13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ ਦੇ ਗੇਟ ਅੱਗੇ ਕਿਸਾਨਾਂ ਨੇ ਲਗਾਇਆ ਧਰਨਾ

ਬੱਲੂਆਣਾ (ਬਠਿੰਡਾ), 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼....

ਅਜੀਤ ਡੈਸਕ 13-08-2026

ਬੱਲੂਆਣਾ (ਬਠਿੰਡਾ), 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ (ਬਠਿੰਡਾ) ਦੇ ਗੇਟ ਅੱਗੇ ਦਿਉਣ ਦੇ ਕਿਸਾਨਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਕਰਮਤੇਜ ਸਿੰਘ ਅਤੇ ਬੀਕੇਯੂ ਏਕਤਾ (ਪਿਸੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ ਅਤੇ ਸਾਬਕਾ ਪੰਚ ਕੁਲਦੀਪ ਸਿੰਘ ਵੜਿੰਗ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ।

ਇਸ ਸਬੰਧੀ ਬੀਕੇਯੂ ਏਕਤਾ (ਪਿਸ਼ੌਰਾ) ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਿੰਘ ਬਰਾੜ, ਕੁਲਦੀਪ ਸਿੰਘ ਵੜਿੰਗ ਸਾਬਕਾ ਪੰਚ, ਕਰਮਤੇਜ ਸਿੰਘ ਬੀਕੇਯੂ ਏਕਤਾ ਸਿੱਧੂਪੁਰ ਪਿੰਡ ਇਕਾਈ ਪ੍ਰਧਾਨ ਨੇ ਦੱਸਿਆ ਕਿ ਇੰਸਟੀਚਿਊਸ਼ਨਜ਼ ਵਲੋਂ ਬੱਸਾਂ ਪਿੰਡ ਦੇ ਖ਼ਰੀਦ ਕੇਂਦਰ ਵਿਚ ਖੜਾਈਆ ਜਾਂਦੀਆਂ ਹਨ, ਜਿਸ ਕਰਕੇ ਖ਼ਰੀਦ ਕੇਂਦਰ ਦੇ ਖੜਵੰਜੇ ਤੇ ਥਾਂ ਥਾਂ ਟੋਏ ਪੈ ਰਹੇ ਹਨ।

ਜਿਸ ਕਰਕੇ ਸੰਸਥਾ ਦੀ ਮੈਨੇਜਮੈਂਟ ਨੂੰ ਤਿੰਨ ਦਿਨ ਪਹਿਲਾਂ ਪਿੰਡ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਬੱਸਾਂ ਦਾਣਾ ਮੰਡੀ ਵਿਚ ਨਾਂ ਖੜਾਈਆਂ ਜਾਣ। ਜਦੋਂ ਕਿ ਇੰਸਟੀਚਿਊਸ਼ਨਜ਼ ਦੀ ਮੈਨੇਜਮੈਂਟ ਧੱਕੇ ਨਾਲ ਬੱਸਾਂ ਖੜਾ ਰਹੀ ਹੈ। ਇਸ ਸੰਸਥਾ ਚੋਂ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਕਰਨ ਲਈ ਕੱਸੀ ਲੰਘਦੀ ਹੈ। ਉਸ ਵਿਚ ਸੰਸਥਾ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ, ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਪਾਣੀ ਲਾਉਣ ਸਮੇਂ ਉੱਥੋਂ ਲੰਘਣ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਸਟੀਚਿਊਸਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਉਸ ਸਮੇਂ  ਕਿਸਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਸੰਸਥਾ ਦੇ ਸੀਵਰੇਜ ਦਾ ਗੰਦਾ ਪਾਣੀ  ਖੇਤਾਂ ਵਿੱਚ ਨਹੀਂ ਛੱਡਿਆ ਜਾਵੇਗਾ। ਪਰ ਪਰਨਾਲਾ ਫੇਰ ਉੱਥੇ ਦਾ ਉੱਥੇ ਹੀ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਕੱਸੀ ਉੱਪਰ ਗੈਰ ਕਾਨੂੰਨੀ ਕਮਰਾ ਨਹੀਂ ਪਾਇਆ ਜਾ ਸਕਦਾ, ਪਰ ਸੰਸਥਾ ਵਲੋਂ ਸਿਕਿਉਰਟੀ ਗਾਰਡ ਲਈ ਕਮਰਾ ਪਾਇਆ ਜਾ ਚੁੱਕਾ ਹੈ ਅਤੇ ਗੈਰ ਕਾਨੂੰਨੀ ਢੰਗ ਨਾਲ 16-16 ਫੁੱਟ ਦੀਆਂ ਕੱਸੀ ਉੱਪਰ ਪੁਲੀਆਂ ਵੀ ਬਣਾਈਆਂ ਗਈਆਂ ਹਨ। ਮੈਨੇਜਮੈਂਟ ਦਿਨੋਂ ਦਿਨ ਪਿੰਡ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਇਸ ਸਬੰਧੀ ਹਰਪਾਲ ਸਿੰਘ ਡਿਪਟੀ ਡਾਇਰੈਕਟਰ ਨੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਸੀ ਕਿ ਹੁਣੇ ਹੀ ਦਾਣਾ ਮੰਡੀ ਵਿਚੋਂ ਬੱਸਾਂ ਕਢਾਈਆਂ ਜਾਣ ਪਰ ਉਹ ਮੀਟਿੰਗ ਬੇਸਿੱਟਾ ਰਹੀ। ਜਿਸ ਤੇ ਮਜ਼ਬੂਰਨ ਕਿਸਾਨਾਂ ਵਲੋਂ ਆਪਣੇ ਤੌਰ ਤੇ ਹੀ ਬੱਸ ਡਰਾਈਵਰਾਂ ਨੂੰ ਮੰਡੀ ਵਿਚੋਂ ਬੱਸਾਂ ਬਾਹਰ ਕੱਢਣ ਲਈ ਹਦਾਇਤ ਕੀਤੀ ਜਿਸ ਤੇ ਦਾਣਾ ਮੰਡੀ ਵਿਚੋਂ ਬੱਸਾਂ ਬਾਹਰ ਕੱਢਾਈਆਂ ਗਈਆਂ।

ਇਸ ਸਬੰਧੀ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦਿਉਣ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਸੀ ਕਿ ਜਦੋਂ ਬਾਰਿਸ਼ਾਂ ਪੈਂਦੀਆਂ ਹਨ ਤਾਂ ਉਨ੍ਹਾਂ ਕੋਲ ਬੱਸਾਂ ਖੜਾਉਣ ਲਈ ਥਾਂ ਨਹੀਂ ਹੈ ਤਾਂ ਪੰਚਾਇਤ ਨੇ ਕਿਹਾ ਸੀ ਕਿ ਤੁਸੀਂ ਬਾਰਿਸ਼ਾਂ ਦੌਰਾਨ ਦਾਣਾ ਮੰਡੀ ਵਿਚ ਬੱਸਾਂ ਖੜਾ ਲਿਆ ਕਰੋ।  ਉਨ੍ਹਾਂ ਦੀ ਮੈਨੇਜਮੈਂਟ ਕਿਸਾਨਾਂ ਨੂੰ ਸੰਸਥਾ ਵਿਚੋਂ ਲੰਘਣ ਤੋਂ ਨਹੀਂ ਰੋਕਦੀ, ਸਗੋਂ ਅਸੀਂ ਗੇਟ ਤੇ ਲਿਖਕੇ ਲਗਾਇਆ ਹੈ ਕਿ ਕਿਸਾਨਾਂ ਨੂੰ ਕਿਸੇ ਸਮੇਂ ਵੀ ਲੰਘਣ ਦੀ ਇਜਾਜ਼ਤ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਤੋਂ ਨਹੀਂ ਰੋਕਿਆ ਜਾਂਦਾ। ਇਸ ਤੋਂ ਇਲਾਵਾ ਕੱਸੀ ਦੇ ਦੋਨੇਂ ਪਾਸਿਆਂ ਤੇ ਬੂਟੇ ਵੀ ਲਗਾਏ ਗਏ ਹਨ ਅਤੇ ਕੱਸੀ ਦੀ ਸਫ਼ਾਈ ਵੀ ਉਹ ਕਰਵਾਉਂਦੇ ਹਨ।

ਸੰਸਥਾ ਦੇ ਚੇਅਰਮੈਨ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਕਿਸਾਨ ਸੰਸਥਾ ਦੇ ਪਾਣੀ ਨਾਲ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਉਸ ਦੀ ਭਰਪਾਈ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਜਗਦੇਵ ਸਿੰਘ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਦਾਣਾ ਮੰਡੀ ਵਿਚੋਂ ਬੱਸਾਂ ਬਾਹਰ ਕੱਢਣ ਲਈ ਕਿਹਾ ਸੀ ਪਰ ਮੈਨੇਜਮੈਂਟ ਨੇ ਸਾਡੀ ਨਹੀਂ ਸੁਣੀ। ਜਿਸ ਕਰਕੇ ਅਸੀਂ ਆਪਣੇ ਤੌਰ ਤੇ ਹੀ ਬੱਸਾਂ ਬਾਹਰ ਕਢਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਹਾੜੀ ਸਾਉਣੀ ਦੀਆਂ ਫ਼ਸਲਾਂ ਮੰਡੀ ਵਿਚ ਲੈ ਕੇ ਆਉਂਦਾ ਹੈ ਜਦੋਂ ਕਿ ਇਨ੍ਹਾਂ ਦੀਆਂ ਬੱਸਾਂ ਖੜਨ ਨਾਲ ਥਾਂ ਥਾਂ ਮੰਡੀ ਵਿਚ ਟੋਏ ਪੈ ਜਾਂਦੇ ਹਨ ਜਿਸ ਕਰਕੇ ਕਿਸਾਨਾਂ ਦੀ ਫ਼ਸਲ ਖਰਾਬ ਹੁੰਦੀ ਹੈ।

ਧਰਨੇ ਦੌਰਾਨ ਕਿਸਾਨਾਂ ਨਾਲ ਦਿਉਣ ਖੁਰਦ ਦਾ ਸਰਪੰਚ ਸੁਰਜੀਤ ਸਿੰਘ ਮੌਜੂਦ ਰਿਹਾ। ਇਸ ਮੌਕੇ ਭੋਲਾ ਸਿੰਘ ਸਾਬਕਾ ਸਰਪੰਚ, ਬੱਬੂ ਬੱਲ, ਗੁਰਪਾਲ ਸਿੰਘ, ਕਾਕਾ ਸਿੰਘ, ਜਗਤਾਰ ਸਿੰਘ, ਜਗਦੇਵ ਸਿੰਘ, ਸੰਦੀਪ ਸਿੰਘ, ਦਰਸ਼ਨ  ਗਿੱਲ, ਗੁਲਾਬ ਗਿੱਲ, ਨੱਥੂ ਗਿੱਲ ਅਤੇ ਦਰਸ਼ਨ ਸਿੰਘ ਮੌਜੂਦ ਸਨ।

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਇਕਬਾਲ ਸਿੰਘ ਭੱਟੀ ਵਲੋਂ ਨਿੰਦਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਨਾਂਦੇੜ ਸਾਹਿਬ ਵਿਖੇ ਵਾਪਰੀ ਘਟਨਾ ਮੰਦਭਾਗੀ- ਕੁਲਤਾਰ ਸਿੰਘ ਸੰਧਵਾਂ