-ਅਦਾਲਤ ਨੇ ਦਿੱਤਾ 2 ਦਿਨਾਂ ਦਾ ਪੁਲਿਸ ਰਿਮਾਂਡ, ਮੁੱਖ ਦੋਸ਼ੀਆਂ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਤੇ ਛਾਪੇਮਾਰੀ ਜਾਰੀ: ਐੱਸ.ਐੱਚ.ਓ. ਅਵਤਾਰ ਸਿੰਘ
ਸਨੌਰ, 21 ਅਗਸਤ (ਮੋਹਣ ਸਿੰਘ ਭੱਟੀ) -ਕਸਬਾ ਸਨੌਰ ਵਿਖੇ ਖਾਲਸਾ ਵਰਕਸ਼ਾਪ ਨੇੜੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਵਿਰਕ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਅਤੇ ਉਸ ਦੇ ਸਾਥੀ ਬਲਦੇਵ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਚਰਚਿਤ ਮਾਮਲੇ ਵਿੱਚ ਥਾਣਾ ਸਨੌਰ ਪੁਲਿਸ ਨੇ ਇੱਕ ਅਹਿਮ ਸਫ਼ਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮਾਂ ਨੂੰ ਪਨਾਹ ਦੇਣ ਅਤੇ ਮਾਲੀ ਮਦਦ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਲਈ ਦੋਵਾਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ। ਐੱਸ.ਐੱਚ.ਓ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਗੱਗੀ ਪਿੰਡ ਭੁਨਰਹੇੜੀ (ਥਾਣਾ ਸਦਰ ਪਟਿਆਲਾ) ਅਤੇ ਪਵਨ ਵਾਸੀ ਉਕਲਾਣਾ ਮੰਡੀ (ਜ਼ਿਲ੍ਹਾ ਹਿਸਾਰ, ਹਰਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 10 ਅਗਸਤ ਨੂੰ ਅਕਾਲਗੜ੍ਹ ਗੁਰਦੁਆਰਾ ਸਾਹਿਬ ਸਨੌਰ ਨੇੜੇ ਪੁਰਾਣੀ ਰੰਜਿਸ਼ ਤਹਿਤ ਅਮਿਤ, ਸੁਮਿਤ, ਮੋਨੂੰ, ਦਕਸ਼, ਆਕਾਸ਼ਦੀਪ ਸਿੰਘ, ਅਮਨਦੀਪ ਸਿੰਘ ਅਤੇ ਹੋਰ ਅਣਪਛਾਤਿਆਂ ਵੱਲੋਂ ਤੇਜ਼ਧਾਰ ਕਿਰਚਾਂ ਨਾਲ ਜਸ਼ਨਪ੍ਰੀਤ ਸਿੰਘ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਜਦੋਂ ਬਲਦੇਵ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸ਼ਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 88 ਮਿਤੀ 11 ਅਗਸਤ 2026 ਅਧੀਨ ਧਾਰਾਵਾਂ 103(1), 109, 191(3), 190, 118(1), 249 ਅਤੇ 253 ਭਾਰਤੀ ਨਿਆਂ ਸੰਹਿਤਾ ਤਹਿਤ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਪੁਲਿਸ ਨੇ ਗੁਰਦੀਪ ਸਿੰਘ ਗੱਗੀ ਅਤੇ ਪਵਨ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ 20 ਅਗਸਤ ਨੂੰ ਕਾਬੂ ਕੀਤਾ। ਐੱਸ.ਐੱਚ.ਓ. ਅਵਤਾਰ ਸਿੰਘ ਨੇ ਕਿਹਾ ਕਿ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਕੋਲੋਂ ਫ਼ਰਾਰ ਮੁੱਖ ਦੋਸ਼ੀਆਂ ਦੇ ਲੁਕਣ ਵਾਲੇ ਟਿਕਾਣਿਆਂ, ਉਨ੍ਹਾਂ ਨੂੰ ਦਿੱਤੀ ਗਈ ਵਿੱਤੀ ਮਦਦ ਅਤੇ ਹੋਰ ਅਹਿਮ ਪਹਿਲੂਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਫ਼ਰਾਰ ਮੁਲਜ਼ਮਾਂ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤਾਜ਼ਾ ਖ਼ਬਰਾਂ
Free
ਜਸ਼ਨਪ੍ਰੀਤ ਸਿੰਘ ਕਤਲ ਮਾਮਲੇ 'ਚ ਮੁੱਖ ਦੋਸ਼ੀਆਂ ਨੂੰ ਪਨਾਹ ਤੇ ਮਾਲੀ ਮਦਦ ਦੇਣ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ
ਸਨੌਰ, 21 ਅਗਸਤ (ਮੋਹਣ ਸਿੰਘ ਭੱਟੀ) -ਕਸਬਾ ਸਨੌਰ ਵਿਖੇ ਖਾਲਸਾ ਵਰਕਸ਼ਾਪ ਨੇੜੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਵਿਰਕ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਅਤੇ ਉਸ ....
ਅਜੀਤ ਡੈਸਕ
21-08-2026