਾ ਝਾੜਦਿਆਂ ਜਾਣਕਾਰੀ ਪਟਿਆਲਾ ਮੈਨਜ਼ਮੈਂਟ ਤੋਂ ਲੈਣ ਦੀ ਗੱਲ ਕਰਕੇ ਭੱਜਣ ਲੱਗੇ ਤਾਂ ਸਵਾਲ ਕੀਤਾ ਕਿ ਜਾਣਕਾਰੀ ਥਰਮਲ ਲਹਿਰਾ ਮੁਹੱਬਤ ਬਾਰੇ ਪੁੱਛੀ ਹੈ। ਇਸ ਬਾਰੇ ਪਤਾ ਕਰਨ ਦੀ ਗੱਲ ਆਖੀ ਤੇ ਥਰਮਲ ਵਿਚ ਕੋਲ ਸਪਲਾਈ ਦਾ ਕੋਈ ਰੈਕ ਨਹੀਂ। ਜਦੋਂ ਕਿ ਕੋਲ ਰੈਕ ਸਪਲਾਈ ਬੰਦ ਹੈ।