ਜ਼ੀਰਕਪੁਰ (ਮੋਹਾਲੀ), 10 ਅਗਸਤ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਨਾਲ ਸਬੰਧਿਤ ਇਕ ਨੌਜਵਾਨ ਕੋਲੋਂ ਦੋ ਦੇਸੀ ਕੱਟੇ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਹੋਣ ਤੋਂ ਬਾਅਦ ਹੰਡੇਸਰਾ ਪੁਲਿਸ ਦੀ ਜਾਂਚ ਹੁਣ ਇਨ੍ਹਾਂ ਹਥਿਆਰਾਂ ਦੇ ਸਰੋਤ ਵੱਲ ਮੁੜ ਗਈ ਹੈ। ਪੁਲਿਸ ਨੇ ਮੁਲਜ਼ਮ ਅਨਮੋਲ ਧੀਮਾਨ ਵਾਸੀ ਬਲਦਬਾੜਾ, ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਉਸ ਕੋਲ ਦੋ ਨਾਜਾਇਜ਼ ਹਥਿਆਰ ਅਤੇ ਵੱਖ-ਵੱਖ ਬੋਰ ਦੇ ਕਾਰਤੂਸ ਕਿੱਥੋਂ ਆਏ ਅਤੇ ਉਹ ਇਨ੍ਹਾਂ ਨੂੰ ਲੈ ਕੇ ਇਲਾਕੇ ਵਿਚ ਕਿਸ ਮਕਸਦ ਨਾਲ ਆਇਆ ਸੀ।
ਐੱਸ.ਐੱਸ.ਪੀ. ਡਾ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਐੱਸ.ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਹੰਡੇਸਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਨੀਲ ਕੁਮਾਰ ਦੀ ਨਿਗਰਾਨੀ ਵਿਚ ਪੁਲਿਸ ਟੀਮ ਵਲੋਂ ਨਗਲਾ ਮੋੜ ਹੰਡੇਸਰਾ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਅਨਮੋਲ ਧੀਮਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ।
ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਦੇਸੀ ਕੱਟੇ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਨ੍ਹਾਂ ਵਿਚੋਂ 10 ਕਾਰਤੂਸਾਂ ’ਤੇ 8 ਐੱਮ.ਐੱਮ. ਕੇ.ਐੱਫ ਅਤੇ ਬਾਕੀ 10 ਕਾਰਤੂਸਾਂ ’ਤੇ 7.65 ਕੇ.ਐੱਫ ਮਾਰਕਾ ਦਰਜ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਹੰਡੇਸਰਾ ਵਿਚ ਅਸਲਾ ਐਕਟ ਦੀ ਧਾਰਾ 25/54/59 ਤਹਿਤ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੋਣ ਕਾਰਨ ਪੁਲਿਸ ਲਈ ਅਹਿਮ ਸਵਾਲ ਇਹ ਵੀ ਹੈ ਕਿ ਉਹ ਪੰਜਾਬ ਵਿਚ ਕਦੋਂ ਅਤੇ ਕਿਸ ਮਕਸਦ ਨਾਲ ਆਇਆ ਸੀ। ਪੁਲਿਸ ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਹਥਿਆਰ ਉਸ ਨੇ ਪੰਜਾਬ ਤੋਂ ਹਾਸਿਲ ਕੀਤੇ ਜਾਂ ਕਿਸੇ ਹੋਰ ਸੂਬੇ ਤੋਂ ਲਿਆਂਦੇ ਸਨ। ਇਸ ਦੇ ਨਾਲ ਹੀ ਹਥਿਆਰ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ ਅਤੇ ਮੁਲਜ਼ਮ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਫਿਲਹਾਲ ਕਿਸੇ ਵੱਡੇ ਹਥਿਆਰ ਸਪਲਾਈ ਨੈੱਟਵਰਕ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।